ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

-ਇਕਵਾਕ ਸਿੰਘ ਪੱਟੀ

ਸ਼ਬਦ ਗੁਰੂ ਅਤੇ ਦੇਹਧਾਰੀ ਗੁਰੂ ਡੰਮ੍ਹ

ਅਕਤੂਬਰ 1708 ਈ: ਨੂੰ ਦਸਵੇਂ ਗੁਰੁੂ ਨਾਨਕ ਸਾਹਿਬ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਪੰਥ ਵਿੱਚ ਕੋਈ ਹੋਰ ਦੇਹਧਾਰੀ ਗੁਰੂ ਬਣ ਸਕਣ ਦੀ ਸੰਭਾਵਣਾ ਨੂੰ ਖ਼ਤਮ ਕਰਦਿਆਂ ਗੁਰਗੱਦੀ ਜੁਗੋ ਜੁੱਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ, ਅਤੇ ਸਿੱਖਾਂ ਨੂੰ ਹਮੇਸ਼ਾਂ ਲਈ ਸ਼ਬਦ ਗੁਰੂ ਦੇ ਲੜ ਲਾਉਂਦਿਆਂ ਇਹ ਐਲਾਨ ਕਰ ਦਿੱਤਾ:

ਆਪਨ ਕਉ ਹਉਂ ਖ਼ਾਲਸੇ ਸੌਂਪਾ, ਦ੍ਰਤੀਏ ਸਰੂਪ ਸਤਿਗੁਰ ਗ੍ਰੰਥਾ ॥ ਅਤੇ

ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ ॥

ਦਰਅਸਲ ਜਿਸ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦੇ ਲੜ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਲਾਇਆ ਸੀ, ਉਸੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਨੀਂਹ ਪਹਿਲੇ ਜਾਮੇ ਵਿੱਚ ਜਗਤ ਗੁਰੂ, ਗੁਰੁੂ ਨਾਨਕ ਦੇਵ ਜੀ ਮਾਹਾਰਾਜ ਜੀ ਨੇ ਰੱਖ ਦਿੱਤੀ ਸੀ। ਜਦੋਂ ਅੱਚਲ ਵਟਾਲੇ ਦੀ ਧਰਤੀ ਤੇ ਵਿਚਾਰ ਚਰਚਾ ਹੋਈ ਹੈ ਸਿੱਧਾਂ ਦੇ ਨਾਲ ਅਤੇ ਸਿੱਧਾਂ ਨੇ ਸਵਾਲ ਕੀਤਾ ਸੀ:

ਕਵਣੁ ਮੂਲੁ ਕਵਣੁ ਮਤਿ ਵੇਲਾ, ਤੇਰਾ ਕਵਣੇ ਗੁਰੂ ਜਿਸਕਾ ਤੂ ਚੇਲਾ ॥

ਤਾਂ ਜਵਾਬ ਵਿੱਚ ਸੱਚੇ ਪਤਾਸ਼ਾਹ ਜੀ ਨੇ ਕਿਹਾ ਸੀ:

ਪਵਨ ਅਰੰਭ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥

(ਮ:1, ਸਿਧ ਗੋਸਟਿ, ਪੰਨਾ 942)

ਸੋ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਗੁਰੂ ਸ਼ਬਦ ਗੁਰੂ ਦੱਸਿਆ ਉਥੇ ਸੰਸਾਰ ਨੂੰ ਵੀ ਇਹੀ ਉਪਦੇਸ਼ ਦਿੱਤਾ:

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥

(ਸੋਰਠਿ ਮ:1, ਅਸਟਪਦੀਆਂ, ਪੰਨਾ 635)

ਅਤੇ ਫਿਰ ਅੱਗੋਂ ਗੁਰੂ ਅੰਗਦ ਦੇਵ ਜੀ ਦਾ ਸਮਾਂ ਆਇਆ ਹੈ ਤਾਂ ਭਾਈ ਸੱਤਾ ਬਲਵੰਡ ਜੀ ਵੀ ਵਿਸ਼ੇਸ਼ ਜ਼ਿਕਰ ਕਰਦੇ ਹਨ ਕਿ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਦੋ ਤਰ੍ਹਾਂ ਦੇ ਲੰਗਰ ਚਲਦੇ ਹਨ। ਇੱਕ ਪੇਟ ਦੀ ਭੁਖ ਬੁਝਾਉਣ ਲਈ ਅਤੇ ਦੂਸਰਾ ਆਤਮਿਕ ਤ੍ਰਿਪਤੀ ਲਈ ਹੈ:

ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ॥

(ਰਾਮਕਲੀ ਵਾਰ-3, ਬਲਵੰਡਿ ਤੇ ਸਤਾ 967)

ਸਮਾਂ ਤੀਸਰੇ ਪਾਤਸ਼ਾਹ ਦਾ ਆਇਆ ਤਾਂ ਉਹ ਵੀ ‘ਸ਼ਬਦ’ ਦੁਆਰਾ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋਣਾ ਦੱਸਦੇ ਹਨ :

ਗੁਰ ਸਬਦੀ ਹਰਿ ਪਾਈਐ ਬਿਨੁ ਸਬਦੇ ਭਰਮਿ ਭੁਲਾਇ ॥

(ਸਿਰੀ ਰਾਗ, ਮ:3, ਪੰਨਾ 36)

ਚੌੋਥੇ ਪਾਤਸ਼ਾਹ ਦਾ ਵੇਲਾ ਆਇਆਂ ਤਾਂ ਸਤਿਗੁਰਾਂ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ॥

ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥

(ਨਟ ਮ.4, ਪੰਨਾ 982)

ਅਤੇ

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐੈ ॥

(ਗਉੜੀ ਵਾਰ-1, ਮਃ4, ਪੰਨਾ 304)

ਪੰਜਵੇਂ ਸਤਿਗੁਰਾਂ ਨੇ ਹਰਮੰਦਿਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਬਾਅਦ ਜਦ ਰਾਤ ਸਮੇਂ ਜੋ ਅੱਜ ਵੀ ਮਰਿਯਾਦਾ ਹਿੱਸਾ ਬਣਿਆ ਹੋਇਆ ਹੈ ਭਾਵ ਕਿ ਸੁੱਖ ਆਸਣ ਪਲੰਘ ਦੇ ਉਪਰ ਕੀਤਾ ਗਿਆ ਅਤੇ ਪੰਚਮ ਪਾਤਸ਼ਾਹ ਜੀ ਨੇ ਥੱਲੇ ਹੀ ਵਿਸ਼ਰਾਮ ਕੀਤਾ ਸੀ। ਇਸਦਾ ਮਤਲਬ ਕਿ ਸ਼ਬਦ ਉੱਚਾ ਹੋ ਗਿਆ ਅਤੇ ਦੇਹ ਜਿਹੜੀ ਸੀ ੳਹ ਸ਼ਬਦ ਨਾਲੋਂ ਨੀਵੀਂ ਹੋ ਗਈ ਸੀ। ਉਥੇ ਇਸ ਤੋਂ ਬਾਅਦ ਇਹ ਮਰਿਯਾਦਾ ਹੀ ਬਣ ਗਈ ਸੀ ਕਿ ਪੰਚਮ ਪਿਤਾ ਤੋਂ ਬਾਅਦ ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਅਤੇ ਦਸਵੇਂ ਗੁਰੂ ਤੱਕ ਸਾਰੇ ਹੀ ਜਿੱਥੇ ਸ਼ਬਦ ਗੁਰੂ ਦਾ ਪ੍ਰਕਾਸ਼ ਹੁੰਦਾ ਸੀ ਆਪ ਉਥੇ ਉਚੇ ਤਖ਼ਤ ਤੇ ਨਹੀਂ ਬੈਠਦੇ ਸਨ ਸਗੋਂ ਨੀਵੇਂ ਹੀ ਰਹਿੰਦੇ ਸਨ। ਕਹਿਣ ਤੋਂ ਭਾਵ ਕਿ ਸਾਰੇ ਗੁਰੂ ਸਾਹਿਬਾਨਾਂ ਨੇ ਸ਼ਬਦ ਗੁਰੂ ਨੂੰ ਮਾਨਤਾ ਦਿੱਤੀ ਸੀ। ਜਿਸਦੇ ਅਨੇਕਾਂ ਪ੍ਰਮਾਣ ਗੁਰਬਾਣੀ ਵਿੱਚੋਂ ਅਤੇ ਇਤਿਹਾਸ ਵਿੱਚੋਂ ਸਾਨੂੰ ਮਿਲ ਜਾਂਦੇ ਹਨ। ਛੇਵੇਂ ਪਾਤਸ਼ਾਹ ਦੀ ਭਾਈ ਗੋਪਾਲਾ ਜੀ ਕੋਲੋਂ ਸ਼ੁੱਧ ਪਾਠ ਸੁਨਣ ਵਾਲੀ ਸਾਖੀ ਅਤੇ ਉਸਨੂੰ ਮੂੰਹ ਮੰਗਿਆ ਇਨਾਮ ਮਿਲਣਾ।

ਸੱਤਵੇ ਪਾਤਸ਼ਾਹ ਦਾ ਸਮਾਂ ਆਇਆਂ ਤਾਂ ਇੱਕ ਵਾਰ ਕੀਰਤਨ ਕਰਦੀ ਸੰਗਤ ਆ ਰਹੀ ਸੀ ਜਦ ਗੁਰਬਾਣੀ ਦੀ ਆਵਾਜ਼ ਕੰਨੀ ਪਈ ਤਾਂ ਸਤਿਗੁਰੂ ਜੀ ਕਾਹਲੀ ਨਾਲ ਉਠੇ ਨੇ ਅਤੇ ਉੁਹਨਾਂ ਦੇ ਗੋਡੇ ਤੇ ਚੋਟ ਲੱਗ ਗਈ ਤਾਂ ਕੁਝ ਸਿੱਖਾਂ ਨੇ ਸਵਾਲ ਕੀਤਾ ਕਿ ਸਤਿਗੁਰੂ ਜੀਉ ! ਬਾਣੀ ਤੁਹਾਡੀ, ਸੰਗਤ ਤੁਹਾਡੀ, ਤੁਹਾਡੀ ਹੀ ਉਚਾਰਣ ਕੀਤੀ ਹੋਈ ਬਾਣੀ ਤਾਂ ਫਿਰ ਕਾਹਲ ਕਰਨ ਦੀ ਕੀ ਲੋੜ ਸੀ? ਤਾਂ ਜੋ ਜਵਾਬ ਪਾਤਸ਼ਾਹ ਜੀ ਨੇ ਦਿੱਤਾ ਇਤਿਹਾਸ ਵਿੱਚ ਉਹ ਬਚਨ ਸੰਭਾਲੇ ਪਏ ਹਨ:

ਜੋ ਗੁਰ ਸਿੱਖ ਭਗਤ ਹੈ ਮੇਰਾ॥ ਗੁਰਬਾਣੀ ਭੈਅ ਜਿਸ ਕਰ ਘਨੇਰਾ ॥

ਜਿਨ ਭੈ ਅਦਬ ਨ ਬਾਣੀ ਧਾਰਾ ॥ ਜਾਨਹੁ ਸੋ ਸਿਖ ਨਹੀ ਹਮਾਰਾ ॥

ਇੱਥੋਂ ਤੱਕ ਕਿ ਜਦ ਆਪ ਜੀ ਦੇ ਵੱਡੇ ਫਰਜੰਦ ਨੇ ਗੁਰਬਾਣੀ ਦੀ ਇੱਕ ਤੁੱਕ ਬਦਲ ਦਿੱਤੀ ਤਾਂ ਅੱਜ ਤੱਕ ਰਾਮਰਾਈਆਂ ਨੂੰ ਸਿੱਖ ਮੱਥਾ ਨਹੀਂ ਲਗਾਉਂਦੇ। ਪਰ ਅੱਜ ਕਿਤਨੇ ਪਾਖੰਡੀ, ਦੰਭੀ, ਸ਼ਬਦ ਗੁਰੂ ਨੂੰ ਥੱਲੇ ਕਰਕੇ ਆਪ ਉਚੀ ਥਾਂ ਤੇ ਬਿਰਾਜਮਾਨ ਹੋ ਕੇ ਆਪਣੇ ਆਪ ਨੂੰ ਮੱਥੇ ਟਿਕਵਾ ਕੇ ਗੁਰੂ ਡੰਮ ਹੋਣ ਦਾ ਦਾਅਵਾ ਕਰ ਰਹੇ ਨੇ, ਅਤੇ ਗੁਰਬਾਣੀ ਦੀਆਂ ਅਨੇਕਾਂ ਤੁੱਕਾਂ ਬਦਲ ਕੇ ਮਨ ਮਰਜ਼ੀ ਦੇ ਅਰਥ ਕਰਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ। ਅਤੇ ਸਾਡਾ ਪੰਥ ਘੁਕ ਨੀਂਦਰੇ ਸੁੱਤਾ ਪਿਆ ਹੈ।

ਅੱਠਵੇਂ ਗੁਰੂ ਜੀ ਦਾ ਸਮਾਂ ਆਇਆਂ ਤਾਂ ਜੋਤੀ ਜੋਤ ਸਮਾਉਣ ਲੱਗੇ ਨੇ ਤਾਂ ਸਿੱਖਾਂ ਨੇ ਪੁੱਛ ਕੀਤੀ ਕਿ ਸਤਿਗੁਰੂ ਜੀ ਹੁਣ ਦਰਸ਼ਨ ਕਿੱਥੇ ਹੋਣਗੇ? ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ:

ਜੋ ਸਿੱਖ ਗੁਰੂ ਦਰਸ਼ਨ ਕੀ ਚਾਹਿਂ॥ ਪੜੇ ਸੁਣਹਿਂ ਗ੍ਰੰਥ ਉਮਾਹਿਂ ॥

ਤਿਸ ਮਹਿ ਕਹਿਉ ਜੇ ਕਰੇ ਕਰਾਵਨ, ਚਾਰ ਪਦਾਰਥ ਲੇ ਮਨ ਭਾਵਨ ॥

ਨੌਵੇਂ ਪਾਤਸ਼ਾਹ ਜੀ ਬਾਰੇ ਭੱਟ ਚਾਂਦ ਜੀ ਕਹਿੰਦੇ ਹਨ : ਕਿ ਗੁਰੂ ਪਾਤਸ਼ਾਹ ਇੱਕੋ ਉਪਦੇਸ਼ ਦਿੰਦੇ ਸਨ ਕਿ ਜਦੋਂ ਵੀ ਤੁਹਾਡਾ ਮਨ ਗਲਤ ਪਾਸੇ ਜਾਣ ਤੋਂ ਨਾ ਰੁਕੇ ਤਾਂ:

ਮਨ ਲੋਚੇ ਬੁਰਿਆਈਆਂ, ਗੁਰ ਸਬਦੀਂ ਇਹੁ ਮਨ ਹੋੜੀਐ ॥

ਦਸਵੇਂ ਸਤਿਗੁਰੂ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਭਾਈ ਨੰਦ ਲਾਲ ਜੀ ਨਾਲ ਹੋਏ ਸਵਾਲ ਜਵਾਬ ਸਾਡੇ ਕੋਲ ਮੌਜੂਦ ਹਨ। ਜਦੋਂ ਪੁੱਛਿਆ ਸਤਿਗੁਰੂ ਜੀ ਕੋਲੋਂ ਕਿ:

ਤੁਮ ਜੋ ਕਹਾ ਗੁਰਦੇਵ ਜੀ, ਦਰਸ ਕਰੋ ਮੋਹਿ ਆਇ ॥

ਲਖੀਏ ਤੁਮਰਾ ਦਰਸ ਕਹਾ, ਕਹੋ ਮੋਹਿ ਸਮਝਾਇ ॥

ਤਾਂ ਉਸ ਵੇਲੇ ਸਤਿਗੁਰੂ ਜੀ ਨੇ ਬਚਨ ਕੀਤੇ ਭਾਈ ਨੰਦ ਲਾਲ ਜੀ:

ਤੀਨ ਰੂਪ ਹੈਂ ਮੋਹਿ ਕੇ, ਸੁਨਹੁ ਨੰਦ ਚਿੱਤ ਲਾਏ ॥

ਨਿਰਗੁਣ ਸਰਗੁਣੁ ਗੁਰਸਬਦ ਜੀ, ਕਹੋ ਤੋਹਿ ਸਮਝਾਇ ॥

ਪਰ ਅਫਸੋਸ ਕਿ ਅੱਜ ਅਸੀਂ ਸਿੱਖ ਅਖਵਾਉਣ ਵਾਲਿਆਂ ਨੇ ਗੁਰੂ ਸਾਹਿਬਾਨਾਂ ਦੇ ਜੀਵਣ ਉਪਦੇਸ਼ਾਂ, ਸਿਧਾਂਤਾਂ, ਸਿੱਖਿਆਵਾਂ ਅਤੇ ਵੀਚਾਰਾਂ ਤੇ ਅਮਲ ਕਰਨਾ ਛੱਡ ਕੇ ਦੇਹਧਾਰੀ ਗੁਰੂਆਂ ਦੇ ਪਿਛੇ ਲੱਗਣ ਵਿੱਚ ਹੀ ਜੀਵਨ ਦਾ ਸਫਲਾ ਹੋਣਾ ਮੰਨ ਲਿਆ। ਜਦਕਿ ਉਪਰਲੀ ਵਿਚਾਰ ਤੋਂ ਤਾਂ ਇਹੀ ਸਿੱਧ ਹੁੰਦਾ ਹੈ ਕਿ ਸਤਿਗੁਰੂ ਜੀ ਆਪ ਵੀ ਸ਼ਬਦ ਗੁਰੂ ਦੇ ਸਿੱਧਾਂਤਾਂ ਨੂੰ ਮੰਨਦੇ ਸਨ ਅਤੇ ਸਾਨੂੰ ਵੀ ਸ਼ਬਦ ਗੁਰੂ ਨਾਲ ਜੁੜਨ ਦੀ ਤਾਕੀਦ ਕਰ ਕੇ ਗਏ ਸਨ। ਕਿਉਂਕਿ ਪਾਵਣ ਗੁਰਬਾਣੀ ਦੀ ਵੀਚਾਰ ਹੈ ਕਿ:

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥

(ਵਾਰ ਵਡਹੰਸ ਮ:3, ਪੰਨਾ 594)

ਨਾਲ ਹੀ ਸਾਨੂੰ ਗੁਰ ਸ਼ਬਦ ਦੀ ਵੀਚਾਰ ਕਰਨ ਦਾ ਹੁਕਮ ਕਰ ਦਿੱਤਾ ਅਤੇ ਜਿਹੜਾ ਮਨੁੱਖ ਗੁਰਸ਼ਬਦ ਦੀ ਵੀਚਾਰ ਤੋਂ ਟੁੱਟ ਗਿਆ ਤਾਂ ਸਮਝੋ ਉਹ ਗੁਰੂ ਤੋਂ ਵੀ ਟੁੱਟ ਗਿਆ। ਇਹ ਕਦੇ ਨਹੀਂ ਭੁਲਣਾ ਚਾਹੀਦਾ ਕਿ ਕੌਮਾਂ ਸਹੀ ਪ੍ਰਚਾਰ ਦੀ ਹੌਂਦ ਨਾਲ ਹੀ ਅੱਗੇ ਵੱਧਦੀਆਂ ਹਨ, ਪਰ ਸਿੱਖੀ ਦੇ ਸਹੀ ਪ੍ਰਚਾਰ ਵਿੱਚ ਇੱਕ ਵੱਡੀ ਘਾਟ, ਖੜੋਤ ਆ ਗਈ ਜਿਸ ਦਾ ਫਾਇਦਾ ਨਕਲੀ ਦੇਹਧਾਰੀਆਂ, ਪਾਖੰਡੀ, ਦਿੰਭੀ ਗੁਰੂਆਂ, ਨਕਲੀ ਸਤਿਗੁਰਾਂ, 108, 1008, ਸੰਤਾਂ, ਅਤੇ ਨਕਲੀ ਬ੍ਰਹਮ ਗਿਆਨੀਆਂ ਨੇ ਉਠਾਉਣਾ ਸ਼ੁਰੂ ਕਰ ਦਿੱਤਾ। ਅਤੇ ਸਿੱਖਾਂ ਨੇ ਵੀ ਸ਼ਬਦ ਗੁਰੂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਅਤੇ ਦਸੇ ਗੁਰੂ ਸਾਹਿਬਾਨਾਂ ਦੇ ਹੁਕਮਾਂ ਦੀ ਹੁਕਮ ਅਦੂਲੀ ਕਰਦਿਆਂ ਇਹਨਾਂ ਅਖੌਤੀ ਸਾਧ ਲਾਣੇ ਦੀਆਂ ਮਿੱਠੀਆਂ ਗੱਲਾਂ, ਨਕਲੀ ਪਰਉਪਕਾਰਾਂ, ਮਿਥਿਹਾਸਕ ਸਾਖੀਆਂ ਜੋ ਇਹ ਸੁਣਾਉਂਦੇ ਹਨ ਵਿੱਚ ਵਿਸ਼ਵਾਸ਼ ਕਰਕੇ ਹੀ ਜੀਵਣ ਸਫਲਾ ਹੋਣਾ ਮੰਨ ਲਿਆ। ਅਤੇ ਇਹ ਸਾਧ ਆਪਣੇ ਆਪ ਨੂੰ ਗੁਰੂ ਕੋਲ ਪੁਜਾ ਹੋਣ ਦਾ ਦਾਅਵਾ ਕਰ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਮਨ ਮਰਜ਼ੀ ਦੇ ਅਰਥ ਕਰ ਕੇ ਗੁੰਮਰਾਹ ਕਰਦੇ ਰਹੇ ਅਤੇ ਕਰ ਰਹੇ ਹਨ। ਆਪਣੇ ਹੀ ਨਾਮ ਰੱਖ ਚੁੱਕੇ ਹਨ ਜੋ ਸੰਗਤਾਂ ਨੂੰ ਕੰਨ ਵਿੱਚ ਫੂਕ ਮਾਰ ਕੇ ਦਿੰਦੇ ਹਨ ਕਿ ਭਾਈ ਹੁਣ ਇਹ ਨਾਮ ਕਿਸੇ ਨੂੰ ਦੱਸਣਾ ਨਹੀਂ। ਅਤੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਦਾ ਹਰ ਸੰਭਵ ਯਤਨ ਕਰਦੇ ਹਨ ਅਤੇ ਕਦੇ ਵੀ ਨਹੀਂ ਚਾਹੁੰਦੇ ਕਿ ਸਿੱਖ ਗੁਰਬਾਣੀ ਦੀ ਵੀਚਾਰ ਕਰਨ ਇਸੇ ਲਈ ਪਾਠਾਂ ਦੀਆਂ ਗਿਣਤੀਆਂ-ਮਿਣਤੀਆਂ ਦੱਸਦੇ ਹਨ, ਗੁਰਬਾਣੀ ਨੂੰ ਬੜਾ ਵੱਡਾ ਹਊਆ ਬਣਾ ਕੇ ਪੇਸ਼ ਕਰਦੇ ਹਨ ਨਾਲ ਹੀ ਸਿਰਫ ਗੁਰਬਾਣੀ ਦੇ ਤੋਤਾ ਰਟਨ ਨੂੰ ਪਹਿਲ ਦੇਂਦੇ ਹਨ ਤਾਂਕਿ ਸਿੱਖ ਗੁਰਬਾਣੀ ਦੀ ਵੀਚਾਰ ਤੋਂ ਦੂਰ ਹੋ ਕੇ ਸ਼ਰਧਾ ਵਿੱਚ ਭਿੱਜ ਕਿ ਹਮੇਸ਼ਾਂ ਇਹਨਾਂ ਸਾਧਾਂ ਦੀ ਸੇਵਾ ਵਿੱਚ ਜੀਵਣ ਬਤੀਤ ਕਰ ਦਿਵੇ ਅਤੇ ਮੁੜ ਪੁਜਾਰੀਆਂ ਦੀਆਂ ਮਨਮਰਜ਼ੀਆਂ ਚਲ ਸਕਣ।

ਜਦਕਿ ਭਾਈ ਗੁਰਦਾਸ ਜੀ ਨੇ ਕਹਿੰਦੇ ਹਨ:

ਤੈਸੇ ਗੁਰਬਾਣੀ ਬਿਖੈ ਸਗਲ ਪਦਾਰਥ ਹੈ,

ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ ॥ (ਕਬਿੱਤ 546)

ਪਰ ਇਹ ਗੁਰਬਾਣੀ ਦੀ ਵਿਚਾਰ ਨੂੰ ਪਹਿਲ ਨਹੀਂ ਦਿੰਦੇ ਅਤੇ ਆਪਣੇ ਬਚਨਾਂ ਨੂੰ ਹੀ ਮਾਨਤਾ ਦੇਂਦੇ ਹਨ ਅਤੇ ਇਹਨਾਂ ਦੇ ਚੇਲੇ ਅਖੌਤੀ ਪ੍ਰਚਾਰਕ ਵੀ ਕਦੇ ਇਹ ਨਹੀਂ ਕਹਿੰਦੇ ਕਿ ਗੁਰਬਾਣੀ ਸਾਨੂੰ ਇਹ ਕਹਿੰਦੀ ਹੈ ਸਗੋਂ ਇਹ ਪ੍ਰਚਾਰ ਕਰਦੇ ਕਿ ਫਲਾਣੇ ਮਹਾਂਪੁਰਸ਼ਾਂ ਦੇ ਬਚਨ ਹਨ। ਤਾਂਕਿ ਸਿੱਖਾਂ ਨੂੰ ਦੇਹਾਂ ਦੀ ਪੂਜਾ ਵਿੱਚ ਲਾਇਆ ਜਾ ਸਕੇ। ਪਰ ਅੱਜ ਸਾਨੂੰ ਸੱਚ ਪਹਿਚਾਨਣ ਦੀ ਸਖਤ ਲੋੜ ਹੈ ਕਿਉਂਕਿ ਅੱਜ ਦੇ ਤਾਂ ਇਹ ਹਾਲਾਤ ਹਨ ਕਿ ਜਿਸਨੂੰ ਪ੍ਰਸ਼ਾਦਾ ਪਾਣੀ ਨਹੀਂ ਮਿਲਦਾ ਉਹ ਪਹਿਲਾਂ ਤਾਂ ਸੰਤ ਬਣਦਾ ਹੈ, ਫਿਰ 108, ਫਿਰ 1008, ਫਿਰ ਬ੍ਰਹਮਗਿਆਨੀ ਅਤੇ ਮਹਾਂਪੁਰਸ਼ ਬਣ ਜਾਂਦਾ ਹੈ। ਬਦਕਿਸਮਤੀ ਕੌਮ ਦੀ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸੰਤ, ਸਾਧ, ਬ੍ਰਹਮਗਿਆਨੀ ਦੀ ਪਦਵੀ ਦੇਣੀ ਕਿਹਨੂੰ ਹੈ? ਆਪਣਾ ਦਿਮਾਗ ਕੰਮ ਨਹੀਂ ਕਰਦਾ ਤਾਂ ਆਪਣੇ ਗੁਆਂਢੀ ਮੱਤ ਤੋਂ ਹੀ ਕੁੱਝ ਸਿੱਖ ਲਵੋ: ਕਿ ਇਸਾਈ ਧਰਮ ਵਾਲਿਆਂ ਨੇ ਮਦਰ ਟਰੇਸਾ ਨੂੰ ਦੇਣੀ ਹੈ ਸੰਤ ਦੀ ਡਿਗਰੀ ਅਤੇ ਪਿਛਲੇ ਲੰਮੇ ਸਮੇਂ ਤੋਂ ਵੀਚਾਰਾਂ ਚਲ ਰਹੀਆਂ ਹਨ ਹਜ਼ਾਰਾਂ ਪੰਨਿਆਂ ਦਾ ਦਸਤਾਵੇਜ਼ ਪੁਜ ਚੁਕੇ ਨੇ ਵੀਚਾਰ ਲਈ ਅਤੇ ਉਹਨੂੰ ਮਰਿਆਂ ਨੂੰ ਵੀ ਕਈ ਸਾਲ ਹੋ ਚੁੱਕੇ ਹਨ ਅਤੇ ਸਾਡੀ ਕੀ ਹਾਲਤ ਹੈ? ਅੱਜ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਦੂਜੀ ਮਿਸਾਲ ਵੀ ਉਸੇ ਧਰਮ ਦੀ ਹੀ ਦਿੰਦੇ ਹਾਂ ਆ ਹੁਣ 12 ਅਕਤੂਬਰ 08 ਨੂੰ ਇੱਕ ਇਸਾਈ ਔਰਤ ਸਿਸਟਰ ਅਲਫਾਨਾਜ਼ਾ ਨੂੰ ਸੰਤ ਦੀ ਡਿਗਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਸਦੀਆਂ ਕੋਈ ਚਮਤਕਾਰੀ ਸ਼ਕਤੀਆਂ ਦੀ ਖਬਰ ਪੋਪ ਕੋਲ ਪੁੱਜੀ ਅਤੇ ਫਿਰ ਸਿਸਟਰ ਅਲਫਾਨਾਜ਼ਾ ਦੀਆਂ ਚਮਤਕਾਰੀ ਸ਼ਕਤੀਆਂ ਦੀ ਜਾਂਚ 1953 ਵਿੱਚ ਕਰਵਾਈ ਗਈ। 1957 ਵਿੱਚ ਜੱਜਾਂ ਨੇ ਉਸ ਔਰਤ ਦੀ ਕਬਰ ਖੁਦਵਾਈ ਕਰਕੇ ਉਸ ਦੀ ਲਾਸ਼ ਦੀ ਜਾਂਚ ਕੀਤੀ। 10,000 ਹਜ਼ਾਰ ਪੰਨਿਆਂ ਦਾ ਦਸਤਾਵੇਜ਼ਾਂ ਦੀ ਰਿਪੋਰਟ ਅਤੇ 172 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਆਖੀਰ ਅਕਤੂਬਰ 08 ਨੂੰ ਸਿਸਟਰ ਅਲਫਾਨਾਜ਼ਾ ਨੂੰ ‘ਸੰਤ’ ਵਜਂਿ ਪ੍ਰਵਾਨ ਕੀਤਾ ਗਿਆ ਅਤੇ ਹੁਣ ਉਸ ਨੂੰ ਰਸਮੀ ਤੌਰ ਤੇ ਸੰਤ ਐਲਾਨਿਆ ਗਿਆ ਹੈ। ਹੁਣ 154 ਦੇਸ਼ਾਂ ਦੇ ਗਿਰਜਿਆਂ ਵਿੱਚ ਉਸਦੀ ਪੂਜਾ ਹੋ ਸਕਦੀ ਹੈ। * ਜਾਗੋ! ਪਾਤਸ਼ਾਹ ਪਾਵਣ ਬਾਣੀ ਵਿੱਚ ਕਹਿ ਰਹੇ ਹਨ:

ਮ 4॥ ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ॥

(ਸ.ਗ.ਗ.ਸ.,ਪੰਨਾ 308)

ਇਤਿਹਾਸ ਵਿੱਚ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਗੁਰਬਾਣੀ ਵਿੱਚ ਸੰਤ ਪਦ ਗੁਰੂ ਪ੍ਰਮਾਤਮਾ ਲਈ ਹੀ ਵਰਤਿਆ ਗਿਆ ਹੈ ਕਿਉਂਕਿ ਨਹੀਂ ਤਾਂ ਗੁਰੂ ਸਾਹਿਬ ਵੇਲੇ ਉਚੀ ਕਰਣੀ ਦੇ ਮਾਲਿਕ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ, ਭਾਈੂ ਬਿਧੀ ਚੰਦ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਰਗੇ ਗੁਰਸਿੱਖਾਂ ਨੂੰ ਸਿੱਖ ਸੰਗਤਾ ਜ਼ਰੂਰ ਸੰਤ ਪਦ ਨਾਲ ਯਾਦ ਕਰਦੀਆਂ, ਪਰ ਇਸ ਤਰ੍ਹਾਂ ਦੀ ਮਿਸਾਲ ਸਿੱਖ ਇਤਿਹਾਸ ਵਿੱਚਣ ਕਿਧਰੇ ਨਹੀਂ ਮਿਲਦੀ। ਹੈਰਾਨਗੀ ਹੁੰਦੀ ਹੈ ਕਿ ਇਤਨੀ ਉਚ ਕਰਣੀ ਦੇ ਮਾਲਕ ਉਕਤ ਗੁਰਸਿੱਖਾਂ ਨੂੰ ਜੇ ਸੰਤ ਕਹਾਉਣ ਦੀ ਲਾਲਸਾ ਨਹੀਂ ਫੁਰੀ ਤਾਂ ਅੱਜ ਇੱਕ ਆਮ ਸਧਾਰਣ ਜਿਹਾ ਬੰਦਾ ਘਰੋਂ ਦੁਰਕਾਰਿਆ ਹੋਵੇ ਕਿਸੇ ਖਾਲੀ ਥਾਂ ਤੇ ਨਿਸ਼ਾਨ ਸਾਹਿਬ ਗੱਢ ਕੇ, ਚਾਰ ਇੱਟਾਂ ਰੱਖ ਕੇ ਆਪਣਾ ਡੇਰਾ ਬਣਾ ਕੇ ਗੁਰਮਤਿ ਵਿਰੋਧੀਆਂ ਕਾਰਾਵਾਈਆਂ ਕਰਦਿਆਂ ਆਪਣੇ ਆਪ ਨੂੰ ਸੰਤ ਅਖਵਾਉਣ ਦਾ ਹੌਂਸਲਾ ਕਿਵੇਂ ਕਰ ਲੈਂਦਾ ਹੈ। ਜਦ ਕਿ ਗੁਰਬਾਣੀ ਅਨੁਸਾਰ ਤਾਂ:

ਜਿਨਾਂ ਸਾਸਿ ਗਿਰਾਸਿ ਨ ਵਿਸਰੈ, ਹਰਿ ਨਾਮਾ ਮਨਿ ਮੰਤੁ ॥

ਧੰਨ ਸਿ ਸੇਈ ਨਾਨਕਾ, ਪੂਰਨ ਸੋਈ ਸੰਤ ॥

(ਗਉੜੀ ਕੀ ਵਾਰ, ਸਲੋਕ ਮ.5, ਅੰਗ 319)

ਭਾਵ ਜਿੰ੍ਹਨਾਂ ਨੂੰ ਹਰ ਸੁਆਸ ਨਾਲ ਪ੍ਰਭੂ ਯਾਦ ਹੈ । ਜੋ ਦੁਨਿਆਵੀ ਮੋਹ ਪਦਾਰਥਾਂ ਆਦਿ ਤੋਂ ਬਚੇ ਕੇਵਲ ਇੱਕ ਅਕਾਲ ਪੁਰਖ ਨਾਲ ਜੁੜੇ ਹਨ ਅਤੇ ਫਿਰ ਉਹਨਾਂ ਬਾਰੇ ਸਤਿਗੁਰੂ ਜੀ ਫੁਰਮਾਣ ਕਰਦੇ ਹਨ : ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ

ਹਉ ਬਲਿਹਾਰੀ ਸੰਤਨ ਤੇਰੇ, ਜਿਨਿ ਕਾਮੁ ਕ੍ਰੋਧ, ਲੋਭ ਪੀਠਾ ਜੀਉ॥

(ਮਾਝ ਮਹਲਾ 5. ਅੰਗ 208)

ਕਿ ਮੈਂ ਤੇਰੇ ਉਹ ਸੰਤ ਜਿਨਾਂ ਨੇ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ ਨੂੰ ਪੀਹ ਦਿੱਤਾ (ਨਾਸ ਕਰ ਦਿੱਤਾ) ਹੈ, ਉਹਨਾਂ ਤੋਂ ਕੁਰਬਾਣ ਜਾਂਦਾ ਹਾਂ ।

ਪ੍ਰਥਮੇ ਮਨੁ ਪਰਬੋਧੈ ਆਪਨਾ, ਪਾਛੈ ਅਵਰ ਰਿਝਾਵੈ ॥

(ਆਸਾ ਮਹਲਾ 5, ਅੰਗ 381)

ਪਰ ਇੱਥੇ ਤਾਂ ਕੁਝ ਹੋਰ ਹੀ ਬਣਿਆ ਪਿਆ ਹੈ। ਸਟੇਜ ਤੋਂ ਕੂੜ ਸੁਇਨਾ, ਕੂੜੁ ਰੂਪਾ, ਕੂੜ ਪਹਿਨਣਹਾਰ ਕਹਿਣ ਵਾਲੇ ਆਪ ਹੀ ਅਗਾਂਹ ਹੋ ਹੋ ਕੇ ਗਲੇ ਵਿੱਚ ਸੋਨੇ ਦੀਆਂ ਚੈਨਾਂ, ਹੱਥਾਂ ਵਿੱਚ ਸੋਨੇ ਦੀਆਂ ਮੁਂਦਰੀਆਂ ਆਦਿ ਪਾਉਂ ਦੇ ਵੇਖੇ ਜਾ ਸਕਦੇ ਹਨ। ਏ.ਸੀ. ਗੱਡੀਆਂ. ਮਹਿੰਗੇ ਡੇਰੇ, ਭਾਵ ਕਿ ਜਿੰਨੀ ਮਹਿੰਗੀ ਗੱਡੀ ਅਤੇ ਜਿੰਨਾ ਵੱਡਾ ਡੇਰਾ ਉਨਾਂ ਹੀ ਵੱਡਾ ਸੰਤ ਜਾਂ ਸਾਧ। ਪੰਚਮ ਪਾਤਸ਼ਾਹ ਤਾਂ ਫੁਰਮਾਉਂਦੇ ਹਨ :

ਪਰ ਤ੍ਰਿਅ ਰੂਪ ਨ ਪੇਖੈ ਨੇਤ੍ਰ ॥

(ਗਉੜੀ ਸੁਖਮਨੀ ਮ 5, ਅੰਗ 274)

‘ਤੇ ਇੱਥੇ ਨਿੱਤ ਕਿਸੇ ਨਾ ਕਿਸੇ ਡੇਰੇ ਵਿੱਚ ਕਿਸੇ ੳਬਲਾ ਦੇ ਬਲਾਤਕਾਰ ਦੀ ਖਬਰ ਅਖਬਾਰ ਦੀ ਸੁਰਖੀ ਬਣੀ ਹੁਮਦਿ ਹੈ। ਡੇੋਿਰਆਂ ਵਿੱਚ ਲੜਕੀਆਂ ਨੂੰ ਦਾਸੀਆਂ ਦੇ ਰੂਪ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਮਾਂ-ਬਾਪ ਆਪ ਹੀ ਲੜਕੀਆਂ ਨੂੰ ਸ਼ਰਦਾਂ ਵੱਸ ਇਹਨਾਂ ਡੇਰਿਆਂ ਨੂੰ ਅਰਪਣ ਕਰ ਆਉਂਦੇ ਹਨ ਆਹ ਤਾਂ ਸਾਡੀ ਹਾਲਤ ਹੋਈ ਪਈ ਹੈ। ਇਹ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਪਰ ਆਪ ਸਭ ਕੁਝ ਉਸਦੇ ਉਲਟ ਕਰਦੇ ਹਨ ਅਤੇ ਜਦ ਕੌਮ ਉਤੇ ਕੋਈ ਬਿਪਤਾ ਜਾਂ ਭੀੜ ਬਣ ਆਉਂਦੀ ਹੈ ਤਾਂ ਇਹ ਭੋਰਿਆਂ ਵਿੱਚ ਜਾ ਵਛਦੇ ਹਨ, ਆ ਹੀ ਬਦਲਵੇ ਬਿਆਨ ਦੇਂਦੇ ਰਹਿੰਦੇ ਹਨ, ਅਤੇ ਸਿੱਖਾਂ ਨੂੰ ਦੋਫਾੜ ਕਰਨ ਵਿੱਚ ਅਹਿਮ ਭੁਮਿਕਾ ਨਿਭਾਉਂਦੇ ਹਨ। ਅੱਜ ਦੀ ਹਾਲਤ ਤਾਂ ਇਹ ਬਣੀ ਪਈ ਹੈ:

ਅਵਰ ਉਪਦੇਸੈ, ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥

(ਗਉੜੀ ਸੁਖਮਨੀ ਮ.5, ਅੰਗ 269)

ਭਾਵ ਲੋਕਾਂ ਨੂੰ ਉਪਦੇਸ਼ ਕਰਦਾ ਹੈ ਪਰ ਆਪ ਅਜੇ ਤੱਕ ਜਨਮ ਮਰਨ ਦੇ ਚੱਕਰਾਂ ਵਿੱਚ ਖੱਪਦਾ ਪਿਆ ਹੈ। ਠੀਕ ਲਿਖਿਆ ਹੈ ਬਾਬਾ ਜੱਲਣ ਜੀ ਨੇ:

ਲੋਕ ਦਿਖਾਵਣ ਕਾਰਨੇ ਤੂੰ ਭੇਖ ਬਣਾਇਆ,

ਨਿਰ ਉਦਮ ਟੁੱਕੜਾ ਖਾਵਣਾ ਬਾਬਾ ਨਾਮ ਧਰਾਇਆ॥

ਤਾਂ ਹੀ ਤਾਂ ਸਤਿਗੁਰੂ ਜੀ ਪਾਵਣ ਫੁਰਮਾਣ ਕਰਦੇ ਹਨ :

ਭੇਖ ਦਿਖਾਵੈ, ਸਚੁ ਨ ਕਮਾਵੈ ॥ ਕਹਤੋ ਮਹਲੀ, ਨਿਕਟ ਨ ਆਵੈ ॥2॥

ਅਤੀਤੁ ਸਦਾਏ ਮਾਇਆ ਕਾ ਮਾਤਾ ॥ ਮਨਿ ਨਹੀ ਪ੍ਰੀਤਿ, ਕਹੈ ਮੁਖਿ ਰਾਤਾ ॥3॥

(ਸੂਹੀ ਮ. 5, ਅੰਗ 738)

ਭਾਵ ਕਿ ਭੇਖੀ ਮਨੁੱਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਰੇ ਭੇਖ, ਵਿਖਾ ਰਿਹਾ ਹੈ, ਸਦਾ ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ । ਮੁੂੰਹੋ ਆਖਦਾ ਹੈ ਕਿ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਪੁਜਿਆ ਹੋਇਆਂ ਹਾਂ, ਪਰ ਉਹ ਪ੍ਰਭੂ ਦੇ ਚਰਨਾਂ ਵਿੱਚ ਵੀ ਨਹੀਂ ਢੁਕਿਆ ਹੁੰਦਾ । ਇਹ ਆਪਣੇ ਆਪ ਨੂੰ ਤਿਆਗੀ (ਅਤੀਤ) ਅਕਵਾਉਂਦਾ ਹੈ, ਪਰ ਮਾਇਆ ਦੀ ਲਾਲਸਾ ਵਿੱਚ ਮਸਤ ਰਹਿੰਦਾ ਹੈ । ਇਸਦੇ ਮਨ ਵਿੱਚ ਪ੍ਰਭੂ ਚਰਨਾਂ ਦਾ ਪਿਆਰ ਨਹੀਂ, ਪਰ ਮੂੰਹੋਂ ਆਖਦਾ ਹੈ ਕਿ ਮੇਂ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆਂ ਹਾਂ।

ਖਾਲਸਾ ਜੀਉ! ਸਾਡੀ ਹੀ ਢਿੱਲ ਹੈ ਨਹੀਂ ਤਾਂ ਕਿਸੇ ਦੀ ਕੀ ਮਜ਼ਾਲ ਹੈ ਕਿ ਕੋਈ ਸਿੱਖ ਹਵਾ ਵੱਲ ਵੀ ਵੇਖ ਸਕੇ ਇਹ ਅਖੌਤੀ ਸਾਧ ਸਾਰੇ ਦੇ ਸਾਰੇ ਹੀ ਖੁਫੀਆ ਏਜੰਸੀਆਂ ਦੇ ਪਾਲੇ ਹੋਏ ਸਾਨ੍ਹ ਹਨ ਜੋ ਕੌਮ ਨੂੰ ਮੁੜ ਤੋਂ ਖਤਮ ਕਰਨ ਲਈ ਕੋਝੇ ਹੱਥਕੰਡੇ ਵਰਤ ਰਹੇ ਹਨ। ਨਹੀਂ ਤਾਂ ਭਈਆ ਆਸ਼ੂਤੋਸ਼ ਦੀ ਕੀ ਹਿੰਮਤ ਹੈ ਕਿ ਪੰਜਾਬ ਵਿੱਚ ਸਿੱਖਾਂ ਨੂੰ ਲਲਕਾਰੇ ਮਾਰਦਾ ਫਿਰੇ, ਕੂੜਾ ਬਾਬਾ ਸੌਦਾ ਸਾਧ ਗੁਰੂਆਂ ਦਾ ਰੂਪ ਧਾਰ ਭਾਰਤੀ ਸੁਰੱਖਿਆ ਹੇਠ ਬੇਗੁਨਾਹਾਂ ਸਿੱਖਾਂ ਦਾ ਸ਼ਰੇਆਮ ਕਤਲ ਕਰਦਾ ਫਿਰੇ, ਕੋਈ ਭਨਿਆਰੀਆ ਮਾਹਾਰਾਜ ਦੇ ਪਾਵਣ ਸਰੂਪਾਂ ਨੂੰ ਸਾੜਣ ਦੀ ਗੁਸਤਾਖੀ ਕਰੇ, ਅੱਜ ਸਿਰਫ ਇਹੋ ਹੀ ਨਹੀਂ ਇਸਤੋਂ ਵੀ ਵੱਧ ਖਤਰਨਾਕ ਸਾਡੇ ਅਖੌਤੀ ਲੀਡਰ ਬਣ ਚੁੱਕੇ ਹਨ ਜਿਨਾਂ ਨੇ ਗੁਰੂ ਦੇ ਸਿਧਾਂਤਾਂ ਨੂੰ ਆਪਣੇ ਹੱਥੀਂ ਵੇਚਣਾ ਸ਼ੁਰੂ ਕਰ ਦਿੱਤਾ ਹੈ। ਅੱਜ ਜਾਗਰੂਕਤਾ ਦੀ ਲੌੜ ਹੈ ਕਿ ਅਸੀ ਗੁਰਬਾਣੀ ਅਤੇ ਤੱਤ ਗੁਰਮਤਿ ਦਾ ਪ੍ਰਚਾਰ ਆਮ ਲੋਕਾਈ ਤੱਕ ਸਰਲ ਤਰੀਕੇ ਰਾਹੀਂ ਪੁੰਹਚਾਈਏ ਅਤੇ ਸਮੇਂ ਦੇ ਹਾਣੀ ਬਣੀਏ। ਮੈਂ ਲੇਖ ਲਿਖ ਹੀ ਰਿਹਾ ਸੀ ਕਿ ਮੈਨੂੰ ਇੱਕ ਫੋਨ ਆ ਗਿਆ ਕਿ ਸ. ਸਾਹਿਬ ਫਲਾਣੀ ਤਰੀਕ ਨੂੰ ਅਸੀ ਇੱਕ ਗੁਰਮਤਿ ਸਮਾਗਮ ਕਰਵਾ ਰਹੇ ਹਾਂ ਅਤੇ ਗੁਰਮਤਿ ਪ੍ਰਚਾਰ ਲਈ ਆਪ ਜੀ ਦਾ ਸਮਾਂ ਰੱਖਿਆ ਹੈ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਅਤੇ ਨਾਲ ਹੀ ਹੁਕਮ ਕਰ ਦਿਤਾ ਕਿ ਉਥੇ ਫਲਾਣੇ ਸੰਤ ਪੁਜ ਰਹੇ ਹਨ ਇਸ ਲਈ ਸੰਤਾ ਬਾਰੇ ਕੁਝ ਨਾ ਬੋਲਿਉ। ਕਿਉਂਕਿ ਉਹ ਉਹੋ ਜਿਹੇ ਸੰਤ ਨਹੀਂ ਸਗੋਂ ਬਹੁੱਤ ਕਰਣੀ ਵਾਲੇ ਹਨ, ਉਹ ਤਾਂ ਬੈਠਦੇ ਵੀ ਬੋਰੀ ਤੇ ਹੀ ਹਨ। ਮਨ ਹੈਰਾਨ ਹੋ ਰਿਹਾ ਸੀ ਕਿ ਬੋਰੀ ਤੇ ਬੈਠਣ ਨਾਲ ਕਿਸੇ ਸੰਤ ਦੀ ਕੀ ਮਹਾਨਤਾ ਹੋ ਸਕਦੀ ਹੈ ? ਖੈਰ ਦੂਜੀ ਗੱਲ ਇਹ ਹੋਈ ਇੰਨੇ ਨੂੰ ਇੱਕ ਕੋਈ 8 ਕੁ ਸਾਲ ਦਾ ਬੱਚਾ, ਜਿਸਨੇ ਸਿਰ ਉਤੇ ਪਟਕਾ ਬੰਨਿਆ ਹੋਇਆ ਸੀ ਅਤੇ ਕੇਸ ਬਾਹਰ ਨੂੰ ਨਿਕਲੇ ਹੋਏ ਸਨ, ਦੁਕਾਨ ਦਾ ਦਰਵਾਜ਼ਾ ਖੋਲ ਕੇ ਅੰਦਰ ਆ ਗਿਆ ਅਤੇ ਹੱਥ ਵਿੱਚ ਫੜਿਆ ਹੋਇਆ ਡੋਲ ਮੇਰੇ ਅੱਗੇ ਕਰਕੇ ਸ਼ਨੀ ਦੇਵਤੇ ਦੇ ਨਾਮ ਹੇਠ ਭੀਖ ਮੰਗ ਰਿਹਾ ਸੀ? ਮੈਂ ਸੋਚ ਰਿਹਾ ਸੀ ਕਿ ਕਾਸ਼ ਕੌਮ ਕਦੇ ਇਸ ਪਾਸੇ ਧਿਆਨ ਦੇ ਕੇ ਇਹਨਾਂ ਗਰੀਬ ਲੋਕਾਂ ਨੂੰ ਗੁਰਬਾਣੀ ਸਮਝਾ ਕੇ ਕਿਰਤ ਕਰਨ ਵੱਲ ਪ੍ਰੇਰ ਸਕੇ, ਪਰ ਨਹੀਂ ਕਿਉਂਕਿ ਹਰ ਕੰਮ ਕਰਨ ਲਈ ਸਮਾਂ ਚਾਹੀਦਾ ਹੈ ਇਹ ਤਾਂ ਪੈਸਾ ਸਾਧਾਂ ਦੇ ਡੇਰਿਆਂ, ਅਲੀਸ਼ਾਨ ਇਮਾਰਤਾਂ, ਲੰਗਰਾਂ, ਕੀਰਤਨ ਦਰਬਾਰਾਂ, ਸੰਤ ਸਮਾਗਮਾਂ, ਸ਼ਤਾਬਦੀਆਂ ਮਨਾਉਣ ਵਿੱਚ ਹੀ ਰੁੱਝੀ ਹੋਈ ਹੈ ਇਸ ਪਾਸੇ ਕਿਸੇ ਵੀ ਸੰਤ, ਮਹਾਪੁਰਸ਼ ਦੀ ਸੋਚ ਕਿੱਥੇ? ਚਲੋ ਗੁਰਬਾਣੀ ਦੇ ਪਾਵਨ ਬਚਨ ਹਨ

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ॥

(ਮਲਾਰ ਮ. 1, ਪੰਨਾ 1255)

ਕੋਈ ਤਾਂ ਮਰਜੀਵੜਾ ਉਠੇਗਾ ਜੋ ਇਸ ਪਾਸੇ ਵੱਲ ਧਿਆਨ ਦੇ ਕੇ ਕੁਝ ਕੌਮ ਦੇ ਉਸਾਰੂ ਹਿੱਤ ਬਾਰੇ ਸੋਚੇਗਾ।

ਸੋ ਅੰਤ ਵਿੱਚ ਇਹੀ ਬੇਨਤੀ ਹੈ ਗੁਰਸਿੱਖੋ, ਪਿਆਰਿਉ! ਇਹਨਾਂ ਦਿੰਭੀਆ ਦਾ ਖਹਿੜਾ ਛੱਡ ਕੇ ਗੁਰਬਾਣੀ ਨਾਲ ਜੁੜੋ। ਗੁਰਬਾਣੀ ਆਪ ਪੜੋ, ਵੀਚਾਰੋ, ਸੁਣੋ ਅਤੇ ਅਮਲ ਕਰ ਕੇ ਆਪਣਾ ਜੀਵਣ ਸਫਲ ਕਰੋ ਤਾਂ ਹੀ ਹੋ ਸਕਣੇ ਜੇ :

ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ਹਰਿ ਪਭਿ ਆਪਹਿ ਮੇਲੇ ॥

(ਗਉੜੀ ਸੁਖਮਨੀ ਮ. 5, ਪੰਨਾ 293)

-ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ(ਮੋ. 98150-24920)

ਇਹਨਾਂ ਸ੍ਰੋਮਣੀ ਕਮੇਟੀ ਚੌਣਾਂ ਵਿੱਚ ਕੋਈ ਬਦਲ ਹੋ ਸਕੇਗਾ ?

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਇੱਕ ਵੱਡੀ ਗਿਣਤੀ ਵੱਲੋਂ ਕੁਰਬਾਨੀਆਂ ਦੇ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕਿਸੇ ਖਾਸ ਮਕਸਦ ਵੱਜੋਂ ਹੌਂਦ ਵਿੱਚ ਲਿਆਂਦਾ ਗਿਆ ਸੀ । ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਿੱਖੀ ਵੀਚਾਰਧਾਰਾ, ਸਿੱਖ ਸਿਧਾਂਤਾਂ ਨੂੰ, ਸਿੱਖੀ ਵਿਰਸੇ ਨੂੰ ਅਤੇ ਗੁਰਮਤਿ ਗਿਆਨ ਨੂੰ ਸੰਸਾਰ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦਾ ਕੰਮ ਸਿੱਖਾਂ ਦੀ ਨੁੰਮਇਦਗੀ ਕਰਨ ਵਾਲੀ ਇਹ ਸੰਸਥਾ (ਸਾਰੇ ਸਿੱਖਾਂ ਨੂੰ ਨਾਲ ਲੈ ਕੇ ਹੀ) ਕਰ ਸਕੇ । ਪਰ ਸਮੇਂ ਦੇ ਗੇੜ ਨਾਲ, ਆਗੂਆਂ ਦੀ ਬੇਸਮਝੀ, ਆਗੂਆਂ ਵਿਚਲੀ ਦੂਰ-ਅੰਦੇਸ਼ੀ ਸੋਚ ਦੀ ਘਾਟ, ਕੁਰਸੀ ਦੀ ਭੁੱਖ, ਗੋਲਕ ਦੀ ਲੁੱਟ, ਪੂਜਾ ਦਾ ਧਾਨ ਇਤਿਆਦਿਕ ਕਈ ਕਾਰਣਾਂ ਕਰਕੇ ਸਰੋਮਣੀ ਕਮੇਟੀ ਇਕ ਵਾਪਾਰਕ ਆਦਾਰਾ ਵਧੇਰੇ ਬਣ ਗਈ । ਅੱਜ ਹਾਲਤ ਇੱਥੋਂ ਤੱਕ ਆਣ ਪਹੁੰਚੇ ਕਿ ਸਿੱਖ ਵਿਰੋਧੀ ਕਾਰਵਾਈਆਂ, ਗੁਰਮਤਿ ਦੀ ਉਲੰਘਣਾ, ਬਾਬੇ ਨਾਨਕ ਦੇ ਸਿਧਾਂਤਾਂ ਨੂੰ ਛੱਕੇ ਤੇ ਟੰਗਣ ਵਰਗੇ ਕਾਰਜ, ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਨੂੰ ਚੁਣੌਤੀ ਦੇਣ ਵਿੱਚ, ਸਿੱਖ ਇਤਿਹਾਸ ਨੂੰ ਵਿਗਾੜ ਕੇ ਗੁਰੂਆਂ ਦੇ ਦਾਮਨ ਨੂੰ ਦਾਗਦਾਰ ਕਰਨ ਵਿੱਚ, ਸਿੱਖ ਰਹਿਤ ਮਰਿਯਾਦਾ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਿੱਚ ਅਤੇ ਹੋਰ ਪਤਾ ਨਹੀਂ ਕਿਨੇ ਗੁਰਮਤਿ ਵਿਰੋਧੀ ਕਾਰਜਾਂ ਵਿੱਚ ਸ੍ਰੋਮਣੀ ਕਮੇਟੀ ਦਾ ਨਾਮ ਮੁੱਖ ਰੂਪ ਵਿੱਚ ਆਉਂਦਾ ਹੈ । ਜਿਸਤੋਂ ਇਹ ਸਿੱਖ ਹਿਮਾਇਤੀ ਸੰਸਥਾ ਘੱਟ ਅਤੇ ਸਿੱਖ ਵਿਰੋਧੀ ਸੰਸਥਾ ਜਿਆਦਾ ਜਾਪਦੀ ਹੈ ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜ ਸਮੁੱਚੀ ਕੌਮ ਨੂੰ ਹੈ, ਇਸ ਲਈ ਸਾਡਾ ਵਿਰੋਧ ਸ੍ਰੋਮਣੀ ਕਮੇਟੀ ਨਾਲ ਨਹੀਂ ਬਲਕਿ ਉਸ ਵਿੱਚ ਸ਼ਾਮਲ ਨਿੱਜ ਪ੍ਰਸਤ ਅਤੇ ਗੁਰਮਤਿ ਵਿਰੋਧੀ ਪ੍ਰਬੰਧਕਾਂ ਤੋਂ ਕਮੇਟੀ ਨੂੰ ਆਜ਼ਾਦ ਕਰਵਾਉਣਾ ਹੈ । ਇਸ ਲਈ ਸਬਬੀਂ ਮੌਕਾ ਆਣ ਬਣਿਆ ਹੈ । ਬੇਸ਼ੱਕ ਸਿਖਾਂ ਦੀ ਸਿਲੈਕਸ਼ਨ ਹੀ ਹੁੰਦੀ ਆਈ ਹੈ ਇਲੈਕਸ਼ਨ ਨਹੀਂ, ਪਰ ਇਸਦਾ ਕਾਰਣ ਵੀ ਸਿੱਖਾਂ ਦੀ ਹੀ ਨਲਾਇਕੀ ਹੈ, ਕਿਸੇ ਹੋਰ ਦੀ ਨਹੀਂ । ਖੈਰ! ਹੁਣ ਮੌਕਾ ਹੈ ਕਿ ਪਿਛਲੇ ਸਾਰੇ ਵੈਰ-ਵਿਰੋਧ ਭੁਲਾ ਕੇ ਸਾਂਝੇ ਰੂਪ। ਵਿੱਚ ਕੌਮ ਇੱਕ ਮੰਚ ਤੇ ਇੱਕਠਿਆਂ ਹੋ ਕੇ ਆਪਣੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਏ ਤਾਂ ਕਿ ਨਵੇਂ ਚੁਣੇ ਹੋਏ ਮੈਂਬਰ ਸ੍ਰੋਮਣੀ ਕਮੇਟੀ ਵਿੱਚ ਦਾਖਲ ਹੋ ਕੇ ਇੱਕਲ ਨਵੀਂ ਜਾਗ੍ਰਿਤੀ ਪੈਦਾ ਕਰ ਸਕਣ । ਗੁਰੂ ਦੀ ਗੋਲਕ ਦੀ ਯੋਗ ਵਰਤੋਂ ਹੋ ਸਕੇ, ਗੁਰ ਮਰਿਯਾਦਾ ਮੁੜ ਬਹਾਲ ਹੋ ਸਕੇ । ਇਸ ਲਈ ਆਉ ਮੁਹੱਲਾ ਪੱਧਰ, ਪਿੰਡ ਪੱਧਰ ਦੀਆਂ ਸਮੂਹ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ, ਸਭਾਵਾਂ, ਸੰਸਥਾਵਾਂ ਸਾਂਝੇ ਰੂਪ ਵਿੱਚ ਇਹ ਮੋਰਚਾ ਮਾਰਣ ਤਾਂ ਕਿ ਸੱਚ ਦੀ ਜਿੱਤ ਹੋ ਸਕੇ । ਇਸ ਵਾਸਤੇ ਇੱਕ ਦੂਜੇ ਦੇ ਮੂੰਹ ਵੱਲ ਨਾ ਦੇਖਿਆ ਜਾਵੇ ਜਿਸਦੀ ਵੋਟ ਨਹੀਂ ਬਣੀ ਉਹ ਤੁਰੰਤ ਵੋਟ ਬਣਵਾ ਲਵੇ । ਪਰ ਅਜੇ ਤੱਕ ਅਸੀਂ ਵੋਟਾਂ ਬਣਾਉਣ ਦੇ ਮਾਮਲੇ ਚ ਕਾਫੀ ੍ਹੌਲੀ ਚੱਲ ਰਹੇ ਹਾਂ । ਜੋ ਬਦਲਾਅ ਅਸੀਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਦੇਕਣਾ ਚਾਹੁੰਦੇ ਹਾਂ ਉਸ ਲਈ ਥੋੜੀ ਮਿਹਨਤ ਕਰੋ, ਲੋਕਾਈ ਨੂੰ ਸੁਚੇਤ ਕਰਕੇ ਵੱਧ ਤੋਂ ਵੱਧ ਵੋਟਾਂ ਬਣਾ ਕੇ ਸੱਚੇ ਸੁੱਚੇ ਗੁਰਸਿੱਖ ਕਿਰਦਾਰ ਦੀ ਮੱਦਦ ਕਰਕੇ ਉਸਨੂੰ ਅੱਗੇ ਲਿਆਈਏ । ਜੇਕਰ ਸਾਨੂੰ ਕੀ (?) ਦੀ ਬਿਮਾਰੀ ਚੰਬੜੀ ਹੀ ਰਹੀ ਤਾਂ ਫਿਰ ਨਹੀਂ ਆਉਣਾ ਕੋਈ ਬਦਲ । ਇਸ ਵਾਰ ਆਪਸੀ ਖੁੰਦਕਬਾਜ਼ੀਆਂ ਛੱਡ ਕੇ ਬਿਨ੍ਹਾਂ ਕਿਸੇ ਲਾਲਚ ਤੋਂ ਸਿੱਖ ਜ਼ਰੂਰ ਇਕੱਠੇ ਹੋ ਕੇ ਚੰਗੇ ਪ੍ਰਬੰਧਕ ਸ੍ਰੋਮਣੀ ਕਮੇਟੀ ਵਿੱਚ ਭੇਜਣ । ਤਾਂ ਹੀ ਕੌਮੀ ਭਲੇ ਦਾ ਕੋਈ ਕਾਰਜ ਕੀਤਾ ਜਾ ਸਕਦਾ ਹੈ ਨਹੀਂ ਤਾਂ ਸਾਡੇ ਲੋਕਲ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਦੋ ਪ੍ਰਧਾਨ ਜਿਵੇਂ ਲੜਦੇ ਹਨ ਸ਼ਾਇਦ ਇੱਦਾਂ ਅਖਾੜੇ ਵਿੱਚ ਦੋ ਪਹਿਲਵਾਨ ਵੀ ਲੜਦੇ ਨਾ ਵੇਖੇ ਹੋਣ ਕਿਉਂਕਿ ਅਜਿਹਾ ਕੁੱਝ ਮੇਰੇ ਹੀ ਇਲਾਕੇ ਵਿੱਚ ਚੱਲ ਰਿਹਾ ਹੈ । ਲੁਧਿਆਣੇ ਤੋਂ ਸ. ਸੁਖਦੇਵ ਸਿੰਘ ਲਾਜ ਹੁਣਾ ਦੀ ਇੱਕ ਗੱਲ ਇੱਥੇ ਕਰਨੀ ਲਾਹੇਵੰਦ ਹੋਵੇਗੀ, ਉਹ ਅਕਸਰ ਦਾਸ ਨਾਲ ਗੱਲ ਕਰਦੇ ਕਹਿੰਦੇ ਨੇ ਕਿ ਬੇਟੇ ਅਸੀਂ ਸਾਰੇ ਆਪੋ-ਆਪਣੀ ਥਾਂ ਤੇ ਤੀਲਿਆਂ ਵਾਂਗ ਖਿਲਰ ਕੇ ਸਿੱਖ ਧਰਮ ਤੋਂ ਕੂੜ ਦਾ ਸਫਾਇਆ ਕਰਨ ਤੇ ਲੱਗੇ ਹੋਏ ਹਾਂ, ਜ਼ੋਰ ਵੀ ਪੂਰਾ ਲੱਗ ਰਿਹਾ ਹੈ ਤੇ ਸਫਾਈ ਫਿਰ ਵੀ ਨਹੀਂ ਹੋ ਰਹੀ, ਪਰ ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਝਾੜੂ ਬਣ ਜਾਈਏ ਤਾਂ ਹੀ ਕੁੱਝ ਹੋ ਸਕਦਾ ਹੈ । ਉਹਨਾਂ ਦੀ ਇਹ ਗੱਲ ਅੱਜ ਦੀ ਤਾਰੀਕ ਵਿੱਚ ਬਿਲਕੁੱਲ ਢੁਕਵੀਂ ਹੈ ਤੇ ਅੱਜ ਝਾੜੂ ਬਣਨ ਦਾ ਸਮਾਂ ਆ ਗਿਆ ਹੈ ਕਿ ਸਾਰੇ ਹੀ ਇਕਮੁੱਠ ਹੋ ਕੇ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਹਿੱਸਾ ਲੈ ਕੇ ਨਵਾਂ ਬਦਲ ਲੈ ਆਈਏ ਅਤੇ ਗੁਰੂ ਘਰ ਵਿੱਚੋਂ ਪੰਥ ਵਿਰੋਧੀ ਤਾਕਤਾਂ ਦੀ ਸਫਾਈ ਕਰ ਦੇਈਏ । ਗੁਰੂ ਭਲੀ ਕਰੇ ।

-ਇਕਵਾਕ ਸਿੰਘ ਪੱਟੀ

ਰਤਨ ਇੰਸਟੀਚਿਊਟ ਆਫ ਕੰਪਿਊਟਰ ਸਟੱਡੀ,

ਜੋਧ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

ਮੋ. 98150-24920

ਐ ਨੌਜਵਾਨ ! ਉਂਠ ਜਾਗ ਤੂੰ !!

ਅੱਜ 25 ਸਾਲ ਤੋਂ ਵੱਧ ਸਮਾਂ ਬੀਤ ਚੱਲਿਆ ਹੈ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਹਿੰਦੋਸਤਾਨੀ ਫੋਜੀ ਹਮਲੇ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੇਸਤੋ-ਨਾਬੂਦ ਕਰਨ ਦੀ ਚੱਲੀ ਗਈ ਕੋਝੀ ਚਾਲ ਨੂੰ, ਸਿੱਖਾਂ ਦੀ ਬੇਰਹਿਮੀ ਨਾਲ ਕੀਤੀ ਗਈ ਨਸਲਕੁਸ਼ੀ ਨੂੰ, ਤਬਾਹ ਕੀਤੀ ਗਈ ਸਿੱਖ ਵਿਰਾਸਤ ਰੂਪੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ, ਹਜ਼ਾਰਾਂ ਸਿੱਖਾਂ ਨੂੰ ਤਬਾਹ ਕਰਕੇ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਕਰਨ ਦੀ ਚੱਲੀ ਕੋਝੀ ਹਰਕਤ ਨੂੰ, ਇਨਸਾਫ ਲਈ ਵਿਲਕਦੀਆਂ ਸਿੱਖ ਵਿਧਵਾਵਾਂ ਨੂੰ । ਪਰ ਅਫਸੋਸ, ਅਤਿ ਅਫਸੋਸ ਕਿ ਇਸ ਗੱਲ ਵਿੱਚ ਕੋਈ ਅਤਿ ਕਥਨੀ ਨਹੀਂ ਕਿ ਭਾਰਤ ਦੀ ਘਟੀਆ ਰਾਜਨੀਤੀ ਦੇ ਨਾਲ ਸਾਡੀ ਬੇਕਦਰੀ ਸਿੱਖ ਲੀਡਰਸ਼ਿਪ ਨੇ ਅੱਜ ਤੱਕ 84 ਕਤਲੇਆਮ ਦੋਸ਼ੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਇਨਸਾਫ ਦੇਣ ਜਾਂ ਦਿਵਾਉਣ ਦੀ ਥਾਂ ਅੱਜ ਤੱਕ ਸਿਰਫ ਗੰਦੀ ਰਾਜਨੀਤੀ ਖੇਡਦਿਆਂ ਹੋਇਆ ਆਪਣੀ ਸਿਆਸਤ ਦੀਆਂ ਰੋਟੀਆਂ ਹੀ ਸੇਕੀਆਂ ਹਨ ਅਤੇ ਹੁਣ ਵੀ ਸੇਕੀਆਂ ਜਾ ਰਹੀਆਂ ਹਨ ।

ਖੇਦ ਹੈ ਕਿ ਪੰਥਕ ਮਖੌਟਾ ਪਾ ਕੇ ਵੋਟਾਂ ਇਕੱਠੀਆਂ ਕਰਨ ਵਾਲੀ ਸਾਡੀ ਅਖੌਤੀ ਪੰਥਕ ਸਰਕਾਰ ਨੇ ਹਮੇਸ਼ਾਂ 84 ਦੇ ਦਰਦ ਨੂੰ ਕਦੇ ਵੀ ਸੀਰੀਅਸ ਨਾ ਲੈ ਕੇ ਇੱਕ ਚੋਣ ਸਟੰਟ ਵਜੋਂ ਹੀ ਵਰਤਿਆ ਸੀ, ਵਰਤਿਆ ਜਾ ਰਿਹਾ ਹੈ ਅਤੇ ਵਰਤਿਆ ਜਾਵੇਗਾ । 84 ਤੋਂ ਬਾਅਦ ਆਗੂ ਵਿਹੂਣੀ ਕੌਮ ਨੇ ਧੋਖੇ ਖਾਧੇ, ਖਾ ਰਹੀ ਹੈ ਅਤੇ ਖਾਂਧੀ ਰਹੇਗੀ ਜਦ ਤੱਕ ਖੁਦ ਸੁਚੇਤ ਹੋ ਕੇ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਯੋਗ ਸਿੱਖ ਆਗੂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੀ ਜਾਂ ਸੱਚ ਝੂਠ ਪਹਿਚਾਨਣ ਦਾ ਉਂਦਮ ਉਪਰਾਲਾ ਨਹੀਂ ਕਰਦੀ ।

ਮਸਲੇ ਤਾਂ ਬਹੁੱਤ ਨੇ ਕੌਮ ਵਿੱਚ, ਪਰ ਹੱਲ ਹੁੰਦਾ ਇੱਕ ਵੀ ਨਜ਼ਰ ਨਹੀਂ ਆ ਰਿਹਾ । 1984 ਸਿੱਖ ਕਤਲੇਆਮ ਵਿੱਚ ਜੋ ਨੁਕਸਾਨ ਕੌਮੀ ਪੱਧਰ ਤੇ ਸਿੱਖਾਂ ਦਾ ਕੀਤਾ ਗਿਆ ਉਸਦਾ ਖਮਿਆਜਾ ਅੱਜ ਵੀ ਕੌਮ ਭੁਗਤ ਰਹੀ ਹੈ । ਮੇਰਾ ਜਨਮ ਭਾਵੇਂ 1984 ਤੋਂ ਬਾਅਦ ਦਾ ਹੈ, ਮੈਂ ਕੁੱਝ ਵੀ ਦੇਖਿਆ ਨਹੀਂ ਪਰ ਜਿੰਨ੍ਹਾਂ ਕੁ ਹੁਣ ਤੱਕ ਬਜੁਰਗਾਂ ਕੋਲੋਂ ਸੁਣਿਆ ਅਤੇ ਪੜ੍ਹਿਆ ਇਹ ਸੱਭ ਪੜ੍ਹ ਸੁਣ ਕੇ ਹੀ ਖੂਨ ਖੌਲ ਜਾਂਦਾ ਹੈ, ਕਿ ਕਿਸ ਤਰ੍ਹਾਂ ਪਾਕ ਜ਼ਮੀਨ ਨੂੰ ਅਪਵਿੱਤਰ ਕਰਕੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਤੇ ਗੋਲੀਆਂ ਦਾ ਮੀਂਹ, ਟੈਂਕਾ, ਤੋਪਾਂ ਨਾਲ ਨੁਕਸਾਨੀ ਗਈ ਇਮਾਰਤ, ਸਮੁੱਚੀ ਕਾਇਨਾਤ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਣ ਸਰੂਪ ਨੂੰ ਵੀ ਗੋਲੀਆਂ ਨਾਲ ਛੱਲਣੀ ਕੀਤਾ ਗਿਆ, ਬੱਚੇ, ਬੁੱਢੇ, ਜਵਾਨ, ਬਹੂਆਂ, ਬੇਟੀਆਂ ਦੀ ਬੇਪੱਤੀ, ਪਵਿੱਤਰ ਸਰੋਵਰ ਨੂੰ ਮਲੀਨ ਕਰਕੇ ਕੀਤੀ ਗਈ ਘਿਨਾਉਣੀ ਹਰਕਤ ‘ਤੇ ਉਹ ਵੀ ਉਸ ਦੇਸ਼ ਵੱਲੋਂ ਜਿਸਨੂੰ ਆਜ਼ਾਦ ਕਰਵਾਉਣ ਲਈ ਇਸੇ ਪਵਿੱਤਰ ਸਥਾਨ ਤੋਂ ਅਰਦਾਸਾ ਕਰਕੇ ਅਤੇ ਗੁਰਬਾਣੀ ਤੋਂ ਸਿੱਖਿਆ ਲੈ ਕੇ ਆਪਣੀਆਂ ਜਾਨਾਂ ਦੀ ਆਹੂਤੀ ਦੇ ਕੇ ਆਜ਼ਾਦ ਕਰਵਾਇਆ ਗਿਆ ਸੀ ।

ਬੇਸ਼ੱਕ ਸੰਨ 84 ਤੇ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਅਤੇ ਲਿਖੀਆਂ ਜਾ ਰਹੀਆਂ ਨੇ । ਪਰ ਅੱਜ ਤੱਕ ਵੀ ਇਸ ਸੱਚਾਈ ਨੂੰ ਅੱਖੋਂ ਪਰੋਖੇ ਰੱਖ ਕੇ ਸਬੰਧਿਤ ਦੋਸ਼ੀਆਂ ਦੀ ਨਿਸ਼ਾਨ ਦੇਹੀ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਣਾ, ਉਲਟਾ ਜਥੇਦਾਰਾਂ ਦੀ ਪਦਵੀ ‘ਤੇ ਬੈਠ ਕੇ 1984 ਦੀਆਂ ਵਿਧਾਵਾਵਾਂ ਨੂੰ ਖੇਖਣਹਾਰੀਆਂ ਅਤੇ ਫੱਫੇਕੁੱਟਣੀਆਂ ਕਹਿ ਕੇ ਭੰਡਣਾ ਸਾਬਿਤ ਕਰਦਾ ਹੈ ਕਿ ਅੱਜ ਮੁੜ ਕੌਮ ਨੂੰ ਗਫਲਤ ਦੀਆਂ ਵਿੱਚੋਂ ਜਾਗਣ ਦਾ ਸਮਾਂ ਹੈ । ਅੱਜ ਐ ਮੇਰੀ ਕੌਮ ਦੇ ਨੌਜਵਾਨ ਬੇਸ਼ੱਕ ਤੂੰ ਸਫਾ ਚੱਟ ਹੋ ਕੇ ਹਾਜ਼ਰਾ ਵਾਰ ਗਾਈ ਜਾ “ਅਸੀਂ ਫੈਨ ਹਾਂ ਯਾਰੋ! ਭਿੰਡਰਾਂਵਾਲੇ ਬਾਬੇ ਦੇ” ਉਸਦਾ ਫਾਇਦਾ ਕੌਮ ਨੂੰ ਰੱਤੀ ਭਰ ਨਹੀਂ ਹੋਣਾ ਜਦ ਤੱਕ ਅਸੀਂ ਖੁਦ ਗੁਰੂ ਦੀ ਸੱਚੀ ਸੁੱਚੀ ਅਗਵਾਈ ਲੈ ਕੇ ਗੁਰਮਤਿ ਗਾਡੀ ਰਾਹ ਨਾ ਫੜ੍ਹਿਆ ।

ਅੱਜ ਵੀ ਸਮਾਂ ਹਾਂ ਕਿ ਉਠ ਪੰਥ ਖਾਲਸਾ ਹੋਸ਼ ਮੇਂ ਆ ! ਔਰ ਨਬਜ਼ ਪਹਿਚਾਣ ਜ਼ਮਾਨੇ ਕੀ ! ਵੇਖ ਅੱਜੇ ਤੱਕ ਸਮੇਤ ਸਾਡੀਆਂ ਸਿਰਮੌਰ ਜਥੇਬੰਦੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਟਕਸਾਲਾਂ, ਡੇਰੇਦਾਰ, ਅਖੌਤੀ ਸਾਧਾਂ ਅਤੇ ਸੰਤ ਦੇ ਟੋਲੇ, ਅਖੌਤੀ ਪੰਥਕ ਸਰਕਾਰ ਜੋ 84 ਦੇ ਸਿੱਖ ਕਤਲੇਆਮ ਨੂੰ ਚੋਣ ਸਟੰਟ ਵਜੋਂ ਵਰਤਣ ਦਾ ਕੋਈ ਮੌਕਾ ਹੱਥੋਂ ਨਹੀਂ ਖੁੰਝਣ ਦੇਂਦੀ ਨੇ ਅੱਜ ਤੱਕ 1984 ਦੇ ਸਮੂਹ ਸ਼ਹੀਦਾਂ ਦੀ ਇੱਕ ਯਾਦਗਾਰ ਤੱਕ ਕਾਇਮ ਨਹੀਂ ਕਰ ਸਕੀ । ਪਰ ਦੂਜੇ ਪਾਸੇ ਝਾਤ ਮਾਰ ਕਿ ਇਹਨਾਂ 25 ਸਾਲਾਂ ਵਿੱਚ ਕਿੰਨੇ ਅਲੀਸ਼ਾਨ ਡੇਰੇ, ਅਖੋਤੀ ਸਾਧਾਂ ਸੰਤਾਂ ਦੇ ਜਨਮ ਅਸਥਾਨ, ਤਪ ਅਸਥਾਨ ਆਦਿਕ ਹੋਂਦ ਵਿੱਚ ਆ ਗਏ ਕਿ ਗਿਣਤੀ ਵਿੱਚ ਵੀ ਨਹੀਂ ਆਉਂਦੇ । ਨੌਜਵਾਨਾਂ ! ਸੁਚੇਤ ਹੋ ਅਤੇ ਗੁਰੂ ਗੋਬਿੰਦ ਸਿੰਘ ਦੇ ਅਸਲੀ ਵਾਰਿਸ ਬਣ ਕੇ ਪਤਿੱਤਪੁਣੇ ਨੂੰ ਛੱਡ ਕੇ, ਨਸ਼ਿਆਂ ਦਾ ਤਿਆਗ ਕਰਕੇ ਖੁਦ ਸਿੱਖ ਕੌਮ ਦੀ ਅਗਵਾਈ ਕਰ ਅਤੇ ਅਜੋਕੇ ਮਸੰਦਾਂ ਤੋਂ ਆਪਣੇ ਅਮੀਰ ਵਿਰਸੇ, ਗੁਰਦੁਆਰਾਂ ਪ੍ਰਬੰਧ ਆਦਿਕ ਆਜ਼ਾਦ ਕਰਵਾ ਇਹੀ ਆਪਣੇ ਸ਼ਹੀਦ ਹੋਏ ਮਾਵਾਂ, ਭੈਣਾ, ਭਰਾਵਾਂ, ਬਜ਼ੁਰਗਾਂ, ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।

ਉਠ ਜਾਗ ਤੂੰ ! ਇਹ ਸੌਣ ਦਾ ਵੇਲਾ ਨਹੀਂ !!!

ਗੁਰੂ ਭਲੀ ਕਰੇ ।

ਇਨਸਾਨੀਅਤ

ਪਿਛਲੇ ਦਿਨੀਂ ਬੱਸ ਵਿੱਚ ਅੰਮ੍ਰਿਤਸਰ ਤੋਂ ਪੱਟੀ ਜਾਣ ਦਾ ਮੌਕਾ ਮਿਲਿਆ । ਬੱਸ ਵੀ ਕਾਹਦੀ ਸਵਾਰੀ ‘ਤੇ ਸਵਾਰੀ ਚੜ੍ਹੀ ਹੋਈ, ਇੱਥੋਂ ਤੱਕ ਕੇ ਬੱਸ ਦੀ ਛੱਤ ਤੇ ਵੀ ਸਵਾਰੀਆਂ ਚੜ੍ਹੀਆਂ ਹੋਈਆਂ ਸਨ । ਰਸਤੇ ਵਿੱਚ ਪੱਟੀ ਮੁੜਨ ਲੱਗਿਆਂ ਬੱਸ ਸਟਾਪ ਤੇ ਬੱਸ ਫਿਰ ਖੜ੍ਹ ਗਈ । ਉਥੇ ਵੀ ਸਵਾਰੀਆਂ ਦਾ ਮੇਲਾ ਬੱਸ ਦੀ ਉਡੀਕ ਕਰ ਰਿਹਾ ਸੀ । ਧੱਕਾ-ਮੁੱਕੀ, ਜਦੋ-ਜਹਿਦ ਕਰਦਿਆਂ ਕੁਝ ਕੁ ਸਵਾਰੀਆਂ ਹੋਰ ਬੱਸ ਵਿੱਚ ਚੜ੍ਹ ਗਈਆਂ । ਜਿਨ੍ਹਾਂ ਵਿੱਚ ਇੱਕ ਔੌੋਰਤ 28-30 ਸਾਲ ਦੀ ਉਮਰ ਦੇ ਲਗਭਗ ਅਤੇ ਕੁਛੜ 6 ਕੁ ਮਹੀਨੇ ਦਾ ਬੱਚਾ ਚੁਕਿਆ ਹੋਇਆ, ਇੱਕ ਵੱਡਾ ਕਪੜਿਆਂ ਦਾ ਬੈਗ ਅਤੇ ਨਾਲ ਇੱਕ 14-16 ਸਾਲ ਦੇ ਕਰੀਬ ਉਮਰ ਦੀ ਲੜਕੀ ਬੱਸ ਵਿੱਚ ਚੜ੍ਹੀਆਂ । ਜਿਆਦਾ ਭੀੜ ਹੋਣ ਕਰਕੇ ਉਹਨਾਂ ਬੈਗ ਥੱਲੇ ਹੀ ਰੱਖ ਲਿਆ । ਕੰਡੈਕਟਰ ਬੱਸ ਦੀ ਬਾਰੀ ਵਿੱਚ ਖੜ੍ਹਾ ਰੌਲਾ ਪਾ ਰਿਹਾ ਸੀ ਕਿ ਸਵਾਰੀਆਂ ਅਗਾਂਹ ਨੂੰ ਹੋਵੋ… ਅਗਾਂਹ ਨੂੰ ਹੋਵੋ… ਕਿ ਉਸ ਔਰਤ ਦਾ ਬੈਗ ਉਸ ਦੀ ਨਿਗਾਹ ਚੜ੍ਹ ਗਿਆ । ‘ਤੇ ਉਚੀ-ਉਚੀ ਕਹਿਣ ਲੱਗ ਪਿਆ ਆ ਬੈਗ ਕੀਹਦਾ ਬਈ ? ਚੁੱਕੋ ਇਹਨੂੰ ਇੱਥੋਂ , ਇੱਕ ਸਵਾਰੀ ਖੜ੍ਹ ਸਕਦੀ ਇੱਥੇ । ਲਾਚਾਰ ਔਰਤ ਕਹਿਣ ਲੱਗੀ ਕਿ ਮੇਰੇ ਕੋਲ ਬੱਚਾ ਹੈ ਤੇ ਬੈਗ ਰੱਖਣ ਦੀ ਹੋਰ ਜਗ੍ਹਾ ਵੀ ਨਹੀਂ ਹੈ । ਕੰਡੈਕਟਰ ਕਹਿਣ ਲੱਗਾ ਬੈਗ ਹੱਥ ‘ਚ ਫੜ੍ਹ ਲਵੋ ਨਹੀਂ ਤਾਂ ਬੱਸ ਚੋਂ ਥੱਲੇ ਉਤਰ ਜਾਵੋ । ਇੰਨ੍ਹੇ ਚ ਹੀ ਗਰਮਾ-ਗਰਮੀ ਹੋ ਗਈ ਅਤੇ ਬੱਸ ਵੀ ਡੇਢ-ਦੋ ਕਿਲੋਮੀਟਰ ਸਫ਼ਰ ਤੈਅ ਕਰ ਚੁੱਕੀ ਸੀ ਅਤੇ ਕੰਡੈਕਟਰ ਨੇ ਇਸੇ ਨਿਕੀ ਜਿਹੀ ਗੱਲ ਤੇ ਹੀ ਮਾਂ-ਬੱਚੇ ਅਤੇ ਉਸ ਜਵਾਨ ਕੁੜੀ ਨੂੰ ਬੱਸ ਵਿਚੋਂ ਥੱਲੇ ਉਤਾਰ ਦਿੱਤਾ । ਕਾਫੀ ਲੋਕ ਕੰਡੈਕਟਰ ਤੋਂ ਖ਼ਫਾ ਸਨ ਪਰ ਬੋਲਿਆ ਕੋਈ ਨਹੀਂ ।

ਹੁਣ ਬੱਸ ਦਾ ਅਗਲਾ ਸਟਾਪ ਆ ਗਿਆ ਅਤੇ ਇੱਕ ਮੁਸਾਫਿਰ ਜਿਸਦੀ ਟਿਕਟ 4-5 ਰੁਪਏ ਬਣਦੀ ਸੀ, ਬਿਨ੍ਹਾਂ ਟਿਕਟ ਲਿਆਂ ਹੀ ਬੱਸ ਵਿੱਚੋਂ ਉਤਰ ਕੇ ਖਿਸਕ ਗਿਆ । ਜਦ ਕੰਡੈਕਟਰ ਨੂੰ ਪਤਾ ਲੱਗਿਆ ਤਾਂ ਕਲਪਿਆ ਹੋਇਆ ਰੌਲਾ ਪਾਉਣ ਲੱਗ ਪਿਆ ਕਿ ਅੱਜ ਇਨਸਾਨੀਅਤ ਦਾ ਕੋਈ ਜ਼ਮਾਨਾ ਹੀ ਨਹੀਂ ਰਿਹਾ ।

ਮੈਂ ਬੱਸ ਵਿੱਚ ਬੈਠਾ ਸੋਚ ਰਿਹਾ ਸੀ ਕਿ ਸ਼ਾਇਦ ਇੱਕ ਲਾਚਾਰ ਔਰਤ ਨੂੰ ਛੋਟੀ ਜਿਹੀ ਗੱਲ ਤੋਂ ਹੀ ਬੱਸ ਸਟਾਪ ਤੋਂ ਦੂਰ ਰਸਤੇ ਵਿੱਚ ਉਤਾਰ ਦੇਣਾ ਕੰਡੈਕਟਰ ਵਾਸਤੇ ਇਨਸਾਨੀਅਤ ਵਾਲੀ ਗੱਲ ਨਹੀਂ ਸੀ । ਆਖ਼ੀਰ ਇਨਸਾਨੀਅਤ ਹੈ ਕਿੱਥੇ ?

- ਇਕਵਾਕ ਸਿੰਘ ਪੱਟੀ

ਮੋ. 98150-24920

ਗੁਰੂ ਨਾਨਕ ਦੇ ਸਿਧਾਂਤਾਂ ਦੀ ਗੱਲ ਕਰਨ ਵਾਲਾ ਸਿੱਖ ਕਾਨੂੰਨੀ ਕਾਰਵਾਈ ਲਈ ਤਿਆਰ ਰਹੇ !

ਗੱਲ ਹੁਣ ਦੀ ਨਹੀਂ, ਬਲਕਿ ਉਦੋਂ ਹੀ ਸ਼ੁਰੂ ਹੋ ਗਈ ਸੀ ਜਦ ਗੁਰਦੁਆਰਿਆਂ ਦੇ ਪੁਜਾਰੀਆਂ ਨੂੰ ਗੋਲਕ ਦੀ ਕਮਾਈ ਦੀ ਨਿੱਜੀ ਮੁਫਾਦਾਂ ਲਈ ਵਰਤੋਂ ਕਰਨ ਦੀ ਜਾਚ ਆ ਗਈ ਸੀ । ਜਿਸ ਦੀ ਬਦੌਲਤ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਵਰਗੀਆਂ ਲਹਿਰਾਂ ਸ਼ੁਰੂ ਕੀਤੀਆਂ ਗਈਆ ਅਤੇ ਕਈ ਮੋਰਚਿਆਂ ਤੋਂ ਬਾਅਦ ਕਿਰਤ ਕਮਾਈ ਕਰਨ ਵਾਲੇ ਕਿਰਤੀ ਸਿੱਖਾਂ ਦੇ ਸਹਿਯੋਗ ਨਾਲ ਅਥਾਹ ਕੁਰਬਾਨੀਆਂ ਅਤੇ ਤਸੀਹਿਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿੱਚ ਲਿਆਂਦੀ ਗਈ ਸੀ ਤਾਂ ਕਿ ਗੁਰਦਆਰਿਆਂ ਵਿੱਚ ਗੁਰ-ਮਰਿਯਾਦਾ ਮੁੜ ਬਹਾਲ ਹੋ ਸਕੇ । ਫਿਰ 13 ਸਾਲਾਂ ਦਾ ਸਮਾਂ ਲਗਾ ਕੇ ਇੱਕ ਪੰਥਕ ਰਹਿਤ ਮਰਿਯਾਦਾ ਵੀ ਬਣਾਈ ਗਈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੁੱਚੀ ਕੌਮ ਲਈ ਜਾਰੀ ਕੀਤੀ ਗਈ ।

ਬਦਕਿਸਮਤੀ ਕਿ ਅਸੀਂ ਮਹੰਤਾਂ ਜ੍ਹਿਨਾਂ ਨੇ ਗੁਰਦੁਆਰਿਆਂ ਵਿੱਚ ਨਿੱਜੀ ਮਰਿਯਾਦਾਵਾਂ ਚਲਾਈਆਂ ਹੋਈਆਂ ਸਨ ਨੂੰ ਤਾਂ ਬਾਹਰ ਕੱਢ ਦਿੱਤਾ ਪਰ ਉਹਨਾਂ ਦੇ ਫਲਸਫੇ ਨੂੰ ਆਪ ਅਪਣਾ ਕੇ ਗੋਲਕ ਦੀ ਨਿੱਜੀ ਵਰਤੋਂ ਕਰਨ ਨੂੰ ਹੀ ਪਰਮ ਧਰਮ ਸਮਝ ਲਿਆ ਅਤੇ ਆਪ ਹੀ ਸਿੱਖੀ ਸਰੂਪ ਵਿੱਚ ਰਹਿ ਕੇ ਮਹੰਤਾਂ ਵਾਲੇ ਕਾਰਨਾਮੇ ਸ਼ੁਰੂ ਕਰ ਦਿੱਤੇ ਅਤੇ ਸਿੱਖਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਤੋਂ ਬਾਅਦ ਮਨ ਮਰਜ਼ੀ ਦੇ ਹੁਕਮਨਾਮੇ ਜਾਰੀ ਕਰਕੇ ਹੁਕਮਨਾਮਾ ਰੂਪੀ ਐਨਕ ਸਿੱਖ ਸੰਗਤਾਂ ਨੂੰ ਦੇ ਦਿੱਤੀ ਕਿ ਕਿਸੇ ਵੀ ਗੁਰਮਤਿ ਵਿਰੋਧੀ ਹੁਕਮਨਾਮੇ ਨੂੰ ਇਸ ਐਨਕ ਨਾਲ ਦੇਖੋਗੇ ਤਾਂ ਠੀਕ ਲੱਗੇਗਾ, ਨੰਗੀ ਅੱਖ ਨਾਲ ਨਹੀਂ ਦੇਖਣਾ ਕਿਉਂਕਿ ਹੁਕਮਨਾਮੇ ਦੀ ਐਨਕ ਉਤਾਰ ਕੇ ਦੇਖਣ ਲਈ ਪੁਜਾਰੀਵਾਦ ਦੀਆਂ ਆਪ ਹੁਦਰੀਆਂ ਨੰਗੀਆਂ ਹੋ ਸਕਦੀਆਂ ਸਨ ।

ਇਸੇ ਤਹਿਤ ਮਨਮਰਜ਼ੀ ਦੇ ਹੁਕਮਨਾਮੇ ਜਾਰੀ ਕਰਨ ਉਪਰੰਤ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਵਾਸਤਾ ਪਾ ਕੇ ਉਹਨਾਂ ਨੂੰ ਲਾਗੂ ਕਰਵਾਉਣ ਦੀ ਮੰਦ ਨਿਤੀ ਸ਼ੁਰੂ ਹੋਈ । ਇੱਕ ਕਾਲ ਦਾ ਜਥੇਦਾਰ ਜੇਕਰ ਕੋਈ ਹੁਕਮਨਾਮਾ ਜਾਰੀ ਕਰਦਾ ਹੈ ਤਾਂ ਅਗਲੇ ਕਾਲ ਦਾ ਜਥੇਦਾਰ ਚਾਹਵੇ ਤਾਂ ਹਾਕਮਾਂ ਦੇ ਕਹਿਣ ਤੇ ਉਸਨੂੰ ਰੱਦ ਕਰ ਸਕਦਾ ਹੈ । ਖੈਰ! ਹੁਕਮਨਾਮਿਆਂ ਵਾਲਾ ਤਾਂ ਇੱਕ ਵੱਖਰਾ ਵਿਸ਼ਾ ਹੈ ਮੈਂ ਆਪਣੇ ਵਿਸ਼ੇ ਵੱਲ ਮੁੜਾਂ ।

ਬੀਤੇ ਦਿਨੀਂ ਇਤਿਹਾਸ ਨੂੰ ਦੁਹਰਾਉਂਦਿਆਂ ਹੋਇਆਂ ਜਿਸ ਤਰ੍ਹਾਂ ਕੌਮ ਦੇ ਕੋਹਿਨੂਰ ਹੀਰੇ ਤੋਂ ਵੀ ਵੱਧ ਬੇਸ਼ਕਿਮਤੀ ਵਿਦਵਾਨ ਭਾਈ ਦਿੱਤ ਸਿੰਘ ਗਿਆਨੀ ਅਤੇ ਪ੍ਰੋ. ਗੁਰਮੁੱਖ ਸਿੰਘ ਵੱਲੋਂ ਸਿੱਖਾਂ ਵਿੱਚ ਲਿਆਂਦੀ ਇੱਕ ਵੱਡੀ ਜਾਗ੍ਰਿਤੀ ਤੋਂ ਬੁਖਲਾਏ ਹੋਏ ਕੁੱਝ ਪੰਥ ਵਿਰੋਧੀਆਂ ਨੇ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਕੇ ਪਹਿਲਾਂ ਸਿੱਖਾਂ ਦੀ ਨਜ਼ਰਾਂ ਵਿੱਚ ਡੇਗਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਹਨਾਂ ਵਿਦਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਆਰਥਿਕ ਰੂਪ ਵਿੱਚ ਕਮਜ਼ੋਰ ਕਰਕੇ ਉਹਨਾਂ ਵੱਲੋਂ ਚਲਾਈ ਜਾਂਦੀ ਪੰਥਕ ਅਖਬਾਰ ‘ਖਾਲਸਾ’ ਜੋ ਸਿੱਖਾਂ ਦੀ ਜਿੰਦ ਜਾਨ ਬਣ ਚੁੱਕੀ ਸੀ ਨੂੰ ਬੰਦ ਕਰਵਾਇਆ ਸੀ । ਅੱਜ ਉਸੇ ਪੁਜਾਰੀ ਸ਼੍ਰੇਣੀ ਅਤੇ ਪੰਥ ਵਿਰੋਧੀਆਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਮੌਜੂਦਾ ਪੁਜਾਰੀ ਸ਼੍ਰੇਣੀ ਅਤੇ ਗੁਰਦੁਆਰਾਂ ਪ੍ਰਬੰਧਕਾਂ ਨੇ ਹੁਣ ਦੇ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਜਾਂ ਕੋਈ ਕੌਮੀ ਹੱਕ ਮੰਗਣ ਵਾਲਿਆਂ ਵਿਰੁੱਧ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਬੇ-ਇੱਜ਼ਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਅਸਫਲਤਾ ਮਿਲਣ ਉਪਰੰਤ ਹੁਣ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈਆਂ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁੱਝ ਉਪਰ ਇਹ ਕਾਰਵਾਈਆਂ ਸ਼ੁਰੂ ਵੀ ਕਰ ਦਿੱਤੀਆਂ ਹਨ ।

ਜਿਸਦੇ ਤਹਿਤ ਪਹਿਲਾਂ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਫਿਰ ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਖਾਲਸਾ, ਸ. ਜਗਦੀਸ਼ ਸਿੰਘ ਝੀਂਡਾ, ਸ. ਪਰਮਜੀਤ ਸਿੰਘ ਸਰਨਾ, ਹੁਣ ਗਿਆਨੀ ਹਰਿੰਦਰ ਸਿੰਘ ਅਲਵਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਲਗਾਈ ਗਈ ਹੈ।

* ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਜਦ ਸਿੱਖ ਸੰਗਤ ਦੀਆਂ ਅੱਖਾਂ ਤੋਂ ਬ੍ਰਹਾਮਣਵਾਦ, ਪੁਜਾਰੀਵਾਦ, ਅੰਧ-ਵਿਸ਼ਵਾਸ਼ ਦੀ ਐਨਕ ਉਤਾਰ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੇ ਦਰਸ਼ਨ ਕਰਵਾਏ ਤਾਂ ਪੁਜਾਰੀਵਾਦ ਕਾਂਬਾ ਛਿੜਿਆ, ਤਾਂ ਉਸ ਵਿਰੁੱਧ ਘਟੀਆਂ ਦੂਸ਼ਣਬਾਜ਼ੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੱਜ ਕੇ ਦੁਰਵਰਤੋਂ ਕੀਤੀ ਅਤੇ ਉਸਨੂੰ ਪੰਥ ਵਿੱਚੋਂ ਛੇਕਿਆ ਪਰ ਫਿਰ ਵੀ ਜਾਗਰੂਕ ਸਿੱਖ ਹਮੇਸ਼ਾਂ ਉਸਦੀ ਹਿਮਾਇਤ ਤੇ ਰਹੇ ਅਤੇ ਹਨ । ਅੱਜ ਵੀ ਉਹਨਾਂ ਦੀਆਂ ਲਿਖੀਆਂ ਪੁਸਤਕਾਂ ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਅੱਜ ਵਿਦਿਆਰਥੀ ਅਤੇ ਜਗਿਆਆਸੂ ਵਰਗ ਦੀ ਪਹਿਲੀ ਪਸੰਦ ਹੈ।
* ਜੋਗਿੰਦਰ ਸਿੰਘ ਸਪੋਕਸਮੈਨ ਨੇ ਸਖਤ ਘਾਲਣਾ ਨਾਲ ਇੱਕ ਪੰਥਕ ਅਖਬਾਰ ਹੋਂਦ ਵਿੱਚ ਲਿਆਂਦੀ ਜਿਸ ਨਾਲ ਮਿਸ਼ਨਰੀ ਸੋਚ ਨੂੰ ਇੱਕ ਪਲੇਟਫਾਰਮ ਮਿਲਿਆ ਅਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਪ੍ਰਚਾਰਣ ਹਿੱਤ ਚੋਟੀ ਦੇ ਵਿਦਵਾਨਾਂ, ਲੇਖਕਾਂ, ਬੁੱਧੀਜੀਵੀਆਂ ਦੇ ਲੇਖ, ਗੁਰਬਾਣੀ ਵਿਆਖਿਆ ਆਦਿ ਛਪਣਾ ਸ਼ੁਰੂ ਹੋਇਆ । ਸਿੱਖ ਵਰਗ ਵੱਲੋਂ ਇਸ ਅਖਬਾਰ ਨੂੰ ਪਸੰਦ ਕੀਤਾ ਗਿਆ । ਇਸ ਵਿੱਚ ਵੀ ਪਖੰਡੀ ਸਾਧਾਂ ਦੇ, ਪੁਜਾਰੀਵਾਦ ਦੇ ਟੋਲੇ ਦੀਆਂ ਆਪਹੁਦਰੀਆਂ ਵਿਰੁੱਧ ਲੇਖ ਛਪੇ ਅਤੇ ਪ੍ਰਚਾਰ ਹੋਇਆ ਜਿਸ ਸਦਕਾ ਆਮ ਸਿੱਖ ਸੰਗਤ ਨੂੰ ਵੀ ਇਹਨਾਂ ਦੀਆਂ ਆਪਹੁਦਰੀਆਂ ਦਾ ਪਤਾ ਲੱਗਾ (ਜ੍ਹਿਨਾਂ ਵਿੱਚ ਵੇਦਾਂਤੀ ਦੇ ਕਾਰਨਾਮਿਆਂ ਦਾ ਖੁਲ੍ਹਾ ਚਿੱਠਾ ਵੀ ਪਹਿਲੇ ਪੰਨੇ ਤੇ ਛਪਿਆ, ਸਾਧਾਂ ਦੀਆਂ ਕਰਤੂਤਾਂ, ਸਿੱਖੀ ‘ਤੇ ਹੁੰਦੇ ਵਾਰ, ਕਲਗੀ ਦਾ ਮਸਲਾ, ਦਰਬਾਰ ਸਾਹਿਬ ਦੇ ਦਰਵਾਜ਼ਿਆਂ ਦਾ ਮਸਲਾ, ਦਸ਼ਮ ਗ੍ਰੰਥ ਦਾ ਅਤਿ ਗੰਭੀਰ ਮਸਲਾ, ਨਾਨਕਸ਼ਾਹੀ ਕੈਲੰਡਰ ਦਾ ਮਸਲਾ ਅਤੇ ਕਈ ਹੋਰ ਪੰਥਕ ਮਸਲਿਆਂ ਸਮੇਤ ਛਪੇ) ਅਤੇ ਸਿੱਖ ਸੰਗਤਾਂ ਨੇ ਆਪਣੀ ਐਨਕ ਉਤਾਰਨੀ ਸ਼ੁਰੂ ਕੀਤੀ ਜੋ ਪੁਜਾਰੀਵਾਦ ਵੱਲੋਂ ਭਉ ਹੇਠ ਇਹਨਾਂ ਨੂੰ ਦਿੱਤੀ ਗਈ ਸੀ । ਪੁਜਾਰੀਵਾਦ ਨੂੰ ਪਤਾ ਸੀ ਕਿ ਇੱਕ ਦਿਨ ਇਹ ਕੁੱਝ ਹੋਣਾ ਹੈ ਪਹਿਲਾਂ ਤਾਂ ਜੋਗਿੰਦਰ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਗਿਆ ਅਤੇ ਸਪੋਕਸਮੈਨ ਵਿਰੁੱਧ ਵੀ ਹੁਕਮਨਾਮਾ ਰੂਪੀ ਐਨਕ ਸਰਵਉਂਚ ਅਕਾਲ ਤਖ਼ਤ ਸਾਹਿਬ ਤੋਂ ਪੀ.ਏ. ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਸਿੱਖ ਸੰਗਤ ਵਿੱਚ ਵੰਡੀ ਗਈ ਜਿਸਦਾ ਉਲਟਾ ਅਸਰ ਹੋਇਆ ਕਿ ਕਮੇਟੀ ਮੁਲਾਜ਼ਮ ਵੀ ਅਖਬਾਰ ਨੂੰ ਨੀਝ ਲਾ ਕੇ ਪੜ੍ਹਦੇ ਹਨ । ਹੁਣ ਉਸਦੀ ਸਫਲਤਾ ਤੋਂ ਬੁਖਲਾਏ ਹੋਏ ਸਾਧ ਲਾਣੇ ਨੇ ਹਕੂਮਤ ਦੀ ਮਿਲੀਭੁਗਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਮਹਾਨ ਕਾਰਨਾਮਾ ਕਰਦਿਆਂ ਉਕਤ ਅਖਬਾਰ ਦੇ ਸੰਪਾਦਕ ਵਿਰੁੱਧ ਇੱਕ ਸੰਪਾਦਕੀ (ਜੋ ਪਹਿਲਾਂ ਹੀ ਵਾਪਿਸ ਲੈ ਕੇ ਖਿਮਾ ਜਾਚਨਾ ਕਰ ਦਿੱਤੀ ਗਈ ਸੀ) ਨੂੰ ਅਧਾਰ ਬਣਾ ਕੇ ਸੰਪਾਦਕ ਵਿਰੁੱਧ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ ।
* ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨਾਲ ਜੋ ਕੁੱਝ ਹੋਇਆ ਉਹ ਵੀ ਕਿਸੇ ਤੋਂ ਲੁਕਿਆ ਨਹੀਂ । ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੂਹ ਸੰਗਤ ਅਤੇ ਮੀਡੀਏ ਦੇ ਸਾਹਮਣੇ ਹਾਜ਼ਰ ਹੋਣ ਦੇ ਬਾਵਜੂਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੜ੍ਹ ਕੇ ਇਹ ਕਹਿ ਦਿੱਤਾ ਗਿਆ ਕਿ ਰਾਗੀ ਦਰਸ਼ਨ ਸਿੰਘ ਹੰਕਾਰ ਨਾਲ ਭਰਿਆ ਅਕਾਲ ਤਖ਼ਤ ਤੇ ਹਾਜ਼ਰ ਹੋਇਆ ਸੀ (ਪਹਿਲਾਂ ਤਾਂ ਕਹਿੰਦੇ ਰਹੇ ਹਾਜ਼ਰ ਹੀ ਨਹੀਂ ਹੋਇਆ) ਜਦਕਿ ਜਥੇਦਾਰ ਸਾਹਿਬ ਆਪ ਏ.ਸੀ. ਕਮਰ ਵਿੱਚੋਂ ਬਾਹਰ ਹੀ ਨਾ ਨਿਕਲੇ ਇਹਨਾਂ ਨੇ ਵੇਖਿਆ ਤੱਕ ਨਹੀਂ ਕਿ ਦਰਸ਼ਨ ਸਿੰਘ ਰਾਗੀ ਕਿੰਝ ਆਇਆ ਸੀ ? ਅਕਾਲ ਤਖ਼ਤ ਸਾਹਿਬ ਤੇ ਉਹੀ ਜਥੇਦਾਰ ਇਹ ਕੁਫਰ ਸਮੁਚੇ ਮੀਡੀਏ ਅਤੇ ਸੰਗਤ ਸਾਹਮਣੇ ਤੋਲ ਰਿਹਾ ਸੀ ਕਿ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ, ਕਿਉਂਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਖਿਲਾਫ ਅਪਮਾਨਜਨਕ ਸ਼ਬਦਾਵਲੀ ਵਰਤੀ ਹੈ ਜਦਕਿ ਕੋਈ ਵੀ ਸਬੂਤ ਪੇਸ਼ ਨਾ ਕੀਤਾ ਗਿਆ ।
* ਜਗਦੀਸ਼ ਸਿੰਘ ਝੀਂਡਾ ਜਿਸਨੇ ਹਰਿਆਣਾ ਕਮੇਟੀ ਲਈ ਅਤੇ ਹਰਿਆਣਾ ਦੇ ਸਿੱਖਾਂ ਦਾ ਬਣਦਾ ਹੱਕ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਵਾਲੇ ਦਿਨ ਮੰਗਿਆ ਸੀ (ਜੋ ਉਹਨਾਂ ਦੇ ਇੱਕ ਅਖਬਾਰੀ ਬਿਆਨ ਅਨੁਸਾਰ ਮੱਕੜ ਨੇ ਉਹਨਾਂ ਨਾਲ ਸਬੰਧਤ ਕੋਟੇ ਬਾਰੇ ਵਾਅਦਾ ਵੀ ਕੀਤਾ ਸੀ) ਨੂੰ ਧੱਕੇ ਮਾਰ ਕੇ ਬਜਟ ਇਜਲਾਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ । ਜਦ ਉਸਨੇ ਇਸ ਸਬੰਧੀ ਵਿਰੋਧ ਕਰਦਿਆਂ ਕੁੱਝ ਅਖਬਾਰੀ ਬਿਆਨ ਦਿੱਤੇ ਤਾਂ ਉਸਨੂੰ ਵੀ ਸ. ਮੱਕੜ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ ।
* ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ੁਗਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਮੁੱਦਿਆਂ ਤੇ ਵਿਸ਼ਵ ਸਿੱਖ ਕਨਵੈਨਸ਼ਨ ਸੱਦੀ ਗਈ ਤਾਂ ਉਸ ਉਂਪਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਦੇ ਨਾਮ ਹੇਠ ਸ. ਅਵਤਾਰ ਸਿੰਘ ਮੱਕੜ ਵੱਲੋਂ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ ।
* ਗਿਆਨੀ ਹਰਿੰਦਰ ਸਿੰਘ ਅਲਵਰ ਵੱਲੋਂ ਨਿੱਜੀ ਚੈਨਲ ‘ਤੇ ਕਥਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਗਈ ਹਿੰਦੀ ਦੀ ਪੁਸਤਕ ਸਿੱਖ ਇਤਿਹਾਸ ਬਾਰੇ ਸੰਗਤ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਸ ਪੁਸਤਕ ਰਾਹੀਂ ਗੁਰੂ ਸਾਹਿਬ ਦੇ ਚਰਿੱਤਰ ਨੂੰ ਦਾਗਦਾਰ ਕੀਤਾ ਗਿਆ ਹੈ । ਉਹਨਾਂ ਕਿਹਾ ਬਿਨ੍ਹਾਂ ਕਿਸੇ ਤਫਤੀਸ਼ ਕੀਤਿਆਂ ਕਿਤਾਬ ਵਾਪਸ ਲੈ ਲਈ ਕਹਿ ਕੇ ਬਰੀ ਹੋ ਜਾਣਾ ਇਹ ਕੋਈ ਸਿਆਣਪ ਨਹੀਂ । ਇਸ ਗੱਲ ਦੀ ਤਫਤੀਸ਼ ਹੋਣੀ ਚਾਹੀਦੀ ਹੈ ਕਿ ਇਹ ਗਲਤੀ ਕਿਉਂ ਕੀਤੀ ਗਈ? ਇਤਨਾ ਕਹਿਣ ਬਦਲੇ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਦਿੱਤੀ ਗਈ ।

ਇਹ ਖਬਰਾਂ ਪੜ੍ਹ ਕੇ ਇੰਝ ਲੱਗ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੁਣ ਪੰਥਕ ਏਕਤਾ, ਗੁਰਬਾਣੀ ਪ੍ਰਚਾਰ, ਸਿੱਖ ਰਿਹਤ ਮਰਿਯਾਦਾ ਦਾ ਪ੍ਰਚਾਰ ਦੀ ਥਾਂ ਹੁਣ ਕੇਵਲ ਸਿੱਖ ਬੁਧੀਜੀਵੀਆਂ ਜਾਂ ਵਿਦਵਾਨਾਂ ਨੂੰ ਬੇਇੱਜ਼ਤ ਕਰਨਾ ਜਾਂ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਹੀ ਰਹਿ ਗਿਆ ਹੈ ।

ਅੰਤ ਵਿੱਚ ਇਹੀ ਕਹਿਣਾ ਚਾਹਵਾਂਗਾ ਕਿ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਹੁਦੇ ਦੀ ਸੁਯੋਗ ਵਰਤੋਂ ਕਰਨ ਜੇ ਕਾਨੂੰਨੀ ਕਾਰਵਾਈ ਕਰਨੀ ਹੀ ਹੈ ਤਾਂ ਗੁਰੂਆਂ ਦਾ ਰੂਪ ਧਾਰਨ ਵਾਲੇ ਪਾਖੰਡੀ ਸਾਧਾਂ ਵਿਰੁੱਧ ਕੀਤੀ ਜਾਵੇ, ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਿਰੁੱਧ ਕੀਤੀ ਜਾਵੇ, ਦਸ਼ਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਬਰਾਬਰ ਦਾ ਸ਼ਰੀਕ ਪੈਦਾ ਕਰਨ ਵਾਲੇ, ਨਾਨਕਸ਼ਾਹੀ ਕੈਲੰਡਰ ਦਾ ਗਲਾ ਘੁੱਟਣ ਵਾਲੇ, ਸਿੱਖ ਇਤਹਿਾਸ ਨਾਮੀ ਕਾਲੀ ਕਿਤਾਬ ਛਾਪਣ ਵਾਲੇ, ਗੁਰਬਿਲਾਸ ਪਾ. 6ਵੀਂ ਛਾਪਣ, ਅਕਾਲ ਤਖ਼ਤ ਸਾਹਿਬ ਤੋਂ ਪੈਸੇ ਲੈ ਕੇ ਇਕ ਤਰਫਾ ਇਨਾਸਫ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇ । ਅੱਜ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਸ੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਛਾਪੀ ਜਾਂਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਸ੍ਰੌਮਣੀ ਕਮੇਟੀ ਦੇ ਅਧੀਨ ਆਉਂਦੇ 100 ਗੁਰਦਆਰਿਆਂ ਪਿਂਛੇ ਕਿਸੇ 5 ਗੁਰਦੁਆਰਿਆਂ ਵਿੱਚ ਵੀ ਮੁਕੰਮਲ ਰੂਪ ਵਿੱਚ ਲਾਗੂ ਨਹੀਂ ਹੋ ਸਕੀ । ਆਉ! ਪਹਿਲਾਂ ਗੁਰਦੁਆਰਿਆਂ ਵਿੱਚ ਤਾਂ ਇਕਸਾਰਤਾ ਪੈਦਾ ਕਰ ਲਈਏ ਫਿਰ ਇਹ ਕਾਨੂੰਨੀ ਕਾਰਵਾਈਆਂ ਵੀ ਕਰਦੇ ਰਹਿਣਾ ਪਰ ਗੁਰ ਸਿਧਾਂਤਾਂ ਦੇ ਉਲਟ ਕੰਮ ਕਰਨ ਵਾਲਿਆਂ ਵਿਰੁੱਧ । ਗੁਰੂ ਭਲੀ ਕਰੇ।

* * * * *

-ਇਕਵਾਕ ਸਿੰਘ ਪੱਟੀ

ਰਤਨ ਇੰਸਟੀਚਿਊਟ ਆਫ ਕੰਪਿਊਟਰ ਸੱਟਡੀ

ਸੁਲਤਾਨਵਿੰਡ ਰੋਡ, ਅੰਮ੍ਰਿਤਸਰ । ਮੋ. 98150-24920

ਸੱਭਿਆਚਾਰ ਨੂੰ ਕਲੰਕਿਤ ਕਰ ਰਹੀ “ਅਸੱਭਿਅਕ ਗਾਇਕੀ”

ਕਿਸੇ ਦੇਸ਼, ਕੌਮ, ਮੁਲਕ ਦਾ ਚਿਹਰਾ ਹੁੰਦਾ ਹੈ ਸੱਭਿਆਚਾਰ। ਇੱਕ ਸਮਾਂ ਸੀ ਜਦੋਂ ਗੀਤਕਾਰ ਅਜਿਹੇ ਗੀਤ ਲਿਖਦੇ ਸਨ ਅਤੇ ਗਾਇਕ ਅਜਿਹੇ ਗੀਤ ਗਾਂਉਂਦੇ ਸਨ, ਜੋ ਚੰਗੇ ਸਮਾਜ ਦੀ ਸਿਰਜਣਾ ਲਈ ਇੱਕ ਸੰਦੇਸ਼ ਹੋਣ ਦੇ ਨਾਲ-ਨਾਲ ਸਿੱਖਿਆ ਦਾਇਕ ਹੁੰਦੇ ਸਨ। ਜ੍ਹਿਨਾਂ ਵਿੱਚ ਦਿਉਰ-ਭਰਜਾਈ, ਜੀਜਾ-ਸਾਲੀ ਆਦਿ ਰਿਸ਼ਤਿਆਂ ਵਿੱਚ ਆਪਸੀ ਪਿਆਰ ਅਤੇ ਹਾਸਰਾਸ ਵਿਅੰਗ ਵਾਂਗੂੰ ਹੁੰਦੇ ਸਨ ਨਾਕਿ ਅੱਜ ਦੀ ਤਰ੍ਹਾਂ ਅਸ਼ਲੀਲ।

ਪਰ ਮੌਜੂਦਾ ਦੌਰ ਵਿੱਚ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਸਾਡੀ ਸੱਭਿਆਚਾਰਕ ਗਾਇਕੀ ਜਿਸ ‘ਤੇ ਪੰਜਾਬੀਆਂ ਨੂੰ ਅਤੇ ਹਰੇਕ ਛੋਟੀ-ਵੱਡੀ ਉਮਰ ਵਾਲੇ ਨੂੰ ਮਾਣ ਹੁੰਦਾ ਸੀ, ਜਿਸ ਵਿੱਚ ਸ਼ੁੱਧ ਪੰਜਾਬੀ ਅਲਫਾਜ਼ ਹੁੰਦੇ ਸਨ, ਅੱਜ ਮਿਲਗੋਬਾ ਹੋ ਕਿ ਰਹਿ ਗਈ ਹੈ। ਅੱਜ ਗੀਤਾਂ ਨੂੰ ਸੁਨਣ ਦੀ ਥਾਂ ਦੇਖਣ ਵਾਲੀ ਚੀਜ਼ ਬਣਾ ਛੱਡਿਐ। ਨਕਲ ਕਰਦੇ ਹਨ ਪੱਛਮੀ ਸੱਭਿਅਤਾ ਦੀ, ਕਿਉਂਕਿ ਨਕਲ ਕਰਨਾ ਵੀ ਮਨੁੱਖ ਦੀ ਰੁਚੀ ਦਾ ਮੁੱਖ ਅਤੇ ਅਹਿਮ ਪਹਿਲੂ ਹੈ। ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਸਮਾਜ ਨੇ ਉਹਨਾਂ ਦੀਆਂ ਮਾੜੀਆਂ ਕਰਤੂਤਾਂ ਅਤੇ ਮਾੜੇ ਕੰਮਾ ਦੀ ਨਕਲ ਤਾਂ ਕਰ ਲਈ ਪਰ ਉਹਨਾਂ ਦੇ ਚੰਗੇ ਕਾਰਜਾਂ ਨੂੰ ਅੱਖੋਂ ਪਰੋਖੇ ਹੀ ਰੱਖਿਆ। ਪਰ ਆਪਾਂ ਗੱਲ ਕਰਨੀ ਹੈ ਅੱਜ ਦੇ ਗੀਤਕਾਰਾਂ, ਅਤੇ ਗੀਤਾਂ ਦੀ। ਅੱਜ ਦੀ ਗਾਇਕੀ ਇੰਨ੍ਹੀ ਜਿਆਦਾ ਥੱਲੇ ਡਿੱਗ ਚੁਕੀ ਹੈ ਕਿ ਉਮੀਦ ਰੱਖਣੀ ਵੀ ਮੁਸ਼ਕਿਲ ਹੋ ਚੁੱਕੀ ਹੈ ਕਿ ਇਸ ਨੂੰ ਠੱਲ ਪਾਈ ਵੀ ਜਾ ਸਕੇਗੀ ਕਿ ਨਹੀਂ। ਅੱਜ 95% ਪ੍ਰਤੀਸ਼ਤ ਗੀਤ ਪਰਿਵਾਰ ਵਿੱਚ ਸੁਨਣ ਵਾਲੇ ਨਹੀਂ ਰਹੇ। ਭਾਬੀ-ਦੇਵਰ, ਜੀਜਾ-ਸਾਲੀ ਨੂੰ ਗੰਦੇ ਵਿਅੰਗਾਂ, ਗੰਦੀ ਵੀਡੀਉ ਰਾਹੀਂ ਦਰਸਾ ਕੇ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਕੀਤੀ ਜਾ ਰਹੀ ਹੈ। ਅਧਨੰਗੀਆਂ ਮਾਡਲਾਂ ਦੇ ਨੰਗੇਜਪੁਣੇ ਤੇ ਕੈਮਰਾ ਮਾਰ ਕੇ ਪਤਾ ਨਹੀਂ ਅਖੌਤੀ ਸੱਭਿਆਚਾਰ ਗਰੁੱਪਾਂ ਅਤੇ ਗਾਇਕਾਂ ਵੱਲੋਂ ਕਿਹੜੇ ਸੱਭਿਆਚਾਰ ਦੀ ਸੇਵਾ ਕੀਤੀ ਜਾ ਰਹੀ ਹੈ ? ਗੰਦੀ ਅਸਲੀਲਤਾ ਨੌਜਵਾਨਾਂ ਅਤੇ ਜਵਾਨੀ ਵਿੱਚ ਪੈਰ ਰੱਖਣ ਵਾਲੇ ਨੌਜਵਾਨਾਂ ਵਿੱਚ ਖਾਸ ਤੌਰ ‘ਤੇ ਬੁਰਾ ਪ੍ਰਭਾਵ ਪਾ ਰਹੀ ਹੈ। ਔਰਤ ਜਿਸਨੂੰ ਘਰ ਦੀ ਇੱਜ਼ਤ ਦਾ ਹੋਣ ਦਾ ਮਾਨ ਦਿੱਤਾ ਗਿਆ ਹੈ ਅਤੇ ਘਰ ਦੀ ਇੱਜ਼ਤ ਨੂੰ ਪਰਦੇ ਵਿੱਚ ਰੱਖਣਾ ਵੀ ਸਾਡੇ ਸੱਭਿਆਚਾਰ ਦਾ ਇੱਕ ਅੰਗ ਰਹਿ ਚੁੱਕਾ ਹੈ ਅਤੇ ਕਿਤੇ ਟਾਂਵੇ-ਟਾਵੇਂ ਪਿੰਡਾਂ, ਕਸਬਿਆਂ ਵਿੱਚ ਅੱਜ ਵੀ ਹੈ, ਪਰ ਇਹਨਾਂ ਅਖੌਤੀ ਮਾਡਲਾਂ, ਗਾਇਕਾਂ, ਮੀਡੀਆ ਕੰਪਨੀਆਂ ਨੇ ਔਰਤ ਨੂੰ ਪੂਰੀ ਤਰ੍ਹਾਂ ਬੇਪਰਦ ਕਰ ਦਿੱਤਾ ਹੈ। ਇਹ ਦੋ ਵਿਸ਼ੇ ਇੱਕ ਸ਼ਰਾਬ ਅਤੇ ਦੂਜਾ ਅਲ੍ਹੜ ਲੜਕੀ ਤੋਂ ਬਿਨ੍ਹਾਂ ਤਾਂ ਇਹਨਾਂ ਨੂੰ ਕੈਸਿਟ ਕੱਢਣ ਲਈ ਹੋਰ ਕੋਈ ਵਿਸ਼ਾ ਹੀ ਨਹੀਂ ਮਿਲਦਾ। ਗੀਤ ਪੰਜਾਬ ਵਿੱਚ ਬੈਠ ਕੇ ਪੰਜਾਬੀ ਵਿੱਚ ਗਾਏ ਜਾ ਰਹੇ ਹੇੰਦੇ ਹਨ ਕਿ ਅਚਾਨਕ ਹੀ ਵੀਡੀਉ ਦੇ ਵਿੱਚੋਂ ਹੀ ਕੋਈ ਆਪਣੀ ਹੀ ਭਾਸ਼ਾ ਜਿਸਦਾ ਨਾ ਪਤਾ ਲੱਗਦਾ ਹੈ ਕਿ ਅੰਗਰੇਜੀ ਹੈ, ਪੰਜਾਬੀ ਹੈ, ਕਿ ਹਿੰਦੀ ਦੇ ਡਾਇਲਾਗ ਮਾਰਨੇ ਸ਼ੁਰੂ ਕਰ ਦਿੰਦਾ ਹੈ ਤੇ ਸਮਝ ਨਹੀਂ ਪੈਂਦੀ ਕਿ ਇਸਦੀ ਵਿੱਚ ਕੀ ਲੋੜ ਸੀ? ਜੇ ਸਰਦਾਰੀ ਦੀ ਜਾਂ ਪੱਗ ਦੀ ਗੱਲ ਹੋ ਰਹੀ ਹੈ ਤਾਂ ਆਪਣੇ ਦਾੜ੍ਹੀ ਕੇਸ ਕੱਟੇ ਹੋਏ ਹਨ। ਜੇ ਚੁੰਨੀ ਦੀ ਗੱਲ ਹੋ ਰਹੀ ਹੈ ਤਾਂ ਕੁੜੀ ਦੇ ਸਿਰੋਂ ਚੁੰਨੀ ਹੀ ਗ਼ਾਇਬ ਹੈ।

ਘਟੀਆ ਸ਼ਬਦਾਵਲੀ ਅਤੇ ਦਿਸ਼ਾਹੀਣ ਗਾਇਕੀ ਅਤੇ ਗੀਤਕਾਰ ਸਮਾਜ ਵਿੱਚ ਸ਼ਰ੍ਹੇਆਮ ਗੰਦਗੀ ਪਰੋਸ ਰਹੇ ਹਨ ਪਰ ਅਸੀਂ ਪੰਜਾਬੀ ਜੋ ਕਦੇ ਔਰਤ ਦੀ ਪੱਤ ਦੀ ਰਾਖੀ ਕਰਨ ਲਈ ਮਸ਼ਹੂਰ ਸੀ, ਅਜੇ ਤੱਕ ਕੋਈ ਵੀ ਸਖਤ ਸਟੈਂਡ ਲੈਣ ਲਈ ਤਿਆਰ ਨਹੀਂ। ਤਾਂ ਹੀ ਕਿਸੇ ਕਵੀ ਨੇ ਬਹੁੱਤ ਸੋਹਣਾ ਲਿਖਿਆ ਹੈ:

“ਕੋਈ ਕੰਮ ਨਹੀਂ ਮਿਲਦਾ ਤਾਂ ਫੇਰ ਕੀ ਆ ? ਨਹੀਂ ਆਉਂਦਾ ਤਾਂ ਫੇਰ ਵੀ ਗਾਉਣ ਲੱਗ ਜਾ !

ਨਹੀਂ ਸੁਰ ਦੀ ਸਮਝ ਤਾਂ ਫੇਰ ਕੀ ਆ ? ਕੋਈ ਨਹੀਂ ਸੁਣਦਾ ਤਾਂ ਵੀ ਸੁਨਾਉਣ ਲੱਗ ਜਾ !

ਪੱਲਿਓਂ ਖਰਚ ਪੈਸੇ ਆਪੇ ਕਲਾਕਾਰ ਬਣ ਜਾ, ਸ਼ੋਰ ਸ਼ਰਾਬੇ ਦਾ ਪ੍ਰਦੂਸ਼ਣ ਫੇਲਾਉਣ ਲੱਗ ਜਾ !

ਗੰਦੇ ਗੀਤਾਂ ਦਾ ਕੰਨ-ਰਸ ਬਥੇਰਿਆਂ ਨੂੰ, ਮਾਤ ਭਾਸ਼ਾ ਦੀ ਚੁੰਨੀ ਸਿਰੋਂ ਲਾਹੁਣ ਲੱਗ ਜਾ !”

ਮਹਿੰਗੀਆਂ ਕਾਰਾਂ, ਸ਼ਰਾਬਾਂ, ਅਫੀਮ ਆਦਿ ਨਸ਼ਿਆਂ ਵੱਲ ਪ੍ਰੇਰਦੇ ਗੀਤ, ਨੋਜਵਾਨ ਕੁੜੀਆਂ ਨੂੰ ਲਾਲ ਪਰੀ, ਸ਼ਰਾਬ ਦੀ ਬੋਤਲ ਆਦਿ ਦਾ ਨਾਮ ਦੇਣ ਵਾਲੇ ਗੀਤਾਂ ‘ਤੇ ਸਖਤ ਪਾਬੰਦੀ ਹੋਣੀ ਚਾਹੀਦੀ ਹੈ। ਇਨ੍ਹੇ ਘਟੀਆ ਪੱਧਰ ਤੇ ਆ ਗਏ ਹਾਂ ਕਿ ਸੱਚ ਦੀ ਮੂਰਤ ਰੱਬ, ਅੱਲਾ-ਤਾਲਾ ਨੂੰ ਵੀ ਜਿਸਮੀ ਇਸ਼ਕ ਨਾਲ ਮਿਲਾ ਕੇ ਬਦਨਾਮ ਕਰ ਰਹੇ ਹਾਂ ਜੇਹਾ ਇੱਕ ਗੀਤ ਦੇ ਬੋਲ: ‘ਰੱਬ ਬੇਈਮਾਨ ਹੋਜੇ ਭਿੱਜੀ ਹੋਈ ਹੀਰ ਤੇ”। ਕੁੜੀਆਂ ਨੂੰ ਜ਼ਬਰਦਸਤੀ ਘਰੋਂ ਭਜਾਉਣਾ, ਸਕੂਲਾਂ-ਕਾਲਜਾਂ ਵਿੱਚ ਸ਼ੂਟਿੰਗ ਦੌਰਾਨ ਪੜ੍ਹਾਈ ਦੀਆਂ ਕਿਤਾਬਾਂ ਨੂੰ ਹੱਥਾਂ ਵਿੱਚੋਂ ਉਤਾਂਹ ਨੂੰ ਸੁਟਣਾ, ਪੀਰੀਅਡ ਮਿਸ ਕਰਨ ਦੀਆਂ ਗੱਲਾਂ; ਲੜਾਈਆਂ, ਰੁਮਾਂਸ ਆਦਿਕ ਸੀਨ ਫਿਲਮਾਉਣੇ ਕਿਹੜੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਉਤਾਂਹ ਚੁਕਣਗੇ ?

ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਡਾ ਫਰਜ਼ ਹੈ ਕਿ ਅਸੀਂ ਇੱਕ ਇਸਤਰੀ ਜੋ ਕਿ ਮਾਂ, ਭੈਣ, ਪਤਨੀ, ਧੀ, ਨੂੰਹ ਦੇ ਰੂਪ ਵਿੱਚ ਸਿਹਤਮੰਦ ਸਮਾਜ ਸਿਰਜਨ ਵਿੱਚ ਅਹਿਮ ਭੁਮਿਕਾ ਅਦਾ ਕਰਦੀ ਹੈ ਉਸਦਾ ਬਣਦਾ ਮਾਣ-ਸਨਮਾਨ ਉਸਨੂੰ ਦਿੱਤਾ ਜਾਵੇ ਨਾਕਿ ਇੱਕ ਅਸਲੀਲ਼ਲ ਅਤੇ ਕਾਮੁਕ ਵਸਤੂ ਵੱਜੋਂ ਪੇਸ਼ ਕੀਤਾ ਜਾਵੇ, ਅਤੇ ਸੱਭਿਆਚਾਰ ਨੂੰ ਕਲੰਕਿਤ ਕਰ ਰਹੀ ਅਸੱਭਿਅਕ ਗਾਇਕੀ ਨੂੰ ਠੱਲ੍ਹ ਪੱਈ ਜਾਵੇ। ਅੱਜ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਜਬ ਇਹ ਗਹੈ ਬਿਪਰਨ ਕੀ ਰੀਤ॥

ikwak.jpg
ਸੰਨ 1699 ਈ. ਦੀ ਵਿਸਾਖੀ ਦਾ ਦਿਨ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ, ਕਿ ਅਚਾਨਕ ਕਲਗੀਧਰ ਪਿਤਾ ਜੀ ਹੱਥ ਵਿੱਚ ਲਿਸ਼ਕਦੀ ਹੋਈ ਸ਼ਮਸ਼ੀਰ ਲੈ ਕੇ ਸਟੇਜ ਤੇ ਆਏ ਅਤੇ ਐਸਾ ਸਵਾਲ ਪੁਛਿਆ ਕਿ ਹਰ ਪਾਸੇ ਚੁੱਪ ਵਰਤ ਗਈ । ਦਸਮੇਸ਼ ਪਿਤਾ ਪੂਰੇ ਜਾਹੋ-ਜਲਾਲ ਨਾਲ ਕਹਿ ਰਹੇ ਸਨ ਕਿ ਕੋਈ ਸਿੱਖ ਪਿਆਰਾ ਹੈ, ਜੋ ਆਪਣਾ ਸੀਸ ਅੱਜ ਮੈਨੂੰ ਭੇਂਟ ਕਰ ਸਕੇ ? ਇਹ ਕਿਸ ਤਰ੍ਹਾਂ ਦੀ ਮੰਗ ? ਹਰ ਪਾਸੇ ਹੈਰਾਨੀ, ਉਤਸੁੱਕਤਾ ਛਾ ਗਈ, ਬਈ ਇਹ ਕੀ? ਕਿ ਅਚਾਨਕ ਸੰਗਤ ਵਿੱਚੋਂ (ਸਿਰੁ ਧਰਿ ਤਲੀ ਗਲੀ ਮੇਰੀ ਆਉ ਅਤੇ ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਂਨਿਐ ਪਾਈਐੇ ਦੇ ਮਹਾਂਵਾਕ ਨੂੰ ਅਮਲੀ ਜਾਮਾ ਪਹਿਨਾਉਣ ਲਈ ਇੱਕ ਸਿੱਖ ਦੀ ਆਵਾਜ਼ ਆਈ “ਗੁਰੂ ਪਿਤਾ ਜੀ ਦੇਰੀ ਲਈ ਮੁਆਫੀ, ਮੇਰਾ ਸੀਸ ਪ੍ਰਵਾਨ ਕਰੋ।

ਇਸ ਤਰ੍ਹਾਂ ਪੰਜ ਵਾਰ ਮੰਗ ਕਰਨ ਤੇ ਪੰਜ ਸਿੱਖ ਤਿਆਰ ਹੋਏ, ਜ੍ਹਿਨਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਗੁਰੂ ਜੀ ਨੇ ਖਾਲਸੇ ਦਾ ਖ਼ਿਤਾਬ ਦਿੱਤਾ। ਇੱਕ ਐਸੇ ਮਨੁੱਖ ਦੀ ਸਿਰਜਨਾ ਕੀਤੀ ਜਿਸਦੀ ਤਿਆਰੀ ਗੁਰੂ ਨਾਨਕ ਪਾਤਸ਼ਾਹ ਵੱਲੋਂ ਸ਼ੁਰੂ ਕੀਤੀ ਗਈ ਸੀ, ਜੋ ਇੱਕ ਸੰਪੂਰਨ ਮਨੁੱਖ ਸੀ। ਜਿਸਨੂੰ ਗੁਰੂ ਜੀ ਨੇ ਖ਼ਾਲਸਾ ਕਿਹਾ। ਫਿਰ ਉਸੇ ਖਾਲਸੇ ਕੋਲੋਂ ਅਮ੍ਰਿਤ ਦੀ ਦਾਤ ਮੰਗਦਿਆ ਕਿਹਾ ਕਿ:

ਖ਼ਾਲਸਾ ਜੀ! ਹੁਣ ਇਹ ਅੰਮ੍ਰਿਤ ਦੀ ਦਾਤ, ਗੋਬਿੰਦ ਰਾਏ ਨੂੰ ਵੀ ਬਖਸ਼ ਕੇ ਗੋਬਿੰਦ ਸਿੰਘ ਬਣਾਉ!

ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ

ਖ਼ਾਲਸਾ ਮੇਰੋ ਰੂਪ ਹੈ ਖਾਸ ॥ ਖਾਲਸੇ ਮੈਂਹੋ ਕਰਉਂ ਨਿਵਾਸ ॥

ਖਾਲਸਾ ਮੇਰੋ ਪਿੰਡ ਪ੍ਰਾਨ ॥ ਖਾਲਸਾ ਮੇਰੀ ਜਾਨ ਕੀ ਜਾਨ ॥

ਅਤੇ ਇਥੋਂ ਤੱਕ ਕਹਿ ਦਿੱਤਾ ਕਿ ਖ਼ਾਲਸਾ ਮੇਰੋ ਸਤਿਗੁਰ ਪੂਰਾ ।। ਐਨਾ ਮਾਨ ਇਸ ਖਾਲਸੇ ਨੂੰ ਬਖਸ਼ਿਆ ਕਿ ਹੱਦ ਹੀ ਹੋ ਗਈ, ਜਦੋਂ “ਇਨਹੀ ਕੀ ਕ੍ਰਿਪਾ ਕੇ ਸਜੈ ਹਮ ਹੈਂ ਨਹੀਂ ਮੋ ਸੋ ਗਰੀਬ ਕ੍ਰੋਰ ਪਰੇ” ਕਹਿ ਦਿੱਤਾ ।

ਫਿਰ ਸਭ ਕੁਝ ਕਹਿਣ ਤੱਕ ਹੀ ਸੀਮਿਤ ਨਹੀਂ ਰੱਖਿਆ ਖ਼ਾਲਸੇ ਨੂੰ ਆਪਣੇ ਪੁੱਤਰਾਂ ਦਾ ਇੱਕ ਜੋੜਾ ਕਿਤੇ, ਇੱਕ ਜੋੜਾ ਕਿਤੇ ਸ਼ਹੀਦ ਕਰਵਾਉਣ ਤੋਂ ਬਾਅਦ ਆਪਣੇ ਪੁੱਤਰਾਂ ਦਾ ਮਾਣ ਦਿੱਤਾ।

ਖ਼ਾਲਸੇ ਨੂੰ ਹਰ ਤਰ੍ਹਾਂ ਦੇ ਜ਼ਾਤ-ਪਾਤ, ਊਚ-ਨੀਚ, ਫੋਕਟ ਕਰਮਕਾਂਢਾਂ, ਮੜ੍ਹੀਆਂ, ਮਸਾਣਾਂ, ਦੇਵੀ ਦੇਵਤਿਆਂ, ਵਹਿਮ ਭਰਮ, ਅੰਧ-ਵਿਸ਼ਵਾਸ, ਅਨੇਕਤਾ ਦੀ ਪੂਜਾ ਤੋਂ ਨਿਰਲੇਪ ਨਿਡਰ, ਸੂਰਬੀਰ, ਯੋਧਾ, ਭਗਤ ਦੇ ਰੂਪ ਵਿੱਚ ਪੇਸ਼ ਕੀਤਾ । ਜਿਸਨੇ ਬਿਖੜੇ ਸਮੇਂ ਵਿੱਚ ਆਪਣੀ ਸੂਰਬੀਰਤਾ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ, ਸਿੱਖੀ ਸਪਿਰਿਟ ਨੂੰ ਕਾਇਮ ਰੱਖਦਿਆਂ, ਗੁਰੂ ਸਾਹਿਬਾਨ ਦੇ ਅਮਲੀ ਜੀਵਨ ਅਤੇ ਉਪਦੇਸ਼ਾਂ ਨੂੰ ਆਪਣਾ ਆਧਾਰ ਬਣਾ ਕੇ ਬੇਅੰਤ ਤਸ਼ੱਦਦ ਅਤੇ ਅਥਾਹ ਕੁਰਬਾਨੀਆਂ ਦੇ ਕੇ ਆਪਣਾ ਅਕਸ ਬਚਾ ਕੇ ਰੱਖਿਆ ਅਤੇ ਗੁਰੂ ਪਿਤਾ ਵੱਲੋਂ ਕੀਤੀ ਗਈ ਤਾੜਨਾ ਕਿ:

ਜਬ ਇਹ ਗਹੈ ਬਿਪ੍ਰਨ ਕੀ ਰੀਤ ॥ ਮੈਂ ਨ ਕਰਉਂ ਇਨਕੀ ਪ੍ਰਤੀਤ ॥

ਨੂੰ ਹਮੇਸ਼ਾਂ ਯਾਦ ਰੱਖਿਆ, ਕਿਉਂਕਿ ਗੁਰੂ ਪਿਤਾ ਜੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜਦੋਂ ਤੱਕ ਮੇਰੇ ਖ਼ਾਲਸੇ ਦਾ ਨਿਆਰਾਪਣ ਕਾਇਮ ਰਹੇਗਾ ਮੈਂ ਇਸਦੀ ਪਰਤੀਤ (ਪਰਵਾਹ) ਕਰਾਂਗਾ, ਪਰ ਜੇਕਰ ਇਹ ਸਿੱਖੀ ਸਿਧਾਂਤਾਂ, ਗੁਰਮਤਿ ਵੀਚਾਰਧਾਰਾ, ਤੱਤ ਗੁਰਮਤਿ ਨੂੰ ਹੀ ਛਿੱਕੇ ‘ਤੇ ਟੰਗ ਕੇ ਬਿਪ੍ਰਨ ਦੀਆਂ ਰੀਤਾਂ ਵਿੱਚ ਮਸ਼ਰੂਫ ਹੋ ਗਿਆ ਤਾਂ ਮੈਂ ਵੀ ਇਸਦੀ ਪੁੱਛ-ਪੜਤਾਲ ਨਹੀਂ ਕਰਾਂਗਾ। ਇੱਕ ਹੋਰ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਬਿਪ੍ਰ ਕੀ ਹੈ ਅਤੇ ਉਸਦੀ ਇਹ ਰੀਤ ਕਿਹੜੀ ਹੈ, ਜਿਸਤੋਂ ਚੋਜੀ ਪ੍ਰੀਤਮ, ਕਲਗੀਧਰ ਪਿਤਾ ਜੀ ਨੇ ਖ਼ਾਲਸੇ ਨੂੰ ਸਖ਼ਤ ਹਦਾਇਤ ਦਿੱਤੀ ਸੀ ਕਿ ਇਸ ਰੀਤ ਦਾ ਧਾਰਨੀ ਕਦੇ ਵੀ ਨਾ ਹੋਈ ਨਹੀਂ ਤਾਂ ਮੇਰਾ ਵਿਸ਼ਵਾਸ਼ ਆਪਣੇ ਤੋਂ ਗੁਆ ਬੈਠੇਂਗਾ। ਬਿੱਪ੍ਰ ਦਾ ਅਰਥ ਹੈ ਬ੍ਰਾਹਮਣ ਅਤੇ ਇੱਕ ਤੋਂ ਵੱਧ ਬ੍ਰਹਾਮਣਾਂ ਨੂੰ ਕਿਹਾ ਜਾਂਦਾ ਹੈ ਬਿਪ੍ਰਨ। ਭਾਵ ਕਿ ਬਹੁਵਚਨ ਬਿਪ੍ਰ ਤੋਂ ਬਣਿਆ ਬਿਪ੍ਰਨ ਅਤੇ ਬਿਪ੍ਰਨ ਕੀ ਰੀਤ ਤੋਂ ਭਾਵ ਅਖੌਤੀ ਬ੍ਰਹਾਮਣਾਂ ਦੀਆਂ ਰੀਤਾਂ (ਕਰਮਕਾਢੀ ਮਰਿਯਾਦਾਵਾਂ, ਧਰਮ ਦੇ ਨਾਮ ਹੇਠ ਕੀਤੀ ਜਾ ਰਹੀ ਲੁੱਟ, ਅੰਧ ਵਿਸ਼ਵਾਸ਼ ਆਦਿ ਹੋਰ ਅਨੇਕਾਂ ਬ੍ਰਹਾਮਣਵਾਦੀ ਰਸਮਾਂ ਸ਼ਾਮਿਲ ਹਨ।)

ਅੱਜ ਆਪਣੇ ਮਨਾਂ ਅੰਦਰ ਝਾਤ ਮਾਰ ਕੇ ਵੇਖੀਏ ਕਿ ਅੱਜ ਵੀ ਸਾਡਾ ਗੁਰੂ ਸਾਡੇ ਨਾਲ ਹੈ ਜਾਂ ਅਸੀਂ ਬੇ-ਮੁੱਖ ਹੋ ਚੁੱਕੇ ਹਾਂ। ਕਿਉਂਕਿ ਅੱਜ ਸਿੱਖਾਂ ਦੀ ਬਹੁੱਤ ਵੱਡੀ ਗਿਣਤੀ ਬਿਪਰਨ ਦੀਆਂ ਰੀਤਾਂ ਦੀ ਧਾਰਨੀ ਹੋ ਚੁੱਕੀ ਹੈ। ਮੈ ਸਾਰੀਆਂ ਦਾ ਜ਼ਿਕਰ ਵਿਸਥਾਰ ਨਾਲ ਤਾਂ ਨਹੀਂ ਕਰਦਾ ਪਰ ਦੱਸਣ ਮਾਤਰ ਸੰਖੇਪ ਰੂਪ ਵਿੱਚ ਦੱਸ ਦੇਣਾ ਚਾਹੁੰਦਾ ਹਾਂ ਤਾਂ ਕਿ ਅਸੀਂ ਆਪਾ ਪੜਚੋਲ ਤਾਂ ਕਰ ਸਕੀਏ ਅਤੇ ਸੋਚਣ ਲਈ ਮਜਬੂਰ ਹੋ ਸਕੀਏ ਕਿ ਅਸੀ ਵਾਕੇਈ ਸਿੱਖ ਅਖਵਾਉਣ ਦੇ ਅਧਿਕਾਰੀ ਹਾਂ ਜਾਂ ਹੋ ਚੁੱਕੇ ਹਾਂ ਬਿਪਰਵਾਦੀ ਰੀਤਾਂ ਦੇ ਧਾਰਨੀ।

ਅੱਜ ਸਿੱਖ ਬੁੱਤ ਪੂਜਾ, ਮੜੀਆ ਮਸਾਣਾਂ, ਵਰਤਾਂ, ਕਬਰਾਂ, ਟੱਲ ਖੜਕਾਉਂਦੇ, ਭੋਗ ਲਾਉਣੇ, ਸਾਹਾ ਕਢਵਾਉਂਦੇ, ਜ਼ਾਤ-ਪਾਤ, ਵਹਿਮ ਭਰਮ, ਜੋਤਸ਼ਿ ਦੇ ਅੰਧ-ਵਿਸ਼ਵਾਸ਼ਾਂ, ਕਰਮਕਾਂਢਾਂ ਆਦਿ ਵਿੱਚ ਇਤਨੀ ਬੁਰੀ ਤਰ੍ਹਾਂ ਗਲਤਾਨ ਹੋ ਚੁੱਕੇ ਹਨ ਕਿ ਮੈਂ ਨਿੱਜੀ ਤੌਰ ਤੇ ਅਜਿਹੇ ਗੁਰਦੁਆਰਿਆ ਨੂੰ ਜਾਣਦਾ ਹਾਂ ਜਿੱਥੇ ਅੱਜ ਵੀ ਸ਼ਿਵਲਿੰਗ, ਮੂਰਤੀਆਂ, ਸਮਾਧਾਂ ਆਦਿ ਦਾ ਪ੍ਰਵੇਸ਼ ਕਰਵਾ ਕੇ ਉਹਨਾਂ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਹੈ ਅਤੇ ਚਿੱਟੇ ਚੋਲੇ, ਕ੍ਰਿਪਾਨਾ ਪਾ ਕੇ, ਗੁਰਦੁਆਰੇ ਦੇ ਪ੍ਰਧਾਨ ਦੀ ਕੁਰਸੀ ਤੇ ਬੈਠੇ ਆਪਣੇ ਸਿੱਖ ਹੋਣ ਦਾ ਦਾਅਵਾ ਕਰ ਰਹੇ ਹਾਂ ਅਤੇ ਗੁਰੂ ਦੇ ਉਪਦੇਸ਼ਾਂ ਨੂੰ ਢੱਠੇ ਖੂਹ ਵਿੱਚ ਸੁੱਟ ਦਿੱਤਾ ਹੈ। ਅੱਜ ਕਿਸੇ ਸ਼ਹਿਰ ਵਿੱਚ ਐਤਵਾਰ ਦੇ ਦਿਨ ਜੇਕਰ ਸਾਰੀਆਂ ਬੀਬੀਆਂ ਘਰਾਂ ਵਿੱਚ ਇੱਕੱਠੇ ਹੋ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਹੀਆਂ ਅਤੇ ਤਾਂ ਉਹਨਾਂ ਵਿੱਚੋਂ ਹੀ 60% ਤੋਂ ਉਂਪਰ ਬੀਬੀਆਂ ਆਉਂਦੇ ਵੀਰਵਾਰ ਨੂੰ ਪੀਰਾਂ ਦੀ ਜਗ੍ਹਾ ਤੇ ਤੇਲ ਪਾ ਰਹੀਆਂ ਹੁੰਦੀਆਂ ਹਨ।

ਅੱਜ ਗੁਰਦੁਆਰੇ ਜਾਤਾਂ ਪਾਤਾਂ ਤੇ ਅਧਾਰਿਤ ਬਣ ਚੁੱਕੇ ਹਨ, ਵੋਟਾਂ ਧਾਰਮਿਕ ਹੋਣ ਜਾਂ ਰਾਜਨੀਤਿਕ ਜਾਂ ਗੁਰਦੂਆਰਾ ਕਮੇਟੀ ਦੀਆਂ ਹੋਣ, ਸ਼ਰਾਬਾਂ ਦੀਆਂ ਪੇਟੀਆਂ ਸ਼ਰੇਆਮ ਵੰਡੀਆਂ ਜਾਂਦੀਆਂ ਹਨ। ਸਿੱਖ ਇਸਤਰੀਆਂ ਕਰਵਾ ਚੌਥ ਦੇ ਵਰਤ, ਪੂਰਨਮਾਸ਼ੀ ਦਾ ਵਰਤ, ਸੋਮਵਾਰ ਦਾ ਵਰਤ, ਵੀਰਵਾਰ ਦਾ ਵਰਤ, ਪਤੀ ਦੀ ਲੰਮੀ ਉਮਰ ਦੀ ਕਾਮਨਾ, ਘਰਾਂ ਵਿੱਚ ਜੋਤਾਂ ਜਗਾਉਣੀਆਂ, ਗੁਰਦੁਆਰਿਆਂ ਵਿੱਚ ਸ਼ਨੀਵਾਰ ਨੂੰ ਕਾਲੇ ਛੋਲੇ ਲਈ ਫਿਰਨੇ ਨਹੀਂ ਤਾਂ ਸ਼ਨੀਵਾਰ ਨੂੰ ਗੁਰਦੁਆਰਾ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਆਇਉ। ਤਿਉਹਾਰਾਂ ਦੀ ਗੱਲ ਕਰੀਏ ਤਾਂ ਲੋਹੜੀ, ਰੱਖੜੀ, ਹੋਲੀ, ਕੰਜਕਾਂ, ਦੁਸ਼ਹਿਰਾ, ਦੀਵਾਲੀ ਤੋਂ ਅਗਲੇ ਦਿਨ ਵਿਸ਼ਵਕਰਮਾ ਦੀ ਪੂਜਾ, ਟਿੱਕਾ ਭਾਈ ਦੂਜ, ਲਕਸ਼ਮੀ ਪੂਜਾ ਸਿੱਖਾਂ ਦੇ ਘਰਾ ਵਿੱਚ ਕੀਤੀ ਜਾਂਦੀ ਹੈ, ਸਿੱਖ ਲੀਡਰ ਹਵਨ ਕਰਵਾਉਂਦੇ, ਟਿੱਕੇ ਲਗਵਾਉਂਦੇ, ਮਰਤੀਆਂ ਅਗੇ ਮੱਥੇ ਟੇਕਦੇ ਨੱਕ ਰਗੜਦੇ ਵੇਖੇ ਜਾ ਸਕਦੇ ਹਨ। ਇਹ ਸੱਭ ਬਿਪਰਨ ਦੀਆਂ ਰੀਤਾਂ ਨਹੀਂ ਤਾਂ ਹੋਰ ਕੀ ਹਨ? ਇਸਤੋਂ ਵੀ ਅੱਗੇ ਜਾ ਕੇ ਇਹਨਾਂ ਨੇ ਵੀ ਬ੍ਰਹਾਮਣਵਾਦੀ ਤਰੀਕਿਆਂ ਨੂੰ ਅਪਣਾਉਂਦਿਆਂ ਗੁਰਬਾਣੀ ਦਾ ਤੋਤਾ ਰਟਨ, ਗਿਣਤੀਆਂ-ਮਿਣਤੀਆਂ ਦੇ ਪਾਠ, ਇਕੋਤਰੀਆਂ, ਜਪ-ਤਪ ਸਮਾਗਮ, ਚੌਪਹਿਰੇ, ਅਖੰਡਪਾਠਾਂ ਦੀਆਂ ਲੜੀਆਂ (101 ਪਾਠ, 501 ਪਾਠ, 1001 ਪਾਠ ਆਦਿਕ), ਰੇਡੀਮੇਡ ਅਖੰਡਪਾਠ (ਡਾਕ ਰਾਹੀਂ ਪੈਸੇ ਭੇਜ ਕੇ ਪਾਠ ਦਾ ਮਹਾਤਮ ਖਰੀਦ ਲੈਣਾ।), ਸੰਪਟ ਪਾਠ (ਕਿਸੇ ਤੁੱਕ ਨੂੰ ਭਾਵਨਾ ਅਨੁਸਾਰ ਫਲ ਦੇਣ ਵਾਲੀ ਮੰਨ ਕੇ ਹਰੇਕ ਸ਼ਬਦ ਅਤੇ ਪਉੜੀ ਸ਼ਲੋਕ ਦੇ ਆਸਿ ਅੰਤ ਦੇ ਕੇ ਪਾਠ ਕਰਨਾ ਸੰਪਟ ਪਾਠ ਕਰਨਾ ਹੈ।) ਦਰਸ਼ਨ ਪਾਠ ਜਾਂ ਨੇਤ੍ਰ ਪਾਠ (ਅੱਖਾਂ ਨਾਲ ਹੀ ਸਾਰੇ ਸਰੂਪ ਦੇ ਦਰਸ਼ਨ ਕਰਨੇ), ਭੋਰ ਪਾਠ (ਸਾਰੇ ਮੂੰਹ ਉਤੇ ਕੱਪੜਾ ਜਾਂ ਹਜੂੀਰੀਆ ਲਪੇਟ ਕੇ ਬੱਸ ਮੂੰਹ ਨਾਲ ਹੀ ਭੂੰ……ਅੰ………..ਭੂੰਅੂੰ…… ਕਰੀ ਜਾਣਾ), ਫਲਾਣੇ ਸ਼ਬਦ ਨਾਲ ਫਲਾਣੀ ਇੱਛਾ ਪੂਰੀ ਹੋਣ ਦਾ ਭਰਮ ਜੋ ਕਿ ਸਰਾਸਰ ਗੁਰਬਾਣੀ ਦੀ ਨਿਰਾਦਰੀ ਹੈ। ਵਰ, ਸਰਾਪ ਆਸੀਸ, ਬਦ ਆਸੀਸ, ਸੁੱਖਣਾ, ਆਰਤੀਆਂ, ਤੀਰਥ ਯਾਤਰਾ, ਤੀਰਥ ਇਸ਼ਨਾਨ, ਟੇਵੇ ਬਣਵਾਉਣਾ, ਵਸਤੂ ਸ਼ਾਸਤਰ, ਸ਼ਰਾਧਾਂ, ਵੰਨ ਸੁਵੰਨੇ ਨਗਾਂ ਦੀਆਂ ਮੁੰਦਰੀਆਂ ਹੱਥਾਂ ਵਿੱਚ ਪਾਈ ਫਿਰਦਾ ਗੁਰੂ ਦਾ ਅਖੌਤੀ ਸਿੱਖ, ਮੰਗਲੀਕ ਦਾ ਵੀਚਾਰ, ਸਿੱਖਾਂ ਦੀਆਂ ਦੁਕਾਨਾਂ ਅੱਗੇ ਨਿੰਬੂ-ਮਿਰਚਾਂ ਬੰਨੇ ਆਮ ਵੇਖੇ ਜਾ ਸਕਦੇ ਹਨ। ਕੋਈ ਸਿੱਖ ਕਿਸੇ ਦੇਵੀ ਦੇ ਸਥਾਨ ਤੇ ਸੁੱਖਣਾ ਲਾਹੁਣ ਜਾ ਰਿਹਾ ਹੈ ਅਤੇ ਕੋਈ ਕਿਸੇ ਦੇਵੀ ਦਾ ਆਸ਼ੀਰਵਾਦ ਲੈਣ ਜਾ ਰਿਹਾ ਹੈ।

ਅੱਜ ਦਾ ਨੌਜਵਾਨ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਤੇ ਵੱਡੇ ਵੱਡੇ ਖਾਲਸਾ ਮਾਰਚ, ਲੰਗਰਾਂ, ਨਗਰ ਕੀਰਤਨਾਂ, ਕੀਰਤਨ ਦਰਬਾਰਾਂ ਵਿੱਚ ਹੀ ਗੁਰੁ ਨੂੰ ਖੁਸ਼ ਹੋਇਆ ਸਮਝ ਰਿਹਾ ਹੈ ਜਦਕਿ ਆਪ ਸਿਰੋਂ ਮੋਨਾ, ਪਤਿਤ, ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ। ਉਏ ਨੌਜਵਾਨੋ! ਸਿਰਫ ਸਿਰ ਤੇ ਖੰਡੇ ਵਾਲੇ ਪਟਕੇ, ਗਲੇ ਵਿੱਚ ਖੰਡੇ ਵਾਲੀਆਂ ਮੋਟੀਆਂ ਚੈਨੀਆਂ, ਸਕੂਟਰਾ- ਮੋਟਰਸਾਇਕਲਾਂ ਤੇ “ਸਿੰਘ ਇਜ਼ ਕਿੰਗ” ਲਿਖਵਾ ਕੇ ਹੀ ਨਹੀਂ ਕੋਈ ਗੁਰੂ ਵਾਲਾ ਬਣ ਜਾਂਦਾ। ਗੁਰੂ ਵਾਲਾ ਬਣਨ ਲਈ ਸਾਬਤ ਸੂਰਤਤਾ, ਗੁਰੂੁ ਨਾਲ ਪਿਆਰ, ਗੁਰੁ ਨੂੰ ਅੰਗ-ਸੰਗ ਸਮਝਨ ਵਾਲਾ ਭਰੋਸਾ ਸਿਦਕ, ਗੁਰਬਾਣੀ ਵਿੱਚ ਪੱਕਾ ਵਿਸ਼ਵਾਸ਼ ਅਤੇ ਅੰਦਰੂਨੀ ਰਹਿਤ ਵੀ ਬਹੁੱਤ ਜ਼ਰੂਰੀ ਹੈ। ਪਰ ਅੱਜ ਭਾਣਾ ਕੀ ਵਰਤ ਰਿਹਾ ਹੈ ਤਕ ਕੇ ਰੋਣਾ ਆ ਰਿਹਾ ਹੈ। ਤਾਂਹੀਉ ਕਿਸੇ ਕਵੀ ਨੇ ਲਿਖਿਆ ਹੈ

ਦੁਸ਼ਮਨਾਂ ਤੇ ਕੀ ਗਿਲਾ ਈ ? ਪਾਤਸ਼ਾਹਾਂ ਦੇ ਪਾਤਸ਼ਾਹ,

ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ ।

ਅੱਜ ਦੀ ਧਾਰਮਿਕ ਅਖੌਤੀ ਲੀਡਰਸ਼ਿਪ ਵੀ ਰਾਜਨੀਤੀ ਦੀ ਡੂੰਘੀ ਖੱਡ ਵਿੱਚ ਡਿੱਗ ਕੇ ਕੌਮ ਦੀਆਂ ਜੜਾਂ ਨੂੰ ਤੇਲ ਦੇ ਰਹੀ ਹੈ। ਦਸਮੇਸ਼ ਪਿਤਾ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਇਸ ਕਦਰ ਮਿਟੀ ਵਿੱਚ ਰੋਲ ਰਹੀ ਹੈ ਕਿ ਇਕ ਸੱਚਾ ਸਿੱਖ ਦਾ ਇਹ ਸਭ ਕੁਝ ਵੇਖ, ਸੁਣ, ਪੜ੍ਹ ਕੇ ਕਲੇਜਾ ਮੂੰਹ ਵਿੱਚ ਆ ਜਾਂਦਾ ਹੈ ਕਿ ਅੱਜ ਹਾਲਾਤ ਐਨੇ ਬੱਤਰ ਹੋ ਚੁੱਕੇ ਹਨ ਕਿ ਕੁਝ ਨਕਲੀ ਸਿੱਖ ਆਪ ਤਾਂ ਬਿਪਰਵਾਦੀ ਰੀਤਾ ਦੇ ਧਾਰਨੀ ਹੋਏ ਹੀ ਹਨ। ਤਾਹੀਓਂ ਅੱਜ ਸਿੱਖ ਦੀ ਸੋਚ ਦਾ ਦੀਵਾਲਾ ਨਿਕਲ ਚੁੱਕਾ ਹੈ ਕਿਉਂਕਿ ਗੁਰੂ ਦੀ ਪ੍ਰਤੀਤ ਨਹੀਂ ਰਹੀ ।

ਅੱਜ ਸਾਨੂੰ ਜਾਗਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ । ਮੁੜ ਆਉ ਵਾਪਿਸ ਅਜੋਕੀ ਤੜਕ ਭੜਕ ਵਾਲੀ ਮਾਇਆ ਨਾਲ ਗਲਤਾਨ ਦੁਨੀਆਂ ਵਿੱਚੋਂ ਅਜੇ ਸਮਾਂ ਜੇ, ਜੇਕਰ ਸਮਾਂ ਲੰਘ ਗਿਆ ਤਾਂ ਫਿਰ ਪਾਤਸ਼ਾਹ ਨੇ ਵੀ ਸਪੱਸ਼ਟ ਕਰ ਦਿਤਾ ਜੇ

ਮੈਂ ਨ ਕਰਉਂ ਇਨਕੀ ਪ੍ਰਤੀਤ ਅਤੇ ਨਾਲ ਗੁਰਬਾਣੀ ਵੀ ਕਹਿ ਰਹੀ ਜੇ:-

ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਿ ਉਸਕਾ ਬਿਸ੍ਵਾਸੁ ਨ ਹੋਵੈ ॥

(ਗਉੜੀ ਸੁਖਮਨੀ ਮ.5, ਪੰਨਾ 268)

ਆਉ “ਵਖਤੁ ਵੀਚਾਰੇ ਸੋ ਬੰਦਾ ਹੋਇ” (ਪੰਨਾ 84) ਦੇ ਮਹਾਂਵਾਕ ਅਨੁਸਾਰ ਦਸ਼ਮ ਪਿਤਾ ਦੀ ਦੱਸੀ ਰਹਿਤ ਦੇ ਧਾਰਨੀ ਹੋ ਕੇ, ਬਿਪਰਵਾਦ ਦਾ ਜਾਲ ਖਦੇੜ ਦੇਈਏ, ਅਤੇ ਦਸਮੇਸ਼ ਪਿਤਾ ਨਾਲ ਜੁੜੀਏ ਅਤੇ ਸਿਰਫ ਸ਼ਬਦ ਗੁਰੂ ਜੀ ਵੱਲ ਕੇਂਦਰਿਤ ਹੋ ਕੇ ਮੁੜ ਗੁਰੂ ਦੀ ਪ੍ਰਤੀਤ ਹਾਸਿਲ ਕਰੀਏ ਅਤੇ ਆਪਣਾ ਜੀਵਨ ਸਵਾਰੀਏ । ਕਿਉਂਕਿ :

ਰਹਿਤ ਪਿਆਰੀ ਮੁਝ ਕਉ, ਸਿੱਖ ਪਿਆਰਾ ਨਾਹਿ॥ (ਗੁਰੂ ਗੋਬਿੰਦ ਸਿੰਘ ਜੀ)

********************

-ਇਕਵਾਕ ਸਿੰਘ ਪੱਟੀ

ਜੋਧ ਨਗਰ, ਸੁਲਤਾਨਵਿੰਡ ਰੋਡ,

ਅੰਮ੍ਰਿਤਸਰ। ਮੋ 98150-24920

E-Mail. ispatti@gmail.com

ਹਰਿਮੰਦਰ ਦੇ ਬੇਅਦਬੀ ਦਾ ਬਦਲਾ ਲੈਣ ਵਾਲਾ ਸਿਦਕੀ ਯੋਧਾ ਸ਼ਹੀਦ ਬਾਬਾ ਦੀਪ ਸਿੰਘ ਜੀ

ਐਸਾ ਪ੍ਰਤੀ ਹੁੰਦਾ ਹੈ ਕਿ ਅੱਜ ਅਸੀਂ ਹੀ ਅਬਦਾਲੀ ਬਣ ਕੇ ਗੁਰ ਸਿਧਾਂਤਾਂ ਦਾ ਮਲੀਆਮੇਟ ਕਰ ਰਹੇ ਹਾਂ

13 ਨਵੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼………………

ਆਪ ਜੀ ਦਾ ਜਨਮ 14 ਮਾਘ ਸੰਮਤ 1739 (ਜਨਵਰੀ 1682 ਈ:) ਭਾਈ ਭਗਤਾ ਦੇ ਗ੍ਰਹਿ ਪਹੂਵਿੰਡ, ਜਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਜਿਊਣੀ ਦੀ ਕੁੱਖੋਂ ਹੋਇਆ ਸੀ। ਬਚਪਨ ਵਿੱਚ ਆਪ ਜੀ ਦਾ ਨਾਮ ਦੀਪਾ ਸੀ। ਜੋ ਅੰਮ੍ਰਿਤਪਾਨ ਕਰਨ ਮਗਰੋਂ ਦੀਪ ਸਿੰਘ ਹੋਇਆ। ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਛਾਇਆ ਹੇਠ ਆਪ ਜੀ ਨੇ ਗੁਰਮਤਿ ਗਿਆਨ ਹਾਸਲ ਕੀਤਾ। ਗੁਰੂ ਸਾਹਿਬ ਜੀ ਨੇ ਆਪ ਜੀ ਦੀ ਸੇਵਾ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਉਤਾਰੇ ਲਈ ਲਗਾਈ ਸੀ। ਆਪ ਜੀ ਇੱਕ ਸੂਰਬੀਰ ਯੋਧੇ ਸਨ।

ਗੱਲ ਸੰਨ 1756 ਈ: ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਚੌਥਾ ਹਮਲਾ ਕੀਤਾ। ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਲੁੱਟਮਾਰ ਕਰਦਾ ਹੋਇਆ ਵਾਪਸ ਆਪਣੇ ਦੇਸ਼ ਪਰਤਣ ਸਮੇਂ ਉਸ ਕੋਲ ਹਜ਼ਾਰਾਂ ਪਸ਼ੂਆਂ ਤੇ ਲੱਦਿਆ ਸੋਨਾ, ਚਾਂਦੀ ਅਤੇ ਹੋਰ ਕੀਮਤੀ ਸਾਜੋ-ਸਮਾਨ ਦੇ ਨਾਲ ਹਾਜ਼ਾਰਾਂ ਹਿੰਦੂ ਅਤੇ ਮੁਸਲਮਾਨ ਨੌਜਵਾਨ ਵਿਆਹੀਆਂ ਅਤੇ ਕੁਆਰੀਆਂ ਇਸਤਰੀਆਂ ਨੂੰ ਕੈਦੀ ਬਣਾ ਕੇ ਆਪਣੇ ਦੇਸ਼ ਵਾਸੀਆਂ ਦੇ ਮਨ ਪਰਚਾਵੇ ਲਈ ਗੁਲਾਮ ਬਣਾ ਲੇ ਲਿਜਾ ਰਿਹਾ ਸੀ। ਇਸਦੀ ਖਬਰ ਜਦ ਖਾਲਸੇ ਕੋਲ ਪੁੱਜੀ ਤਾਂ ਇਹ ਫੈਂਸਲਾ ਹੋਇਆ ਕਿ ਅਬਦਾਲੀ ਕੋਲੋਂ ਦੇਸ਼ ਦੀ ਧੰਨ-ਦੌਲਤ ਦੇ ਨਾਲ ਇੱਥੋਂ ਦੀ ਇੱਜ਼ਤ (ਬਹੂ-ਬੇਟੀਆਂ) ਨੂੰ ਹਰ ਹੀਲੇ ਛੁਡਵਾ ਕੇ ਆਜ਼ਾਦ ਕਰਵਾਉਣਾ ਹੈ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਜਬਰਦਸਤ ਹੱਲਾ ਅਬਦਾਲੀ ਉਂਤੇ ਕੀਤਾ ਗਿਆ ਅਤੇ ਸਿੱਟੇ ਵੱਜੋਂ ਸਾਰਾ ਕੀਮਤੀ ਸਾਮਾਨ ਅਤੇ ਹਿਦੁਸਤਾਨੀ ਮੁਟਿਆਰਾਂ ਨੂੰ ਜਾਲਮਾਂ ਦੀ ਕੈਦ ਵਿੱਚੋਂ ਛੁਡਵਾ ਕੇ ਆਜ਼ਾਦ ਕਰਵਾਇਆ। ਜਿਸ ਵਿੱਚ ਲਗਭਗ 300 ਭਾਰਤੀ ਬੀਬੀਆਂ, 100 ਲੜਕੇ ਦੁਰਾਨੀ ਦੀ ਕੈਦ ਵਿੱਚੋਂ ਛੁਡਵਾਏ। ਅਗਲੇ ਹਮਲੇ ਵਿੱਚ ਸਿੰਘਾਂ ਨੇ ਅਬਦਾਲੀ ਪਾਸੋਂ 2200 ਬੀਬੀਆਂ ਛੁਡਵਾਈਆਂ ਸਨ। ਉਸ ਸਮੇਂ ਕੋਈ ਮਰਹੱਟਾ, ਰੁਹੇਲਾ ਜਾਂ ਰਾਜਪੂਤ ਇਹਨਾਂ ਦੀ ਮੱਦਦ ਤੇ ਨਹੀਂ ਪੁੱਜਾ ਸੀ। ਸਿੰਘਾਂ ਨੇ ਬੀਬੀਆਂ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਬੜੀ ਹਿਫਾਜ਼ਤ ਨਾਲ ਸਾਰੀਆਂ ਬੀਬੀਆਂ ਨੂੰ ਉਹਨਾਂ ਦੇ ਘਰੋ-ਘਰੀ ਪਹੁੰਚਾਇਆ। ਉਹ ਬੀਬੀਆਂ ਹਿੰਦੂ ਸਨ ਜਾਂ ਮੁਸਲਮਾਨ ਜਾਂ ਕਿਸੇ ਹੋਰ ਮਤ, ਮਜਹਬ ਨਾਲ ਸਬੰਧਿਤ ਸਨ, ਇਸ ਗੱਲ ਦਾ ਖਿਆਲ ਨਹੀ ਰੱਖਿਆ ਗਿਆ ਸੀ। ਬਸ ਮਾਨਵਤਾ ਦੀ ਭਲਾਈ ਹੇਠ ਸਾਰਾ ਕਾਰਜ ਹੋਇਆ ਸੀ। ਉਦੋਂ ਇਹ ਕਹਾਵਤਾਂ ਮਸ਼ਹੂਰ ਹੋ ਚੁੱਕੀਆਂ ਸਨ ਕਿ “ਮੋੜੀਂ ਬਾਬਾ ਕੱਛ ਵਾਲਿਆ, ਛਈ! ਰੰਨ ਗਈ, ਰੰਨ ਬਸਰੇ ਨੂੰ ਗਈ।”

ਇਸ ਹਮਲਿਆਂ ਤੋਂ ਬਾਅਦ ਵਾਪਿਸ ਜਾਂਦਾ ਅਬਦਾਲੀ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਅਤੇ ਜਹਾਨ ਖਾਨ ਨੂੰ ਸੈਨਾਪਤੀ ਬਣਾ ਕੇ ਐਲਾਨ ਕਰ ਗਿਆ ਕਿ ਸਿੱਖਾਂ ਦੇ ਸ਼ਹਿਰ ਅੰਮਿਰਤਸਰ ਨੂੰ ਢਹਿ ਢੇਰੀ ਅਤੇ ਸਰੋਵਰ ਨੂੰ ਪੂਰ ਦਿੱਤਾ ਜਾਵੇ। ਇਸੇ ਹੁਕਮ ਤਹਿਤ ਜਹਾਨ ਖਾਨ ਭਾਰੀ ਫੌਜ ਨਾਲ ਸ੍ਰੀ ਹਰਮੰਦਿਰ ਸਾਹਿਬ ਤੇ ਹਮਲਾਵਰ ਹੋਇਆ ਉਸ ਸਮੇਂ ਬਾਬਾ ਗੁਰਬਖਸ਼ ਸਿੰਘ ਜੀ (ਲੀਲ੍ਹ ਪਿੰਡ) ਵਾਲਿਆਂ ਨੇ ਆਪਣੇ 30 ਕੁ ਦੇ ਕਰੀਬ ਸਾਥੀਆਂ ਨਾਲ ਡੱਟ ਕੇ ਮੁਕਾਬਲਾ ਕੀਤਾ ਅਤੇ ਸ਼ਹਾਦਤ ਪ੍ਰਾਪਤ ਕੀਤੀ। ਜਹਾਨ ਖਾਨ ਨੇ ਮਨਮਾਨੀ ਕਰਦਿਆਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਤੇ ਅੰਮਿਰਤ ਸਰੋਵਰ ਦੀ ਬੇਅਦਬੀ ਕੀਤੀ ਅਤੇ ਸਮੁੱਚੀ ਇਮਾਰਤ ਦੇ ਆਲੇ ‐ਦੁਆਲੇ ਸਖਤ ਪਹਿਰਾ ਲਗਾ ਕੇ ਵਾਪਸ ਮੁੜ ਗਿਆ।

ਇਸ ਘਟਨਾ ਦੀ ਖਬਰ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਵਿਖੇ ਪੁੱਜੀ। ਬਾਬਾ ਦੀਪ ਸਿੰਘ ਜੀ ਸਮੇਤ ਸਿੱਖਾਂ ਦੇ ਅੰਦਰ ਭਾਂਬੜ ਬਲ ਗਏ। ਸਿੰਘ ਇਕੱਤਰ ਕੀਤੇ ਗਏ, ਅਤੇ ਬਾਬਾ ਜੀ ਨੇ ਐਲਾਨ ਕਰ ਦਿੱਤਾ ”ਜਾਲਮਾਂ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ ਬੇਅਦਬੀ ਕੀਤੀ ਹੈ, ਸਿੰਘੋ! ਅਸੀਂ ਇਸ ਕਾਰੇ ਦਾ ਹਿਸਾਬ ਜਾਲਮਾਂ ਕੋਲੋਂ ਲੈਣਾ ਹੈ। ਮੌਤ ਲਾੜੀ ਨੂੰ ਵਿਆਹੁਣਾ ਹੈ, ਸ਼ਹੀਦਾਂ ਦੀ ਜੰਝ ਚੜੇਗੀ। ਜਿਹਨੇ ਆਪਾ ਵਾਰਨਾ ਹੈ ਤਿਆਰ ਹੋ ਜਾਵੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।” ਇਸ ਖਬਰ ਨੇ ਸਿੰਘਾਂ ਦੇ ਸੀਨੇ ਚੀਰ ਦਿੱਤੇ। ਤਿਆਰੀ ਸ਼ੁਰੂ ਹੋ ਗਈ, ਘੋੜਿਆਂ ਤੇ ਕਾਠੀਆਂ ਪਈਆਂ, ਕ੍ਰਿਪਾਨਾ, ਖੰਡੇ, ਨੇਜ਼ੇ, ਢਾਲਾਂ ਸਾਂਭੀਆਂ ਗਈਆਂ ਅਤੇ ਘੋੜਿਆਂ ਨੂੰ ਅੱਢੀਆਂ ਲਗਾ ਕੇ ਬਾਬਾ ਦੀਪ ਸਿੰਘ ਜੀ ਦੇ ਜਥੇ ਵਿੱਚ ਸਿੱਖ ਸ਼ਾਮਿਲ ਹੋਏ। ਲੋਕ ਹੇੈਰਾਨ ਹੋ ਰਹੇ ਸਨ ਕਿ ਇਹ ਸਿੰਘ ਪਤਾ ਨਹੀਂ ਕਿਸੇ ਮਿੱਟੀ ਦੇ ਬਣੇ ਹੋਏ ਹਨ, ਦੂਜੇ ਪਾਸੇ ਸਿੰਘ ਇਹ ਗੱਲਾਂ ਪਏ ਕਰਦੇ ਸਨ, ਕਿ ਇੱਕ ਦਿਨ ਤਾਂ ਮਰਨਾ ਹੀ ਹੈ, ਫਿਰ ਕਿਉਂ ਨਾ ਅੱਜ ਸਿੱਖੀ ਸਿਧਾਂਤਾਂ ਅਤੇ ਕੌਮੀ ਆਣ-ਸ਼ਾਨ ਲਈ ਮਰੀਏ। ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚ ਦਿਤੀ ਤੇ ਐਲਾਨ ਕਰ ਦਿੱਤਾ ਕਿ ਉਹੀ ਸਿੰਘ ਲਕੀਰ ਪਾਰ ਕਰੇ, ਜਿਹਨੈ ਧਰਮ ਤੋਂ ਜਾਨ ਵਾਰਨੀ ਹੈ ਅਤੇ ਯੁੱਧ ਵਿੱਚ ਪਿੱਠ ਨਾ ਵਿਖਾ ਕੇ ਸ਼ਹਾਦਤ ਪੀਣੀ ਹੈ।” ਬਾਬਾ ਦੀਪ ਸਿੰਘ ਜੀ ਦੀ ਇਹ ਲਲਕਾਰ ਸੁਣ ਕੇ ਸਾਰੇ ਸਿੰਘ ਬਾਬਾ ਜੀ ਦੀ ਅਗਵਾਈ ਹੇਠ ਅੰਮ੍ਰਿਤਸਰ ਨੂੰ ਤੁਰ ਪਏ ਜੋ 500 ਦੀ ਗਿਣਤੀ ਵਿੱਚ ਤੁਰੇ ਸਿੱਖਾਂ ਦਾ ਜੱਥਾ ਤਰਨ ਤਾਰਨ ਸਾਹਿਬ ਤੱਕ ਪੁਜਣ ਵੇਲੇ 5000 ਤੱਕ ਦੀ ਗਿਣਤੀ ਦਾ ਹੋ ਚੁੱਕਿਆ ਸੀ।

ਜਹਾਨ ਖਾਨ ਨੂੰ ਇਹ ਖਬਰ ਸੁਨਣ ਉਪਰੰਤ ਹੱਥਾਂ ਪੈਰਾਂ ਦੀ ਪੈ ਗਈ, ਉਹ ਆਪਣੀ 20,000 ਦੀ ਫ਼ੌਜ ਲੈ ਕੇ ਮੁਕਾਬਲੇ ਲਈ ਆ ਡਟਿਆ ਅਤੇ ਅੰਮ੍ਰਿਤਸਰ ਤੋਂ 5 ਕੁ ਮੀਲ ਦੀ ਵਿੱਥ ਤੇ ਘਮਸਾਨ ਦਾ ਯੁੱਧ ਹੋਇਆ। ਸਿੰਘਾਂ ਦੇ ਖੰਡੇ ਅੱਗੇ ਜਹਾਨ ਖਾਂ ਦੀਆਂ ਫੋਜਾਂ ਵਿੱਚ ਭਗਦੜ ਮੱਚ ਗਈ। ਇੰਨੇ ਨੂੰ ਜਰਨੈਲ ਅਤਾਈ ਖਾਨ ਹੋਰ ਫੋਜ਼ ਲੈ ਕੇ ਪੁਜ ਗਿਆ। ਬਾਬਾ ਦੀਪ ਸਿੰਘ ਜੀ ਹਾਜ਼ਰਾਂ ਫੱਟ ਸਰੀਰ ਤੇ ਖਾ ਕੇ ਵੀ 18 ਸੇਰ ਦਾ ਖੰਡਾ ਖੜਕਾਉਂਦੇ ਹੋਏ ਦੁਸ਼ਮਣ ਦਲਾਂ ਦੇ ਆਹੂ ਲਾ ਰਹੇ ਸਨ ਕਿ ਅਚਾਨਕ ਇੱਕ ਫੱਟ ਆਪ ਜੀ ਦੀ ਗਰਦਨ ‘ਤੇ ਜਾ ਲੱਗਾ ਬਾਬਾ ਜੀ ਦਾ ਸਿਰ ਇੱਕ ਪਾਸੇ ਨੂੰ ਉਲਰ ਗਿਆ (ਵੱਖ ਨਹੀਂ ਹੋਇਆ) ਬਾਬਾ ਜੀ ਨੇ ਇਕ ਹੱਥ ਨਾਲ ਆਪਣੇ ਸੀਸ ਨੂੰ ਸਹਾਰਾ ਦਿੱਤਾ ਅਤੇ ਲੜਦੇ ਹੋਏ ਗੁ. ਰਾਮਸਾਰ ਸਾਹਿਬ ਸਰੋਵਰ ਦੇ ਕੰਢੇ ਤੇ ਪ੍ਰਾਣ ਤਿਆਗੇ। ਅੱਜ ਉਂਥੇ ਗ. ਸ਼ਹੀਦ ਗੰਜ ਸੁਸ਼ੋਭਿਤ ਹੈ। ਇਸ ਤਰਾਂ ਬਾਬਾ ਜੀ ਨੇ ਪਵਿੱਤਰ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਆਹੂ ਲਾਹੁੰਦਿਆਂ ਦੱਸ ਦਿੱਤਾ ਕਿ ਸਿੱਖਾਂ ਦੇ ਕੇਂਦਰੀ ਅਸਥਾਨ ਦੀ ਬੇਅਦਬੀ ਦਾ ਬਦਲਾ ਲੈ ਕੇ ਹੀ ਰਹਿੰਦੇ ਹਨ।

ਸੋ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਮੈਂ ਸਮੂਹ ਸਿੱਖਾਂ ਦਾ ਧਿਆਨ ਇਸ ਗੱਲ ਵੱਲ ਜ਼ਰੂਰ ਦਿਵਾਉਣਾ ਚਾਹੁੰਦਾ ਹਾਂ ਕਿ ਬਾਬਾ ਦੀਪ ਸਿੰਘ ਜੀ ਦੇ ਮਨ ਅੰਦਰ ਸਿੱਖੀ ਪ੍ਰਤੀ ਕਿੰਨਾ ਜਜ਼ਬਾ ਸੀ ਇਸ ਬਾਰੇ ਉਹਨਾਂ ਦਾ ਜੀਵਣ ਪੜ੍ਹ ਕੇ ਸਹਿਜੇ ਹੀ ਪਤਾ ਲੱਗ ਜਾਂਦਾ ਹੈ, ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਉਤਾਰੇ ਵੀ ਕਰਦੇ ਰਹੇ ਸਨ ਆਪਾਂ ਸੱਭ ਤੇ ਉਂਪਰ ਪੜਿਆ ਹੈ, ਗੁਰਬਾਣੀ ਦਾ ਗਿਆਨ ਉਹਨਾਂ ਦੇ ਹਿਰਦੇ ਵਿੱਚ ਵੱਸਿਆਂ ਹੋਇਆ ਸੀ ਅਤੇ ਆਪ ਜੀ ਨੇ ਗੁਰਬਾਣੀ ਸਿਧਾਂਤਾਂ ਨੂੰ ਪੜ੍ਹ, ਸਮਝ ਕੇ ਆਪਣੇ ਅਮਲੀ ਜੀਵਣ ਵਿੱਚ ਲਾਗੂ ਕੀਤਾ ਸੀ। ਆਪ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ ਗੁਰਮਤਿ, ਗੁਰੂ ਸਾਹਿਬ ਦੀ ਅਤੇ ਪਵਿੱਤਰ ਇਮਾਰਤ ਦੀ ਬੇਅਦਬੀ ਦਾ ਬਦਲਾ ਲਿਆ ਸੀ ਪਰ ਅੱਜ ਸਿਰਫ ਇਹੀ ਕਹਾਂਗਾ ਕਿ ਕਿ ਆਪਣੇ ਮਨਾਂ ਅੰਦਰ ਝਾਤ ਮਾਰਨ ਤੋਂ ਬਆਦ ਇੱਕ ਵਾਰ ਗੁ. ਸ਼ਹੀਦ ਗੰਜ ਅੰਮਿਰਤਸਰ ਵੀ ਜਾ ਆਉਣਾ ਫਿਰ ਦੱਸਣਾ ਕਿ ਅੱਜ ਵੀ ਉਹੀ ਬੇਅਦਬੀ ਮੁੜ ਤਾਂ ਨਹੀਂ ਹੋ ਰਹੀ? ਕਿਉਂਕਿ ਐਸਾ ਪ੍ਰਤੀ ਹੁੰਦਾ ਹੈ ਕਿ (ਅਬਦਾਲੀ ਨੇ ਤਾਂ ਸਿੱਖਾਂ ਨੂੰ ਬਾਹਰੀ ਨੁਕਸਾਨ ਪਹੁੰਚਾਇਆ ਸੀ ਅਤੇ ਇਮਾਰਤਾਂ ਢਹਿ ਢੇਰੀ ਕੀਤੀਆਂ ਸਨ, ਜੋ ਕੌਮ ਨੇ ਮੁੜ ਉਸਾਰ ਲਈਆਂ ਸਨ) ਅੱਜ ਅਸੀਂ ਹੀ ਅਬਦਾਲੀ ਬਣ ਕੇ ਗੁਰ ਸਿਧਾਂਤਾਂ ਦਾ ਮਲੀਆਮੇਟ ਕਰ ਰਹੇ ਹਾਂ। ਅੱਜ ਅਸੀਂ ਗੁ. ਸ਼ਹੀਦ ਗੰਜ ਦੇ ਬਾਹਰ ਹਰਿਦੁਆਰ ਬਣਾ ਛੱਡਿਆ ਹੈ। ਜੋਤਾਂ ਜਗ ਰਹੀਆਂ ਹਨ, ਸ਼ਰਧਾ ਅਤੇ ਅਗਿਆਨਤਾ ਵੱਸ ਉਂਥੇ ਲੰਮੀਆਂ-2 ਕਤਾਰਾਂ ਲਾਈ ਖੜੇ ਅਸੀਂ ਗੁਰੂਬਾਣੀ ਸਮਝਣ ਦੀ ਥਾਂ ਤੇ ਬ੍ਰਹਾਮਣੀ ਕਰਮਕਾਂਢਾ ਨੂੰ ਪਹਿਲ ਦੇ ਰਹੇ ਹਾਂ। ਠੇਕੇ ਤੇ ਅੰਡਪਾਠ ਚੱਲ ਰਹੇ ਹਨ, ਗੁਰਮਤਿ ਤੋਂ ਉਲਟ ਗਿਣਤੀਆਂ-ਮਿਣਤੀਆਂ ਦੇ ਪਾਠ ਵੱਡੇ ਪੱਧਰ ਤੇ ਉਸ ਪਵਿੱਤਰ ਅਸਥਾਨ ਤੇ ਕਰਵਾ ਕੇ ਗੁਰਮਤਿ ਸਿਧਾਤਾਂ ਦੀ ਉਲੰਘਣਾ ਹੋ ਰਹੀ ਹੈ। ਦੁਪਹਿਰੇ ਅਤੇ ਚੁਪਿਹਰਿਆਂ ਦੀ ਨਵੀ ਪਰਪਾਟੀ ਨੇ ਕੌਮ ਨੂੰ ਬਿਪਰਵਾਦੀ ਬਣ ਛੱਡਿਆ ਹੈ। ਇਸ ਸੱਭ ਵਿਰੁੱਧ ਮੂੰਹ ਖ੍ਹੋਲਣ ਦੀ ਹਿੰਮਤ ਕਦੇ ਵੀ ਕਿਸੇ ਜਥੇਬੰਦੀ ਨੇ ਨਹੀਂ ਕੀਤੀ, ਜਦ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਵਿੱਚ ਸਪੱਸ਼ਟ ਲਿਖਿਆ ਹੈ ਕਿ ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਾਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ ਹਨ। ਸੋ ਲੋੜ ਹੈ ਕਿ ਅੱਜ ਉਹਨਾਂ ਦੇ ਪਾਵਨ ਅਸਥਾਨ ਤੇ ਵੀ ਅਸੀਂ ਗੁਰਮਤਿ ਲਾਗੂ ਕਰੀਏ ਅਤੇ ਉਹਨਾਂ ਦੇ ਜੀਵਣ ਤੋਂ ਸੇਧ ਲਈਏ। ਗੁਰੂ ਭਲੀ ਕਰੇ।

-ਇਕਵਾਕ ਸਿੰਘ ਪੱਟੀ

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab