ਜ਼ਿੰਦਗੀ ਨਾਲ ਸਬੰਧਤ ਮਸਲਿਆਂ ਦਾ ਹੱਲ ਨਹੀਂ ਹਨ ਖ਼ੁਦਕੁਸ਼ੀਆਂ
ਪੰਜਾਬੀ ਕੌਮ ਬਹਾਦਰਾਂ, ਸੂਰਬੀਰਾਂ,ਸਿਰਲੱਥ ਯੋਧਿਆਂ ਦੀ ਕੌਮ ਮੰਨੀ ਜਾਂਦੀ ਰਹੀ ਹੈ ਅਤੇ ਹੁਣ ਤੱਕ ਮੰਨੀ ਜਾਂਦੀ ਹੈ ।ਵੱਡੇ ਵੱਡੇ ਧਾੜਵੀਆਂ,ਜ਼ਾਬਰਾਂ ਨਾਲ ਲੋਹਾ ਲੈਣ ਨੂੰ ਪੰਜਾਬੀ ਯੋਧੇ ਹਮੇਸ਼ਾਂ ਮੋਹਰੀ ਰਹੇ ਹਨ । ਜਿੰਨੀਆਂ ਔਕੜਾਂ , ਮੁਸੀਬਤਾਂ ਪੰਜਾਬੀ ਕੌਮ ਨੇ ਆਪਣੇ ਤਨ ’ਤੇ ਹੰਢਾਈਆਂ ਹਨ ,ਦੁਨੀਆਂ ਦੇ ਇਤਿਹਾਸ ਵਿੱਚ ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ । ਕਈ ਕਈ ਦਿਨ ਭੁੱਖਾਂ ਤ੍ਰੇਹਾਂ ਕੱਟ ਕੇ ਵੀ ਵੈਰੀ ਨੂੰ ਲੋਹੇ ਦੇ ਚਨੇ ਚਬਾਉਂਣ ਵਾਲੀ ਪੰਜਾਬੀ ਕੌਮ ਬੁਝਦਿਲਾਂ,ਡਰਪੋਕਾਂ ਨੂੰ ਹੌਸਲਾ ਦੇ ਕੇ ਜ਼ਿੰਦਗੀ ਜੀਣ ਦੀ ਜਾਂਚ ਸਿਖਾਉਣ ਵਾਲੀ ਕੌਮ ਰਹੀ ਹੈ ।ਸਦੀਆਂ ਤੋਂ ਸਭ ਤਰ੍ਹਾਂ ਦੇ ਸੰਤਾਪ ਭੋਗ ਕੇ ਵੀ ਪੰਜਾਬੀ ਕੌਮ ਹਮੇਸ਼ਾਂ ਨਵੀਂ ਨਰੋਈ ਹੋ ਕੇ ਉਭਰਦੀ ਆ ਰਹੀ ਹੈ । ਵਿਰੋਧੀਆਂ ਦੇ ਵਾਰ ਭਾਂਵੇਂ ਪੰਜਾਬੀਆਂ ਦੇ ਧਾਰਮਿਕ ਜ਼ਜ਼ਬਾਤਾਂ ਉਪਰ ਹੋਏ ,ਭਾਂਵੇਂ ਇਹਨਾਂ ਦੇ ਸਰੀਰਾਂ ਉਪਰ ,ਇਹਨਾਂ ਨੇ ਹਰੇਕ ਜ਼ੁਲਮ ਹੱਸ ਹੱਸ ਕੇ ਸਹਿ ਲਿਆ ਅਤੇ ਮੌਕਾ ਆਉਣ ਤੇ ਜ਼ੁਲਮ ਕਰਨ ਵਾਲਿਆਂ ਨਾਲ ਹਿਸਾਬ ਵੀ ਚੁਕਤਾ ਕਰ ਲਿਆ ।
ਹੁਣ ਪਿਛਲੇ ਕੁੱਝ ਕੁ ਵਰ੍ਹਿਆਂ ਤੋਂ ਪੰਜਾਬੀਆਂ ਦੀ ਬਹਾਦੁਰ ਕੌਮ ਵਿਚਲੇ ਕੁੱਝ ਕੁ ਪੰਜਾਬੀਆਂ ਚੋਂ ਬੁੱਝਦਿਲੀ ਦੀ ਬੋਅ ਆਉਣ ਲੱਗ ਪਈ ਹੈ । ਦੁਸ਼ਮਣਾ ਦੇ ਦੰਦ ਖੱਟੇ ਕਰਨ ਵਾਲੇ ਸ਼ੇਰ ਪੰਜਾਬੀ,ਮੈਦਾਨੇ ਜੰਗ ਵਿੱਚ ਵੱਡੇ ਵੱਡਿਆਂ ਜ਼ਰਬਾਣਿਆਂ ਤੋਂ ਵੀ ਹਾਰ ਨਾ ਮੰਨਣ ਵਾਲੇ ਯੋਧਿਆਂ ਦੇ ਵਾਰਿਸ,ਹੁਣ ਆਪਣੀ ਜ਼ਿੰਦਗੀ ਨਾਲ ਸਬੰਧਤ ਮੁਸ਼ਕਿਲਾਂ ਤੋਂ ਹੀ ਹਾਰ ਮੰਨਣ ਲੱਗ ਪਏ ਹਨ । ਨਿੱਤ ਨਵੇਂ ਦਿਨ ਅਖ਼ਬਾਰਾਂ ਦੇ ਪੰਨਿਆ ’ਤੇ ਕਿਸੇ ਨਾ ਕਿਸੇ ਸਮੱਸਿਆ ਨਾਲ, ਨਾ ਜੂਝ ਪਾ ਸਕਣ ਤੋਂ ਡਰਕੇ,ਕਿਸੇ ਪੰਜਾਬੀ ਵੱਲੋਂ ਖ਼ੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿਣ ਦੀ ਖ਼ਬਰ ਪੜ੍ਹਨ ਨੂੰ ਮਿਲਦੀ ਹੈ । ਛੋਟੀ ਜਿਹੀ ਸਮੱਸਿਆ ਬਦਲੇ ਜਾਨ ਦੇ ਦੇਣੀ ਕੋਈ ਬਹਾਦੁਰੀ ਨਹੀਂ ਕਾਇਰਤਾ ਹੈ , ਬੁੱਝਦਿਲੀ ਹੈ, ਅਗਿਆਨਤਾ ਹੈ । ਦੁਨੀਆਂ ਦੀ ਕੋਈ ਵੀ ਸਮੱਸਿਆ ਅਜਿਹੀ ਨਹੀਂ , ਜਿਸ ਦਾ ਕੋਈ ਨਾ ਕੋਈ ਹੱਲ ਨਾ ਹੋਵੇ ।
ਅੱਜ ਬੇਸ਼ੱਕ ਕਰਜ਼ੇ ਦੀ ਮਾਰ ਝੱਲ ਰਿਹਾ ਕਿਸਾਨ, ਡਿਗਰੀਆਂ ਦੀ ਮੋਟੀ ਫਾਇਲ ਲਈ ਬੈਠਾ ਬੇ-ਰੁਜ਼ਗਾਰ, ਦਾਜ ਕਰਕੇ ਨਿੱਤ ਸਤਾਈ ਜਾਂਦੀ ਨਵਵਿਆਹੁਤਾ ਜਾਂ ਇਮਤਿਹਾਨ ਵਿੱਚ ਫੇਲ੍ਹ ਹੋਇਆ ਵਿਦਿਆਰਥੀ ਆਪਣੇ ਮਨ ਤੇ ਕਾਬੂ ਨਾ ਪਾਉਣ ਵਿੱਚ ਅਸਫ਼ਲ ਹੋ ਕੇ ਖ਼ੁਦਕੁਸ਼ੀ ਦਾ ਰਾਹ ਅਪਣਾਅ ਰਿਹਾ ਹੈ ਪਰੰਤੂ ਅਜਿਹੇ ਵਿਚਾਰ ਮਨ ਵਿੱਚ ਆਉਣ ਵੇਲੇ ਇਹ ਸੋਚਣਾ ਅਤਿ ਜਰੂਰੀ ਹੁੰਦਾ ਹੈ ਕਿ ਕੀ ਮੇਰੇ ਅਜਿਹਾ ਕਰਨ ਨਾਲ ਸਮੱਸਿਆ ਦਾ ਸਥਾਈ ਹੱਲ ਨਿਕਲ ਆਵੇਗਾ ? ਦੋ- ਚਾਰ ਲੱਖ ਦੇ ਕਰਜ਼ੇ ਪਿੱਛੇ ਪਿੱਪਲ ਨਾਲ ਲਮਕਣ ਵਾਲੇ ਕਿਸਾਨ ਨੂੰ ਏਨੀ ਸਮਝ ਹੋਣੀ ਵੀ ਲਾਜ਼ਮੀਂ ਹੈ ਕਿ ਮੇਰੇ ਮਰਨ ਨਾਲ ,ਮੇਰਾ ਕਰਜ਼ਾ ਮੁਆਫ਼ ਨਹੀਂ ਹੋਣ ਲੱਗਾ,ਨਾ ਸ਼ਾਹੂਕਾਰ ਦਾ ਅਤੇ ਨਾ ਹੀ ਸਰਕਾਰ ਦਾ । ਕਿਸਾਨ ਦਾ ਜਿਗਰਾ ਏਡਾ ਵੱਡਾ ਹੁੰਦਾ ਹੈ ਕਿ ਉਹ ਹੜ੍ਹ ਮਾਰੀਆਂ ਫਸਲਾਂ ਨੂੰ ਵੇਖ ਵੇਖ ਵੀ, ਡਾਢੇ ਦਾ ਹੁਕਮ ਮੰਨ ਕੇ ਸਬਰ ਕਰਕੇ ਬੈਠ ਜਾਂਦਾ ਹੈ ਤਾਂ ਫਿਰ ਓਹੀ ਕਿਸਾਨ ਕਰਜ਼ੇ ਜਾਂ ਲੜਕੀ ਦੀ ਸ਼ਾਦੀ ਤੋਂ ਘਬਰਾਕੇ ਜਾਨ ਦੇਣ ਨੂੰ ਕਾਹਲਾ ਕਿਉਂ ਪੈ ਜਾਂਦਾ ਹੈ ।ਉਹ ਅਜਿਹਾ ਕਰਨ ਤੋਂ ਪਹਿਲਾਂ ਇਹ ਕਿਉਂ ਨਹੀਂ ਸੋਚਦਾ ਕਿ ਬਾਪ ਜਾਂ ਵੱਡੇ ਭਰਾ ਦਾ ਛਾਇਆ ਸਿਰ ਤੋਂ ਉੱਠ ਜਾਣ ਮਗਰੋਂ ਓਸ ਧੀ ਜਾਂ ਭੈਣ ਦਾ ਕੀ ਬਣੇਗਾ । ਜਿਸ ਦੇ ਵਿਆਹ ਦੇ ਖਰਚ ਤੋਂ ਡਰਦੇ ਉਸ ਨੇ ਜਾਨ ਤੱਕ ਦੇ ਦਿੱਤੀ । ਉਸਨੂੰ ਇਹ ਗੱਲ ਵਿਚਾਰਨ ਦੀ ਲੋੜ ਹੈ ਕਿ ਉਸਦੇ ਅਜਿਹਾ ਕਰਨ ਨਾਲ ,ਕੀ ਉਸਦੀ ਧੀ ਜਾਂ ਭੈਣ ਸ਼ਾਦੀ ਹੁਣ ਧੂੰਮ ਧਾਮ ਨਾਲ ਹੋ ਜਾਵੇਗੀ ਜਾਂ ਫਿਰ ਉਹ ਬੇਸਹਾਰਾ, ਕਿਸੇ ਦੀ ਬੂਰੀ ਨਜ਼ਰ ਦਾ ਸ਼ਿਕਾਰ ਬਣੇਗੀ । ਜਾਨ ਦੇਣ ਨਾਲੋਂ ਸੌਖਾ ਕੰਮ ਹੈ ਕਿ ਰੀਸੋ ਰੀਸ ਵੱਡਾ ਘਰ ਨਾ ਸਹੀ ਭਾਂਵੇਂ ਆਪਣੇ ਨਾਲੋਂ ਕੁੱਝ ਛੋਟਾ ਹੀ ਹੋਵੇ , ਆਪਣੇ ਹੱਥੀਂ ਕੰਨਿਆ ਦੇ ਹੱਥ ਪੀਲੇ ਕਰ ਲੈਣ ਵਿੱਚ ਹੀ ਸਿਆਣਪ ਹੈ । ਬੈਂਕ ਜਾਂ ਸ਼ਾਹੂਕਾਰ ਦਾ ਕਰਜ਼ਾ ਵੀ , ਦੋ ਬਿੱਘੇ ਭੋਇੰ ਵੇਚ ਵੱਟ ਕੇ ਉਤਾਰਿਆ ਜਾ ਸਕਦਾ ਹੈ । ਜ਼ਿੰਦਗੀ ਰਹੇਗੀ ਤਾਂ ਜ਼ਮੀਨ ਜਾਇਦਾਦ ਹੋਰ ਖਰੀਦੀ ਜਾ ਸਕੇਗੀ । ਜੇ ਜ਼ਿੰਦਗੀ ਤੋਂ ਹਾਰ ਮੰਨ ਵੀ ਲਈ ਤਾਂ ਵੀ ਕਰਜ਼ਾ ਸਿਰ ਦਾ ਸਿਰ ਹੀ ਰਹੇਗਾ ।
ਪੜ੍ਹਾਈ ਵਿੱਚ ਨੰਬਰਾਾਂ ਦੀ ਪ੍ਰਤੀਸ਼ਤ ਵੱਧ ਤੋਂ ਵੱਧ ਲੈਣੀ ਅੱਜ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਬਹੁਤ ਜਰੂਰੀ ਹੋ ਗਈ ਹੈ । ਬੇਰੁਜ਼ਗਾਰੀ ਦੇ ਦੌਰ ਵਿੱਚ ਚੰਗੇ ਅੰਕ ਪ੍ਰਾਪਤ ਕਰੇ ਬਗੈਰ ਚੰਗੀ ਨੌਕਰੀ ਦਾ ਮਿਲ ਪਾਉਣਾ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਹੈ ਪਰੰਤੂ ਨੰਬਰਾਂ ਦੀ ਪ੍ਰਤੀਸ਼ਤ ਨੂੰ ਲੈ ਕੇ ਦਿਮਾਗ਼ੀ ਸੰਤੁਲਨ ਗੁਆ ਲੈਣਾ ਵੀ ਕੋਈ ਸਿਆਣਪ ਨਹੀਂ ।ਅੱਜਕੱਲ੍ਹ ਬੱਚਿਆਂ ਨੂੰ ਨੰਬਰਾਂ ਦੀ ਦੌੜ ਵਿੱਚ ਦੁੜਾਉਣ ਵਿੱਚ ਮਾਪੇ ਵੀ ਕਾਫ਼ੀ ਯੋਗਦਾਨ ਪਾਉਂਦੇ ਹਨ ।
“ਕਲਾਸ ਵਿੱਚੋਂ ਪਹਿਲੇ ਸਥਾਨ ਤੇ ਰਹਿਣ ਅਤੇ ਸਤਾਨਵੇਂ ਪ੍ਰਤੀਸ਼ਤ ਅੰਕ ਨਾ ਆਉਣ ਦੀ ਸੂਰਤ ਵਿੱਚ, ਕਈ ਮਾਪੇ ਆਪਣੇ ਬੱਚੇ ਦੇ ਛਿਆਨਵੇਂ ਪ੍ਰਤੀਸ਼ਤ ਅੰਕ ਹਾਸਿਲ ਕਰਕੇ , ਕਲਾਸ ਵਿੱਚੋਂ ਦੂਜੇ ਸਥਾਨ ਤੇ ਰਹਿਣ ਦੀ ਖੁਸ਼ੀ ਮਾਨਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ”
ਮਾਪੇ ਬੱਚੇ ਨੂੰ ਉਤਸ਼ਾਹਿਤ ਕਰਨ ਦੀ ਵਜਾਏ , ਉਸਨੂੰ ਡਰਾ ਧਮਕਾ ਕ,ੇ ਉਸ ਵਿੱਚ ਹੀਣ ਭਾਵਨਾ ਪੈਦਾ ਕਰ ਦਿੰਦੇ ਹਨ । ਕਿਸੇ ਹੋਰ ਪੜੌਸੀ ਦੇ ਬੱਚੇ ਦੀਆਂ ਉਧਾਰਣਾ ਦੇ ਦੇ ਉਸਨੂੰ ਲਾਹਨਤਾਂ ਤੱਕ ਪਾ ਦਿੰਦੇ ਹਨ ਜਦੋਂ ਕਿ ਇਸ ਤਰ੍ਹਾਂ ਦਾ ਵਤੀਰਾ ਬੱਚੇ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰ ਦਿੰਦਾ ਹੈ । ਨਤੀਜੇ ਮਾਂ ਬਾਪ ਦੀ ਉਮੀਦ ਮੁਤਾਬਿਕ ਨਾ ਆਉਣ ਕਰਕੇ ਕਈ ਬੱਚੇ ਡਰ ਦੇ ਮਾਰੇ ਖ਼ੁਦਕੁਸ਼ੀ ਕਰਨ ਵਰਗਾ ਰਾਹ ਅਪਣਾ ਬੈਠਦੇ ਹਨ । ਬੱਚਿਆਂ ਨੂੰ ਤਾਂ ਸਮਝ ਘੱਟ ਹੁੰਦੀ ਹੈ ਲੇਕਿਨ ਮਾਪੇ ਵੀ ਬੇਸਮਝ ਹੋ ਨਿਬੜਦੇ ਹਨ ਜਦੋਂ ਕਿ ਮਾਂ –ਬਾਪ ਦਾ ਫਰਜ਼ ਬੱਚੇ ਨੂੰ ਪਿਆਰ ਨਾਲ ਸਮਝਾ ਕੇ ਉਸਨੂੰ ਉਸਦੀ ਜ਼ਿੰਦਗੀ ਪ੍ਰਤੀ ਜਾਗਰੂਕ ਕਰਨਾ ਹੁੰਦਾ ਹੈ । ਬੱਚਾ ਜੇ ਇਸ ਵਾਰ ਅੰਕ ਘੱਟ ਲੈ ਗਿਆ ਤਾਂ ਅਗਲੀ ਵਾਰੀ ਹੋਰ ਵੱਧ ਲੈ ਜਾਵੇਗਾ । ਬੱਚੇ ਨੂੰ ਲੋੜੀਂਦੀ ਸਿਖਿਆ ਵਿੱਚ ਅੱਵਲ ਰਹਿਣ ਲਈ ਮਾਂ ਬਾਪ ਦੇ ਉਸਾਰੂ ਰਵੱਈਏ ਦੀ ਸਖ਼ਤ ਜਰੂਰਤ ਹੈ, ਜਿਸ ਕਰਕੇ ਬੱਚਾ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਪਾਸੇ ਸੋਚਣ ਨੂੰ ਮਜਬੂਰ ਨਾ ਹੋਵੇ ।
ਬੇਰੁਜ਼ਗਾਰੀ ਦੀ ਸਮੱਸਿਆ ਸਾਡੀ ਕੌਮੀ ਸਮੱਸਿਆ ਬਣ ਚੁੱਕੀ ਹੈ ।ਦਿਨ ਪ੍ਰਤੀ ਦਿਨ ਵਧ ਰਹੀ ਬੇਰੁਜ਼ਗਾਰੀ ਨੌਜਵਾਨਾਂ ਨੂੰ ਕੁਰਾਹੇ ਪਾਉਣ ਦਾ ਮੁੱਖ ਕਾਰਨ ਹੈ ਪਰੰਤੂ ਸਾਡੇ ਨੌਜਵਾਨ ਪੀੜ੍ਹੀ ਨੂੰ ਵੀ ਇਸ ਗੱਲ ਦੀ ਸਮਝ ਹੋਣੀ ਲਾਜ਼ਮੀਂ ਹੈ ਕਿ ਮੈਂ ਇਕੱਲਾ ਏਥੇ ਬੇਰੁਜ਼ਗਾਰ ਨਹੀਂ ਹਾਂ । ਮੇਰੇ ਵਰਗੇ ਹੋਰ ਵੀ ਪੜ੍ਹੇ ਲਿਖੇ ਲੱਖਾਂ ਬੇਰੁਜ਼ਗਾਰ,ਬਿਲਕੁਲ ਮੇਰੇ ਵਾਂਗ ਹੀ ਨਿੱਤ ਪ੍ਰਤੀ ਦਿਨ ਇੰਟਰਵਿਊ ਦੇ ਦੇ ਨਮੋਸ਼ੀ ਲੈ ਕੇ ਘਰ ਖਾਲੀ ਪਰਤਦੇ ਹਨ । ਚਲੋ ! ਅੱਜ ਨਹੀਂ ਤਾਂ ਕੱਲ੍ਹ ਕੋਈ ਛੋਟੀ ਮੋਟੀ ਨੌਕਰੀ ਹੱਥ ਲੱਗ ਹੀ ਜਾਵੇਗੀ । ਨੌਕਰੀ ਨਾ ਮਿਲਣ ਦੀ ਸੂਰਤ ਵਿੱਚ ਕੋਈ ਗਲਤ ਕਦਮ ਚੁੱਕ ਲੈਣਾ ਕਿਸੇ ਵਾਸਤੇ ਵੀ ਸਾਰਥਿਕ ਨਹੀਂ ਨਾ ਦੇਸ਼ ਵਾਸਤੇ ਅਤੇ ਨਾ ਹੀ ਬੇਰੁਜ਼ਗਾਰ ਨੌਜਵਾਨਾਂ ਵਾਸਤੇ ।ਅਜਿਹੇ ਹਾਲਾਤਾਂ ਵਿੱਚ ਡਿਗਰੀਆਂ , ਡਿਪਲੋਮਿਆਂ ਦੀ ਯੋਗਤਾ ਦੇ ਬਰਾਬਰ ਨਾ ਸਹੀ , ਕੋਸ਼ਿਸ਼ ਕਰਨ ਨਾਲ ਕਿਤੇ ਪ੍ਰਾਈਵੇਟ ਕੰਪਨੀ ਜਾਂ ਥੋੜ੍ਹੀ ਘੱਟ ਮਿਹਨਤਾਨੇ ਵਾਲੀ ਨੌਕਰੀ ਹੀ ਹਾਸਿਲ ਕਰਕੇ , ਜ਼ਿੰਦਗੀ
ਬਸ਼ਰ ਕੀਤੀ ਜਾ ਸਕਦੀ ਹੈ । ਜੇ ਹੌਸਲਾ ਅਤੇ ਹਿੰਮਤ ਹਾਰ ਕੇ ਜ਼ਿੰਦਗੀ ਤੋਂ ਹੀ ਕਿਨਾਰਾ ਕਰ ਲਿਆ ਤਾਂ ਪੜ੍ਹੇ ਲਿਖੇ ਇਨਸਾਨ ਅਤੇ ਇੱਕ ਅਨਪੜ੍ਹ ਬੰਦੇ ਵਿੱਚ ਕੀ ਫਰਕ ਰਹਿ ਜਾਵੇਗਾ ।ਪੜ੍ਹੇ ਲਿਖਿਆਂ ਨੂੰ ਆਪਣੀ ਸਮਝ ਬੂਝ ਤੋਂ ਕੰਮ ਲੈਣਾ ਚਾਹੀਂਦਾ ਹੈ ਜੇਕਰ ਕੋਈ ਦੋਸਤ – ਮਿੱਤਰ , ਸਕਾ – ਸਬੰਧੀ ਕੁੱਝ ਗਲਤ ਵਿਚਾਰਾਂ ਦੇ ਪ੍ਰਗਟਾਵੇ ਸਹਿਜ ਸੁਭਾਅ ਵੀ ਕਰ ਬੈਠਦਾ ਹੈ ਤਾਂ ਉਸ ਦੀ ਗੱਲ ਨੂੰ ਅਣਗੌਲਿਆਂ ਨਾ ਕਰਕੇ ਉਸਨੂੰ ਜ਼ਿੰਦਗੀ ਦੇ ਮਾਇਨੇ ਸਮਝਾੳਂੁਣ ਵਾਸਤੇ ਸਮਾਂ ਲਗਾਉਣ ਦੀ ਜਰੂਰਤ ਹੈ ਕਿਉਂਕਿ ਖ਼ੁਦਕੁਸ਼ੀ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਲੋਕੀ, ਆਪਣੀ ਆਮ ਜ਼ਿੰਦਗੀ ਵਿੱਚ ਵੀ ਆਪਣੇ ਮਾੜੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ ।
ਸਾਨੂੰ ਜ਼ਿੰਦਗੀ ਵਿੱਚ ਸਿਰ ਚੁੱਕੀ ਬੈਠੀਆਂ ਸਮੱਸਿਆਵਾਂ ਦੇ ਹੱਲ ਲੱਭਣ ਦੇ ਨਾਲ ਨਾਲ ਸਬਰ, ਸੰਤੋਖ਼ ਦੀ ਵੀ ਖਾਸ ਜਰੂਰਤ ਹੁੰਦੀ ਹੈ । ਇਨਸਾਨ ਨੂੰ ਹਮੇਸ਼ਾਂ ਆਪਣੇ ਹੱਥਲੇ ਵਸੀਲਿਆਂ ਵਿੱਚ ਖੁਸ਼ ਰਹਿਣ ਦੀ ਆਦਤ ਪਾਉਣੀ ਚਾਹੀਂਦੀ ਹੈ । ਕਾਲੀ-ਬੋਲੀ ਰਾਤ ਦੇ ਗੁਜ਼ਰਨ ਤੋਂ ਬਾਅਦ ਇੱਕ ਨਵੀਂ ਸੁਰਖ਼ ਸਵੇਰ ਜਨਮਦੀ ਹੈ । ਸੋ ਜ਼ਿੰਦਗੀ ਦੇ ਵਿਹੜੇ ਆਈਆਂ ਸਮੱਸਿਆਵਾਂ ਦੀ ਰਾਤ ਨੇ ਵੀ ਸਮੇਂ ਨਾਲ ਗੁਜ਼ਰ ਹੀ ਜਾਣਾ ਹੁੰਦਾ ਹੈ ।ਸਾਨੂੰ ਜ਼ਿੰਦਗੀ ਨਿਰੰਤਰ ਇਸ ਉਮੀਦ ਨਾਲ ਜਿਉਣ ਦੀ ਲੋੜ ਹੈ ਕਿ ਆਉਣ ਵਾਲੇ ਦਿਨ ਹੋਰ ਚੰਗੇ ਹੋਣਗੇ । ਸਾਰਥਿਕ ਮਿਹਨਤਾਂ ਰੰਗ ਵਿਖ਼ਾਉਂਦੀਆਂ ਆਈਆਂ ਹਨ ਅਤੇ ਜ਼ਿੰਦਗੀ ਨੂੰ ਰੁਸ਼ਨਾਉਂਦੀਆਂ ਵੀ ਰਹੀਆਂ ਹਨ , ਜਦੋਂ ਕਿ ਬੁੱਝਦਿਲੀ, ਕਾਇਰਤਾ ਜ਼ਿੰਦਗੀ ਨੂੰ ਘੁੱਪ ਹਨ੍ਹੇਰਿਆਂ ਵੱਲ ਧਕੇਲ ਦਿੰਦੀ ਹੈ ।
ਐ ਮੇਰੇ ਲੋਕੋ ! ਦਿਨ ਪ੍ਰਤੀ ਦਿਨ ਵਧ ਰਹੀਆਂ ਖ਼ੁਦਕੁਸ਼ੀਆਂ ਜ਼ਿੰਦਗੀ ਵਿੱਚਲੀਆਂ ਸਮੱਸਿਆਵਾਂ ਦਾ ਹੱਲ ਨਹੀਂ ਹਨ ਅਤੇ ਨਾ ਹੀ ਸਾਡੀਆਂ / ਤੁਹਾਡੀਆਂ ਸਮੱਸਿਆਵਾਂ ਅਤੇ ਖ਼ੁਦਕੁਸ਼ੀਆਂ ਦਾ ਹੱਲ ਸਾਡੀਆਂ ਸਰਕਾਰਾਂ ਕੋਲ ਹੀ ਹੈ।ਮੈਂ ਤਾਂ ਸਿਰਫ਼ ਇਹੋ ਕਹਾਂਗਾ ਕਿ :
“ਬਸ ਥੋੜ੍ਹਾ ਇੰਤਜ਼ਾਰ ਹੋਰ ਕਰ ਲੈ ਯਾਰ, ਗੁਜ਼ਰ ਜਾਣਦੇ ਏਸ ਕਾਲੀ ਬੋਲੀ ਰਾਤ ਨੂੰ ।
ਚੜ੍ਹਣਗੇ ‘ਘੁਮਾਣ’ ਨਵੇਂ ਨਵੇਂ ਸੂਰਜ , ਜੋ ਰੁਸ਼ਨਾਉਣਗੇ ਜ਼ਿੰਦਗੀ ਦੀ ਕਾਇਨਾਤ ਨੂੰ ॥
ਲੇਖਕ : ਜਰਨੈਲ ਘੁਮਾਣ ਚੰਡੀਗੜ੍ਹ ।










