ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

ਜਸਵਿੰਦਰ ਸਿੰਘ ‘ਢਿੱਲੋਂ’ ਤਰਨਤਾਰਨ।

ਵੋਟ

ਰੌਣਕ ਲੱਗੀ ਸ਼ਹਿਰ ਅੰਦਰ,ਕਿਵੇਂ ਖਿੜੀ ਵੋਟਾਂ ਦੀ ਅੱਜ ਗੁਲਜਾਰ ਸਾਰੇ।
ਨੇਤਾ ਰਾਤ ਦਿਨ ਹੀ ਤੁਰੇ ਫਿਰਦੇ ,ਮਹੱਲੇ, ਗਲੀਆਂ ਵਿਚ ਬਜ਼ਾਰ ਸਾਰੇ।
ਸਾਡੀ ਲਾਜ਼ ਹੈ ਵੋਟਰੋ ਹੱਥ ਤੁਹਾਡੇ,ਭਾਵੇਂ ਰੱਖੌ ਤੇ ਭਾਵੇਂ ਦਿਉ ਮਾਰ ਸਾਰੇ।
ਹਰ ਤਰ੍ਹਾਂ ਦੇ ਕੰਮ ਨੇ ਅਸੀਂ ਕਰਨੇ, ਇਹੋ ਕਰਦੇ ਫਿਰਨ ਪਰਚਾਰ ਸਾਰੇ।
ਕਈ ਕਹਿਣ ਕਿ ਉਧਰ ਜਹਾਜ ਆਇਆ,ਮੂੜ ਬਣਾਉਣ ਲਈ ਆਉ ਭਾਈ।
ਸ਼ਰਾਬ ਵਿਸਕੀ ਤੇ ਦੇਸੀ ਦੇ ਜਾਮ ਮਿਲਦੇ, ਜਿੰਨੇ ਮਰਜੀ ਪੈਗ ਲਾਉ ਭਾਈ।
ਪਕੌੜੇ ਬਰੈਡ,ਪਾਲਕ ਅਤੇ ਪਨੀਰ ਵਾਲੇ,ਮਿੱਠੀ ਚੱਟਣੀ ਨਾਲ ਖਾਉ ਭਾਈ।
ਹਰ ਤਰ੍ਹਾਂ ਦੀ ਸਹੂਲਤ ਹੈ ਵੋਟਰਾਂ ਲਈ,ਗਰਮੀ ਲਈ ਸਮਾਨ ਲੈ ਜਾਉ ਭਾਈ।
ਕੰਮ ਹੋਵੇ ਜਲਦੀ ਆਣ ਦੱਸੋ, ਅਸਂੀਂ ਹਾਜਰ ਹਾਂ ਕੰਮ ਕਰਵਾਉਣ ਬਦਲੇ।
ਕਿਸੇ ਦਾ ਕੋਈ ਵੀ ਕੰਮ ਹੋਵੇ , ਅਸੀਂ ਖੜੇ ਹਾਂ ਸਿਫ਼ਾਰਸ਼ਾਂ ਪਾਉਣ ਬਦਲੇ।
ਤੁਹਾਡਾ ਹਰ ਬਿਲ ਤਾਰ ਆਈਏ ,ਕਾਰ ਭੇਜਾਂਗੇ ਤੁਹਾਨੂੰ ਲਿਆਉਣ ਬਦਲੇ।
ਸੇਵਾ ਜਨਤਾ ਹੈ ਅੱਜ ਧਰਮ ਸਾਡਾ,ਅਸੀਂ ਆਏ ਹਾਂ ਫਰਜ਼ ਨਿਭਾਉਣ ਬਦਲੇ।
ਨੀਦ ਰਾਤ ਨੂੰ ਵੋਟਰਾ ਨਹੀ ਆਉਂਦੀ,ਅਸੀਂ ਚਾਹੁੰਦੇ ਹਾਂ ਹੋਵੇ ਦੀਦਾਰ ਤੇਰਾ।
ਇਸੇ ਲਈ ਸਵੇਰੇ ਆਣ ਖੜਦੇ,ਟਾਈਮ ਨਾਲ ਮੱਲਦੇ ਆਣ ਦਿਵਾਰ ਤੇਰਾ।
ਇਕ ਵਾਰ ਜੇ ਕਿਰਪਾ ਤੂੰ ਕਰਦੇ ,ਪੰਜ ਸਾਲ ਰਹਾਗਾਂ ਤਾਬਿਅਦਾਰ ਤੇਰਾ।
ਤੈਨੂੰ ਕਦੀ ਵੀ ਮੈਂ ਨਹੀਂ ਭੁੱਲ ਸਕਦਾ, ਪੂਰਾ ਰਹਾਗਾ ਦਿਲੋਂ ਵਫ਼ਾਦਾਰ ਤੇਰਾ ।
ਤੇਰੀ ਕਿਰਪਾ ਨਾਲ ਹੀ ਮੇਰਾ ਕੰਮ ਹੋਣਾ,ਤੇਰੀ ਪਰਚੀ ਨੇ ਲਾਉਣਾ ਪਾਰ ਮੈਨੂੰ।
ਜੋ ਵੀ ਮਨ ਕਰਦਾ ਆ ਕੇ ਖਾ ਮੈਥੋਂ,ਐਪਰ ਦਿਲੋਂ ਨਾ ਸੱਜਣ ਵਿਸਾਰ ਮੈਨੂੰ।
ਫੇਰੇ ਮਾਰ-ਮਾਰ ਮੈਂ ਥੱਕਿਆ, ਪਰ ਆਇਆ ਨਹੀਂ ਅੱਜੇ ਇਤਬਾਰ ਮੈਨੂੰ।
ਤਲਾ ਜੁੱਤੀ ਦਾ ਵਿਚ ਬਜਾਰ ਟੁੱਟਾ,ਐਨਾ ਕੀਤਾ ਹੈ ਵੋਟਰ ਤੁੰ ਖਵਾਰ ਮੈਨੂੰ।
ਅੱਖੀ ਵੇਖੇ ਨੇ ਨਸ਼ੇ ਦੇ ਨਾਲ ਮਰਦੇ, ਕਰਦਾ ਫਿਰ ਵੀ ਵੋਟਰ ਵਿਚਾਰ ਨਾਹੀ।
ਨਸ਼ਾਂ ਗ਼ਰੀਬ ਦੀ ਕੀ ਲੋੜ ਬਣਿਆ, ਰਿਹਾ ਕਿਸੇ ਦਾ ਕੋਈ ਕਿਰਦਾਰ ਨਾਹੀ।
ਦਸ ਦਿਨ ਖਾਧਿਆ ਕੀ ਬਣ ਜਾਉ ,ਮੁਫ਼ਤ ਖੋਰਾਂ ਦਾ ਰਹਿਣਾ ਵਿਕਾਰ ਨਾਹੀ।
ਢਿਲੋ’ਚੰਗਾ ਵੇਖ ਕੇ ਵੋਟ ਦਾ ਦਾਨ ਕਰਨਾ,ਬੇੜੀ ਡੋਬਣੀ ਵਿਚ ਮੰਝਧਾਰ ਨਾਹੀਂ।

“ਸ੍ਰੀ ਗੁਰੂ ਅੰਗਦ ਦੇਵ ਜੀ”

ਫੇਰੂ ਵੈਸ਼ਨੋ ਦੇਵੀ ਦਾ ਭਗਤ ਵੱਡਾ,ਦਰਸ਼ਨ ਕਰਨ ਦੀ ਬਹੁਤ ਵਿਚਾਰ ਭਾਈ।
ਪੈਦਲ ਚਲ ਕੇ ਕਟੜਾ ਪੁੱਜ ਦੇ ਸਨ,ਦਿਲ ਵੱਜਦੀ ਪਿਆਰ ਦੀ ਤਾਰ ਭਾਈ।
ਬਾਬਾ ਲਹਿਣਾ , ਪਿਤਾ ਦੇ ਨਾਲ ਹੈ ਸਨ, ਬਣੇ ‘ਜੱਥੇ’ ਦੇ ਜਥੇਦਾਰ ਭਾਈ।
ਭਾਈ ਜੋਧੇ ਤੋਂ ਮਿੱਠੀ ਸੁਣ ਬਾਣੀ, ਗਈ ਸੁਣਦਿਆ ਹਿਰਦਾ ਠਾਰ ਭਾਈ।
ਦਰਸ਼ਨ ਕਰਦਿਆ ਲਹਿਣਾ ਨਿਹਾਲ ਹੋਇਆ,ਚਿਹਰਾ ਚਮਕ ਕੇ ਨੂਰ ਹੋਇਆ।
ਸਿਖਿਆ ਲੈ ਗੁਰੂ ਪਾਸੋ, ਅਧਿਆਤਮਿਕ ਗਿਆਨ ਦੇ ਨਾਲ ਭਰਪੂਰ ਹੋਇਆ।
ਟੁਟੇ ਭਰਮ ਉਹਦੀ ਜਿੰਦਗੀ ਦੇ,ਜਾਤਾਂ ਪਾਤਾਂ ਦਾ ਸਾਰਾ ਭੁਲੇਖਾ ਦੂਰ ਹੋਇਆ।
ਦਰਸ਼ਨ ਕਰਦਿਆਂ ਕਾਇਆ ਕਲਪ ਹੋਈ, ਐਸਾ ਬਾਣੀ ਦਾ ਸਰੂਰ ਹੋਇਆ।
ਜਾਂਤਾਂ ਦੇ ਭਰਮ ਤੋੜਣ ਲਈ, ਭਾਈ ਲਹਿਣੇ ਤੋਂ ਹੱਥੀ ਕੰਮ ਕਰਵਾੲੈ ਬਾਬੇ।
ਉੱਚੀ ਜਾਂਤ ਵਾਲੇ ਨੀਵਾਂ ਸਮਝ ਦੇ ਸਨ,ਉਹੀ ਲਹਿਣੇ ਨੂੰ ਕਰਨੇ ਸਿਖਾੲੈੇ ਬਾਬੇ।
ਊਚ ਨੀਚ ਦਾ ਭਰਮ ਤੋੜ ਦਿੱਤਾ,ਲਹਿਣੇ ਤਾਂਈ ਸੀ ਐਸੇ ਗੁਰ ਸਮਝਾਏ ਬਾਬੇ।
ਹਰ ਜੀਵ ਵਿਚ ਪਰਮਾਤਮਾ ਵੱਸਦਾ ਏ, ਚਾਰੇ ਵਰਗ ਗਲ ਨਾਲ ਲਾਏ ਬਾਬੇ।
ਭਾਈ ਲਹਿਣਾ ਗੁਰੂ ਅੰਗਦ ਬਣ ਗਏ,ਡੇਰਾ ਵਿਚ ਖਡੂਰ ਦੇ ਆਣ ਲਾਇਆ।
ਸੇਵਾ ਦੁੱਖੀਆਂ ਦੀ ਧਰਮ ਬਣਿਆ, ਕੇਂਦਰ ਸਿੱਖੀ ਗਿਆ ਖਡੂਰ ਬਣਾਇਆ।
ਲੰਗਰ ਚਲਦੇ ਤੇ ਸੇਵਾ ਲੋਕ ਕਰਦੇ, ਬੀਬੀ ਖੀਵੀ ਜੀ ਨੇ ਯੋਗਦਾਨ ਪਾਇਆ।
ਸੰਗਤ ਪੰਗਤ ਨੂੰ ਪਹਿਲਾ ਸਥਾਨ ਦਿੱਤਾ, ਧਰਮਾਂ ਦਾ ਕੁੱਲ ਭਰਮ ਗਵਾਇਆ।
ਕਈ ਰਾਗਾਂ ਵਿਚ ਬਾਣੀ ਤਿਆਰ ਕੀਤੀ, ਲਿਖੇ ਤਰੇਹਠ ਗੁਰਾਂ ਸਲੋਕ ਭਾਈ।
ਭਰਮ ਕੂੜ ਦੇ ਬਾਣੀ ਤੋੜਦੀ ਏ,ਸੱਚ ਦਿੱਤਾ ਬਾਣੀ ਵਿਚ ਗੁਰਾਂ ਠੋਕ ਭਾਈ।
ਕੋਈ ਪੜੇ ਗ਼ਰੀਬ,ਕੋਈ ਪੜੇ ਅਮੀਰ ਇਸ ਨੂੰ, ਨਹੀਂ ਪੜਣ ਤੇ ਰੋਕ ਭਾਈ।
ਭਾਈਚਾਰੇ ਦਾ ਗੁਰਬਾਣੀ ਸੰਦੇਸ਼ ਦੇਂਦੀ,ਪੂਜਾ ਕਰਦੇ ਨੇ ਦਿਨ ਰਾਤ ਲੋਕ ਭਾਈ।
ਹਮਾਯੂੰ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ, ਚਲ ਪੁੱਜਿਆ ਖਡੂਰ ਆਣ ਭਾਈ।
ਸਵਾਗਤ ਉਸ ਦਾ ਕਿਸੇ ਨਾ ਮੂਲ ਕੀਤਾ,ਲੱਗਾ ਹੱਥ ਤਲਵਾਰ ਨੂੰ ਪਾਣ ਭਾਈ।
ਜਾਤ ਅਭਿਮਾਨੀਆਂ ਦੀ ਚੁੱਕਣਾ ਤੇ,ਲੱਗਾ ਗੁਰਾਂ ਤੇ ਉਹ ਰੋਹਬ ਵੇਖਾਣ ਭਾਈ।
ਧੀਰਜ਼ਵਾਨ ਗੁਰਾਂ ਕਿਹਾ ਹੱਸ ਅੱਗੋ,ਵੇਲੇ ਜੰਗ ਕਿੱਥੇ ਤੇਰੀ ਕਿਰਪਾਨ ਭਾਈ।

ਸੁਣ ਕੇ ਵਚਨ ਸਤਿਗੁਰਾਂ ਦੇ ,ਹਮਾਯੂੰ ਬਹੁਤ ਸ਼ਰਮ ਨਾਲ ਸ਼ਰਮਸ਼ਾਰ ਹੋਇਆ।
ਗ਼ਲਤੀ ਦੀ ਲਈ ਮੰਗ ਮੁਆਫ਼ੀ,ਹੱਥ ਜੋੜ ਗੁਰਾਂ ਦਾ ਖਿਦਮਤਗਾਰ ਹੋਇਆ।
ਗੁਰਾਂ ਪਿਆਰ ਦੇ ਕਿਹਾ ਬੈਠਣੇ ਨੂੰ, ਸੁਣ ਕੇ ਗੁਰਾਂ ਦਾ ਤਾਬਿਆਦਾਰ ਹੋਇਆ।
ਗੁਰਾਂ ਕਿਹਾ ਰੱਖ ਭਰੋਸਾ ਰੱਬ ਉੱਤੇ, ਬੇੜਾ ਡੁੱਬਦਾ ਉਸ ਦਾ ਪਾਰ ਹੋਇਆ।
ਭਾਈ ਮਾਹਣਾ ਲਾਂਗਰੀ ਗਰੁਾਂ ਦਾ ਜੀ,ਮਨ ਵੱਸਿਆ ਉਹਦੇ ਹੰਕਾਰ ਹੈ ਸੀ।
ਗ਼ਰੀਬਾਂ ਤਾਂਈ ਨਫ਼ਰਤ ਕਰਨ ਲੱਗਾ, ਭੈੜੇ ਰੱਖਦਾ ਸਦਾ ਵਿਚਾਰ ਹੈ ਸੀ।
ਗੁਰਾਂ ਲੰਗਰ ਤੋਂ ਵਰਜ਼ ਦਿੱਤਾ,ਦਿੱਲ ਗ਼ਰੀਬਾਂ ਲਈ ਡਾਢਾ ਪਿਆਰ ਹੈ ਸੀ।
ਬਾਂਹ ਮਾੜੇ ਦੀ ਪਕੜਣੀ ਧਰਮ ਸਾਡਾ,ਰਾਖੀ ਗਊ ਗ਼ਰੀਬ ਕਿਰਦਾਰ ਹੈ ਸੀ।
ਇਕ ਰੋਜ਼ ਖਡੂਰ ਦੇ ਵਿਚ ਬੈਠੇ,ਜੱਟ ਆਣ ਗੁਰੂ ਤਾਂਈ ਇੰਝ ਕਹਿਣ ਲੱਗੇ।
ਲੱਗੀ ਔੜ ਰੱਬ ਨਹੀਂ ਮੀਹ ਪਾਉਂਦਾ, ਸੁੱਕੀ ਫ਼ਸਲ ਹੋਸਲੇ ਢਹਿ ਲੱਗੇ।
ਕਰਕੇ ਮਿਹਰ ਮੀਂਹ ਪਾਵੋ,ਗੱਲ ਪਾ ਪੱਲਾ ਸਾਰੇ ਚਰਨੀ ਗੁਰਾਂ ਦੇ ਪੈਣ ਲੱਗੇ।
ਪਾਉ ਮੀਂਹ ਨਹੀਂ ਤੇ ਕਰੋ ਕੂਚ ਡੇਰਾ ,ਸਾਡੇ ਤਪਾ ਹੁਣ ਇੱਥੇ ਰਹਿਣ ਲੱਗੇ।
ਹੱਸ ਆਖਿਆ ਸਤਿਗੁਰਾਂ ਨੇ , ਮੀਂਹ ਪਾਉਣਾ ਹੈ ਵੱਸ ਸੱਚੇ ਕਰਤਾਰ ਦੇ ਜੀ।
ਮਨੁੱਖ ਮਰਜ਼ੀ ਨਾਲ ਮੀਂਹ ਨਹੀਂ ਪਾ ਸਕਦਾ,ਇਹ ਫ਼ਜ਼ਲ ਸੱਚੇ ਦਤਾਰ ਦੇ ਜੀ।
ਸਾਡੇ ਗਿਆ ਜੇ ਭਲਾ ਹੋਵੇ, ਅਸੀ ਨਹੀਂ ਬਣਦੇ ਰੋਡਾ ਤੁਸਾਂ ਵਿਚਕਾਰ ਦੇ ਜੀ।
ਉਹਦੀ ਰਜ਼ਾਂ ਵਿਚ ਰਹਿਣਾ ਕੰਮ ਸਾਡਾ, ਅਸੀਂ ਯਾਰ ਹਾਂ ਸੱਚੇ ਯਾਰ ਦੇ ਜੀ।
ਗੁਰੁ ਤੁਰ ਗਿਆ ਤਪਾ ਆਣ ਬੈਠਾ,ਸੇਵਾ ਕਰਨ ਲੱਗੇ ਸਾਰੇ ਨਰ ਨਾਰ ਭਾਈ।
ਚਾਲੀ ਦਿਨ ਸੀ ਤਪੇ ਲੰਘਾ ਦਿੱਤੇ ,ਪਰ ਪਈ ਨਾ ਮੀਹ ਦੀ ਇਕ ਧਾਰ ਭਾਈ।
ਟਿੱਲ ਮੰਤਰਾਂ ਦਾ ਤਪੇ ਲਾ ਦਿੱਤਾ, ਲੋਕ ਹੋ ਗਏ ਤਪੇ ਤੋਂ ਬੜ੍ਹੇ ਬੇਜ਼ਾਰ ਭਾਈ।
ਆਖ਼ਰ ਭੁੱਲ ਦੀ ਜੱਟਾਂ ਲਈ ਮੁਆਫ਼ੀ,ਚਰਨੀ ਲੱਗ ਪਏ ਆਣ ਦਤਾਰ ਭਾਈ।
ਗੁਰਮੁੱਖੀ ਲਿੱਪੀ ਦਾ ਸੀ ਬਹੁਤ ਵਿਕਾਸ ਕੀਤਾ, ਲਗਨ ਇਧਰ ਲਗਾਈ ਉਨ੍ਹਾਂ ।
ਸਿਹਤ ਬਣਾਉਣੀ ਚਾਹੀਦੀ ਹੈ,ਕੁਸ਼ਤੀ ਮੱਲਾਂ ਤੋਂ ਅਖਾੜਿਆਂ ਵਿਚ ਕਰਵਾਈ ਉਨ੍ਹਾਂ।
ਗੁਰੂ ਨਾਨਕ ਦੀ ਧਾਰਨਾ ਤੇ ਅਮਲ ਕੀਤਾ, ਮੰਜਿਲ ਸਿੱਖੀ ਦੀ ਅੱਗੇ ਵਧਾਈ ਉਨ੍ਹਾਂ।
ਗੁਰੂ ਨਾਨਕ ਦੀ ਜੀਵਨੀ ਤਿਆਰ ਕੀਤੀ,ਜਨਮ ਸਾਖੀ ‘ਢਿਲੋਂ’ ਲਿਖਵਾਈ ਉਨ੍ਹਾਂ।

ਸ੍ਰੀ ਗੁਰੂ ਤੇਗ ਬਹਾਦੁਰ ਜੀ

ਕਿਰਪਾ ਰਾਮ ਨੇ ਆਣ ਫ਼ਰਿਆਦ ਕੀਤੀ, ਔਰੰਗਜੇਬ ਹੈ ਰਿਹਾ ਸਤਾ ਦਾਤਾ।
ਹਿੰਦੂ ਧਰਮ ਤੇ ਹੋ ਰਿਹਾ ਜ਼ੁਲਮ ਭਾਰੀ, ਸਾਡੇ ਧਰਮ ਨੂੰ ਰਿਹਾ ਮੁਕਾ ਦਾਤਾ।
ਕਰਦਾ ਬੇਇਜ਼ਤੀ ਰੱਜ ਕੇ ਹਿੰਦੂਆਂ ਦੀ,ਸਵਾ ਮਣ ਜੰਝੂ ਰਿਹਾ ਲਾਹ ਦਾਤਾ।
ਜਿਹੜਾਂ ਸ਼ਰਨ ਇਸਲਾਮ ਦੀ ਨਹੀਂ ਆਉਂਦਾ, ਹਾਕਮ ਰਿਹਾ ਜੇ ਉਡਾ ਦਾਤਾ।
ਝੰਡਾ ਧਰਮ ਦਾ ਕਾਇਮ ਕਰਨਾ, ਬਿਨਾਂ ਇਸਲਾਮ ਕੋਈ ਨਹੀਂ ਰਹਿ ਸਕਦਾ ।
ਮੁਸਲਮਾਨ ਬਣਕੇ ਪਊ ਰਹਿਣਾ, ਸਾਡੇ ਵਿਰੁੱਧ ਕੋਈ ਨਹੀਂ ਖਹਿ ਸਕਦਾ।
ਦਲੀਲ ਅਪੀਲ ਨੂੰ ਮੰਨਦਾ ਨਹੀਂ, ਉਹਦੇ ਸਾਹਮਣੇ ਕੋਈ ਨਹੀ ਕਹਿ ਸਕਦਾ।
ਇਸ ਜਿੰਦਗੀ ਨਾਲੋ ਮੌਤ ਚੰਗੀ, ਭਲਾ ਕਿੰਨਾ ਕੁ ਜ਼ੁਲਮ ਕੋਈ ਸਹਿ ਸਕਦਾ।
ਸੋਚਾਂ ਵਿਚ ਵੇਖਿਆ ਪਿਤਾ ਤਾਂਈ, ਖੇਡਾਂ ਖੇਡਦੇ ਕੋਲ ਗੋਬਿੰਦ ਸੀ ਬਾਲ ਆਏ।
ਕਾਰਣ ਪੁਛਿਆਂ ਪਿਤਾ ਤੋਂ ਚੁੱਪ ਦਾ ਸੀ, ਕਈ ਮਨ ਦੇ ਵਿਚ ਸਵਾਲ ਆਏ।
ਝਾਤੀ ਮਾਰੀ ਬਾਲ ਗੋਬਿੰਦ ਜੀ ਨੇ, ਕਸ਼ਮੀਰੀ ਪੰਡਿਤ ਦੁੱਖੀ ਵਾਲ ਵਾਲ ਆਏ।
ਦਿੱਤਾ ਹੋਸਲਾ ਗੁਰੂ ਜੀ ਪੰਡਿਤਾਂ ਨੂੰ, ਧਰਮ ਬਚਾਉਣ ਦੇ ਕਈ ਖਿਆਲ ਆਏ।
ਜ਼ੁਲਮ ਔਰੰਗਜੇਬ ਦਾ ਸਿਖਰ ਤੇ ਸੀ, ਪਏ ਸਭ ਭਾਰਤ ਮਾਂ ਤੇ ਸਪੂਤ ਸਾਰੇ।
ਘਰਾਂ ਦੇ ਘਰ ਹੀ ਜ਼ਾਲਮਾਂ ਖ਼ਤਮ ਕੀਤੇ, ਦੇਸ਼ ਅੰਦਰ ਫ਼ਿਰਦੇ ਬਣ ਭੂਤ ਸਾਰੇ।
ਅਣਖ ਸੱਭ ਦੀ ਖ਼ਤਮ ਹੋਈ, ਬੇਗ਼ੈਰਤ ਹੋਏ ਮਰਹੱਟੇ ਅਤੇ ਰਾਜਪੂਤ ਸਾਰੇ।
ਡੰਕਾ ਔਰੰਗਜੇਬ ਦਾ ਵੱਜਦਾ ਸੀ, ਫ਼ਿਰਦੇ ਨਜ਼ਰ ਆਉਂਦੇ ਕਲਬੂਤ ਸਾਰੇ।
ਕਿਹਾ ਬਾਲ ਗੋਬਿੰਦ ਨੇ ਪਿਤਾ ਤਾਂਈ,ਜਾਉ ਦਿੱਲੀ ਤੇ ਧਰਮ ਬਚਾਉ ਜਾ ਕੇ।
ਰੱਖਿਆ ਧਰਮ ਦੀ ਕਰੋ ਢਾਲ ਬਣਕੇ, ਔਰੰਗਜੇਬ ਨੂੰ ਸੱਚ ਸੁਣਾਓ ਜਾ ਕੇ।
ਬਾਂਹ ਫੜ੍ਹੇ ਦੀ ਰੱਖੋ ਲਾਜ਼ ਦਾਤਾ, ਵਿਰਸਾ ਗੁਰੂ ਨਾਨਕ ਦਾ ਸਮਝਾਓ ਜਾ ਕੇ।
ਵਹਿੰਦੇ ਖ਼ੂਨੀ ਦਰਿਆ ਨੂੰ ਰੋਕੋ ਹਿੱਕ ਡਾਹ ਕੇ ,ਪਾਵਨ ਸੀਸ ਚੜ੍ਹਾਓ ਜਾ ਕੇ।

ਛਾਤੀ ਨਾਲ ਗੋਬਿੰਦ ਨੂੰ ਲਾ ਕਿਹਾ ਦਾਤੇ, ਰੋਮ ਰੋਮ ਹੈ ਮੇਰਾ ਨਿਹਾਲ ਹੋਇਆ।
ਮੁਸ਼ਕਲਾਂ ਸਾਰੀਆਂ ਨੇ ਦੂਰ ਹੋਈਆਂ, ਮੇਰਾ ਇਕ-ਇਕ ਹੱਲ ਸਵਾਲ ਹੋਇਆ।
ਮਿਹਰਾਂ ਨਾਨਕ ਪਾਤਿਸ਼ਾਹ ਕੀਤੀਆਂ ਨੇ ,ਮੇਰਾ ਸੂਰਖਰੂ ਵਾਲ ਵਾਲ ਹੋਇਆ।
ਦਾਤਾ ਤੁਰ ਪਿਆ ਵੱਲ ਦਿੱਲੀ,ਸਤੀ, ਮਤੀ ਤੇ ਭਾਈ ਦਿਆਲਾ ਨਾਲ ਹੋਇਆ।
ਨਾਵੇਂ ਪਾਤਿਸ਼ਾਹ ਤਾਰਦੇ ਸੰਗਤਾਂ ਨੂੰ, ਮੰਜਿਲਾਂ ਮਾਰਦੇ ਚਲ ਦਿੱਲੀ ਵੱਲ ਧਾਏ।
ਬੁੱਢਾ ਸੱਯਦ ਹਸਨ ਅਲੀ ਪਿਆ ਸੋਚੇ, ਫੜ੍ਹਾ ਕੇ ਗੁਰਾਂ ਨੂੰ ਜਾਣ ਇਨਾਮ ਪਾਏ।
ਜਾਣੀ ਜਾਣ ਦਿਲਾਂ ਦੀਆਂ ਜਾਣਦੇ ਸਨ,ਗ੍ਰਿਫ਼ਤਾਰ ਹੋਣ ਲਈ ਕੈਸੇ ਰੰਗ ਬਣਾਏ।
ਕੋਲ ਆਗਰੇ ਗੁਰੂ ਜੀ ਗ੍ਰਿਫਤਾਰ ਹੋਏ,ਕੋਤਵਾਲ ਲੈ ਕਿ ਦਿੱਲੀ ਦੇ ਵੱਲ ਆਏ।
ਕਿਹਾ ਕਾਜ਼ੀ ਨੇ ਗੁਰਾਂ ਤਾਈਂ, ਛੱਡੋ ਸਿੱਖੀ ਤੇ ਰੁਤਬਾ ਰਾਜ਼ ਦਾ ਪਾਓ ਬਾਬਾ।
ਕੀ ਲੈਣਾ ਇਸਲਾਮ ਨਾਲ ਵੈਰ ਪਾ ਕੇ,ਪੜ੍ਹੋ ਕਲਮਾਂ ਤੇ ਮੋਮਨ ਅਖਵਾਓ ਬਾਬਾ।
ਤਾਬਿਆਦਾਰ ਰਹੇਗੀ ਕੁੱਲ ਖਲ਼ਕਤ, ਬਣੋ ਹਾਕਮ ਤੇ ਹੁਕਮ ਚਲਾਓ ਬਾਬਾ।
ਮੰਨੋ ਮੇਰੀ ਸਲਾਹ ਕਲਮਾਂ ਪੜ੍ਹੋ ਜਲਦੀ, ਐਵੇ ਮੁਫ਼ਤ ਨਾ ਜਾਨ ਗਵਾਓ ਬਾਬਾ।
ਸ਼ਾਤ ਚਿੱਤ ਕਿਹਾ ਗੁਰਾਂ ਨੇ ਸੁਣ ਕਾਜ਼ੀ,ਐਵੇ ਸਬਜ਼ ਬਾਗ਼ ਨਾ ਪਿਆ ਵੇਖਾ ਮੈਨੂੰ।
ਰਾਖੀ ਤਿਲਕ ਜੰਝੂ ਦੀ ਅਸਾਂ ਕਰਨੀ ,ਐਵੇ ਗੂੜ ਗਿਆਨ ਨਾ ਪਿਆ ਸੁਣਾ ਮੈਨੂੰ।
ਤੇਰੇ ਕੂੜ ਦੇ ਰਾਜ ਨੇ ਗ਼ਰਕ ਹੋਣਾ, ਐਸੇ ਝੂਠੇ ਰਾਜ ਦੇ ਲਾਲਚ ਨਾ ਦਿਵਾ ਮੈਨੂੰ।
ਸੌਦਾ ਸੱਚ ਦਾ ਕਾਜ਼ੀਆ ਮੈਂ ਕਰਨਾ,ਮੋਹ ਮਾਇਆਂ ਦੇ ਬੰਧਨਾ ਵਿਚ ਨਾ ਪਾ ਮੈਨੂੰ।

ਗੁਰਾਂ ਕਾਜ਼ੀ ਦੀ ਨਾ ਇਕ ਮੰਨੀ, ਜਲਾਦ ਜਲਾਲੂਦੀਨ ਨੇ ਫੜ੍ਹੀ ਤਲਵਾਰ ਭਾਈ।
ਚਾਂਦਨੀ ਚੌਕ ਵਿਚ ਪਾਠ ਆਰੰਭ ਕਰਕੇ,ਦਾਤਾ ਬਹਿ ਗਿਆ ਚੌਕੜਾ ਮਾਰ ਭਾਈ।
ਨੂਰ ਵੇਖ ਕੇ ਕੰਬ ਗਈ ਸੀ ਰੂਹ ਉਸ ਦੀ , ਹੋਈ ਆਤਮਾ ਸ਼ਰਮਸ਼ਾਰ ਭਾਈ।
ਕਿਉਂ ਡਰਦਾ ਤੂੰ ਨਹੀਂ ਤੇਗ ਚੁੱਕਦਾ,ਕਰਦਾ ਕਿਉਂ ਨਹੀਂ ਆਪਣਾ ਵਾਰ ਭਾਈ।

ਕੰਬਦੇ ਹੱਥਾਂ ਨਾਲ ਜਲਾਦ ਨੇ ਵਾਰ ਕੀਤਾ, ਪਾਵਨ ਸੀਸ ਗੁਰਾਂ ਦਾ ਲਹਿ ਗਿਆ ਸੀ।
ਧਰਤੀ ਕੰਬੀ ਤੇ ਅਕਾਸ਼ ਵੀ ਡੋਲਿਆ ਸੀ, ਜ਼ਾਲਮ ਫੜਕੇ ਕਾਲਜਾ ਬਹਿ ਗਿਆ ਸੀ।
ਹਾਹਾਕਾਰ ਮੱਚੀ ਮਾਤ ਲੋਕ ਉੱਤੇ, ਨੀਰ ਨਰ ਨਾਰੀ ਦੀ ਅੱਖ ਦਾ ਵਹਿ ਗਿਆ ਸੀ।
ਔਰੰਗਜੇਬ ਨੂੰ ਲੁਕਾਈ ਨੇ ਪਾਈ ਲਾਹਨਤ,ਸਿਹਰਾ ਜਿੱਤ ਦਾ ਗੁਰਾਂ ਦੇ ਪੈ ਗਿਆ ਸੀ।

ਧਨੀ ਤੇਗ਼ ਦਾ ਤੇਗ਼ ਦੀ ਭੇਟ ਹੋਇਆ ਦਾਤੇ ਕੀਤਾ ਵਚਨ ਸੀ ਮੂੰਹੋ ਪੁਗਾ ਦਿੱਤਾ।
ਧਰਮ ਹੇਤ ਸੀਸ ਦਿੱਤਾ ਨਾ ਸੀ ਕੀਤੀ, ਸੀਸ ਲਾ ਕੇ ਤਿਲਕ ਜੰਝੂ ਬਚਾ ਦਿੱਤਾ।
ਧਰਮ ਵਾਸਤੇ ਕਿੰਝ ਕੁਰਬਾਨ ਹੋਣਾ, ਰਸਤਾ ਸਿੱਖਾਂ ਨੂੰ ਗੁਰਾਂ ਨੇ ਸਿੱਖਾ ਦਿੱਤਾ।
ਬਾਂਹ ਫੜ੍ਹੇ ਦੀ ਦਾਤੇ ਨੇ ਲਾਜ਼ ਰੱਖੀ, ਮਾਰਗ ਧਰਮ ਦਾ ਗੁਰੂ ਨੇ ਸਾਨੂੰ ਵੇਖਾ ਦਿੱਤਾ।

26 ਸਾਲ ਰਹਿ ਕੇ ਵਿਚ ਭੋਰੇ, ਪਾਈਆਂ ਗੁਰੂ ਨੇ ਰੱਬ ਦਾ ਵੱਡਾ ਗਿਆਨ ਭਾਈ।
ਮੱਖਣ ਸ਼ਾਹ ਨੇ ਕੀਤਾ ਆਣ ਪਰਗਟ,ਮਿਲਿਆ ਸੰਗਤਾਂ ਨੂੰ ਗੁਰੂ ਚੱਤਰ ਸੁਜਾਨ ਭਾਈ।
ਜੈ-ਜੈ ਵੰਤੀ ਰਾਗ ਦੇ ਨਾਲ ਬਾਣੀ ਤਿਆਰ ਕੀਤੀ,ਸਾਨੂੰ ਕੀਤੀ ਫ਼ਿਰ ਇਹ ਦਾਨ ਭਾਈ।
ਢਿੱਲੋਂ” ਜ਼ਾਲਮਾਂ ਤਾਂਈ ਲੋਕੀ ਦੇਣ ਗਾਲ੍ਹਾਂ,ਮਹਿਮਾ ਗੁਰੂ ਦੀ ਸਾਰੇ ਲੋਕੀਂ ਗਾਣ ਭਾਈ।

ਨਸ਼ੇ ਭੈੜੇ ਹਨ

ਲੋਕੌ ਨਸ਼ੇ ਸੰਸਾਰ ਤੇ ਹੈਂ ਭੈੜੇ,ਭਾਵੇਂ ਇਹ ਹਨ ਅਫੀਮ,ਸ਼ਰਾਬ,ਸਮੈਕ ,ਭੁੱਕੀ ਜਾ ਭੰਗ ਹੋਵੇ।

ਇਹਨਾਂ ਨੂੰ ਲੈਣ ਵਾਲਾ ਸਦਾ ਹੀ ਦੁੱਖੀ ਰਹਿੰਦਾ, ਨਾਲੇ ਮਾਂ -ਬਾਪ ਤੇ ਪਤਨੀ ਵੀ ਤੰਗ ਹੋਵੇ।

ਖੁਸ਼ੀਆਂ ਪਰਵਾਰ ਦੀਆਂ ਨਸ਼ੇ ਇਹ ਖੌਹ ਲੈਂਦੇ,ਉੋਡਿਆਂ ਸਦਾ ਹਰ ਜੀਆਂ ਦਾ ਰੰਗ ਹੋਵੇ।

ਉਜਾਡਾ ਘਰਾਂ ਦਾ ਨਸ਼ੇ ਰਹਿਣ ਕਰਦੇ, ਸੁੱਖੀ ਵਸਦਾ ਪਰਵਾਰ ਇਸ ਮਾਰ ਦਾ ਨੰਗ ਹੋਵੇ।

ਨੋਜਵਾਨੋ ! ਟੀਕੇ ਨਸ਼ੇ ਦੇ ਮਾੜੇ ਤੇ ਗੋਲੀਆਂ ਭੈੜੀਆਂ ਨੇ, ਕੈਸਰ ਵਰਗਾ ਰੋਗ ਫੈਲਾਉਂਦੇ ਇਹ।

ਛੈਲ ਛਬੀਲੇ ਗਂਭਰੂ ਸੁੱਕ ਕੇ ਤੀਲਾ ਹੁੰਦੇ,ਜਿਸ ਸਰੀਰ ਵਿਚ ਵੀ ਡੇਰਾ ਜਾ ਕੇ ਲਾਉਂਦੇ ਇਹ।

ਨਸ਼ੇ ਹੱਡ ਗਾਲਦੇ ਮਤ ਮਾਰਦੇ,ਚੰਗਿਆਂ ਭਲਿਆਂ ਪੁਰਸ਼ਾ ਤਾਈ ਮਾੜੇ ਸਬਕ ਸਿਖਾਉਂਦੇ ਇਹ।

ਆਲਸ ਕਰਦੇ ਸੁਸਤੀ ਪਾਉਂਦੇ, ਮਿਹਨਤਕਸ਼ ਕਾਮਿਆਂ ਤਾਈਂ ਵੇਹਲੜ ਪਏ ਬਣਾਉਂਦੇ ਇਹ।

ਸਾਡਾ ਰੰਗਲਾ ਪੰਜਾਬ ਕਦੇ ਵੀ ਨਾ ਮੰਦਹਾਲੀ ਵੱਲ ਜਾਂਦਾ,ਨਸ਼ੇ ਜੇ ਨਾ ਏਥੇ ਆ ਕੇ ਘਰ ਕਰਦੇ।

ਸੋਹਣੇ ਪੰਜਾਬ ਦੀ ਆਨ ਤੇ ਸ਼ਾਨ ਬਦਲੇ, ਵੇਖੋ ਸਾਡੇ ਸੂਰਮੇ ਸਦਾ ਹੀ ਹੱਸ ਹੱਸ ਕੇ ਰਹੇ ਮਰਦੇ।

ਨੋਜਵਾਨ ਨਸ਼ਿਆਂ ਅਧੀਨ ਹੋ ਗਏ, ਸਮਝ ਨਾ ਆਵੇ ਸਾਡੇ ਪੰਜਾਬ ਦੇ ਨੇਤਾਂ ਇਹ ਕਿਵੇਂ ਜਰਦੇ।

ਵਿਰਸਾ ਸਾਡਾ ਨਹੀਂ ਵੀਰੋ ਨਸ਼ੇ ਕਰਨਾ,ਪਰ ਸਾਡੇ ਨੌਜਵਾਨ ਨਸ਼ਿਆਂ ਤੋਂ ਕਿਉਂ ਨਹੀਂ ਡਰਦੇ।

ਹੱਥ ਜੋੜ ਕੇ ਸਂਭ ਨੂੰ ਮੈਂ ਅਪੀਲ ਕਰਦਾ, ਨੌਜਵਾਨੋ! ਨਸ਼ੇ ਸਾਰੇ ਹੀ ਦਿਓ ਅੱਜ ਤੋਂ ਛੱਡ ਭਾਈ।

ਕੌਹੜ ਜਿੰਦਗੀ ਦਾ ਜੋ ਇਹ ਚੰਬੜਿਆਂ ਏ, ਇਓ ਇਸ ਦਾ ਫਸਤਾ ਅੱਜ ਤੋਂ ਤੁਸੀ ਵਂਢ ਭਾਈ।

ਨਸ਼ੇ ਸਾਰੇ ਬੁਂਧੀ ਭਰਿਸ਼ਟ ਕਰਦੇ,ਜਿਗਰ ਨੂੰ ਗਾਲ ਦੇਂਦੇ, ਜਾਨ ਦੇਣ ਸਰੀਰ ਵਿਚੋ ਕੱਢ ਭਾਈ।

ਉਸ ਕਿਲੇ ਦਾ ਇਹ ਸਤਿਆਂ ਨਾਸ ਕਰਦੇ, ਜਿੱਥੇ ਜਾ ਕੇ ਦੇਣ ਆਪਣੇ ਝੰਡੇ ਇਹ ਗੱਡ ਭਾਈ।

ਵੇਲਾਂ ਅੱਜੇ ਵੀ ਬੀਤਿਆਂ ਨਹੀਂ,ਨਸ਼ੇ ਆਪਾਂ ਵੀਰੋ ਨਹੀਂ ਕਰਨੇ,ਕਰਦੇ ਜਿਹੜੇ ਨੇ ਨਿੱਤ ਲੁਟ ਸਾਡੀ।

ਰੰਗਲੇ ਪੰਜਾਬ ਦੇ ਜਵਾਨ ਨਸ਼ਿਆਂ ਮਾਰ ਦਿੱਤੇ, ਦਿੱਤੀ ਆਨ,ਸ਼ਾਨ ਅਰਸ਼ ਤੋਂ ਫਰਸ਼ ਸੁਟ ਸਾਡੀ।

ਵਿਪਾਰੀ ਜ਼ਹਿਰ ਦੇ ਕਰਦੇ ਪਏ ਨੇ ਲੁਟ ਭਾਰੀ, ਸੰਘੀ ਆਰਥਿਕਤਾ ਵਾਲੀ ਦਿਤੀ ਘੁੱਟ ਸਾਡੀ।

“ਢਿੱਲੋਂ” ਆਪਾਂ ਅੱਜ ਤੋਂ ਨਹੀਂ ਜੇ ਨਸ਼ੇ ਕਰਨੇ, ਹੋਈ ਏਕਤਾ ਸਾਰਿਆਂ ਦੀ ਹੈ ਇਕ ਜੁਟ ਸਾਡੀ

ਨਹੀਂ ਮਿਲੇ ਯਾਰ ਪਿਆਰੇ।

ਲੁੱਟ ਕੇ ਤੂੰ ਮੜ੍ਹੀ ਤਿਆਰ ਕੀਤੀ,

ਐਪਰ ਮਰਨਾ ਦਿੱਤਾ ਤੂੰ ਆਪ ਵਿਸਾਰ ਬੰਦੇ।

ਬੇਮਾਈਨੀਆਂ ਤੇਰਾ ਹੀ ਧਰਮ ਹੋਇਆ,

ਇਹ ਕਿੰਨੇ ਭੈੜੇ ਨੇ ਤੇਰੇ ਵਿਚਾਰ ਬੰਦੇ।

ਲੁੱਟ ਗਰੀਬਾਂ ਨੂੰ ਤੂੰ ਮੰਦਰੀ ਦਾਨ ਕਰਦਾ,

ਸੱਚਾ ਹੋਣ ਦਾ ਕਰੇ ਇਕਰਾਰ ਬੰਦੇ।

ਸੱਚ ਛੱਡ ਕੇ ਝੂਠ ਦਾ ਲੜ੍ਹ ਫੜਿਆ,

ਲੁੱਚੇ ਲੰਡੇ ਤੇ ਬਦਮਾਸ਼ ਨੇ ਤੇਰੇ ਯਾਰ ਬੰਦੇ।

ਦੀਨ ਭੁਲਾ ਕੇ ਦੁਨੀਆਂ ਲੁੱਟੇ,ਰੱਬ ਦੀ ਯਾਦ ਨਾ ਆਵੇ।

ਕਾਲ ਬਲੀ ਨੇ ਆ ਕੇ ਫੜਣਾ,ਫਿਰ ਤੂੰ ਤਰਲੇ ਪਾਵੇ।

ਲੁੱਟ ਕਮਾਈਆਂ ਮਹਿਲ ਉਸਾਰੇ, ਉਚੇ ਪਾਏ ਚੁਬਾਰੇ।

ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।

ਕਾਰੂ ਵਰਗੇ ਤੁਰ ਗਏ ਏਥੋਂ, ਜਿਨ੍ਹਾਂ ਗੰਜ ਰੂਪੈ ਜੋੜੇ।

ਅੰਤ ਮੌਤ ਨੇ ਕੀਤਾ ਕਾਬੂ, ਮਾਨ ਉਹਦੇ ਸੀ ਤੋੜੇ।

ਫਿਰ ਨਾ ਆਏ ਇਸ ਧਰਤੀ ਤੇ,ਕਈ ਫੰਨੇ ਖਾ ਹੰਕਾਰੇ।

ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।

ਨਾਦਰ ਤੇ ਅਬਦਾਲੀ ਆਏ,ਜਿਹਨਾਂ ਸੀ ਲੁੱਟ ਮਚਾਈ।

ਅੰਤ ਵਾਰ ਸੀ ਰੋਂਦੇ ਤੁਰ ਗਏ,ਉਹ ਦੇਂਦੇ ਗਏ ਦੁਹਾਈ।

ਖਾਲੀ ਆਏ ਸੀ ਖਾਲੀ ਤੁਰ ਗਏ,ਜੋ ਭਰਮਾਂ ਦੇ ਮਾਰੇ।

ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।

ਇਹ ਝੰਡੇ ਨਹੀਂ ਝੂਲਦੇ ਰਹਿਣੇ, ਨਾ ਰਹਿਣੇ ਨੇ ਮਾਪੇ।

ਇਹ ਕੀਤੇ ਤੈਨੂੰ ਪੈਣੇ ਭੁਗਤਣੇ, ਹੱਥੀਂ ਪਾਏ ਸਿਆਪੇ।

ਪਾਪਾਂ ਦਾ ਲੇਖਾਂ ਹੋਣਾ,ਜਦ ਧਰਮ ਰਾਜ ਨੇ ਕੀਤੇ ਨਿਤਾਰੇ।

ਅੰਤ ਖਾਕ ਨੂੰ ਛਂਡਕੇ ਜਾਣਾ, ਨਹੀਂ ਮਿਲੇ ਯਾਰ ਪਿਆਰੇ।

ਇਨ੍ਹਾਂ ਮਹਿਲਾ ਮਾੜੀਆਂ ਦਾ ,ਅੰਤ ਹੈ ਇਕ ਦਿਨ ਹੋਣਾ।

ਤੇਰੀ ਸਾਰ ਕਿਸੇ ਨਹੀਂ ਲੈਣੀ ਬੰਦੇ ,ਫਿਰ ਪੈਣਾ ਹੈ ਰੋਣਾ।

ਹੁਣ ਤੈਨੂੰ ਚੰਦ ਨਹੀਂ ਦਿਹਦਾ, ਫਿਰ ਦਿਨੀ ਦਿਸਣਗੇ ਤਾਰੇ।

ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।

ਚਾਰ ਦਿਨ ਦਾ ਜੀਵਨ ਜੱਗਤੇ ਕਰ ਲਏ ਕਮਾਈਆਂ।

ਮਾਂ ਬਾਪ ਦੀ ਸੇਵਾ ਕਰ ਲਏ,ਪਿਆਰ ਵਧਾ ਲਏ ਭਾਈਆਂ।

ਨਹੀਂ ਮਿਲਣੇ ਫਿਰ ਜਿੰਦਗੀ ਵਾਲੇ ,ਚੰਗੇ ਪੀਘ ਹੁਲਾਰੇ।

ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।

ਦੀਨ ਦੁਨੀ ਦੀ ਸੇਵਾ ਕਰਦੇ, ਪਾਉਂਦੇ ਮਾਣ ਵੱਡਿਆਈਆਂ।

ਝੁਕ-ਝੁਕ ਲੋਕੀਂ ਕਰਨ ਸਲਾਮਾਂ,ਇੱਜਤਾਂ ਹੋਣ ਸਵਾਈਆਂ।

ਫੁੱਲ ਪੈਂਦੇ ਅਰਸ਼ਾ ਤੋਂ,ਉਹ ਜਾਂਦੇ ਹਰ ਥਾਂ ਤੇ ਸਤਿਕਾਰੇ।

ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।

ਠਂਗੀਆਂ ਮਾਰਿਆ ਕੁਝ ਨਹੀਂ ਬਣਦਾ, ਰੱਬ ਕੋਲੋ ਸਭ ਮੰਗੋ।

ਉਹ ਹੈ ਸਭ ਨੂੰ ਦੇਵਣ ਹਾਰਾ,ਯਾਰੋ ਉਸ ਤੋਂ ਮੂਲ ਨਾ ਸੰਗੋ।

‘ਢਿੱਲੋਂ ‘ਆਖੇ ਰਂਬ ਹੀ ਵੱਡਾ,ਉਹਦੇ ਹੀ ਸਾਨੂੰ ਸਹਾਰੇ।

ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।

ਖਾਲਸਾ

ਦਾਤਾ ਤੇਰੇ ਖਾਲਸੇ ਦੀ ਕੀ ਸਿਫਤ ਲਿਖਾ,ਇਹਨੇ ਕੀਤੀਆਂ ਬਹੁਤ ਕੁਰਬਾਨੀਆਂ ਨੇ।

ਇਹਦੇ ਖੂਨ ਨੂੰ ਆਰਿਆਂ ਰੱਜ ਖੂਬ ਪੀਤਾ, ਜ਼ੁਲਮ ਢਾਹੇ ਨੇ ਬੜੇ ਅਫਗਾਨੀਆਂ ਨੇ।

ਵਿਚ ਜੰਗਲਾਂ ਇਹ ਜਵਾਨ ਹੋਇਆ,ਇਹਨੇ ਝਲੀਆਂ ਅਤ ਦੀਆਂ ਪਰੇਸ਼ਾਨੀਆਂ ਨੇ।

ਕਈ ਵਾਰ ਇਹਦੇ ਘਰ ਘਾਟ ਬਰਬਾਦ ਹੋਏ,ਲੱਖਾਂ ਹੋਈਆਂ ਕਤਲ ਜਵਾਨੀਆਂ ਨੇ।

ਸਤਿਗੁਰੂ,ਬੰਦਾ ਸਿੰਘ ਲੈ ਕੇ ਪਾਹੁਲ ਤੈਥੋਂ, ਦਾਤਾ ਵਿਚ ਪੰਜਾਬ ਦੇ ਉਹ ਗੱਜਿਆ ਸੀ।

ਚੁਣ ਚੁਣ ਕੇ ਦੁਸ਼ਟਾਂ ਦਾ ਸੀ ਨਾਸ ਕੀਤਾ,ਵੈਰੀ ਵੇਖ ਉਹਨੂੰ ਗੀਂਦੀ ਬਣ ਭੱਜਿਆ ਸੀ।

ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ,ਬੰਦਾ ਬਣ ਲੋਹਾਂ ਸਿਰ ਵੈਰੀ ਵੱਜਿਆ ਸੀ।

ਝੰਡੇ ਝੂੁਲ ਗਏ ਫਿਰ ਆਣ ਸਰਹੰਦ ਅੰਦਰ,ਜਦ ਤੇਰਾ ਖਾਲਸਾ ਹੋਰ ਆ ਸੱਜਿਆ ਸੀ।

ਮੀਰ ਮੰਨੂੰ ਤੇ ਅਬਦਾਲੀ ਨਾ ਕੋਈ ਘੱਟ ਕੀਤੀ, ਜ਼ੁਲਮ ਅੰਤ ਦਾ ਉਨ੍ਹਾਂ ਗੁਜਾਰਿਆ ਸੀ।

ਮਾਈਆਂ ਕੈਦ ਕਰਕੇ ਨੰਨਿਆਾਂ ਨੂੰ ਕਤਲ ਕੀਤਾ, ਦੁੱਖ ਅੱਤ ਦਾ ਸਿੰਘਾਂ ਸਹਾਰਿਆ ਸੀ।

ਬੱਚੇ ਕੱਟ ਕੇ ਮਾਵਾਂ ਦੇ ਗੱਲੀਂ ਹਾਰ ਪਾਏ, ਸਿਦਕ ਮੂਲ ਨਾ ਸਿੰਘਣੀਆਂ ਹਾਰਿਆ ਸੀ।

ਸਿਂਖੀ ਸਿਦਕ ਤੇ ਰਹੇ ਸੀ ਕਾਇਮ ਸੂਰੇ, ਭਾਵੇਂ ਖੋਪਰ ਰੱਬੀਆਂ ਨਾਲ ਉਤਾਰਿਆ ਸੀ।

ਦੁੱਖੀ ਮਾਛੀ ਨੇ ਆਣ ਪੁਕਾਰ ਕੀਤੀ, ਤਾਰੂ ਸਿੰਘ ਨੇ ਕੀਤੀਆਂ ਤਿਆਰੀਆਂ ਸੀ।

ਰਾਠੀ ਸਿੰਘਾਂ ਨੂੰ ਨਾਲ ਲੈ ਕੇ, ਅਹਿੰਕਾਰੀ ਜ਼ਾਫਰ ਬੇਗ਼ ਨੂੰ ਤੇਗਾਂ ਜਾ ਮਾਰੀਆਂ ਸੀ।

ਅਬਲਾ ਜਾਲਮ ਤੋਂ ਜਾ ਅਜ਼ਾਦ ਕੀਤੀ, ਅਸੀਸਾਂ ਮਾਛੀ ਨੇ ਦਿੱਤੀਆਂ ਭਾਰੀਆਂ ਸੀ।

ਮੌਤ ਦੀ ਮਾਂਗ ਵਿਚ ਖੂਨ ਭਰਿਆ, ਜ਼ੁਲਫਾਂ ਮੌਤ ਦੀਆਂ ਜਾਨਾਂ ਦੇ ਸੁਵਾਰੀਆਂ ਸੀ।

ਚਾੜ ਚੜਖੜੀਆਂ ਪਿੰਜ ਤੇ ਵਾਂਗ ਪੈਂਜੇ,ਐਪਰ ਸਿੰਘ ਹੱਸ ਹੱਸ ਕੇ ਖੱਲ ਲਾਹੁੰਦੇ ਰਹੇ।

ਜਿੰਦ ਜਾਨ ਦੀ ਨਹੀਂ ਰਤੀ ਪਰਵਾਹ ਕੀਤੀ, ਬੰਦ ਬੰਦ ਵੀ ਸਿੰਘ ਕਟਵਾਂਉਂਦੇ ਰਹੇ।

ਜਾਨਾਂ ਵਾਰਕੇ ਵੀ ਰਹੇ ਉਪਕਾਰ ਕਰਦੇ,ਦੁੱਖ ਝਂਲ ਕੇ ਆਪਣਾ ਫਰਜ਼ ਪੁਗਾਉਂਦੇ ਰਹੇ।

ਈਨ ਮੰਨੀ ਦਾ ਜ਼ਰਾ ਵੀ ਵੈਰੀਆਂ ਦੀ, ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਦੇ ਰਹੇ।

ਜਦ ਵੈਰੀ ਕਹਿਣ ਕੇ ਮਾਰਤੇ ਸਿਂਖ ਸਾਰੇ,ਨਾਕੇ ਚੁੰਗੀ ਦੇ ਸਿੰਘਾਂ ਨੇ ਆਣ ਲਾਏ।

ਬੀਕਾਨੇਰ ਤੋਂ ਖਾਲਸਾ ਤਿਆਰ ਹੋਇਆ, ਦੁਸ਼ਟ ਮੱਸਾ ਤੇ ਸਾਥੀ ਆਣ ਝਟਕਾਏ।

ਜਦ ਅਬਦਾਲੀ ਅਬਲਾਂ ਸੀ ਲੈ ਤੁਰਿਆ, ਸਿੰਘਾਂ ਆ ਰਾਹ ਸਨ ਉਹਦੇ ਅਟਕਾਏ।

ਘਲੂਘਾਰਿਆਂ ਕੌਮ ਦਾ ਬਹੁਤ ਨੁਕਸਾਨ ਕੀਤਾ,ਪਰ ਤੇਰੇ ਸਿੰਘ ਨਾ ਰਤਾ ਘਬਰਾਏ।

ਅੰਤ ਪੈ ਗਿਆ ਮੁੱਲ ਕੁਰਬਾਨੀਆਂ ਦਾ, ਫਿਰ ਸਿੰਘ ਵਿਚ ਪੰਜਾਬ ਦੇ ਛਾ ਗਏ ਸੀ।

ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਕਾਇਮ ਕੀਤਾ,ਵੈਰੀ ਡਰ ਖਾ ਗਏ ਸੀ।

ਖੈਬਰ ਤੀਕ ਝੂਲੇ ਝੰਡੇ ਖਾਲਸੇ ਦੇ,ਐਸੇ ਖਾਲਸੇ ਤਲਵਾਰ ਦਾ ਜੋਹਰ ਵੇਖਾ ਗਏ ਸੀ।

ਜਰਵਾਣੇ ਨੱਸ ਗਏ ਛੱਡ ਪੰਜਾਬ ਸਾਰਾ, ਜੋ ਬਚੇ ਸ਼ਰਨ ਖਾਲਸੇ ਦੀ ਆ ਗਏ ਸੀ।

ਖਾ ਕੇ ਮੁੱਠ ਛੋਲਿਆਂ ਦੀ ਰਿਹਾ ਲੜਦਾ, ਹਿੰਮਤਾਂ ਕਦੇ ਵੀ ਖਾਲਸੇ ਹਾਰੀਆਂ ਨਹੀਂ।

ਖਾਲਸੇ ਹੱਸ ਕੇ ਕੌਮ ਲਈ ਖੂੁਨ ਦਿੱਤਾ, ਜਾਨਾਂ ਕੀਤੀਆਂ ਮੂਲ ਪਿਆਰੀਆਂ ਨਹੀਂ।

ਸਦਾ ਗਊ ਗ਼ਰੀਬ ਦੀ ਮਦਦ ਕੀਤੀ, ਨੀਤਾਂ ਕਦੇ ਵੀ ਮਾੜੀਆਂ ਧਾਰੀਆਂ ਨਹੀਂ।

“ਢਿੱਲੋਂ”ਇੱਕੀ ਦੇ ਇਕੱਤੀ ਮੋੜ ਦਿਤੇ,ਭਾਜੀਆਂ ਰਂਖੀਆਂ ਸਿਰ ਹੁਦਾਰੀਆਂ ਨਹੀ।

ਸਾਕਾ ਚਮਕੌਰ

ਜੱਥੇਦਾਰ ਸੀ ਕਰੇ ਅਗਵਾਈ,

ਕਲਗੀ ਉਹਨੇ ਸੀਸ ਤੇ ਲਾਈ।

ਚਮਕਾ ਮਾਰੇ ਰੂਪ ਇਲਾਹੀ,

ਥੋੜੇ ਜਹੇ ਸਨ ਨਾਲ ਸਿਪਾਹੀ।

ਕੱਚੀ ਗੜ੍ਹੀ ਵਿਚ ਲਾਇਆ ਡੇਰਾ,

ਦਸਮੇਸ਼ ਦਾ ਪਹਾੜ ਜਿਡਾ ਜੇਰਾ।

ਧਾੜਾਂ ਦੁਸ਼ਮਣ ਦੀਆਂ ਆਈਆਂ।

ਫੋਜਾਂ ਥਾਂ ਥਾਂ ਤੇ ਬੈਠਾਈਆਂ।

ਉਤੋਂ ਰਾਤ ਪੈ ਗਈ ਕਾਲੀ,

ਕੇਵਲ ਸਿੰਘ ਸੀ ਨਾਲ ਚਾਲੀਂ।

ਪੇਟੋਂ ਭੁਂਖੇ ਚਾਲੀਂ ਸ਼ੇਰ,

ਦੱਸ ਲਂਖ ਗਿਦੜਾਂ ਲਏ ਸੀ ਘੇਰ।

ਵੈਰੀ ਐਲੀ ਐਲੀ ਪਏ ਪੁਕਾਰ ਦੇ,

ਪਾ ਕੇ ਘੇਰਾ ਪਏ ਲਲਕਾਰ ਦੇ।

ਦਸਮੇਸ਼ ਜੱਥੇ ਪੰਜਾਂ -ਪੰਜਾਂ ਦੇ ਬਣਾਉਂਦੇ,

ਮਾਰ ਕਈਆਂ ਨੂੰ ਉਹ ਸ਼ਹੀਦੀ ਪਾਉਂਦੇ।

ਸਹਿਬਜਾਂਦਾ ਅਜੀਤ ਸਿੰਘ ਚੜਿਆ,

ਵੈਰੀ ਨਾਲ ਖੂਬ ਸੀ ਲੜਿਆ।

ਰਣ ਵਿਚ ਚੰਗੀ ਤੇਗ਼ ਚਲਾਈ,

ਕਈਆਂ ਨੂੰ ਮਾਰ ਸ਼ਹੀਦੀ ਪਾਈ।

ਪੁੱਤਰ ਨੇ ਜਦ ਪ੍ਰਾਣ ਸੀ ਵਾਰੇ,

ਪਿਤਾ ਗੜ੍ਹੀ ,ਚੋ ਛੱਡੇ ਜੈਕਾਰੇ।

ਫਿਰ ਜੂਝਾਰ ਸੀ ਅੱਗੇ ਆਇਆ,

ਪਿਤਾ ਉਸ ਨੂੰ ਥਾਪੜਾ ਲਾਇਆ।

ਗੋਬਿੰਦ ਦਾ ਸੀ ਬੀਰ ਸਿਪਾਹੀ,

ਚੰਗੀ ਉਸ ਨੇ ਵਾਢੀ ਪਾਈ।

ਭਾਜੜ ਉਸ ਨੇ ਫੌਜ ਵਿਚ ਪਾਈ,

ਵੈਰੀ ਨਾਲ ਲ ਕਰ ਗਿਆ ਚੜ੍ਹਾਈ।

ਜੁਝਾਰ ਨੇ ਜਦ ਪ੍ਰਾਣ ਸੀ ਵਾਰੇ,

ਕਲਗੀਧਰ ਛੱਡੇ ਫਿਰ ਜੈਕਾਰੇ।

ਸਿੰਘਾਂ ਨੇ ਸੀ ਹੱਥ ਵੇਖਾਏ,

ਕਈ ਸੀ ਉਨ੍ਹਾਂ ਪਾਰ ਸੀ ਬੁਲਾਏ।

ਕਈ ਪੌੜੀਆਂ ਰਾਹੀ ਚੜੇ,

ਉਹ ਕਾਲ ਬਲੀ ਨੇ ਆਣ ਫੜੇ।

ਕਿਹਾ ਸਿੰਘਾਂ ਗੁਰ ਜੀ ਜਾਓ,

ਬਾਹਰ ਜਾ ਕੇ ਸਿੰਘ ਸਜਾਓ।

ਸੁਣ ਕੇ ਗੋਬਿੰਦ ਸਿੰਘ ਹੱਸੇ।

ਸਿੰਘਾਂ ਨੂੰ ਛਂਡ ਉਹ ਕਿਦਾ ਨੱਸੇ।

ਆਖਰ ਸਿੰਘਾਂ ਇਕ ਗੁਰਮਤਾ ਪਕਾਇਆ,

ਗੋਬਿੰਦ ਤਾਈਂ ਹੁਕਮ ਸੁਣਾਇਆ।

ਖਾਲਸੇ ਅੱਗੇ ਗੁਰਾਂ ਸੀਸ ਝੁਕਾਇਆ,

ਫਿਰ ਦਾਤੇ ਨਿਕਲਣ ਦਾ ਸਵਾਂਗ ਰਚਾਇਆ।

ਗੁਰਾਂ ਨੇ ਇਤਿਹਾਸ ਨੂੰ ਦਿੱਤਾ ਮੋੜਾ,

ਸੰਗਤ ਸਿੰਘ ਨੂੰ ਬਖਸ਼ਿਆ ਕਲਗੀ ਤੋੜਾ।

ਕਾਲੀ ਰਾਤ ਵਿਚ ਚਮਕਣ ਤਾਰੇ,

ਜਾਂਦੀ ਵਾਰ ਗੋਬਿੰਦ ਛੱਡੇ ਜੈਕਾਰੇ।

ਚੜਿਆ ਦਿਨ ਹੋਈ ਖੂਬ ਸੀ ਜੰਗ,

ਦੁਸ਼ਮਣ ਵੇਖ ਕੇ ਰਹਿ ਗਏ ਦੰਗ।

ਸੰਤ ਸਿੰਘ ਤੇ ਸੰਗਤ ਸਿੰਘ ਕੀਤੀ ਲੜਾਈ,

ਲੜ ਕੇ ਸਿੰਘਾਂ ਸ਼ਹੀਦੀ ਪਾਈ।

ਸਵੇਰੇ ਗੜ੍ਹੀ ਵੇਖ ਕੇ ਖਾਲੀ,

ਚੜੀ ਦੁਸ਼ਮਣ ਦੇ ਮੂੰਹ ਲਾਲੀ।

ਸਮਝਣ ਗੋਬਿੰਦ ਮਾਰ ਮੁਕਾਇਆ,

ਕਲਗੀ ਵੇਖ ਭੁਲੇਖਾ ਖਾਇਆ।

ਸਿੰਘਾਂ ਦੀ ਸੀ ਧੰਨ ਕਮਾਈ,

ਸਿਂਖੀ ਜਿਨ੍ਹਾਂ ਰਂਖ ਵੇਖਾਈ।

ਕਲਗੀਧਰ ਨਵਾਂ ਇਤਿਹਾਸ ਬਣਾ ਗਏ,

ਸਵਾ ਲੱਖ ਨਾਲ ਇੱਕ ਲੜਾ ਗਏ।

ਸਵਾ ਲੱਖ ਨਾਲ ————–।

“ਪਰਸੰਗ ਮੱਸੇ ਰੰਘੜ ਦੀ ਮੌਤ

ਦੋਊ ਸਿੰਘ ਤਹਿੰ ਜਾ ਪੁਜੋ ਜਹਿੰ ਬਾਜੈ ਮਿਰਦੰਗ।
ਕੱਢ ਸਿਰੋਹੀ ਸਿਰ ਦਈ ਕੋ ਨਿਰਸੰਗ।
“ ਪ੍ਰਾਚੀਨ ਪੰਥ ਪਰਕਾਸ਼”
ਬੰਦਾ ਬਹੁਦਰ ਦੀ ਸ਼ਹਾਦਤ ਤੋਂ ਬਾਅਦ ਤਾਂ ਸਿੱਖਾਂ ਤੇ ਮਾਨੋ ਆਫ਼ਤ ਦੇ ਬਦਲ ਹੀ ਛਾ ਗਏ। ਜੋ ਵੀ ਹੁਕਮਰਾਨ ਆਇਆ ਉਸ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਕੋਈ ਕਸਰ ਬਾਕੀ ਨਾ ਛੱਡੀ। ਖਾਨ ਬਹਾਦੁਰ ਜ਼ਕਰੀਆ ਖ਼ਾਂ ਨੇ ਸਿੰਘਾਂ ਦਾ ਖੁਰਾ ਖੋਜ ਮਿਟਾਉਣ ਵਿਚ ਕੋਈ ਕਸਰ ਨਾ ਛੱਡੀ ਜ਼ੁਲਮ ਦੀ ਇੰਤਾਹ ਕਰ ਦਿਤੀ।ਮੱਸਾ ਰੰਘੜ ਮੰਡਿਆਲੇ ਦਾ ਚੌਧਰੀ ਸੀ।ਅੰਮ੍ਰਿਤਸਰ ਉੁਸ ਦੇ ਇਲਾਕੇ ਵਿਚ ਸੀ।ਅੰਮ੍ਰਿਤਸਰ ਵਿਚ ਮੱਸੇ ਦੇ ਆਦਮੀ ਹਰਲ-ਹਰਲ ਕਰਦੇ ਫਿਰਦੇ ਸਨ। ਸਿੱਖ ਤਾਂ ਆਟੇ ਵਿਚ ਲੂਣ ਵੀ ਨਹੀ ਸਨ।ਮੱਸੇ ਦੇ ਦੁਆਲੇ ਚੰਡਾਲ ਚੌਕੜੀ ਦਾ ਘੇਰਾ ਸੀ ।ਮੱਸਾ ਜ਼ਕਰੀਆ ਖ਼ਾਨ ਵੱਲੋਂ ਮਿਲੀ ਤਲਵਾਰ ਦੀ ਮੁੱਠ ਤੇ ਹੱਥ ਰੱਖ ਕੇ ਮੁੱਛਾਂ ਨੂੰ ਵੱਟ ਚਾੜ੍ਹਦਾ ,ਤਾਕਤ ਦੇ ਨਸ਼ੇ ਵਿਚ ਮਤਵਾਲਾ ਰਹਿੰਦਾ। ਖ਼ਾਨ ਬਹਾਦੁਰ ਜ਼ਕਰੀਆਂ ਖ਼ਾਨ ਨੇ ਉਸ ਨੂੰ ਫ਼ੌਜ ਦੇ ਕੇ ਅੰਮ੍ਰਿਤਸਰ ਦੀ ਰਾਖੀ ਉਤੇ ਲਾ ਦਿੱਤਾ।ਉਹ ਜਾਣਦਾ ਸੀ ਕਿ ਜਦ ਕਦੇ ਵੀ ਸਿੰਘ ਪੰਜਾਬ ਆਉਣਗੇ ਅੰਮ੍ਰਿਤਸਰ ਜਰੂਰ ਆਉਣਗੇ।ਜਿਸ ਹਰਿਮੰਦਰ ਸਾਹਿਬ ਵਿਚ ਹਰ ਵੇਲੇ ਸ਼ਾਤਮਈ ਕੀਰਤਨ ਹੁੰਦਾ ਸੀ ਇਲਾਹੀ ਬਾਣੀ ਦਾ ਪਰਵਾਹ ਚਲਦਾ ਸੀ ਪ੍ਰਭੂ ਦੇ ਪਿਆਰੇ ਆ ਕੇ ਨਕਮਸਤਕ ਹੁੰਦੇ ਸਨ ਕਾਗ ਆ ਕੇ ਹੰਸ ਹੁੰਦੇ ਸਨ।ਕੋਹੜਿਆਂ ਦੇ ਕੋਹੜ ਠੀਕ ਹੁੰਦੇ ਸਨ।ਹਰਿੰਦਰ ਸਾਹਿਬ ਦੀ ਨੀਂਹ ਅੱਲਾ ਦੇ ਪਿਆਰੇ ਸੂਫ਼ੀ ਫ਼ਕੀਰ ਹਜ਼ਰਤ ਸਾਈ ਮੀਆਂ ਮੀਰ ਜੀ ਨੇ ਆਪਣੇ ਕਰ ਕਮਲਾ ਨਾਲ ਰੱਖੀ ਸੀ ।ਜਿੱਥੌ ਸਭ ਨੂੰ ਆ ਕੇ ਮਨ ਨੂੰ ਸ਼ਾਤੀ ਮਿਲਦਸ਼ਾਤੀ ਮਿਲਦੀ ਸੀ। ਤਾਕਤ ਦੇ ਨਸ਼ੇ ਵਿਚ ਅੰਨਾ ਹੋਇਆ ਮੱਸਾ ਸਰਕਾਰੀ ਫੌਜ ਅਤੇ ਆਪਣੇ ਚੇਲੇ ਚਾਟੜੇ ਲੈ ਕੇ ਹਰਿਮੰਦਰ ਸਾਹਿਬ ਵਿਚ ਪਲੰਘਾ ਡਾਹ ਕੇ ਹੁੱਕਾ ਪੀਂਦਾ ਤੇ ਸ਼ਰਾਬ ਦੇ ਦੌਰ ਚਲਦੇ ਉੱਥੇ ਉਸ ਸਮੇਂ ਦਾ ਵੇਰਵਾ ਇਸ ਪਰਕਾਰ ਹੈ:-
(1)
ਜਿੱਥੇ ਸ਼ਾਤੀ ਦਾ ਉਪਦੇਸ਼ ਮਿਲਦਾ,
ਉੱਥੇ ਬੈਠਾ ਸੀ ਮੱਸਾ ਬਦਕਾਰ।
ਨਿੱਤ ਚਲਦੇ ਦੌਰ ਸ਼ਰਾਬ ਦੇ,
ਬੈਠੇ ਮੱਸੇ ਦੀ ਜੁੰਡੀ ਦੇ ਯਾਰ।
ਵੇਸਵਾ ਸੀ ਹਰ ਵੇਲੇ ਨੱਚਦੀ,
ਧਰਮ ਦਾ ਨਾ ਕਰੇ ਸਤਿਕਾਰ।
ਮੱਸਾ ਬਦਮਾਸ਼ੀਆਂ ਕਰ ਰਿਹਾ,
ਸਿੰਘਾਂ ਨੂੰ ਰਿਹਾ ਸੀ ਵੰਗਾਰ।
ਸਿੰਘਾਂ ਨੂੰ ਮੱਸੇ ਲਲਕਾਰਿਆ,
ਰਖ ਮਨ ਵਿਚ ਵੱਡਾ ਹੰਕਾਰ।
ਸਿੰਘ ਬੀਕਾਨੇਰ ਨੂੰ ਚਲੇ ਗਏ,
ਚੁੱਕੀ ਮੁਗਲਾਂ ਅੱਤ ਬੇਸ਼ੁਮਾਰ।
ਬੁਲਾਕਾ ਸਿੰਘ ਗੁਰਾਂ ਦਾ ਸਿੱਖ ਸੀ,
ਉਹਦਾ ਗੁਰੂ ਘਰ ਨਾਲ ਪਿਆਰ।
ਉਹਨੇ ਵੇਖਿਆ ਹਾਲ ਦਰਬਾਰ ਦਾ,
ਵੇਖ ਸਕਿਆ ਨਾ ਮੂਲ ਸਹਾਰ।
ਮਾਰ ਮੰਜਿਲਾਂ ਬੀਕਾਨੇਰ ਪੁੱਜਿਆ,
ਲੱਭ ਲਏ ਸੀ ਸਿੰਘ ਸਰਦਾਰ।
”ਢਿੱਲੋਂ “ ਸੁਣਿਆ ਹਾਲ ਦਰਬਾਰ ਦਾ,
ਸਿੰਘ ਆਪੇ ਤੋਂ ਹੋ ਗਏ ਬਾਹਰ।
ਭਾਈ ਬੁਲਾਕਾ ਸਿੰਘ ਕੰਗ ਗੂਰੂ ਘਰ ਦਾ ਅਨਿਨ ਭਗਤ ਸੀ।ਜਦ ਉਸ ਨੇ ਸਾਰਾ ਹਾਲ ਆਪਣੀਆਂ ਅੱਖਾਂ ਨਾਲ ਵੇਖਿਆ।ਉਹ ਹਰਿੰਮੰਦਰ ਸਾਹਿਬ ਦੀ ਹਾਲਤ ਵੇਖ ਕੇ ਜ਼ਰ ਨਾ ਸਕਿਆ ਅਤੇ ਉਸ ਨੇ ਇਸ ਬਾਰੇ ਸਿੰਘਾਂ ਨੂੰ ਸੂਚਿਤ ਕਰਨ ਦਾ ਫੈਸਲਾ ਕਰ ਲਿਆ ਉਸ ਮੰਜਿਲਾਂ ਮਾਰਦਾ ਬੀਕਾਨੇਰ ਚਲਾ ਗਿਆ। ਆਖ਼ਰ ਕਾਰ ਉਹ ਸਿੰਘਾਂ ਪਾਸ ਪੁੱਜ ਗਿਆ।ਉਸ ਨੇ ਸਾਰੀ ਵਾਰਤਾ ਸਿੰਘਾਂ ਨੂੰ ਬੀਕਾਨੇਰ ਜਾ ਕੇ ਸੁਣਾਈ ਕਿਵੇਂ ਮੱਸੇ ਰੰਘੜ ਵੱਲੋਂ ਹਰਿਮੰਦਰ ਸਾਹਿਬ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ? ਭਾਈ ਬੁਲਾਕਾ ਸਿੰਘ ਵਾਰਤਾ ਸੁਣਾਈ ਜਾ ਰਿਹਾ ਸੀ ਸਿੰਘਾਂ ਦਾ ਜੌਸ਼ ਉਬਾਲੇ ਮਾਰ ਰਿਹਾ ਸੀ। ਬੁਲਾਕਾ ਸਿੰਘ ਤੋਂ ਸਾਰੀ ਕਹਾਣੀ ਸੁਣ ਤੋਂ ਬਾਅਦ ਜੱਥੇਦਾਰ ਬੁੱਢਾ ਸਿੰਘ ਨੇ ਸਿੰਘਾਂ ਨੂੰ ਮੱਸੇ ਰੰਘੜ ਦਾ ਸਿਰ ਵੱਢਣ ਲਈ ਇੰਝ ਵੰਗਾਰਿਆ:-

(2)
ਬੂੱਢਾ ਸਿੰਘ ਸਰਦਾਰ ਜਰਨੈਲ ਹੈ ਸੀ,
ਵੱਡਾ ਪੰਥ ਦਾ ਉਹ ਪਹਿਰੇਦਾਰ।
ਜੱਥੇਦਾਰ ਨੇ ਸਿੰਘਾਂ ਨੂੰ ਆਖਿਆ,
ਹੋ ਜਾਓ ਅੰਮ੍ਰਿਤਸਰ ਨੂੰ ਤਿਆਰ।
ਉਠੇ ਕੋਈ ਬਲਬੀਰ ਸੂਰਮਾ,
ਮੱਸੇ ਰੰਗੜ ਦਾ ਕਰੇ ਜੋ ਸ਼ਿਕਾਰ।
ਬਚਨ ਸੁਣਕੇ ਜੱਥੇਦਾਰ ਦੇ,
ਉਠੇ ਕੌਮ ਦੇ ਦੋ ਸੱਚੇ ਵਫ਼ਾਦਾਰ।
ਮਹਿਤਾਬ ਸਿੰਘ ਮੀਰਾਂ ਕੋਟੀਆ,
ਸੁੱਖਾ ਸਿੰਘ ਸੀ ਨਾਲ ਸਰਦਾਰ।
ਲਿਆਵਾਗੇ ਸਿਰ ਮੱਸ ਖ਼ਾਂ ਦਾ,
ਕਿਹਾ ਸਿੰਘਾਂ ਨੇ ਅਰਜ਼ ਗੁਜਾਰ।
ਦਿਓ ਅਗਿਆ ਜੱਥੇਦਾਰ ਜੀ,
ਮੱਸੇ ਦਾ ਕਰੀਏ ਅਸੀ ਸ਼ਿਕਾਰ।
ਜਿਨ੍ਹੇ ਸਾਨੂੰ ਅੱਜ ਵੰਗਾਰਿਆ,
ਦੇਣਾ ਉਸ ਨੂੰ ਜਾਨੋ ਹੈ ਮਾਰ।
ਵੇਖ ਜੋਸ਼ ਅੱਜ ਸਿੰਘਾਂ ਦਾ ,
ਸੂਰੇ ਮਾਰਨ ਨੂੰ ਹੋਏ ਤਿਆਰ।
”ਢਿੱਲੋਂ “ ਤੁਰੇ ਬੀਕਾਨੇਰ ਤੋਂ,
ਲੈ ਘੋੜੇ ਤੇ ਜੰਗੀ ਹੱਥਿਆਰ।

ਜੱਥੇਦਾਰ ਦੀ ਵੰਗਾਰ ਸੁਣ ਕੇ ਸਰਦਾਰ ਮਹਿਤਾਬ ਸਿੰਘ ਮੀਰ ਕੋਟ ਅਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਜੋਸ਼ ਵਿਚ ਆ ਗਏ ।ਉਨ੍ਹਾਂ ਦਾ ਖੁੂਨ ਉਬਾਲੇ ਖਾਣ ਲੱਗਾ। ਹੱਥ ਤਲਵਾਰਾਂ ਦੇ ਮੁੱਠਿਆਂ ਤੇ ਆ ਗਏ।ਦੁਸ਼ਟ ਪਾਪੀ ਮੱਸੇ ਦਾ ਸਿਰ ਵੱਢਣ ਲਈ ਜੱਥੇਦਾਰ ਨੂੰ ਹੇ ਇੰਝ ਬੇਨਤੀ ਕਰਨ ਲੱਗੇ:-
(3)
ਸਿੰਘ ਅੰਮ੍ਰਿਤਸਰ ਨੁੰ ਤੁਰ ਪਏ,
ਮਨ ਵਿਚ ਰੱਖ ਸੀ ਵਿਚਾਰ।
ਅੱਜ ਪੰਥ ਦਾ ਕਰਜ਼ ਉਤਾਰਨਾ,
ਕਰਨਾ ਮੱਸੇ ਦਾ ਅੱਜ ਸ਼ਿਕਾਰ।
ਦੋਨੋ ਸਿੰਘ ਸਨ ਚੰਗੇ ਜਾਣੂ ਜੰਗ ਦੇ,
ਲਿਆ ਮੁਗਲਾਂ ਦਾ ਰੂਪ ਸੀ ਧਾਰ।
ਉਨ੍ਹਾਂ ਕੇਸ ਪਿਛਾਹ ਨੂੰ ਸੁੱਟ ਲਏ,
ਉਹ ਬਣ ਗਏ ਪੱਟੀ ਦੇ ਨੰਬਰਦਾਰ।
ਉਨ੍ਹਾਂ ਠੀਕਰ ਭਰ ਲਏ ਬੋਰੀਆਂ,
ਦਿੱਤਾ ਕਲਗੀਧਰ ਨੇ ਕੰਮ ਸਵਾਰ।
ਉਹ ਮੰਜਲੋ ਮੰਜਲੀ ਪੁੱਜ ਗਏ,
ਆ ਗਏ ਅੰਮ੍ਰਿਤਸਰ ਦੇ ਦਿਵਾਰ।
ਉਨ੍ਹਾ ਘੋੜੇ ਬੰਨੇ ਬਾਹਰ ਸੀ,
ਲਏ ਠੀਕਰੀਆਂ ਦੇ ਥੈਲੇ ਉਤਾਰ।
ਪਹਿਰੇਦਾਰ ਨੇ ਸਿੰਘਾਂ ਨੂੰ ਪੁੱਛਿਆ,
ਕਿੱਥੋ ਆਏ ਤੇ ਕਰਦੇ ਕੀ ਕਾਰ?
ਅਸੀ ਨੰਬਰਦਾਰ ਦਾ ਪੱਟੀ ਦੇ,
ਦੇਣਾ ਮਾਮਲਾ ਅਸੀ ਸਰਕਾਰ।
”ਢਿੱਲੋਂ “ ਦੇ ਕੇ ਪੰਝੋਤਰਾ ਜਾਵਣਾ,
ਕਿਹਾ ਸਿੰਘਾਂ ਨੂੰ ਪਹਿਰੇਦਾਰ।

ਸਿੰਘਾਂ ਨੇ ਅੰਮ੍ਰਿਤਸਰ ਪੁੱਜ ਕੇ ਘੋੜੇ ਇਲਾਚੀ ਬੇਰੀ ਨਾਲ ਬੰਨ ਲਏ ਅਤੇ ਠੀਕਰੀਆਂ ਦੇ ਥੈਲੇ ਉਤਾਰ ਲਏ ਪਹਿਰੇਦਾਰ ਨੇ ਸਿੰਘਾਂ ਨੂੰ ਰੋਕ ਕਿ ਕਿਹਾ ਕਿ ਤੁਸੀ ਕੌਣ ਹੋ ਅਤੇ ਕੀ ਕੰਮ ਕਰਦੇ ਹੋ ? ਸਿੰਘਾਂ ਨੇ ਬੜ੍ਹੀ ਧੀਰਜ ਨਾਲ ਜਵਾਬ ਦਿੱਤਾ ਕਿ ਉਹ ਪੱਟੀ ਦੇ ਨੰਬਰਦਾਰ ਹਨ ਅਤੇ ਚੌਧਰੀ ਨੂੰ ਮਾਮਲਾ ਦੇਣ ਆਏ ਹਨ।ਪਹਿਰੇਦਾਰ ਨੇ ਸਿੰਘਾਂ ਨੂੰ ਕਿਹਾ ਨੰਬਰਦਾਰੋ ਤੁਹਾਨੂੰ ਮਿਲਣਾ ਹੈ ਪੰਝੋਤਰਾ ਮੈਨੂੰ ਵੀ ਹਿੱਸਾ ਦੇ ਕੇ ਜਾਣਾ।ਸਿੰਘ ਪਹਿਰੇਦਾਰ ਨੂੰ ਪੰਝੋਤਰਾ ਦੇਣ ਦਾ ਵਾਅਦਾ ਦੇ ਕੇ ਅੱਗੇ ਚਲੇ ਗਏ।

(4)
ਥੈਲੇ ਠੀਕਰੀਆਂ ਦੇ ਸਿੰਘਾਂ ਚੁੱਕ ਲਏ,
ਜਾ ਪੁੱਜੇ ਸੀ ਸਿੰਘ ਦਰਬਾਰ।
ਮੱਸਾ ਬੈਠਾ ਸੀ ਮੰਜਾ ਡਾਹ ਕੇ,
ਨਾਲੇ ਨੱਚਦੀ ਸੀ ਵੇਸਵਾ ਨਾਰ।
ਵੇਖੇ ਦੌਰ ਜਾ ਚਲਦੇ ਸ਼ਰਾਬ ਦੇ,
ਨਾਲੇ ਵੱਜਦੀ ਤੂੰਬੀ ਦੀ ਤਾਰ।
ਅਸੀ ਨੰਬਰਦਾਰ ਹਾ ਪੱਟੀ ਦੇ,
ਲ਼ਵੋ ਮਾਮਲਾ ਸਾਥੋ ਸਰਕਾਰ।
ਉਨ੍ਹਾਂ ਥੈਲੇ ਹੇਠਾਂ ਸੁੱਟ ਤੇ,
ਹੋ ਗਏ ਸਿੰਘ ਝੱਟ ਤਿਆਰ।
ਮੌਕਾ ਤੇ ਡਿੳੇੁਟੀਆਂ ਲਾ ਲਈਆ,
ਸਿੰਘਾਂ ਇਕ ਹੀ ਪਲ ਦੇ ਸਾਰ।
ਲੈ ਕੇ ਮਾਮਲਾ ਲੇਟ ਤੁੂੰ ਆਏ ਹੋ,
ਕਿਹਾ ਮੱਸੇ ਨੇ ਮੱਥੇ ਵੱਟ ਧਾਰ।
ਲੋਕ ਮਾਮਲਾ ਤੋਂ ਬਾਗ਼ੀ ਨੇ,
ਸਿੰਘਾਂ ਕਿਹਾ ਸੁਣੋ ਸਰਕਾਰ।
ਲੋਕਾਂ ਤਾਂਈ ਮੈ ਵੇਖਾਗਾ ਜਾ ਕੇ,
ਜਦ ਨਿਕਲਾਗਾ ਮੈਂ ਬਾਹਰ।
ਮੌਤ ਸੀ ਮੱਸੇ ਦੇ ਸਿਰ ਕੂਕਦੀ,
ਜਦ ਆਏ ,ਢਿੱਲੋ’ ‘ਸਰਦਾਰ।
ਸਿੰਘਾਂ ਨੇ ਠੀਕਰੀਆਂ ਦੇ ਥੈਲੇ ਚੁੱਕ ਲਏ ਅਤੇ ਦਰਬਾਰ ਸਾਹਿਬ ਆ ਪੁੱਜੇ।ਦੋਨੌ ਸਿੰਘ ਹਰਿਮੰਦਰ ਸਾਹਿਬ ਅੰਦਰ ਚਲੇ ਗਏ ਉਨ੍ਹਾਂ ਗੂਰੂ ਨੂੰ ਹਾਜਰ ਨਾਜ਼ਰ ਸਮਝ ਕੇ ਬੜੇ ਅਦਬ ਨਾਲ ਸਿਰ ਝੁਕਾਇਆ,ਮੱਸੇ ਦੀ ਜੁੰਡਲੀ ਸਮਝ ਰਹੀ ਸੀ ਕਿ ਇਹ ਸਾਨੂੰ ਸਿਜਦਾ ਕਰ ਰਹੇ ਹਨ।ਮੱਸਾ ਰੰਘੜ ਮੰਜੇ ਤੇ ਲੇਟਿਆ ਹੁੱਕਾ ਪੀ ਰਿਹਾ ਸੀ।ਸ਼ਰਾਬ ਦੇ ਦੌਰ ਚਲ ਰਹੇ ਸਨ ਅਤੇ ਵੇਸਵਾ ਦਾ ਨਾਚ ਹੋ ਰਿਹਾ ਸੀ।ਜੁੰਡੀ ਦੇ ਯਾਰ ਬੈਠੇ ਹੋਏ ਹਨ।ਸਿੰਘਾਂ ਨੇ ਬੜ੍ਹੀ ਧੀਰਜ ਨਾਲ ਕਿਹਾ ਕਿ ਅਸੀਂ ਪੱਟੀ ਦੇ ਨੰਬਰਦਾਰ ਹਾ ਸਰਕਾਰ ਮਾਮਲਾ ਦੇਣ ਲਈ ਆਏ ਹਾ।ਮੱਸੇ ਰੰਘੜ ਨੇ ਮੰਜੇ ਤੇ ਲੇਟੇ ਹੋਏ ਮੱਥੇ ਤੇ ਘੂਰੀ ਪਾ ਕੇ ਕਿਹਾ ਕਿ ਨੰਬਰਦਾਰੋ ਮਾਮਲਾ ਲੇਟ ਕਿਉਂ ਲੈ ਕੇ ਆਏ ਹੋ? ਸਰਦਾਰ ਮਹਿਤਾਬ ਸਿੰਘ ਨੇ,” ਕਿਹਾ ਸਰਕਾਰ ਲੋਕੀ ਮਾਮਲਾ ਦੇਣ ਤੋਂ ਆਕੀ ਹਨ”।ਮੱਸੇ ਨੇ ਕਿਹਾ ਲੋਕਾਂ ਨਾਲ ਮੈਂ ਆਪ ਅੰੀਮ੍ਰਤਸਰ ਤੋਂ ਬਾਹਰ ਨਿਕਲ ਕੇ ਨਿਜਿਠੱਗਾ।ਸਿੰਘਾਂ ਨੇ ਥੈਲੀਆਂ ਮੰਜੇ ਹੇਠਾਂ ਸੁੱਟ ਦਿੱਤੀਆਂ।ਅੱਗੇ ਦਾ ਵਾਕਿਆਂ ਇੰਝ ਸੁਣੋ:
(5)
ਹੇਠਾਂ ਸੀ ਝੁਕਾਇਆ ਸਿਰ ਖ਼ਾਂਨ ਨੇ,
ਕੀਤਾ ਮੰਜੇ ਹੇਠਾਂ ਉਸ ਨੇ ਧਿਆਨ।
ਸਿੰਘ ਨੇ ਮਿਆਨੋ ਤੇਗ ਖਿੱਚ ਲਈ
ਹੋਇਆ ਮੱਸੇ ਨੂੰ ਮੌਤ ਦਾ ਗਿਆਨ।
ਐਸੀ ਤੇਗ ਚਲਾਈ ਸਿੰਘ ਨੇ,
ਝੱਟ ਮੱਸੇ ਦਾ ਹੋਇਆ ਕਲਿਆਣ।
ਸੁੱਖਾ ਸਿੰਘ ਨੇ ਹੋਰਾਂ ਨੂੰ ਵੱਢਿਆ,
ਕੁਦਰਤ ਸਿੰਘ ਤੇ ਅੱਜ ਮਿਹਰਬਾਨ।
ਨਾਲ ਮੱਸੇ ਦੇ ਵੱਢੀ ਜੁੰਡਲੀ,
ਜਿਹੜੀ ਕਰਦੀ ਸੀ ਨਿੱਤ ਵਿਖਿਆਨ।
ਕੀਤਾ ਖ਼ਾਤਮਾ ਸਿੰਘਾਂ ਨੇ ਸਭ ਦਾ,
ਚਲੀ ਸਿੰਘਾਂ ਦੀ ਖ਼ੂਬ ਸੀ ਕਿਰਪਾਨ।
ਉੱਥੇ ਮੁਗਲਾਂ ਨਾਲ ਕੀ ਬੀਤੀਆਂ,
ਇੱਥੇ ਕੀ-ਕੀ ਕਰਾ ਅੱਜ ਮੈਂ ਬਿਆਨ?
ਫਾਹਾ ਸਾਰਿਆ ਦਾ ਸਿੰਘਾਂ ਵੱਢਿਆ,
ਜਿਹੜੇ ਬਣ ਬੈਠੇ ਸਨ ਆਕੜਖ਼ਾਨ।
ਸਿਰ ਮੱਸੇ ਦਾ ਸਿੰਘਾਂ ਨੇਜ਼ੇ ਟੰਗਿਆ,
ਜਿਹੜਾ ਬਣਿਆ ਸੀ ਵੱਡਾ ਭਲਵਾਨ।
ਸਿੰਘਾਂ ਬਦਲਾ ਲਿਆ ਹਰਿਮੰਦਰ ਦਾ,
”ਢਿੱਲੋਂ “ ਬੀਕਾਨੇਰ ਤੋਂ ਸੂਰਿਆਂ ਆਣ।

ਮੱਸੇ ਰੰਘੜ ਨੇ ਮਾਮਲਾ ਗਿਨਣ ਲਈ ਜਦ ਆਪਣਾ ਸਿਰ ਮੰਜੇ ਹੇਠਾਂ ਝੁਕਾਇਆ ਤਾਂ ਸਰਦਾਰ ਮਹਿਤਾਬ ਸਿੰਘ ਨੇ ਤੇਗ਼ ਦਾ ਤੇਜ਼ ਵਾਰ ਕੇ ਮੱਸੇ ਰੰਘੜ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸਰਦਾਰ ਸੁੱਖਾ ਸਿੰਘ ਨੇ ਹੋਰ ਕਈਆਂ ਨੂੰ ਝੱਟਕਾ ਦਿੱਤਾ ਬਾਕੀ ਪਹਿਰਦਾਰ ਜਾਨਾਂ ਬਚਾ ਕੇ ਨੱਸ ਗਏ। ਸਿੰਘ ਸਰਦਾਰਾਂ ਨੇ ਗੂਰੂ ਰਾਮਦਾਸ ਜੀ ਦਾ ਲੱਖ-ਲੱਖ ਸ਼ੁਕਰ ਕੀਤਾ, ਮੱਸੇ ਦਾ ਸਿਰ ਸਾਂਭ ਲਿਆ ਅਤੇ ਘੋੜੇ ਇਲਾਚੀ ਬੇਰੀ ਤੋਂ ਖੋਹਲ ਲਏ ਬੀਕਾਨੇਰ ਲਈ ਹਰਨ ਹੋ ਗਏ। ਮੱਸੇ ਦੇ ਕਤਲ ਦੀ ਖ਼ਬਰ ਸਾਰੇ ਪਾਸੇ ਫੈਲ ਗਈ।ਮਾਨੋ ਇਸ ਕਤਲ ਨਾਲ ਸਾਰਾ ਮੁਗਲ ਪ੍ਰਸ਼ਾਸਨ ਹਿੱਲ ਗਿਆ।ਉਹ ਸੋਚਾਂ ਵਿਚ ਡੁੱਬੇ ਸਨ ਕਿ ਸੱਭ ਕੁਝ ਸੰਭਵ ਕਿਵੇ ਹੋ ਗਿਆ ? ਸ਼ਹਿਰ ਅੰਦਰ ਰੱਬ ਦੇ ਪਿਆਰੇ ਤਾਂ ਇਸ ਦਾ ਮੱਸੇ ਨੂੰ ਹੀ ਜਿਮੇਂਵਾਰ ਸਮਝ ਰਹੇ ਸਨ। ਸ਼ਹਿਰ ਅੰਦਰ ਬੜੀਆਂ ਸਖ਼ਤੀਆ ਕੀਤੀਆ ਗਈਆ ਥਾਂ-ਥਾਂ ਤੇ ਫੌਜ ਦੇ ਨਾਕੇ ਲਗਾਏ ਗਏ।ਮੱਸੇ ਰੰਘੜ ਦੀ ਨਾਰ ਜੋ ਖ਼ਾਨ ਲਈ ਰੋਟੀ ਲੈ ਕੇ ਆ ਰਹੀ ਸੀ ਉਸ ਨੂੰ ਮੱਸੇ ਦੇ ਕਤਲ ਦੀ ਇਤਲਾਹ ਦਿੱਤੀ ਤਾਂ ਉਹ ਮੀਡੀਆਂ ਪੱਟ ਕੇ ਵਿਰਲਾਪ ਕਰਨ ਲੱਗੀ ਅਤੇ ਆਪਣੇ ਸਾਥੀਆਂ ਨਾਲ ਮੀਏ ਦੀ ਲਾਸ਼ ਬਿਨਾਂ ਧੜ੍ਹ ਤੌ ਲੈ ਕੇ ਖ਼ਾਨ ਬਹਾਦੁਰ ਜ਼ਕਰੀਆਂ ਖ਼ਾਨ ਨਾਜਿਮ ਲਾਹੌਰ ਦੇ ਪੇਸ਼ ਹੋਈ ਅਤੇ ਹਾਕਮ ਤੌਂ ਆਪਣੇ ਮੀਏ ਦੇ ਕਤਲ ਦਾ ਬਦਲਾ ਲੈਣ ਲਈ ਹੇ ਇਉ ਬੇਨਤੀ ਕਰਨ ਲੱਗੀ:-
(6)
ਸਿਰ ਮੱਸੇ ਰੰਘੜ ਦਾ ਵੱਢਿਆ,
ਰੋਂਦੀ ਮੱਸੇ ਰੰਘੜ ਦੀ ਨਾਰ।
ਪਈ ਮਾਰ ਦਹੱਥੜਾ ਰੌਂਵਦੀ,
ਜਾ ਪੁੱਜੀ ਮੁਗਲ ਦਰਬਾਰ।
ਮੇਰੇ ਸਿਰ ਸਾਈ ਵੱਢਿਆ,
ਸਿੰਘਾਂ ਚਿੱਟੇ ਦਿਨ ਲਲਕਾਰ।
ਮੈਂ ਰੰਡੀ ਜੱਗ ਤੋਂ ਹੋ ਗਈ,
ੱ ਮੇਰਾ ਉਜੜ ਗਿਆ ਸੰਸਾਰ।
ਮੇਰੀ ਇੱਜ਼ਤ ਸਾਰੀ ਰੁਲ ਗਈ,
ਮੇਰਾ ਖ਼ਤਮ ਹੋਇਆ ਵਿਕਾਰ।
ਮੇਰੇ ਅੱਗ਼ ਸੀਨੇ ਵਿਚ ਮੱਚਦੀ,
ਮੇਰੇ ਅੰਗ ਬਣੇ ਅੰਗੀਆਰ।
ਤੁਸੀ ਬਦਲਾ ਲੈ ਲਵੋ ਝੱਬ ਦੇ,
ਦਿਓ ਘੇਰ ਕੇ ਸਿੰਘਾਂ ਨੂੰ ਮਾਰ।
ਜੇ ਨਾ ਮਾਰੇ ਕਾਂਤਲ ਖ਼ਾਨ ਦੇ,
ਮੈਂ ਮਰਾਂਗੀ ਸੀਨੇ ਮਾਰ ਕਟਾਰ।
ਗੁੱਸਾ ਖ਼ਾਨ ਨੂੰ ਆ ਗਿਆ,
ਉਨ੍ਹੇ ਸਦ ਲੈ ਲਏ ਸੀ ਫ਼ੋਜਦਾਰ।
ਕਾਤਲ ਫੜ੍ਹ ਲਵੌ ਖ਼ਾਨ ਦੇ,
‘ਢਿੱਲੋਂ’ ਕਿਹਾ ਸੂਬੇਦਾਰ ਲਲਕਾਰ।

ਮੱਸੇ ਦੀ ਮੌਤ ਨਾਲ ਸਾਰਾ ਮੁਗਲ ਦਰਬਾਰ ਹਿੱਲ ਗਿਆ।ਜ਼ਾਲਮਾਂ ਦੇ ਦਿਲ ਡਹਿਲ ਗਏ।ਸਾਰੇ ਪਾਸੇ ਸਿੱਖਾਂ ਦੀ ਦਹਿਸ਼ਤ ਮਨਾਂ ਅੰਦਰ ਛਾ ਗਈ।ਇਸ ਵਾਰਦਾਤ ਨਾਲ ਇਲਾਕੇ ਦੇ ਹੋਰ ਕਈ ਚੌਧਰੀ ਵੀ ਚੁਕੱਨੇ ਹੋ ਗਏ।ਉਨ੍ਹਾਂ ਦੇ ਪਾਪ ਕੰਬਣ ਲੱਗ ਪਏ।ਖ਼ਾਨ ਬਰਾਦੁਰ ਜ਼ਕਰੀਆ ਖ਼ਾਨ ਨੇ ਇਲਾਕੇ ਦੇ ਚੁਗਲ ਚੌਧਰੀ ਆਪਣੇ ਦਰਬਾਰ ਵਿਚ ਸਦ ਲਏ ਅਤੇ ਉਨ੍ਹਾਂ ਨੂੰ ਬੁਰਾ ‐ਭਲਾ ਕਿਹਾ ਅਤੇ ਕਿਹਾ ਕਿ ਤੁਸੀ ਤੇ ਆਖਦੇ ਸੀ ਕਿ ਸਿੱਖਾਂ ਦਾਂ ਖੁਰਾ ਖੋਜ ਮਿੱਟਾ ਦਿੱਤਾ ਹੈ ਸਾਰੇ ਸਿੱਖ ਖ਼ਤਮ ਹੋ ਗਏ ਹਨ ਫ਼ਿਰ ਮੱਸੇ ਦੇ ਕਾਤਲ ਕਿੱਥੌਂ ਆਏ ਹਨ? ਇਨ੍ਹਾਂ ਚੁਗਲਾਂ ਵਿਚ ਜੰਡਿਆਲੇ ਦਾ ਹਰਿਭਗਤ ਨਿਰੰਜਣ ਵੀ ਦਰਬਾਰ ਵਿਚ ਹਾਜਰ ਸੀ ਅਤੇ ਉਸ ਨੇ ਕਿਹਾ ਕਿ ਆਲੀਜਾਹ, ਮੈਂ ਮੱਸੇ ਦੇ ਕਾਤਲਾਂ ਨੂੰ ਜਾਣਦਾ ਹਾਂ।ਮੱਸੇ ਦੇ ਕਤਲ ਲਈ ਮਹਿਤਾਬ ਸਿੰਘ ਮੀਰਾ ਕੋਟ ਅਤੇ ਸੁੱਖਾ ਸਿੰਘ ਮਾੜੀ ਕੰਬੋਕੀ ਜਿਮੇਂਵਾਰ ਹਨ। ਪਾਪੀ ਹਰਿਭਗਤ ਨਰੰਜਣੀਆਂ ਮਹਾਂ ਕਮੀਨਾਂ,ਵਿਕਾਰੀ ਅਤੇ ਅੱਤ ਦਰਜੇ ਦਾ ਨੀਚ ਪ੍ਰਵਿਰਤੀ ਦਾ ਵਿਅਕਤੀ ਸੀ ਅਤੇ ਲਾਹੌਰ ਦਰਬਾਰ ਦਾ ਵੱਡਾ ਚੁਗਲ ਸੀ ।ਮੱਸੇ ਦੇ ਕਾਤਲਾਂ ਬਾਰੇ ਪਾਪੀ ਹਰਿਭਗਤ ਨਰੰਜਣੀਏ ਨੇ ਇੰਝ ਚੁਗਲੀ ਲਾਈ:-

7)
ਹਰਿਭਗਤ ਨਿਰੰਜਣ ਜੰਡਿਆਲੇ ਵਾਲਾ,
ਚੁਗਲੀ ਵਿਚ ਲਹੌਰ ਦੇ ਲਾਏ ਪਾਪੀ।
ਉਹਨੂੰ ਪਤਾ ਸੀ ਮੱਸੇ ਦੇ ਕਾਤਲਾਂ ਦਾ,
ਪਤੇ ਸਿੰਘਾਂ ਦੇ ਜਾ ਲਿਖਵਾਏ ਪਾਪੀ।
ਬੜ੍ਹਾ ਕਮੀਨਾ ਤੇ ਦਗ਼ੇਬਾਜ਼ ਹੈ ਸੀ,
ਲਲਚਾ ਇੱਕ ਇਨਾਮ ਦੀ ਪਾਏ ਪਾਪੀ।
ਚੁਗਲ ਸੀ ਮੁਗਲ ਦਰਬਾਰੀਅ ਦਾ,
ਕਈ ਨਿਰਦੋਸ਼ ਇਸ ਮਰਵਾਏ ਪਾਪੀ।
ਇਨ੍ਹੇ ਲੋਕਾਂ ਤੇ ਬੜ੍ਹੇ ਜ਼ੁਲਮ ਕੀਤੇ,
ਖ਼ੌਫ਼ ਰੱਬ ਦਾ ਮੂਲ ਨਾ ਖਾਏ ਪਾਪੀ।
ਐਸ਼ ਪ੍ਰਸਤ ਤੇ ਬਦਕਾਰ ਹੈ ਸੀ,
ਡੰਗ ਲੋਕਾਂ ਦੇ ਸਿਰੋ ਚਲਾਏ ਪਾਪੀ।
ਇਨ੍ਹੇ ਲੌਕਾਂ ਤੇ ਬੜ੍ਹੇ ਕਹਿਰ ਢਾਏ,
ਬੜੇ ਲੋਕ ਸੀ ਇਸ ਸਤਾਏ ਪਾਪੀ।
ਹਰ ਵਕਤ ਲੌਕਾਂ ਦਾ ਬੁਰੇ ਸੋਚੇ,
ਮਨ ਵਿਚ ਨਾ ਰਹਿਮ ਕਮਾਏ ਪਾਪੀ।
‘ਢਿੱਲੋਂ’ “ਲੋਕ ਅਰਦਾਸ ਕਰਦੇ,
ਗਲੋ ਉਨ੍ਹਾ ਦੇ ਇਹ ਲਹਿ ਜਾਏ ਪਾਪੀ।

ਉਧਰ ਜਦ ਮੁਗਲਾਂ ਨੂੰ ਮੱਸੇ ਦੇ ਕਤਲ ਦੀ ਖ਼ਬਰ ਹੋਈ ਤਾਂ ਸਿੰਘ ਬੀਕਾਨੇਰ ਨੂੰ ਹਰਨ ਹੋ ਚੁੱਕੇ ਸਨ ਸ਼ਹਿਰ ਅੰਦਰ ਬੜੀਆਂ ਸਖ਼ਤੀਆਂ ਕੀਤੀਆਂ ਗਈਆਂ ,ਪਰ ਸਰਦਾਰ ਇਨ੍ਹਾਂ ਦੇ ਹੱਥ ਨਾ ਆਏ।ਸਿੰਘ ਸੂਰਿਆਂ ਨੇ ਮੱਸੇ ਦਾ ਸਿਰ ਜੋ ਨੇਜੇ ਤੇ ਟੰਗਿਆ ਹੋਇਆ ਸੀ ਉਹ ਪੰਥ ਦੇ ਅੱਗੇ ਪੇਸ਼ ਕੀਤਾ।ਸਾਰਾ ਪੰਥ ਬਾਗੋਬਾਗ ਹੋ ਗਿਆ ਸਿੰਘਾਂ ਦਾ ਬਹੁਤ ਹੀ ਸਤਿਕਾਰ ਕੀਤਾ ਗਿਆ।ਅੰਤ ਸਾਰਿਆਂ ਨੇ ਗੁਰਮਤਾ ਕਰਕੇ ਮੱਸੇ ਦੇ ਸਿਰ ਦਾ ਸਸਕਾਰ ਕਰ ਦਿੱਤਾ:-
(8)
ਸਿਰ ਮੱਸੇ ਰੰਘੜ ਦਾ ਵੱਢ ਕੇ,
ਹੋ ਕੇ ਮਾਲਵੇ ਨੂੰ ਸਿੰਘ ਫ਼ਰਾਰ ਭਾਈ।
ਜਦੋਂ ਮੁਗਲਾਂ ਨੂੰ ਸੀ ਖ਼ਬਰ ਹੋਈ,
ਸਿੰਘਾਂ ਨਿਕਲ ਗਏ ਮੰਜਿਲਾਂ ਮਾਰ ਭਾਈ।
ਬੜੀ ਸਖ਼ਤੀ ਦੇ ਦੌਰ ਸ਼ੂਰੂ ਕੀਤੇ,
ਹੱਥ ਆਏ ਨਾ ਸਿੰਘ ਸਰਦਾਰ ਭਾਈ।
ਪੁੱਜੇ ਸੂਰਮੇ ਬੀਕਾਨੇਰ ਅੰਦਰ,
ਕੀਤਾ ਪੰਥ ਦਾ ਜਾ ਦੀਦਾਰ ਭਾਈ।
ਸਿਰ ਮੱਸੇ ਦਾ ਵੇਖ ਪ੍ਰਸੰਨ ਹੋਏ,
ਕੀਤਾ ਸਿੰਘਾਂ ਦਾ ਬਹੁਤ ਸਤਿਕਾਰ ਭਾਈ।
ਕਲਗੀਧਰ ਸੀ ਅੱਜ ਪ੍ਰਸੰਂਨ ਹੋਏ,
ਕੀਤੀ ਜਿਹੜੀ ਸਿੰਘਾਂ ਅੱਜ ਕਾਰ ਭਾਈ।
ਅੰਤ ਕਰ ਗਰਮਤਾ ਸਾਰਿਆਂ ਨੇ,
ਕੀਤਾ ਮੱਸੇ ਦੇ ਸਿਰ ਦਾ ਸਸਕਾਰ ਭਾਈ।
ਦੋਨਾਂ ਸਿੰਘਾ ਸੂਰਿਆ ਦਾ ਜੀ,
ਵਧਿਆ ਪੰਥ ਅੰਦਰ ਹੋਰ ਸਤਿਕਾਰ ਭਾਈ।
ਉਧਰ ਮੁਗਲਾਂ ਨੂੰ ਕੰਨ ਹੋ ਗਏ,
ਜਿਹੜੇ ਬੈਠੇ ਸੀ ਸਿੰਘਾਂ ਨੂੰ ਵਿਸਾਰ ਭਾਈ।
ਉਨ੍ਹਾਂ ਸਖ਼ਤੀਆਂ ਲੋਕਾਂ ਤੇ ਕੀਤੀਆਂ,
”ਢਿੱਲੋਂ “ ਮਨ ਵਿਚ ਸੀ ਗੁੱਸਾ ਧਾਰ ਭਾਈ।
ਖ਼ਾਨ ਬਹਾਦੁਰ ਜ਼ਕਰੀਆ ਖ਼ਾਨ ਨੇ ਕਿਹਾ ਕਿ ਮੈਨੂੰ ਮੱਸੇ ਦੇ ਕਾਤਲ ਚਾਹੀਦੇ ਹਨ।ਉਸ ਨੇ ਤਰੁੰਤ ਨੂਰਦੀਨ ਫੌਜਦਾਰ ਨੂੰ ਹਦਾਇਤ ਕੀਤੀ ਕਿ ਮੱਸੇ ਦੇ ਕਾਤਲ ਉਸ ਦੇ ਪੇਸ਼ ਕੀਤੇ ਜਾਣ।ਨੂਰਦੀਨ ਖ਼ਾਨ ਤੋਂ ਝਿੜ੍ਹਕਾਂ ਖਾ ਕੇ ਹਰਿਭਗਤ ਨਿਰੰਜਨੀਏ ਨੂੰ ਨਾਲ ਲੈ ਕੇ ਸਰਦਾਰ ਮਹਿਤਾਬ ਸਿੰਂਘ ਦੇ ਪਿੰਡ ਮੀਰਾਕੋਟ ਆਇਆ ਉਸ ਦੇ ਪਿੰਡ ਦੇ ਸਾਰੇ ਮਹੋਤਬਰ ਆਦਮੀ ਪਰਹੈ ਵਿਚ ਸਦ ਲਏ ਅਤੇ ਚੌਧਰੀ ਨੱਥਾ ਖਹਿਰਾ ਨੰਬਰਦਾਰ ਜਿਸ ਦੇ ਘਰ ਮਹਿਤਾਬ ਸਿੰਘ ਦਾ 7 ਸਾਲਾ ਪੂਤਰ ਰਾਇ ਸਿੰਘ ਪਲ ਰਿਹਾ ਸੀ।ਨੂਰਦੀਨ ਨੇ ਰਾਇ ਸਿੰਘ ਉਸ ਦੇ ਪੇਸ਼ ਕਰਨ ਲਈ ਹੁਕਮ ਕੀਤਾ।ਨੰਬਰਦਾਰ ਨੇ ਨੂਰਦੀਨ ਨੂੰ ਬੇਨਤੀ ਕੀਤੀ ਕਿ ਰਾਇ ਸਿੰਘ ਬੇਕਸੂਰ ਹੈ ਨੰਨ੍ਹਾਂ ਬੱਚਾ ਹੈ।ਉਸ ਤੇ ਰਹਿਮ ਕੀਤਾ ਜਾਵੇ ।ਪਰੰਤੂ ਨੂਰਦੀਨ ਨੇ ਨੰਬਰਦਾਰ ਦੀ ਇੱਕ ਨਾ ਮੰਨੀ।ਨੱਥੇ ਨੰਬਰਦਾਰ ਨੇ ਘਰ ਜਾ ਕੇ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਕਿ ਨੰਨ੍ਹੇ ਬਾਲਕ ਰਾਇ ਸਿੰਘ ਦੀ ਰੱਖਿਆ ਕਿਵੇਂ ਕੀਤੀ ਜਾਵੇ?

(9)
ਖਾ ਕੇ ਝਿੜਕਾਂ ਸੂਬੇਦਾਰ ਤੋਂ,
ਮੀਰਾਂ ਕੋਟ ਨੂੰ ਚੜ੍ਹਿਆਂ ਫੌਜਦਾਰ।
ਉਹਦੇ ਨਾਲ ਸੀ ਜੰਡਿਆਲਿਆ,
ਜਿਹੜਾ ਵੱਡਾ ਸੀ ਕੌਮ ਦਾ ਗ਼ਦਾਰ।
ਨੂਰਦੀਨ ਨੇ ਮੀਰਾਂ ਕੋਟ ਘੇਰਿਆ,
ਮਹਿਤਾਬ ਸਿੰਘ ਦਾ ਮੰਗੇ ਪਰਵਾਰ।
ਉਨ੍ਹੇ ਸਦ ਲਏ ਬੰਦੇ ਸੀ ਪਰਹੈ ਦੇ,
ਨਾਲੇ ਸੱਦਿਆ ਨੱਥਾ ਨੰਬਰਦਾਰ।
ਮਹਿਤਾਬ ਸਿੰਘ ਨੇ ਮੱਸਾ ਵੱਢਿਆ
ਕੀਤੇ ਮੁਗਲਾਂ ਤੇ ਉਹਨੇ ਕਈ ਵਾਰ।
ਨੱਥਾ ਚੌਧਰੀ ਧਰਮੀ ਮਨੁੱਖ ਸੀ,
ਮਹਿਤਾਬ ਸਿੰਘ ਨਾਲ ਸੀ ਪਿਆਰ।
ਬਾਂਹ ਰਾਇ ਸਿੰਘ ਦੀ ਫੜ੍ਹਾ ਗਿਆ,
ਬੀਕਾਨੇਰ ਨੂੰ ਉਹ ਜਾਂਦੀ ਵਾਰ।
ਨੱਥੇ ਨੇ ਫੌਜਦਾਰ ਨੂੰ ਅਰਜ ਕੀਤੀ,
ਰਾਏ ਸਿੰਘ ਨੂੰ ਬਖਸ਼ੋ ਸਰਕਾਰ।
ਨੰਨੇ ਬਾਲਾਂ ਤੇ ਕਹਿਰ ਨਹੀ ਕਰੀਦਾ,
ਬੱਚੇ ਹੁੰਦੇ ਨੇ ਰੂਪ ਕਰਤਾਰ।
ਨੂਰਦੀਨ ਕੜ੍ਹਕ ਕੇ ਬੋਲਿਆ,
‘ਢਿੱਲੋਂ’ ਦੇਂ ਬਾਗ਼ੀ ਦਾ ਪਰਵਾਰ।
ਜ਼ਾਲਮ ਤੇ ਆਕੜਖ਼ਾਨ ਲੋਕ ਦਲੀਲ ਤੇ ਅਪੀਲ ਨੂੰ ਨਹੀ ਮੰਨਦੇ ।ਹਕੂਮਤ ਦੇ ਨਸ਼ੇ ਵਿੱਚ ਨੰਬਰਦਾਰ ਦੀ ਜਦ ਕੋਈ ਦਲੀਲ ਨੂਰਦੀਨ ਨੇ ਨਾ ਸੁਣੀ ਤਾਂ ਚੌਧਰੀ ਆਪਣੇ ਘਰ ਗਿਆ ਅਤੇ ਘਰ ਜਾ ਕੇ ਸਾਥੀਆਂ ਨਾਲ ਸਲਾਹ ਕੀਤੀ ਕਿ ਨੂਰਦੀਨ ਫੌਜਦਾਰ ਰਾਇ ਸਿੰਘ ਨੂੰ ਪਰਹੈ ਵਿਚ ਬੁਲਾ ਰਿਹਾ ਹੈ। ਇਹ ਪਾਪੀ ਇਸ ਬਾਲਕ ਤੇ ਰਹਿਮ ਨਹੀ ਕਰੇਗਾ।ਨੰਬਰਦਾਰ ਦਾ ਇਕ ਪੁੱਤਰ,ਭਾਣਜਾ ਅਤੇ ਇਕ ਬਰਵਾਲਾ ਘਰ ਵਿਚ ਸਨ ।ਚੌਧਰੀ ਜੋ ਕਿ ਬਾਂਹ ਫੜ੍ਹੇ ਦੀ ਲਾਜ ਨਿਭਾਉਣੀ ਜਾਣਦਾ ਸੀ,ਨੇ ਰਾਇ ਸਿੰਘ ਨੂੰ ਹਰ ਕੀਮਤ ਤੇ ਬਚਾਉਣ ਦਾ ਫੈਸਲਾ ਕੀਤਾ ਅਤੇ ਰਾਇ ਸਿੰਘ ਨੂੰ ਚੁੱਕ ਕੇ ਕੰਬੋਵਾਂ ਨੂੰ ਤੁਰ ਪਿਆ। ।
(10)
ਸੁਣ ਕੇ ਨ੍ਰ੍ਰੂਰਦੀਨ ਦੀ ਗੱਲ ਸਾਰੀ,
ਨੀਵੀ ਪਾ ਕੇ ਘਰ ਨੂੰ ਜਾਏ ਨੱਥਾ।
ਧਰਮੀ ਮਨੂੱਖ ਸੀ ਧਰਮ ਵਾਲਾ,
ਬਾਂਹ ਫੜੇ ਦੀ ਲਾਜ਼ ਨਿਭਾਏ ਨੱਥਾ।
ਨੰਬਰਦਾਰ ਨੇ ਘਰ ਸਲਾਹ ਕੀਤੀ,
ਰਾਇ ਸਿੰਘ ਨੂੰ ਕਿੰਝ ਬਚਾਏ ਨੱਥਾ?
ਪੁੱਤਰ,ਭਾਣਜਾ ਤੇ ਇਕ ਬਰਵਾਲਾ,
ਚੁੱਕ ਰਾਇ ਕੰਬੋਵਾਂ ਨੂੰ ਧਾਏ ਨੱਥਾ।
ਆਖ਼ਰ ਫੌਜ ਨੇ ਘੇਰਾ ਪਾ ਲਿਆ
ਫ਼ਿਰ ਵੀ ਨਾ ਰਤੀ ਘਬਰਾਏ ਨੱਥਾ।
ਹੱਲਾ ਵੈਰੀਆਂ ਨੇ ਆਣ ਕੀਤਾ,
ਅੱਗੋ ਯੁੱਧ ਘਮਸਾਨ ਮਚਾਏ ਨੱਥਾ।
ਬੜ੍ਹਾ ਪ੍ਰਸਿਧ ਨਿਸ਼ਾਨੇਬਾਜ਼ ਹੈ ਸੀ,
ਮੀਹ ਤੀਰਾਂ ਦਾ ਪਿਆ ਵਰਸਾਏ ਨੱਥਾ ।
ਧਰੀ ਵਾਢੀ ਦੂਸਰੇ ਸਾਥੀਆਂ ਨੇ,
ਫੌਜ ਵਿਚ ਸੀ ਭਾਜੜਾਂ ਪਾਏ ਨੱਥਾ।
”ਢਿੱਲੋਂ “ ਮੁੱਕ ਗਏ ਤੀਰ ਸਾਰੇ,
ਆਖਰ ਲੜ੍ਹ ਕੇ ਸ਼ਹੀਦੀ ਪਾਏ ਨੱਥਾ।

ਹਰਿਭਗਤ ਨਰੰਜਣੀਏ ਨੇ ਨੂਰਦੀਨ ਨੂੰ ਦੱਸਿਆ ਸਾਰੀ ਫੋਜ ਨੰਬਰਦਾਰ ਦੇ ਮਗਰ ਪੈ ਗਈ। ਆਖਰ ਪਿੰਡ ਕੰਬੋਵਾਂ ਪਾਸ ਜੰਗ ਹੋਈ ।ਨੱਥਾ ਚੌਧਰੀ ਤੀਰਾਂ ਦਾ ਧਨੀ ਸੀ।ਉਸ ਨੇ ਇਕ ਮਲਹੇ ਦੀ ਆੜ ਲੈ ਕੇ ਜੰਗ ਕੀਤੀ ਸਰਕਾਰੀ ਫੌਜ ਦਾ ਕਾਫੀ ਨੁਕਸਾਨ ਕਰਕੇ ਇਸ ਘਮਸਾਨ ਦੀ ਜੰਗ ਵਿਚ ਨੱਥਾ ਚੌਧਰੀ, ਉਸ ਦਾ ਪੁੱਤਰ,ਭਾਣਜਾ ਅਤੇ ਇੱਕ ਬਰਵਾਲਾ ਸ਼ਹੀਦੀ ਪਾ ਗਏ।ਰਾਇ ਸਿੰਘ ਦੀ ਉਮਰ ਕੇਵਲ 7 ਸਾਲ ਸੀ ਉਸ ਨੂੰ ਕਾਫੀ ਜ਼ਖ਼ਮ ਆਏ ਸ਼ਾਹੀ ਫੌਜ ਸਭ ਨੂੰ ਮਰਿਆ ਜਾਣ ਕੇ ਚਲੀ ਗਈ।ਰਾਇ ਸਿੰਘ ਜੋ ਕਿ ਜ਼ਖ਼ਮੀ ਅਤੇ ਸਹਿਕਦਾ ਸੀ ਪਿੰਡ ਕੰਬੋਵਾਂ ਦੀ ਇੱਕ ਮੁਸਲਮਾਨ ਔਰਤ ਅਰਾਇਣ
ਜ਼ਖਮੀ ਰਾਇ ਸਿੰਘ ਨੂੰ ਚੁੱਕ ਕੇ ਆਪਣੇ ਘਰ ਲੈ ਗਈ ਅਤੇ ਉਸ ਦੀ ਮਲੱਮ ਪੱਟੀ ਕੀਤੀ । ਕੁੱਝ ਸਮੇਂ ਦੀ ਸੇਵਾ ਤੋਂ ਬਾਅਦ ਰਾਇ ਸਿੰਘ ਬਚ ਗਿਆ।ੳਸ ਦਾ ਪੁੱਤਰ ਰਤਨ ਸਿੰਘ “ਭੰਗੂ”ਹੋਇਆ ਜੋ ਮਹਾਨ ਗ੍ਰੰਥ “ ਪੱਥ ਪ੍ਰਕਾਸ਼ “ ਦਾ ਕਰਤਾ ਸੀ ।
ਸਿਰ ਝੁਕਦਾ ਉਨ੍ਹਾਂ ਧਰਮੀਆਂ ਨੂੰ,ਜਿਹਨਾਂ ਕੌਮ ਲਈ ਸੀਸ ਹੈ ਲਾ ਦਿੱਤਾ।
ਉਨ੍ਹਾਂ ਬੇਗੈਰਤਾਂ ਨੂੰ ਕੀ ਆਖਾ,ਜਿਨ੍ਹਾਂ ਦੀਨ ਧਰਮ ਗ਼ੈਰਾਂ ਦੀ ਝੋਲੀ ਪਾ ਦਿੱਤਾ।

ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ਤੇ ਕਬਜਾ

ਅੰਮ੍ਰਿਤਸਰ ਤੇ ਰਣਜੀਤ ਸਿੰਘ ਨੇ ਕੀਤੀ ਚੜ੍ਹਾਈ।

ਗੁਲਾਬ ਸਿੰਘ ਭੰਗੀ ਦੀ ਪਤਨੀ ਸੁਖਾਂ ਅੱਗੇ ਆਈ।

ਸੁਖਾਂ ਨਾਲ ਪੁੱਤਰ ਨੂੰ ਲੈ ਕੇ,ਮਰਦਾਂਨੀ ਵਰਦੀ ਪਾਈ।

ਬੁਰਜਾਂ ਵਿਚ ਬੀੜ ਕੇ ਤੋਪਾਂ,ਕੀਤੀ ਆਪ ਅਗਵਾਈ।

ਦੋਨੋਂ ਧਿਰਾਂ ਦਾ ਚਾਰ ਦਿਨਾਂ ਤੱਕ ਹੋਇਆ ਟਾਕਰਾ,

ਚਲੀਆ ਤੋਪਾਂ ਗੋਲੇ ਗਰਜੇ,ਚਾਰ ਦਿਨ ਕੀਤੀ ਲੜ੍ਹਾਈ।

ਕਾਦਰ ਦੀ ਕੁਦਰਤ ਵੇਖੋ, ਆਪਣਾ ਰੰਗ ਵੇਖਾਇਆ,

ਚੰਗੀ ਰੱਜ ਕੇ ਹੋਈ ਵਰਖਾਂ,ਨਾਲੇ ਤੇਜ਼ ਹਨੇਰੀ ਆਈ।

ਸੁਖਾਂ ਨੇ ਹਰਦਿਤ ਸਿੰਘ ਪੁੱਤਰ ਬਚਾਉਣ ਦੀ ਖਾਤਰ,

ਜੋਧ ਸਿੰਘ ਰਾਮਗੜ੍ਹ ਦੀ ਹਵੇਲੀ ਜਾ ਡੇਰਾ ਲਾਇਆ।

ਜ਼ਮਜ਼ਮਾ ਤੋਪ ਸੀ ਹੱਥ ਰਣਜੀਤ ਸਿੰਘ ਦੇ ਆਈ,

ਅੰਮ੍ਰਿਤਸਰ ਤੇ ਕਬਜਾ ਕਰਕੇ ਫਤਹਿ ਉਸ ਨੇ ਪਾਈ।

ਅੰਮ੍ਰਿਤਸਰ ਆ ਰਣਜੀਤ ਸਿੰਘ ਸੀ ਗਰਜਿਆ,

ਸ਼ਹਿਰ ਦੀ ਲੁੱਟ ਕਰਨ ਤੋਂ ਫੂਲਾ ਸਿੰਘ ਵਰਜਿਆ।

ਹੱਸ ਕੇ ਸੀ ਮਹਾਰਾਜੇ ਰਣਜੀਤ ਸਿੰਘ ਨੇ ਸੀਸ ਝੁਕਾਈ,

ਮਹਾਰਾਜੇ ਨੇ,ਅਕਾਲੀ ਫੂਲਾ ਸਿੰਘ ਨਾਲ ਪਿਆਰ ਵਧਾਈ।

ਪੰਚਾਂ ਰਲ ਸੁਖਾਂ ਦੀ ਰਾਜੇ ਨਾਲ ਸੁਲਾਹ ਕਰਵਾਈ,

ਪੰਜ ਪਿੰਡ, ਦੇ ਰਾਜੇ ਸੁਖਾਂ ਤਾਈਂ ਜਗੀਰ ਸੀ ਲਾਈ।

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab