ਪੰਜਾਂ ਪਾਣੀਆਂ ਨੂੰ ਪੀਣ ਵਾਲੇ ਪੁੱਤਰਾਂ ਨੂੰ ਸਦੀਆਂ ਤੋਂ ਧਾੜਵੀਆਂ ਦੀ ਤਾਕਤ ਵੀ ਪੱਕੇ ਤੌਰ ਤੇ ਜਿੱਤ ਨਹੀਂ ਸਕੀ। ਇਹ ਪਾਣੀਆਂ ਵਾਂਗ ਰਾਹ ਲੱਭ ਹੀ ਲੈਂਦੇ ਹਨ। ਕਦੇ ਮੈਦਾਨਾਂ ਵਿਚ ਤੇ ਕਦੇ ਜੰਗਲਾਂ ਵਿਚ। ਇਹ ਜਿਸਮਾਨੀ ਦੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਕਾਫੀ ਤਾਕਤਵਾਰ ਹਨ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਹੋਣ, ਕਾਨੂੰਨ ਕਦੇ ਇਹਨਾਂ ਦੇ ਇਰਾਦਿਆਂ ਲਈ ਅੜਿੱਕਾ ਨਹੀਂ ਬਣਿਆ। ਇਹਨਾਂ ਦੀ ਅੱਗੇ ਵਧਣ ਦੀ ਤਮੰਨਾ ਤੇ ਸਮੇਂ ਨੂੰ ਬਚਾਉਣ ਦੀ ਸਕੀਮ ਹਮੇਸ਼ਾ ਹੀ ਪ੍ਰਬਲ ਰਹੀ ਹੈ। ਸ਼ਾਇਦ ਇਹੋ ਕਾਰਣ ਹੈ ਕਿ ਅੱਜ ਪੰਜਾਬ ਦੇ ਪਿੰਡੋਂ ਪਿੰਡ, ਸ਼ਹਿਰੋਂ ਸ਼ਹਿਰ ਅਜਿਹੇ ਪੰਜਾਬੀਆਂ ਦੀ ਭਰਮਾਰ ਹੋ ਗਈ ਹੈ ਜੋ ਕਿਸੇ ਸੜਕੀ ਰੋਕ ਜਾਂ ਕਿਸੇ ਵੀ ਫਾਟਕ ਨੂੰ ਵੀ ਟਿੱਚ ਜਾਣਦੇ ਹਨ। ਲਾਇਨ ਵਿਚ ਖੜ੍ਹਨਾਂ ਇਨਾਂ ਦੀ ਡਿਕਸ਼ਨਰੀ ਦਾ ਹਿੱਸਾ ਹੀ ਨਹੀਂ। ਸੜਕ ਤੇ ਦੋ ਤਰਫੀ ਆਵਾਜਾਈ ਕੀ ਹੁੰਦੀ ਹੈ, ਇਹ ਕੋਈ ਡੀ.ਟੀ.ਓ., ਲਾਇਸੰਸ ਦੇਣ ਤੋਂ ਪਹਿਲੋਂ ਇਹਨਾਂ ਨੂੰ ਦੱਸਦਾ ਹੀ ਨਹੀਂ, ਇਹਨਾਂ ਵਿਚਾਰਿਆਂ ਦਾ ਕੀ ਕਸੂਰ। ਜੇਕਰ ਕਾਰ ਤੇ ਲਾਲ/ ਨੀਲੀ/ ਪੀਲੀ ਬੱਤੀ ਤੇ ਹੂਟਰ ਲੱਗਾ ਹੋਵੇ ਤਾਂ ਹਿ ਕਾਰ ਵਿਚ ਬੈਠੇ ਅਫਸਰ ਲਈ ਜਾਨ ਦਾ ਖੋਅ ਵੀ ਬਣ ਜਾਂਦੇ ਹਨ। ਅੱਗੋਂ ਪਿੱਛੋਂ ਆਵਾਜਾਈ ਕਿਹੋ ਜਿਹੀ ਹੈ ਇਹ ਇਹਨਾਂ ਵਰਦੀਧਾਰੀ ਡਰਾਇਵਰਾਂ ਦੀ ਚਿੰਤਾ ਹੀ ਨਹੀਂ। ਕਦੇ ਕਦੇ ਸੋਚਦੇ ਹਾਂ ਕਿ ਜੇ ਸੜਕਾਂ ਤੇ ਇਹਨਾਂ ਨੂੰ ਏਨੀ ਕਾਹਲੀ ਹੈ ਤਾਂ ਫੇਰ ਇਹੋ ਕਾਹਲੀ ਕਿੱਥੇ ਚਲੀ ਜਾਂਦੀ ਹੈ ਜਦੋਂ ਦਫਤਰਾਂ ਵਿਚ ਬੈਠ ਕਿ ਲੋਕਾਂ ਦੇ ਕੰਮ ਕਰਨੇ ਹੁੰਦੇ ਹਨ। ਖੈਰ ਇਹ ਤਾਂ ਫੇਰ ਸੁਭਾਅ ਦਾ ਹਿੱਸਾ ਹੀ ਹੈ। ਉਂਜ ਕਈ ਲੋਕਾਂ ਨੂੰ ਰੱਬ ਭਗਤ ਹੀ ਕਿਹਾ ਜਾ ਸਕਦਾ ਹੈ। ਉਹਨਾਂ ਅਨੁਸਾਰ ਪ੍ਰਮਾਤਮਾ ਨੂੰ ਮਿਲਣ ਦਾ ਸੌਖਾ ਤੇ ਸਹੀ ਰਸਤਾ, ਸੜਕ ਤੇ ਤੇਜ ਤੇ ਬੇ-ਕਾਨੂੰਨੀ ਗੱਡੀ ਚਲਾ ਕਿ ਪਹੁੰਚਣਾ ਹੀ ਹੈ। ਪ੍ਰਮਾਤਮਾ ਨੂੰ ਮਿਲਣ ਦੇ ਚਾਹਵਾਨ ਫੇਰ ਰੱਬ ਤੋਂ ਕਦੋਂ ਡਰਦੇ ਹਨ। ਫੇਰ ਵੀ ਦੁਆ ਹੈ ਕਿ ਖੈਰ ਹੋਵੇ ਪੰਜਾਂ ਪਾਣੀਆਂ ਦੇ ਪੁੱਤਰਾਂ ਦੀ।
‘ਵਲੈਤ’ ਮੁੱਢੋਂ ਤਾਂ ਫਾਰਸੀ ਦਾ ਸ਼ਬਦ ਹੈ ਜਿਸਦੇ ਸਹਿੰਦੇ ਅਰਥ ਹਨ ‘ਬੇਗਾਨੀ ਧਰਤੀ’ ਜਾਂ ‘ਰੁਜ਼ਗਾਰ ਦੀ ਧਰਤੀ’। ਕਈ ਹੋਰ ਫਾਰਸੀ ਸ਼ਬਦਾਂ ਵਾਂਗ ਵਲੈਤ ਸ਼ਬਦ ਵੀ ਪੰਜਾਬੀ ਦਾ ਹੋਕੇ ਰਹਿ ਗਿਆ ਹੈ। ਵਲੈਤ ਨੇ ਜਦੋਂ ਰੰਗ ਦਿਖਾਏ ਤਾਂ ਫੇਰ ਸਾਰਾ ਦੁਆਬਾ ਵਲੈਤੀਆ ਹੋ ਗਿਆ। 1947 ਦੀ ਵੰਡ ਤੋਂ ਬਾਅਦ ਜ਼ਮੀਨਾਂ ਅਲਾਟ ਕਰਨ ਵਿੱਚ ਹੋਈ ਹੇਰਾਫੇਰੀ ਨੇ ਬਾਰੋਂ ਆਏ ਪੰਜਾਬੀਆਂ ਦੀਆਂ ਮੁਹਾਰਾਂ ਵਲੈਤ ਵੱਲ ਮੋੜ ਦਿੱਤੀਆਂ। ਬਾਰ ਵਿਚ ਮੁਰੱਬਿਆਂ ਦੇ ਮਾਲਕ, ਕਨਾਲਾਂ, ਜੋਗੇ ਰਹਿ ਗਏ ਸਨ। ਫੇਰ ਭਲਾ ਇਹ ਕਿਉਂ ਨਾ ਦੂਜੇ ਮੁਲਕਾਂ ਵਲ ਵਹੀਰਾਂ ਘੱਤਦੇ? ਕੋਈ ਫਿਜ਼ੀ, ਕੋਈ ਮਲੇਸ਼ੀਆ, ਕੋਈ ਕੋਈ ਅਫਰੀਕਾ ਤੇ ਬਹੁਤ ਬਰਤਾਨੀਆ ਜਾ ਵਸੇ। ਵਾਊਚਰਾਂ ਤੇ ਗਏ ਇਹ ਲੋਕ ਉਥੋਂ ਦੇ ਪੱਕੇ ਵਸਨੀਕ ਬਣ ਗਏ। 60ਵੇਂਆਂ ਦੇ ਅੱਧੋਂ ਬਾਅਦ ਜੋ ਮੁੜ ਆਏ, ਪੱਕੇ ਜਾਂ ਅਸਥਾਈ, ਆਪਣੇ ਘਰਾਂ ਦੇ ਮੂਹਰੇ ….. ਸਿੰਘ ਵਲੈਤੀਆ ਲਿਖਣ ਲੱਗ ਪਏ। ਦੁਆਬੇ ਦੇ ਹਰ ਪਿੰਡ ਦੇ ਵਿਚ ਕਈ ਦਰਵਾਜੇ ਇੰਜ ‘ਵਲੈਤੀਆ’ ਨਾਮ ਵਾਲੇ ਲਭ ਪੈਂਦੇ ਸਨ। ਸਮੇਂ ਨਾਲ ਇਹ ਰਿਵਾਜ ਖ਼ਤਮ ਹੁੰਦਾ ਗਿਆ। ਬਜ਼ੁਰਗ ਰਬ ਨੂੰ ਪਿਆਰੇ ਹੁੰਦੇ ਗਏ। ਟੱਬਰਾਂ ਦੇ ਟੱਬਰ ਵਲੈਤ ਪੱਕੇ ਵਸ ਗਏ। ਨਵੀਂ ਪੀੜ੍ਹੀ ਨੇ ਕੰਨੀਂ ਮੁੰਦਰਾਂ ਤੱਕ ਪਾਉਂਦੀਆਂ ਸ਼ੁਰੂ ਕਰ ਦਿੱਤੀਆਂ। ਅੱਜ ਦੇ ਇਹ ਵਲੈਤੀਏ ਤਾਂ ਇਹ ਵੀ ਨਹੀਂ ਜਾਣਦੇ ਕਿ ‘ਵਲੈਤ’ ਸ਼ਬਦ ਦੀ ਵੀ ਕੋਈ ਹੋਂਦ ਹੈ। ਪਰ ਇਸ ਵਿੱਚ ਇਹਨਾਂ ਦਾ ਵੀ ਕੀ ਕਸੂਰ? ਵੀਜ਼ੇ ਦੀਆਂ ਸਖਤਾਈਆਂ ਤੇ ਪਰਿਵਾਰਾਂ ਦਾ ਧਰੂਵੀਕਰਣ ਨਵੇਂ ਵਲੈਤੀਏ ਪੈਦਾ ਕਰਨ ਦੇ ਵਿਚ ਵੱਡੀਆਂ ਰੁਕਾਵਟਾਂ ਹਨ। ਇਕ ਖੁਸ਼ਕ ਜਿਹਾ ਮਾਹੌਲ ਪੈਦਾ ਹੋ ਗਿਆ ਹੈ। ਨਾ ਤਾਂ ਵਲੈਤ ਜਾਣ ਦਾ ਚਾਅ ਹੈ ਤੇ ਨਾ ਹੀ ਵਲੈਤੋਂ ਆਉਣ ਵਾਲਿਆਂ ਨੂੰ ਵਲੈਤੀਏ ਅਖਵਾਉਣ ਦਾ ਟਸ਼ਨ ਹੈ। ਇਹੋ ਜਿਹੇ ਮਾਹੌਲ ਵਿੱਚ ਜੇ ਕਿਤੇ ਕੋਈ ਬੰਦਾ ਵਲੈਤੀਆ ਬਨਣਾ ਚਾਹੇ ਤਾਂ ਸਮਝੋ ਆਨੰਦ ਦੀ ਨਵੀਂ ਸੀਮਾ ਪੈਦਾ ਹੁੰਦਾ ਹੈ। ਮੇਰਾ ਇਕ ਚੰਗਾ ਜਾਣਕਾਰੀ ਤੇ ਮੈਂ ਘਰੋਂ ਤੁਰ ਪਏ ਇੰਗਲੈਂਡ ਦੇ ਦੌਰੇ ਤੇ। ਮੇਰੀ ਇਹ ਪਿਛਲੇ 36 ਸਾਲਾਂ ਵਿੱਚ ਚੌਥੀ ਵਾਰੀ ਸੀ। ਪਹਿਲੋਂ 1970 ਵਿੱਚ ਫੇਰ 1990 ਵਿੱਚ, ਫੇਰ 1994 ਵਿੱਚ ਤੇ ਹੁਣ 2006 ਵਿੱਚ। 12 ਸਾਲ ਦੇ ਵਕਫੇ ਬਾਅਦ ਇਸਨੂੰ ਪਹਿਲੀ ਵਾਰ ਕਹਿ ਲੈਣਾ ਠੀਕ ਹੋਵੇਗਾ। ਮੇਰਾ ਜਾਣਕਾਰ ਇਕ ਇਹੋ ਜਿਹਾ ‘ਸਿੰਘ’ ਸੀ ਜੋ ਸਮਾਜਿਕ ਤੌਰ ਤੇ ਤਾਂ ‘ਸੁਰਜੀਤ’ ਸੀ ਪਰ ਤੁਰਨ ਫਿਰਨ ਜਾਂ ਸੈਰ ਸਪਾਟੇ ਦੇ ਪੱਖੋਂ ‘ਭਗਤ’ ਹੀ ਸੀ। ਲੁਦੇਹਾਣੇ ਸ਼ਹਿਰੋਂ ਬਾਹਰ ਉਸਨੇ ਕਦੇ ਘੱਟ ਹੀ ਰਾਤ ਕੱਟੀ ਸੀ। ‘ਲੁਦੇਹਾਣਾ’ ‘ਤੇ ‘ਲੰਡਨ’ ਇੱਕੋ ਰਾਸ਼ੀ ਦੇ ਸ਼ਹਿਰ ਹਨ ਤੇ ਇਹਨਾਂ ਦਾ ਮਿਲਦਾ ਵੀ ਕਈ ਕੁਝ ਹੈ। ਇਹ ਦੋਵੇਂ ਸ਼ਹਿਰ ਬੇਹਿਸਾਬੇ ਫੈਲੇ ਹਨ ਤੇ ਨਿਰਮਲ ਨਹੀਂ ਹਨ। ਦੋਹਾਂ ਸ਼ਹਿਰਾਂ ਵਿੱਚ ਕੋਈ ਕਿਸੇ ਦਾ ਆਪਣਾ ਲੱਭ ਪਏ, ਸਮਝੋ ਲਾਟਰੀ ਨਿਕਲ ਆਈ। ਜਹਾਜ਼ ਦੋ ਘੰਟੇ ਲੇਟ ਸੀ। ਗੁਰੂ ਦੀ ਨਗਰੀ ਤੋਂ ਪਹਿਲੀ ਵਾਰ ਜ਼ਹਾਜ਼ ਚੜ੍ਹ ਰਹੇ ਸਾਂ। ਭਗਤ ਜੀ ਬੜੇ ਹੀ ਘਬਰਾ ਰਹੇ ਸਨ। ਥੋੜ੍ਹੇ ਥੋੜ੍ਹੇ ਸਮੇਂ ਬਾਅਦ ਘਰੇ ਫੋਨ ਕਰ ਰਹੇ ਸਨ। ਉਹਨਾਂ ਦੇ ਅੰਦਰ ਟਿਕਾਅ ਜਿਹਾ ਨਹੀਂ ਸੀ। ਘਰੋਂ ਬਾਹਰ ਰਹਿਣ ਦਾ ਅਹਿਸਾਸ ਪਹਿਲੀ ਵਾਰ ਹੋ ਰਿਹਾ ਸੀ। ਉਹਨਾਂ ਵੱਲੋਂ ਨਿੱਥੇ ਨਿੱਕੇ ਸਵਾਲ ਸਿਰਫ ਦਿਲ ਨੂੰ ਬੰਨਣ ਲਈ ਹੀ ਕੀਤੇ ਜਾ ਰਹੇ ਸਨ। ਮੇਰੇ ਨਾਲ ਛੋਟੇ ਛੋਟੇ ਫਿਕਰਾਂ ਦਾ ਜ਼ਿਕਰ ਸਿਰਫ ਮਨ ਨੂੰ ਧਰਵਾਸਾ ਦੇਣ ਦੀ ਖਾਤਰ ਸਨ।
ਏਅਰਪੋਰਟ ਦੀ ਬਸ ਵਿੱਚੋਂ ਉੱਤਰ ਕੇ ਜਦੋਂ ਜਹਾਜ਼ ਦੀ ਪਹਿਲੀ ਪਾਉੜੀ ਚੜ੍ਹੀ ਤਾਂ ਮੇਰੇ ਮੂੰਹੋਂ ਅਚਾਨਕ ਨਿਕਲ ਗਿਆ, ‘ਲੈ ਭਗਤਾ, ਚੁੱਕ ਲਾ ਪੈਰ ਪੰਜਾਬ ਦੀ ਧਰਤੀ ਤੋਂ ਤੇ ਵਧਾ ਲੈ ਕਦਮ ਵਲੈਤ ਵੱਲ’ ਸਚ ਮੰਨਿਓ ਇਕ ਵਾਰੀ ਤਾਂ ਉਸ ਦੇ ਕਦਮ ਖਲੋ ਹੀ ਗਏ। ਕੀ ਸੱਚੀ ਮੁੱਚੀਂ ਹੁਣ ਉਸਦੇ ਪੈਰ ਪੰਜਾਬ ਦੀ ਧਰਤੀ ਤੇ ਨਹੀਂ ਹਨ? ਦਿਸਹੱਦਿਆਂ ਨੂੰ ਮੰਜ਼ਲ ਸਮਝ ਜਹਾਜ਼ ਨੇ ਪੜਾਵਾਂ ਨੂੰ ਸਰ ਕੀਤਾ। ਸਾਰੀ ਰਾਤ ਦੀ ਥਕਾਨ, ਘਰ ਦੀ ਯਾਦ ਤੇ ਅਣਦੇਖੀ ਧਰਤੀ ਤੇ ਸਾਰੀ ਦੁਨੀਆਂ ਦੇ ਸਾਂਝੇ ਸੂਰਜ ਦੀ ਰੌਸ਼ਨੀ ਨੇ ਜਦੋਂ ਝਲਕ ਦਿੱਤੀ ਤਾਂ ‘ਭਗਤ’ ਦਾ ਮਨ ਖਿਲ ਉਠਿਆ। ਜਹਾਜ਼ ਨੇ ਆਪਣਾ ਕਰਮ ਨਿਭਾਅ ਦਿੱਤਾ। ਹੱਥ ਵਿਚ ਸਟੈਂਪ ਲਗਾ ਪਾਸਪੋਰਟ ਫੜੀ, ਗਲ ਵਿਚ ਬੈਗ ਲਮਕਾਈ, ਚਿਹਰੇ ਤੇ ਮੁਸਕਾਨ ਲੈਕੇ ਜਦੋਂ ‘ਭਗਤ’ ਇਮੀਗਰੇਸ਼ਨ ਦੇ ਕਾਊਂਟਰ ਤੋਂ ਬਾਹਰ ਆਇਆ ਤਾਂ ਮੇਰੇ ਕੋਲੋਂ ਫੇਰ ਸਹਿਜ ਸੁਭਾਅ ਕਹਿ ਹੋ ਗਿਆ,
‘ਚਲ ਭਗਤਾ, ਹੋ ਜਾ ਵਲੈਤੀਆ।’
ਮੇਰੇ ਚੇਤਿਆਂ ਵਿਚ ਵਸਿਆ ‘ਵਲੈਤੀਆ’ ਸ਼ਬਦ ਸ਼ਾਇਦ ਆਪਣਾ ਵਜੂਦ ਲੱਭ ਰਿਹਾ ਸੀ। ਹੁਣ ਜਦ ਮੈਂ ਵਾਪਸ ਆਪਣੇ ਸ਼ਹਿਰ ਪਹੁੰਚਾਂਗਾ ਤਾਂ ਮੈਨੂੰ ਪੂਰੀ ਉਮੀਦ ਹੋਵੇਗੀ ਕਿ ਭਗਤ ਨੇ ਆਪਣੇ ਘਰ ਦੇ ਬਾਹਰ ਫੱਟੀ ਉੱਤੇ ‘ਭਗਤ ਵਲੈਤੀਆ’ ਜਰੂਰ ਲਿਖਿਆ ਹੋਵੇਗਾ। ਜੇਕਰ ਨਹੀਂ ਵੀ ਲਿਖੇਗਾ ਤਾਂ ਘੱਟੋ ਘੱਟ ਮੇਰੇ ਸੁਪਨੇ ਜਰੂਰ ਇਹ ਫੱਟੀ ਦੇਖ ਲੈਣਗੇ ਇਕ ਰਾਤ।
ਅੱਜ ਸਾਨੂੰ ਸਖਤ ਲੋੜ ਹੈ ਕਿ ਝੋਨੇ ਦੀ ਫਸਲ ਨੂੰ ਛੱਡੇ ਬਗੈਰ ਇਸਦੀ ਪਾਣੀ ਖ਼ਪਤ ਘਟਾਉਣ ਦੀ ਅਤੇ ਨਾ ਮਿਲਦੇ ਖੇਤੀ ਮਜ਼ਦੂਰਾਂ ਦੀ ਸਮੱਸਿਆ ਨਾਲ ਨਜਿੱਠਣ ਦੀ। ਇਹ ਤਾਂ ਹੀ ਹੋ ਸਕਦਾ ਹੈ ਜੇ ਨਵੀਆਂ ਖੋਜਾਂ ਕੀਤੀਆਂ ਜਾਣ ਜਿਹਨਾਂ ਵਿਚ ਬਦਲਵੇਂ ਖੇਤੀ ਪ੍ਰਬੰਧ ਅਤੇ ਮਸ਼ੀਨੀਕਰਣ ਹੈ। ਪਿਛਲੇ ਸਾਲਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਉੱਤੇ ਕਈ ਤਜ਼ਰਬੇ ਕੀਤੇ ਗਏ। ਡਰਿਲ ਨਾਲ ਬੀਜਣਾ, ਵੱਟਾਂ ਤੇ ਬੀਜਣਾ, ਬੈੱਡ ਪਲਾਂਟਿੰਗ ਅਤੇ ਮਸ਼ੀਨ ਨਾਲ ਪਨੀਰੀ ਲਾਉਣੀ। ਪਰ ਇਹ ਸਭ ਕਿਸਾਨਾਂ ਨੂੰ ਬਦਲਵੇਂ ਤਰੀਕੇ ਅਪਨਾਉਣ ਵਿਚ ਅਕਰਸ਼ਿਤ ਨਹੀਂ ਕਰ ਸਕੇ। ਸਿੱਧੀ ਬਿਜਾਈ ਦੀ ਸਭ ਤੋਂ ਵੱਡੀ ਸਮੱਸਿਆ ‘ਕੱਖ’ ਸਨ। ਹਾਲੇ ਤੱਕ ਕੋਈ ਸਹੀ ਦੁਆਈ ਐਸੀ ਨਹੀਂ ਆਈ ਜੋ ਕੱਖਾਂ ਨੂੰ ਝੋਨੇ ਵਿੱਚੋਂ ਖਤਮ ਕਰ ਸਕੇ। ਇਸ ਪਾਸੇ ਹਾਲੇ ਕਾਫੀ ਖੋਜ ਦਾ ਕੰਮ ਬਾਕੀ ਪਿਆ ਹੈ। ਬਹੁਤੇ ਵਿਗਿਆਨੀ ਸਿੱਧੀ ਬਿਜਾਈ ਦੀ ਤਕਨੀਕ ਦਾ ਪਤਾ ਨਹੀਂ ਕਿਉਂ ਵਿਰੋਧ ਕਰਦੇ ਹਨ, ਜਦਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਸਮੱਸਿਆਵਾਂ ਦੇ ਹੱਲ ਲੱਭਣ। ਇਸੇ ਤਰ੍ਹਾਂ ਸਿੱਧੀ ਪਨੀਰੀ ਲਾਉਣ ਵਾਲੀ ਮਸ਼ੀਨ ਦੀ ਗੱਲ ਹੈ। ਲਗਭਗ 20 ਸਾਲ ਪਹਿਲੋਂ ਵੀ ਇਹੋ ਜਿਹੀ ਮਸ਼ੀਨ ਬਣੀ ਸੀ। ਉਸ ਪੁਰਾਣੀ ਮਸ਼ੀਨ ਤੇ ਇਸ ਨਵੀਂ ਵਿਦੇਸ਼ੀ ਮਸ਼ੀਨ ਦੇ ਫੇਲ੍ਹ ਹੋਣ ਦਾ ਕਾਰਨ, ਕਿਸਾਨਾਂ ਨੂੰ ਪਨੀਰੀ ਪੈਦਾ ਕਰਨ ਲਈ ਖਾਸ ਉਪਰਾਲਾ ਕਰਨਾ ਪੈਂਦਾ ਹੈ ਜੋ ਉਹ ਅਨਿਸਚਿਤਾ ਕਾਰਣ ਨਹੀਂ ਕਰਦੇ। ਇਹ ਮਸ਼ੀਨਰੀ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਉਹ ਆਮ ਤਰੀਕੇ ਨਾਲ ਪੈਦਾ ਕੀਤੀ ਪਨੀਰੀ ਵਰਤ ਸਕੇ। ਸਿੱਧੀ ਬਿਜਾਈ ਇਕ ਵਰਦਾਨ ਸਾਬਤ ਹੋ ਸਕਦੀ ਹੈ, ਜੇਕਰ ਖੋਜੀ ਸੰਸਥਾਵਾਂ ਇਸ ਤਕਨੀਕ ਦੀਆਂ ਸਮੱਸਿਆਵਾਂ ਵੱਲ ਉਚੇਚਾ ਧਿਆਨ ਦੇਣ, ਨਹੀਂ ਤਾਂ ਝੋਨਾ ਪਾਣੀ ਦਾ ਖੋਅ ਬਣਿਆ ਹੀ ਰਹੂ।

ਕਿਸੇ ਖਾਸ ਦੋਸਤ ਦੇ ਸੱਦੇ ਤੇ ਕੱਚੇ ਜਿਹੇ ਮਨ ਨਾਲ ‘ਪੰਜਾਬਣ’ ਫਿਲਮ ਦੇ ਪ੍ਰੀਮੀਅਰ ਸ਼ੋਅ ਤੇ ਜਾਣਾ ਪਿਆ। ਮੈ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਫਿਲਮਾਂ ਦੀ ਝੂਠੀ ਜਿਹੀ ਕਹਾਣੀ, ਨਕਲੀ ਜਿਹੇ ਕਲਾਕਾਰਾਂ, ਫਜ਼ੂਲ ਹਾਸੇ, ਮਾੜੇ ਬੇਮਤਲਬੇ ਗਾਣੇ ਅਤੇ ਡਾਂਸਾਂ ਤੋਂ ਅੱਕਿਆ ਪਿਆ ਸੀ। ਮੈਨੂੰ ਮਿਸ ਪੂਜਾ ਤੋਂ ਵੀ ਕੋਈ ਆਸ ਨਹੀਂ ਸੀ। ਖੈਰ ਜਾਣਾ ਪਿਆ। ਸੱਚ ਜਾਣਿਓ, ਸਭ ਕੁੱਝ ਮੇਰੀ ਆਸ ਦੇ ਉੱਲਟ ਰਿਹਾ। ਸਾਰੇ ਹੀ ਐਕਟਰ ਕਮਾਲ ਸਨ, ਪੂਜਾ ਨੇ ਤਾਂ ਹਿੰਦੀ ਫਿਲਮਾਂ ਦੀਆਂ ਕਲਾਕਾਰਾਂ ਨੂੰ ਚੁਣੌਤੀ ਦੇ ਦਿੱਤੀ ਹੈ। ਡਾਇਰੈਕਸ਼ਨ ਤੇ ਸੰਪਾਦਨਾ ਵੀ ਅਛੀ ਰਹੀ। ਸਭ ਤੋਂ ਵੱਡੀ ਗੱਲ ਸਾਫ ਸੁਥਰੀ ਤੇ ਗੈਰ ਉਕਾਊ ਫਿਲਮ ਹੈ। ਮੇਰੇ ਵਰਗੇ ਨੂੰ, ਜੋ ਪੰਜਾਬੀ ਫਿਲਮ ਦੇਖਣਾ ਹੀ ਨਹੀਂ ਚਾਹੁੰਦਾ, ਵੀ ਇਸ ਪਰਵਾਰਿਕ ਚੱਲ ਚਿੱਤਰ ਨੇ ਪ੍ਰਸੰਸਕ ਬਣਾਇਆ ਹੈ ਤੇ ਅੱਧੀ ਰਾਤ ਨੂੰ ਲਿਖਣ ਲਈ ਮਜ਼ਬੂਰ ਕਰ ਦਿੱਤਾ।
ਪੂਰੀ ਦੁਨੀਆ ਵਿਚ ਸਿਰਫ ਕਿਸੇ ਸੰਸਥਾ ਜਾਂ ਅਦਾਰੇ ਨੂੰ ਖੋਜ ਕਰਨ ਦਾ ਏਕਾਅਧਿਕਾਰ ਨਹੀਂ ਹੁੰਦਾ। ਆਮ ਲੋਕਾਂ ਦੀਆਂ ਕੀਤੀਆਂ ਖੋਜਾਂ ਨੂੰ ਮਾਨਤਾ ਦੇਣੀ ਇਹਨਾਂ ਸੰਸਥਾਵਾਂ ਦਾ ਮੁੱਢਲਾ ਫਰਜ਼ ਬਣਦਾ ਹੈ। ਪਰ ਸਾਡੇ ਦੇਸ਼ ਵਿਚ ਇਸਦੇ ਉਲਟ ਹੋ ਰਿਹਾ ਹੈ। ਜਾਤੀ ਖੋਜੀਆਂ ਨੂੰ ਸ਼ਰੇਆਮ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਖੋਜਾਂ ਚੋਰੀ ਕਰਕੇ ਜਾਂ ਤਰੋੜ ਮਰੋੜ ਕਿ ਜਾਂ ਫੇਰ ਸਮਾਂ ਪਾਕੇ ਬਿਨ੍ਹਾਂ ਹੱਕ ਦਿੱਤਿਆਂ ਸੰਸਥਾਵਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਹੋ ਕਾਰਣ ਹੈ ਕਿ ਸਾਡਾ ਦੇਸ਼ ਖੋਜਾਂ ਵਿਚ ਪੱਛੜ ਰਿਹਾ ਹੈ ਤੇ ਅਸੀਂ ਨਵੀਂਆਂ ਤਕਨੀਕਾਂ ਲਈ ਅਮਰੀਕਾ ਜਾਂ ਇਜ਼ਰਾਇਲ ਆਦਿ ਦੇਸ਼ਾਂ ਵੱਲ ਦੇਖਦੇ ਹਾਂ ਜੋ ਖੁਦ ਦੀਆਂ ਖੋਜਾਂ ਲਈ ਭਾਰਤੀ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਸਾਡਾ ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਧਰਤੀ ਮੂਲ ਖੋਜਾਂ ਦੀ ਧਰਤੀ ਹੈ। ਇੱਥੇ ਦੁਨੀਆਂ ਦੀ ਸਭ ਤੋਂ ਪਹਿਲੀ ਸ਼ਬਦ ਜੜ੍ਹਤ ‘ਰਿਗ ਵੇਦ’ ਦੀ ਰਚਨਾ ਹੋਈ; ਸੰਸਾਰ ਦੀ ਪਹਿਲੀ ਵਿਆਕਰਣ ਪਣਿਨੀ ਦਾ ਜਨਮ ਵੀ ਪੰਜਾਬੀਆਂ ਨੇ ਕੀਤਾ। ਤੇ ਹੁਣ ਵਾਰੀ ਹੈ ਝੋਨੇ ਦੀ। ਇਹ ਇਕ ਪੰਜਾਬੀ ਦਲੇਰ ਸਿੰਘ ਦੀ ਹੀ ਸੋਚ ਸੀ ਕਿ ਝੋਨੇ ਨੂੰ ਪਾਣੀ ਨਹੀਂ ਚਾਹੀਦਾ, ਬਲਕਿ ਇਹ ਖੜੇ ਪਾਣੀ ਵਿਚ ਵੀ ਹੋ ਸਕਦਾ ਹੈ। ਦਸ ਸਾਲ ਉਹ ਇਸ ਲਈ ਜੂਝਿਆ ਹੈ। ਉਸਦੀ ਉਵੇਂ ਹੀ ਸੰਸਥਾਪਕ ਵਿਰੋਧਤਾ ਹੁੰਦੀ ਰਹੀ ਜਿਵੇਂ ਬਿਜਲੀ ਦੀ ਕਾਢ ਕੱਢਣ ਵਾਲੇ ਐਡੀਸਨ ਨੂੰ ਬਿਜਲੀ ਦੀ ਕਾਢ ਕੱਢਣ ਕਰਕੇ ਸਮੇਂ ਦੇ ਹਾਕਮਾਂ ਨੇ ਕੈਦ ਦੀ ਸਜ਼ਾ ਦਿੱਤੀ। ਡੀਜ਼ਲ ਦੀ ਕਾਢ ਦੇ ਨਿਰਮਾਤਾ, ਡੀਜ਼ਲ ਗੋਤ ਵਾਲੇ ਵਿਅਕਤੀ ਨੂੰ ਸੰਸਥਾਵਾਂ ਨੇ ਖੁਦਕਸ਼ੀ ਕਰਨ ਲਈ ਮਜ਼ਬੂਰ ਕਰ ਦਿੱਤਾ। ਖੈਰ ਹੁਣ ਸਮਾਂ ਬਦਲ ਗਿਆ ਹੈ, ਭਾਵੇਂ ਮਨੁੱਖੀ ਸੁਭਾਅ ਨਹੀਂ ਬਦਲੇ ਹਨ। ‘ਖੋਜੀ’ ਤੇ ‘ਸਥਾਪਤੀ’ ਦੀ ਲੜਾਈ ਜਾਰੀ ਹੈ। ਹੁਣ ਪਿਛਲੇ ਸਾਲ ਦੇ ਤਜ਼ਰਬਿਆਂ ਨੇ ਇਕ ਹੋਰ ਹੈਰਾਨੀ ਪੈਦਾ ਕਰ ਦਿੱਤੀ ਹੈ। ਖੋਜੀ ਨੂੰ ਮਜ਼ਬੂਰਨ ਇਹ ਤਜ਼ਰਬੇ ਪੰਜਾਬ ਤੋਂ ਬਾਹਰ ਤਾਮਿਲਨਾਡੂ ਵਿਚ ਕਰਨੇ ਪਏ। ਉੱਥੇ ਝੋਨੇ ਦੀ ਫਸਲ ਨੂੰ ਤੁਪਕਾ ਸਿੰਜਾਈ ਨਾਲ ਪਾਲਿਆ ਗਿਆ। ਫਸਲ ਦੇ ਝਾੜ ਉੱਤੇ ਵੀ ਕੋਈ ਫਰਕ ਨਹੀਂ ਪਿਆ। ਪਾਣੀ ਦੀ ਮਿਕਦਾਰ ਕਿੰਨ੍ਹੀ ਘੱਟ ਲੱਗੀ ਹੋਵੇਗੀ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਵੋ। ਨਦੀਨਾਂ ਦੀ ਰੋਕਥਾਮ ਲਈ ਹੁਣ ਕਾਫੀ ਦੁਆਈਆਂ ਮਿਲ ਜਾਂਦੀਆਂ ਹਨ। ਮੇਰੀ ਤਾਂ ਪੰਜਾਬ ਦੇ ਕਿਸਾਨਾਂ ਅੱਗੇ ਬੇਨਤੀ ਹੈ ਕਿ ਇੱਧਰ ਉੱਧਰ ਆਸ ਲਾਉਣ ਦੀ ਲੋੜ ਨਹੀਂ। ਹਰ ਕਿਸਾਨ ਇਸ ਸੋਚ ਨਾਲ ਆਪ 2-2, 4-4 ਕਨਾਲਾਂ ਵਿਚ ਤਜ਼ਰਬੇ ਕਰਨ। ਪੂਰੀ ਉਮੀਦ ਹੈ ਕਿ ਪਾਣੀ ਦੀ ਬੱਚਤ, ਹਵਾ ਦੀ ਸ਼ੁੱਧਤਾ ਤੇ ਲੇਬਰ ਦਾ ਘੱਟ ਖਰਚਾ ਕਿਸਾਨਾਂ ਨੂੰ ਕੁਦਰਤੀ ਤੋਹਫਾ ਹੋਵੇਗਾ। ਸੋ ਵੀਰੋ ਜਾਗੋ ਤੇ ਆਪਣੇ ਭਾਗ ਆਪ ਜਗਾਓ। ਆਪਣੀ ਡੰਗੋਰੀ ਆਪ ਬਣੋ । ਯਾਦ ਰੱਖੋ ਵਾਰਿਸ ਸ਼ਾਹ ਨੇ ਕਿਹਾ ਸੀ : ‘ਪਾਣੀ ਦੁੱਧ ਵਿੱਚੋਂ ਕੱਢ ਲੈਣ ਚਾਤੁਰ, ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਵੇ।’

ਸ਼ਹੀਦੀ, ਮੌਤ ਤੋਂ ਬਾਅਦ ਬਦਲੇ ਹਾਲਾਤ ਵਿਚ ਹੀ ਨਾਮਕਰਨ ਹੁੰਦੀ ਹੈ। ਸਮੇਂ ਦੀ ਸਰਕਾਰ ਜਾਂ ਤਾਕਤ ਹਮੇਸ਼ਾ ਆਪਣੇ ਵਿਰੋਧੀ ਨੂੰ ਖਤਮ ਕਰਦੀ ਹੈ, ਉਸਦਾ ਇਲਜ਼ਾਮ ਹੁੰਦਾ ਹੈ ਕਿ ਇਹ ਲੋਕ ਦੇਸ਼, ਕੌਮ ਵਿਚ ਅਸਥਿਰਤਾ ਪੈਦਾ ਕਰ ਰਹੇ ਸੀ ਜਾਂ ਫਿਰ ਇਹ ਦੇਸ਼ ਧ੍ਰੋਹੀ ਹਨ। ਸਦੀਆਂ ਤੋਂ ਇਹ ਖੇਡ ਦੁਨੀਆਂ ਦੇ ਹਰ ਹਿੱਸੇ ਵਿਚ ਖੇਡੀ ਜਾ ਰਹੀ ਹੈ। ਹਰ ਹਕੂਮਤ ਨੇ ਕੁਝ ਨਾ ਕੁਝ ਜ਼ੁਲਮ ਤਾਂ ਕਰਨਾ ਹੀ ਹੁੰਦਾ ਹੈ, ਬਹਾਨਾ ਕੋਈ ਵੀ ਹੋਵੇ। ਅਸਲ ਵਿਚ ਰਾਜਨੀਤੀ ਵਿਚ ਡਰ ਕਿ ਜ਼ਿਆਦਾ ਜ਼ਿਆਦਤੀਆਂ ਕੀਤੀਆਂ ਜਾਂਦੀਆਂ ਹਨ, ਜਿਹਨਾਂ ਦੀ ਅਸਲ ਵਿਚ ਲੋੜ ਹੀ ਨਹੀਂ ਹੁੰਦੀ। ਜਿੰਨੀਂ ਡਰਪੋਕ ਹਕੂਮਤ ਹੋਵੇਗੀ, ਉਨਾਂ ਦੀ ਵੱਧ ਜ਼ੁਲਮ ਹੋਵੇਗਾ। ਜੋ ਹਾਕਮ ਲੋਕ ਹਿੱਤਾਂ ਦੀ ਖਾਤਰ ਕੰਮ ਕਰਦੇ ਹਨ, ਉਹ ਨਾ ਤਾਂ ਬਹੁਤੇ ਕਾਨੂੰਨ ਬਣਾਉਂਦੇ ਹਨ ਤੇ ਨਾ ਹੀ ਆਪਣੀ ਸੁਰੱਖਿਆ ਪ੍ਰਤੀ ਲੋੜੋਂ ਵੱਧ ਸੁਚੇਤ। ਨਵਾਂ ਕਾਨੂੰਨ ਤਾਂ ਸਾਰੀ ਦੁਨੀਆਂ ਵਿਚ ਬਣਦਾ ਹੀ ਤਕੜੇ ਦੀ ਹਾਮੀ ਭਰਨ ਲਈ ਹੈ। ਅੱਜ ਮਾਇਆ ਨੇ ਰਾਜਨੀਤੀ ਤੇ ਇਹੋ ਜਿਹਾ ਕਬਜ਼ਾ ਕਰ ਲਿਆ ਹੈ ਕਿ ਰਾਜਨੀਤਕ ਲੋਕ ਵੀ ਇਸਦੇ ਸ਼ਿਕਾਰ ਹੋ ਗਏ ਹਨ। ਅਰਬਾਂ ਦੀ ਖੇਡ ਹੋ ਗਈ ਹੈ ਰਾਜਨੀਤੀ। ਉਤੋਂ ਹੋਰ, ਅੰਦਰੋਂ ਹੋਰ, ਇਹ ਵਿਚਾਰੇ ਵੀ ਫਸੇ ਬੈਠੇ ਹਨ। ਕੌਣ ਹੈ? ਜੋ ਚੋਣਾਂ ਤੇ ਕਰੋੜਾਂ ਲਾਕੇ ਆਪਣਾ ਝੱਗਾ ਚੋੜ ਕਰਵਾਉਣਾ ਚਾਹੁੰਦਾ ਹੈ। ਅੱਜ ਹਰ ਦੇਸ਼ ਵਿਚ ਹਾਕਮ ਤੇ ਵਿਰੋਧੀ ਦੋਸਤਾਨਾ ਮੈਚ ਖੇਡ ਰਹੇ ਹਨ। “ਉੱਤਰ ਕਾਟੋ, ਮੈਂ ਚੜਾਂ’’ ਵਾਂਗ ਸਮਾਂ ਖੀ੍ਰਦ ਰਹੇ ਹਨ। ਲੋਕ ਦਿਖਾਵੇ ਲਈ ਵਿਰੋਧਤਾ ਹੈ ਪਰ ਅੰਦਰੋਂ ਅੰਦਰੀ ਸਮਝੌਤੇ ਹਨ। ਹੁਣ ਤਾਂ ਲੋਕ ਨਾਇਕ ਭਗਤ ਸਿੰਘ ਵਰਗੇ ਵੀ ਇਹਨਾਂ ਲਈ ਵਿਕਾਊ ਸਾਧਨ ਬਣ ਗਏ ਹਨ। ਕੋਈ ਚਿੱਟੇ, ਕੋਈ ਭਗਵੇਂ ਤੇ ਕੋਈ ਨੀਲੇ ਜਨੇਊ ਇਹਨਾਂ ਦੇ ਗਲਾਂ ਵਿਚ ਪਾਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਸਾਡੇ ਦੇਸ਼ ਵਿਚ ਅੱਜ ਵੀ ਘੱਟੋ ਘੱਟ ਅੱਧੇ ਕਾਨੂੰਨ ਉਹ ਹਨ ਜੋ ਅੰਗਰੇਜ਼ਾਂ ਨੇ ਬਣਾਏ ਸਨ। ਭਗਤ ਸਿੰਘ ਵਰਗੇ ਸ਼ਹੀਦ ਹੋ ਗਏ, ਪਰ ਦੇਸ਼ ਹਾਲੇ ਵੀ ਉਸੇ ਮਾਨਸਿਕਤਾ ਦਾ ਗੁਲਾਮ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਹਾਕਮ (ਪਿਛਲੇ 60 ਸਾਲਾਂ ਤੋਂ) ਭਗਤ ਸਿੰਘ ਨੂੰ ਹੀਰੋ ਆਖ ਰਹੇ ਹਨ, ਪਰ ਜਦ ਇਹਨਾਂ ਤੋਂ ਪ੍ਰਭਾਵਿਤ ਹੋ ਕੋਈ ਹਾਕਮਾਂ ਦੇ ਅਨਿਆਇ ਦੇ ਵਿਰੁੱਧ ਖੜਾ ਹੁੰਦਾ ਹੈ ਤਾਂ ਉਸਦਾ ਹਸ਼ਰ ਵੀ ਭਗਤ ਵਾਲਾ ਹੀ ਹੁੰਦਾ ਹੈ। ਇਹ ਆਪਾ ਵਿਰੋਧੀ ਵਿਚਾਰਧਾਰਾ, ਨਵੀਂ ਪੀੜੀ ਨੂੰ ਸੇਧ ਦੇਣ ਤੋਂ ਅਸਮਰੱਥ ਹੈ। ਭਗਤ ਸਿੰਘ ਦੀਆਂ ਪੱਗਾਂ ਬੰਨਵਾਕੇ, ਗਲਾਂ ਵਿਚ ਨਿੱਕੇ ਫੁੱਲਾਂ ਦੇ ਹਾਰ ਪਾਕੇ, ਆਪੋ ਆਪਣੇ ਸਿਆਸੀ ਰੰਗਾਂ ਦੇ ਪਰਨੇ ਸਜਾ ਕਿ, ਇਹ ਲੋਕ ਆਪਣੇ ਦੁਸ਼ਮਣ ਆਪ ਹੀ ਪੈਦਾ ਕਰ ਰਹੇ ਹਨ। ਇਸ ਹਾਸੋਹੀਣੀ ਵਿਚ ਮੇਰੇ ਵਰਗਾ ਤਾਂ ਸਿਰਫ ਵਿਚਾਰ ਹੀ ਸਾਂਝੇ ਕਰ ਸਕਦਾ ਹੈ ਤੇ ਇਹਨਾਂ ਲੋਕਾਂ ਤੇ ਕੱਲਾ ਹੀ ਹੱਸ ਸਕਦਾ ਹੈ। ਪਰ ਜੇ ਭਗਤ ਸਿੰਘ ਹੁੰਦਾ ਤਾਂ ਉਸ ਨੇ ਜਰੂਰ ਕਹਿਣਾ ਸੀ, ਹਾਲੇ ਮੇਰੀਏ ਮਾਏ, ਮੇਰਾ ਚੋਲਾ ਨਾ ਰੰਗੀਂ ਬਸੰਤੀ, ਮੌਤ ਮੈਂ ਵਿਆਹ ਕਿ ਲਿਆਉਣੀ ਹੈ ਇਕ ਹੋਰ ਬਸੰਤੀ।
–ਜਨਮੇਜਾ ਸਿੰਘ ਜੌਹਲ
ਝੋਨੇ ਦੀ 201 ਕਿਸਮ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ, ਇਸਦੇ ਗੁਣਾਂ ਤੋਂ ਮੁਕਰਿਆ ਨਹੀਂ ਜਾ ਸਕਦਾ। ਪਰ ਇਸਦੀ ਜੋ ਦੁਰਗਤੀ ਪਿਛਲੇ ਸਾਲ ਮੰਡੀਆਂ ਵਿਚ ਹੋਈ, ਉਸਨੇ ਜੱਟਾਂ ਨੂੰ ਇਸ ਵਾਰ ਇਸ ਤੋਂ ਦੂਰ ਕਰਕੇ ਰੱਖ ਦਿੱਤਾ ਹੈ। ਇਸ ਦੁਰਗਤੀ ਦਾ ਕਾਰਣ ਬਹੁਤ ਸਪੱਸ਼ਟ ਹੈ। ਜਿਹਨਾਂ ਸ਼ੈਲਰਾਂ ਵਾਲਿਆਂ ਨੂੰ ਇਹ ਝੋਨਾ ਛਟਾਈ ਲਈ ਮਿਲਿਆ ਹੈ ਜਾਂ ਲਿਆ ਹੈ, ਉਹਨਾਂ ਕੋਲ ਇਸਨੂੰ ਸਹੀ ਰੂਪ ਵਿਚ ਛਟਾਈ ਕਰਨ ਵਾਲੀ ਮਸ਼ੀਨਰੀ ਹੀ ਨਹੀਂ ਹੈ। ਮਿਲ ਦੇ ਨਵੀਨੀਕਰਣ ਲਈ 50 ਲੱਖ ਤੋਂ ਲੈਕੇ ਡੇਢ ਕਰੋੜ ਤੱਕ ਦਾ ਖਰਚਾ ਹੈ। ਯੂਨੀਵਰਸਿਟੀ ਨੇ ਨਵੀਂ ਕਿਸਮ ਰੀਲੀਜ਼ ਕਰਨ ਦੀ ਕਾਹਲ ਵਿਚ ਬਿਨਾਂ ਇਹ ਜਾਂਚ ਕੀਤੇ ਕਿ, ਕੀ ਪੰਜਾਬ ਵਿਚ ਇਸਨੂੰ ਛਟਾਈ ਕਰਨ ਦੀ ਮਸ਼ੀਨਰੀ ਹੈ? ਇਹ ਕਿਸਮ ਜੱਟਾਂ ਨੂੰ ਦੇ ਦਿੱਤੀ। ਇਹ ਸਿਫਾਰਸ਼ ਕਰਨ ਵਾਲੀ ਕਮੇਟੀ ਦੀ ਅਣਗਹਿਲੀ ਹੀ ਕਹੀ ਜਾਵੇਗੀ। ਇਕ ਖਬਰ ਅਨੁਸਾਰ ਭਾਵੇਂ ਕਿ ਕੇਂਦਰ ਸਰਕਾਰ ਨੇ ਇਸ ਵਾਰ ਪਏ ਝੋਨੇ ਤੇ ਮਿੱਲਾਂ ਨੂੰ ਕੁਆਲਟੀ ਘੱਟ ਕਰਨ ਤੇ ਛੋਟ ਦੇ ਦਿੱਤੀ ਹੈ ਪਰ ਸਾਫ ਕਿਹਾ ਹੈ ਕਿ ਇਹ ਅੱਗੋਂ ਵਾਸਤੇ ਨਹੀਂ ਹੈ। ਇਸ ਨਾਲ ਜੱਟਾਂ ਦੇ ਮਨਾਂ ਵਿਚ ਡਰ ਬੈਠ ਗਿਆ। ਉਤੋਂ ਪਿਛਲੇ ਸਾਲ ਦੀ ਖੱਜਲ ਖੁਆਰੀ। ਸਿਤਮ ਇਹ ਕਿ ਨਵੀਂ ਕਿਸਮ 120 ਵੀ ਇਸੇ ਲੜੀ ਦਾ ਹਿੱਸਾ ਹੈ। ਇਹ ਸਾਰਾ ਕੁਝ ਇੰਝ ਲੱਗਦਾ ਹੈ ਜਿਵੇਂ ਸੋਨੇ ਦੇ ਗਹਿਣੇ ਲੁਹਾਰ ਦੀ ਭੱਠੀ ’ਚ ਘੜੇ ਜਾਣ ਲਈ ਦੇ ਦਿੱਤੇ ਜਾਣ। ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਵਿਚ ਦਖਲ ਦੇਣਾ ਚਾਹੀਦਾ ਹੈ, ਕਿਉਂਕਿ ਅਖੀਰ ਤੇ ਜਾਣੇ ਅਣਜਾਣੇ ਵਿਚ ਲੋਕ ਹਰ ਦੋਸ਼ ਸਰਕਾਰ ਸਿਰ ਮੜ• ਦੇਂਦੇ ਹਨ ।ਲੋੜ ਹੈ ਸਭ ਧਿਰਾਂ ਅੱਗੋਂ ਤੋਂ ਕਾਹਲ ਦੀ ਬਜਾਏ ਸੋਚ ਸਮਝ ਕਿ ਫੈਸਲੇ ਲੈਣ, ਰਬ ਖੈਰ ਕਰੇ…!
ਕੰਮ ਕਰਨਾ, ਪੈਸੇ ਕਮਾਉਣੇ, ਹਰ ਕੋਈ ਇਸ ਬਾਰੇ ਸੋਚਦਾ ਰਹਿੰਦਾ ਹੈ ਜਾਂ ਇਸ ਲਈ ਕੁਝ ਨਾ ਕੁਝ ਕਰਦਾ ਰਹਿੰਦਾ ਹੈ। ਅਕਸਰ ਅਸੀਂ ਆਲੇ ਦੁਆਲੇ ਕਿਸੇ ਕਾਮਯਾਬ ਵਪਾਰ ਨੂੰ ਦੇਖ ਕਿ, ਉਹੀ ਵਪਾਰ ਆਪ ਕਰਨ ਲੱਗ ਪੈਂਦੇ ਹਾਂ। ਫੇਰ ਉਸ ਵਿਚ ਹੀ ਫਸ ਕਿ ਰਹਿ ਜਾਂਦੇ ਹਾਂ। ਖੇਤੀਬਾੜੀ ਵਿਚ ਵੀ ਪਨੀਰੀ ਲਾਉਣੀ ਤੇ ਵੇਚਣੀ ਇਕ ਵੱਡਾ ਵਪਾਰ ਹੈ। ਕਈ ਇਲਾਕਿਆਂ ਵਿਚ ਇਹ ਕੰਮ ਵੱਡੀ ਪੱਧਰ ਤੇ ਹੁੰਦਾ ਹੈ। ਮਸਲਨ ਮਲੇਰਕੋਟਲੇ ਦੀ ਪਨੀਰੀ ਮਸ਼ਹੂਰ ਹੈ। ਇਸੇ ਤਰ੍ਹਾਂ ਲੁਧਿਆਣੇ ਲਾਗਲੇ ਪਿੰਡ ਹਸਨਪੁਰ ਵਿਚ ਪਿਆਜ਼ਾਂ ਦੀ ਪਨੀਰੀ ਦਾ ਕੰਮ ਵੱਡੇ ਪੱਧਰ ਤੇ ਹੁੰਦਾ ਹੈ। ਹੁਣ ਇਸੇ ਪਿੰਡ ਦੇ ਇੱਕ ਨੌਜੁਆਨ ਬਿੱਟੂ ਹਸਨਪੁਰੀ ਨੇ ਇਕ ਨਵਾਂ ਤਜ਼ਰਬਾ ਕੀਤਾ ਹੈ। ਉਸਨੇ ਵਧੀਆ ਖਾਦ ਵਾਲੀ ਮਿੱਟੀ ਤਿਆਰ ਕਰਕੇ ਆਪਣੇ ਹੱਥੀਂ ਗਿਲਾਸਾਂ ਵਿਚ ਸਬਜ਼ੀਆਂ ਦੇ ਬੀਜ ਲਾਕੇ ਪਨੀਰੀ ਤਿਆਰ ਕੀਤੀ ਹੈ। ਅੱਜ ਮਹਿੰਗੀਆਂ ਸਬਜ਼ੀਆਂ ਦੇ ਯੁੱਗ ਵਿਚ ਇਹ ਘਰਾਂ ਵਿਚ ਛੋਟੀ ਬਗੀਚੀ ਲਈ ਬਹੁਤ ਕਾਮਯਾਬ ਤਜ਼ਰਬਾ ਹੋ ਨਿਕਲਿਆ ਹੈ। ਖੇਤੀਬਾੜੀ ਤੋਂ ਅਨਜਾਣ ਸ਼ਹਿਰੀ ਲੋਕ, ਇਸ ਤੋਂ ਬਹੁਤ ਫਾਇਦਾ ਲੈ ਰਹੇ ਹਨ। ਲੌਕੀ, ਕੱਦੂ ਜਾਤੀ, ਖਰਬੂਜੇ, ਖੀਰੇ, ਮਿਰਚਾਂ ਆਦਿ ਹਰ ਘਰ ਵਿਚ ਹੁਣ ਅਰਾਮ ਨਾਲ ਪੈਦਾ ਕੀਤੇ ਜਾ ਸਕਦੇ ਹਨ। ਬਿੱਟੂ ਦਾ ਇਹ ਉੱਦਮ ਸ਼ਲਾਘਾਯੋਗ ਇਸ ਲਈ ਵੀ ਹੈ ਕਿ ਥੋੜ੍ਹੀ ਜ਼ਮੀਨ ਵਾਲੇ ਨੌਜਵਾਨ ਵੀ ਇਹ ਕੰਮ ਅਸਾਨੀ ਨਾਲ ਘੱਟ ਪੈਸੇ ਲਾਕੇ ਕਰ ਸਕਦੇ ਹਨ ਤੇ ਆਪਣੀ ਦਿਹਾੜੀ ਪਾ ਸਕਦੇ ਹਨ। ਪਰ ਸ਼ਰਤ ਇੱਕੋ ਹੈ ਕਿ ਇਸਦਾ ਫਾਇਦਾ ਹੱਥੀਂ ਕੰਮ ਕਰਨ ਵਾਲਿਆਂ ਨੂੰ ਹੀ ਹੋਣਾ ਹੈ।
ਆਮ ਤੌਰ ਤੇ ਅਸੀਂ ਧੁੱਪ ਵਲ ਪਿੱਠ ਕਰਕੇ ਕਿਸੇ ਵੀ ਵਸਤੂ, ਵਿਅਕਤੀ ਦੇ ਰੋਸ਼ਨ ਅਕਸ ਨੂੰ ਹੀ ਦੇਖਣਾ, ਪਰਖਣਾ ਜਾਂ ਪਹਿਚਾਨਣਾ ਚਾਹੁੰਦੇ ਹਾਂ। ਸਮੁੱਚੇ ਤੌਰ ਤੇ ਕਿਸੇ ਸਖਸ਼ੀਅਤ ਜਾਂ ਵਸਤੂ ਨੂੰ ਦੇਖਣ ਲਈ ਉਸਦੇ ਅਪਹੁੰਚ ਪਾਸੇ ਜਾਣ ਦੀ ਲੋੜ ਹੀ ਮਹਿਸੂਸ ਨਹੀਂ ਕਰਦੇ। ਅਸੀਂ ਇਸ ਸੋਚ ਤੋਂ ਮੁਨਕਰ ਹੋ ਜਾਂਦੇ ਹਾਂ ਕਿ ਖੂਬਸੂਰਤੀ ਸਿਰਫ ਇਕ ਪਾਸੇ ਹੀ ਨਹੀਂ ਹੁੰਦੀ ਸਗੋਂ ਹਰ ਪਾਸੇ ਅੰਗ–ਸੰਗ ਹੁੰਦੀ ਹੈ। ਇਹ ਸਾਡਾ ਨਜ਼ਰੀਆ ਹੀ ਹੈ ਜੋ ਫੁੱਲ ਦੇ ਪਿਛਲੇ ਪਾਸੇ ਦੀਆਂ ਪੱਤੀਆਂ ਦੀ ਹਰੀ ਕਰੂਰਤਾ ਜਾਂ ਰੰਗਾਂ ਦੀ ਅਮੀਰੀ ਨੂੰ ਐਵੇਂ ਨਿਕਾਰਦੇ ਰਹਿੰਦੇ ਹਾਂ। ਅਸੀਂ ਤਾਂ ਆਦੀ ਹੋ ਗਏ ਹਾਂ ਹਰ ਇਨਸਾਨ ਨੂੰ ਇਕ ਚੌਗਾਠ ਵਿਚ ਬੰਨ ਕਿ ਦੇਖਣ ਦੇ। ਉਸਦੇ ਨਿਵੇਕਲੇ ਪੱਖਾਂ ਨੂੰ ਘੋਖਣਾ ਅਸੀਂ ਆਪਣੀ ਲੋੜ ਦਾ ਹਿੱਸਾ ਹੀ ਨਹੀਂ ਬਣਾਉਂਦੇ। ਇਹੋ ਜਿਹੇ ਮੌਕੇ ਸਾਡੀਆਂ ਸਰਪ੍ਰਸਤੀਆਂ ਗਲਤ ਫੈਸਲੇ ਲੈਂਦੀਆਂ ਹਨ। ਅਸੀਂ ਕਲਾ ਨੂੰ ਉਤਸ਼ਾਹਿਤ ਕਰਨ ਦੀ ਬਜਾਏ, ਕਲਾ ਨੂੰ ਵੱਧਣ ਫੁੱਲਣ ਦਾ ਮਾਹੌਲ ਦੇਣ ਦੀ ਬਜਾਏ, ਤੋੜੇ ਹੋਏ ਫੁੱਲ ਵਾਂਗ ਆਪਣੇ ਟੇਬਲ ਤੇ ਸਜਾ ਕਿ ਰੱਖਣਾ ਚਾਹੁੰਦੇ ਹਾਂ। ਕਲਾ ਨੇ ਕੁਝ ਨਹੀਂ ਕਹਿਣਾ ਹੁੰਦਾ। ਉਸਨੇ ਤਾਂ ਜਿੱਥੋਂ ਟੁੱਟੀ ਹੈ ਉਥੋਂ ਅੱਗੇ ਤੁਰ ਹੀ ਪੈਣਾ ਹੁੰਦਾ ਹੈ, ਪਰ ਤੁਹਾਡੀ ਬੌਧਿਕ ਗਰੀਬੀ ਨੂੰ ਜੱਗ ਜ਼ਾਹਿਰ ਕਰ ਦਿੰਦੀ ਹੈ। ਆਉ ਇਸ ਨਜ਼ਰੀਏ ਨੂੰ ਬਦਲੀਏ, ਆਓ ਦੇਖੀਏ ਜੋ ਕੁਦਰਤ ਦਿਖਾਉਣਾ ਚਾਹੁੰਦੀ ਹੈ। ਕੁਦਰਤ ਦੀ ਰਚਨਾ ਨੂੰ ਹਰ ਪਾਸਿਓਂ ਨਿਹਾਰੀਏ ਤੇ ਆਪਣੇ ਮਨਾਂ ਦੇ ਬੰਦ ਦਰਵਾਜ਼ੇ ਖੋਹਲੀਏ।
ਪੈਂਦੀ ਤਰੇਲ ਨੂੰ ਨਾ ਕੋਈ ਰੋਕ ਸਕਿਆ ਹੈ ਤੇ ਨਾ ਹੀ ਰੋਕ ਸਕੇਗਾ। ਤਰੇਲ ਤਾਂ ਪੱਤਿਆਂ ਨੂੰ ਮੋਤੀ ਪਹਿਨਾਣ ਦਾ ਅਹਿਸਾਸ ਦੇਂਦੀ ਹੈ। ਤਰੇਲ ਦੇ ਤ੍ਰਪਕੇ ਚੜ੍ਹਦੇ ਸੂਰਜ ਨਾਲ ਚਮਕ ਕਿ ਪਿਘਲਦੇ ਹਨ ਤੇ ਫੇਰ ਘਰਤੀ ਦੀ ਆਗੋਸ਼ ਵਿਚ ਜਾ ਸਮਾਉਂਦੇ ਹਨ। ਇਹ ਸਭ ਗੱਲਾਂ ਸੁਪਨਮਈ ਲੱਗਦੀਆਂ ਹਨ, ਪਰ ਉਹਨਾਂ ਨੂੰ ਪੁੱਛੋ ਜਿਹਨਾਂ ਤੇ ਤਰੇਲ ਪੇਂਦੀ ਹੈ। ਜਿਹਨਾਂ ਪੱਤੀਆਂ ਤੋਂ ਤੁਪਕਿਆਂ ਦਾ ਭਾਰ ਨਹੀਂ ਚੁਕਿਆ ਜਾਂਦਾ। ਰਾਤ ਦੀ ਠੰਡ ਵਿੱਚ ਇਹ ਹੋਰ ਵਾਧਾ ਕਰਦੀ ਹੈ। ਪਰ ਧੰਨ ਹਨ ਉਹ ਜੋ ਪੱਤਿਆਂ ਦਾ ਸਾਥ ਨਿਭਾਉਂਦੇ ਹਨ। ਜੀਵਨ ਚਾਲ ਲਈ ਇਹਨਾਂ ਪੱਤਿਆਂ ਨੂੰ ਦਿਨੇ ਖਾਂਦੇ ਹਨ ਤੇ ਫੇਰ ਰਾਤ ਨੂੰ ਇਹਨਾਂ ਤੇ ਹੀ ਸੌਂ ਜਾਂਦੇ ਹਨ। ਆਈ ਨੀਂਦ ਵਿਚ ਖੰਭ ਉੱਡਣਾ ਭੁੱਲ ਜਾਂਦੇ ਹਨ, ਪੈਂਦੀ ਤਰੇਲ ਨੂੰ ਪੱਤਿਆਂ ਦੇ ਨਾਲ ਨਾਲ ਆਪਣੇ ਪਿੰਡੇ ਤੇ ਵੀ ਸਹਿੰਦੇ ਹਨ। ਇਹ ਤਰੇਲ ਦੀ ਚਾਦਰ ਇਕ ਖੂਬਸੂਰਤ ਦ੍ਰਿਸ਼ ਪੈਦਾ ਕਰਦੀ ਹੈ, ਸਾਥ ਨਿਭਾਉਣ ਵਾਲਿਆਂ ਦਾ, ਇੱਕ ਦੂਜੇ ਦੇ ਪੂਰਕ ਰਹਿਣ ਵਾਲਿਆਂ ਦਾ।
ਆਮ ਮਨੁੱਖ ਦਾ ਵਿਸ਼ਵਾਸ਼ ਹੈ ਕਿ ਜੇਕਰ ਕਿਸੇ ਦਰਿਆ ਵਿਚ ਨਹਾ ਲਿਆ ਜਾਵੇ ਜਾਂ ਕਿਸੇ ਸਰੋਵਰ ਵਿਚ ਡੁੱਬਕੀ ਲਗਾ ਲਈ ਜਾਵੇ ਤਾਂ ਪਾਪ ਧੋਤੇ ਜਾਂਦੇ ਹਨ। ਇਹ ਸਰਾਸਰ ਇੱਕ ਮਨਮੱਤ ਵਹਿਮ ਤੋਂ ਇਲਾਵਾ ਕੁਝ ਨਹੀਂ। ਜੇ ਇਸ ਤਰ੍ਹਾਂ ਪਾਪ ਧੋਤੇ ਜਾ ਸਕਦੇ ਹਨ ਤਾਂ ਫੇਰ ਕੈਦਖਾਨਿਆਂ ਦੀ ਕੀ ਲੋੜ ਹੈ? ਕੀਤੇ ਪਾਪਾਂ ਨੂੰ, ਅਦਾਲਤਾਂ ਵਿਚ ਸਾਬਤ ਕਰਨ ਦੀ ਕੀ ਲੋੜ ਹੈ? ਇਹ ਤਾਂ ਸੱਚ ਹੈ ਕਿ ਪਾਣੀ ਦੀ ਅਸੀਮ ਸ਼ਕਤੀ ਮਨੁੱਖੀ ਜਾਮੇ ਨੂੰ ਅੰਦਰੋਂ ਬਾਹਰੋਂ ਸਾਫ ਕਰ ਸਕਦੀ ਹੈ ਅਤੇ ਮਨ ਵਿਚ ਸੁੱਚਤਾ ਦਾ ਅਹਿਸਾਸ ਵੀ ਪੈਦਾ ਕਰ ਸਕਦੀ ਹੈ ਪਰ ਪਾਪ ਧੋਤੇ ਜਾਣ ਇਹ ਤਾਂ ਹੋ ਹੀ ਨਹੀਂ ਸਕਦਾ। ਜੇਕਰ ਇਹ ਸੱਚ ਹੋਵੇ ਤਾਂ ਹੁਣ ਤੱਕ ਲੱਖਾਂ ਲੋਕਾਂ ਦੇ ਪਾਪਾਂ ਨਾਲ ਇਹ ਨਦੀਆਂ ਭਰ ਗਈਆਂ ਹੁੰਦੀਆਂ ਤੇ ਸਮੁੰਦਰ ਪਾਪਾਂ ਦਾ ਹੀ ਸਾਗਰ ਅਖਵਾਉਂਦਾ। ਸਰੋਵਰਾਂ ਵਿਚ ਪਲਦੇ ਜੀਵ ਪਾਪ ਆਤਮਾਵਾਂ ਬਣ ਗਏ ਹੁੰਦੇ। ਮਨੁੱਖ ਅਸਲ ਵਿਚ ਆਪਣੀਆਂ ਕਮਜ਼ੋਰੀਆਂ ਨੂੰ ਹਮੇਸ਼ਾ ਕਿਸੇ ਹੋਰ ਦੇ ਛਾਬੇ ਵਿਚ ਸੁੱਟਣ ਦਾ ਬਹਾਨਾ ਲੱਭਦਾ ਰਹਿੰਦਾ ਹੈ। ਦਰਿਆ, ਸਰੋਵਰ, ਸਮੁੰਦਰ, ਵਿਚਾਰੇ ਮੁਫਤ ਵਿਚ ਅੜਿੱਕੇ ਆ ਜਾਂਦੇ ਹਨ। ਪਾਣੀ ਦੀ ਜੇ ਸ਼ਕਤੀ ਦੇਖਣੀ ਹੋਵੇ ਤਾਂ ਸਰਦੀਆਂ ਦੀ ਕਿਸੇ ਕੋਸੀ ਸਵੇਰ, ਧਰਤੀ ਦੀ ਹਿੱਕ ‘ਚੋਂ ਨਿਕਲੇ ਕੋਸੇ ਪਾਣੀ ਦੀ ਧਾਰਾ, ਤਾਜ਼ੇ ਘੜੇ ਖ਼ਾਲੇ ਵਿਚ ਵਗਦੇ ਹੋਏ ਦੀ ਕਲ ਕਲ ਸੁਣੋ। ਨਿਰਛਲ, ਨਿਰਮਲ ਤੇ ਨਿਰਅਕਾਰ ਪਾਣੀ ਦੇ ਕੰਢੇ ਉੱਤੇ ਬੈਠ ਜਦ ਕਿਸਾਨ ਫਸਲਾਂ ਨੂੰ ਖੁਸ਼ੀ ਨਾਲ ਝੂੰਮਦੇ ਦੇਖਦਾ ਹੈ, ਦੂਰ ਤੱਕ ਆਕਾਸ਼ ਵਿਚ ਉਸਦੀ ਸੋਚ ਉਡਾਰੀ ਮਾਰਦੀ ਹੈ ਤਾਂ ਉਸਦੇ ਪੈਰਾਂ ਨਾਲ ਕਲੋਲਾਂ ਕਰਦਾ ਪਾਣੀ ਉਸਨੂੰ ਕਿਸੇ ਗੰਗਾ ਤੋਂ ਘੱਟ ਨਹੀਂ ਲੱਗਦਾ।
ਜਿਉਂ ਹੀ ਸਾਲ ਦਾ ਅੰਤ ਆਇਆ, ਲੇਖਕ ਸਭਾ ਦੀ ਚੋਣ ਦਾ ਸਮਾਂ ਵੀ ਹੋ ਗਿਆ। ਮੀਟਿੰਗ ਵਿਚ ਐਲਾਨ ਹੁੰਦੇ ਹੀ ਕੋਹਰੇ ਦੀ ਪੈਂਦੀ ਠੰਡ ਖੰਭ ਲਾਕੇ ਉਡ ਗਈ। ਮੈਂਬਰਾਂ ਦੇ ਸਰੀਰ ਗਰਮਾ ਗਏ। ਪਰ ਸਾਬਕਾ ਹੋ ਰਹੇ ਪ੍ਰਧਾਨ ਜੀ ਠੰਡ ਕੁਝ ਜ਼ਿਆਦਾ ਹੀ ਮੰਨਣ ਲੱਗ ਪਏ। ਸ਼ਾਇਦ ਪਿਛਲੀਆਂ ਸਰਦੀਆਂ ਵਿਚ ਲੜੀ ਚੋਣ ਦਾ ਚਾਅ ਅਜੇ ਪੂਰਾ ਨਹੀਂ ਸੀ ਹੋਇਆ। ਹਾਲੇ ਤਾਂ, ਸਭਾ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ, ਸਿੱਖਿਆ ਹੀ ਸੀ। ਹਾਲੇ ਤਾਂ, ਸਭਾ ਦੇ ਸਨਮਾਨਾਂ ਦਾ ਸੌਦਾ ਵੀ ਪੂਰਾ ਨਹੀਂ ਸੀ ਹੋਇਆ। ਪਰ ਚੋਣਾਂ ਫੇਰ ਆ ਗਈਆਂ। ਖੌਰੇ ਕਿਹੜੀ ਅਨਹੋਣੀ ਹੋ ਜਾਵੇ। ਨਜ਼ਰ ਅੰਦਾਜ਼ ਕੀਤੇ ਮੈਂਬਰ ਕਿਤੇ ਪ੍ਰਧਾਨਗੀ ਦਾ ਬਾਟਾ ਮੂਧਾ ਹੀ ਨਾ ਮਾਰ ਦੇਣ। ਇਨਾਮੋਂ ਰਹਿ ਗਏ ਸਾਥੀ ਕਿਤੇ ਮੁਕਾਬਲੇ ਵਿਚ ਹੀ ਨਾ ਖੜ੍ਹ ਜਾਣ? ਪਿਛਲੀ ਵਾਰੀ ਲਿਆਂਦੀ ਦਾਰੂ ਦੀ ਪੇਟੀ ਵੀ ਐਤਕੀਂ ਮਹਿੰਗੀ ਮਿਲੂ, ਜੇਬ ਵੱਧ ਹਿੱਲਣ ਦਾ ਡਰ ਵੱਧ ਗਿਆ। ਇਹ ਸਭ ਕਾਰਣ ਬਣਦਾ ਜਾ ਰਿਹਾ ਸੀ ਠੰਡ ਵਿਚਲੇ ਬੁਖਾਰ ਦਾ। ਡਾਕਟਰ ਵਿਚਾਰਾ ਕੀ ਕਰੇ। ਬਿਨਾਂ ਮਰਜ਼ ਸਮਝੇ ਗੋਲੀਆਂ ਦੇਈ ਜਾਂਦਾ। ਉਸਨੂੰ ਕੀ ਪਤਾ ਪ੍ਰਧਾਨਗੀ’ ਦੀ ਟਾਨਿਕ ਦਾ।
ਦੂਸਰੇ ਪਾਸੇ ਕਈ ਨਵੇਂ ਪੁਰਾਣੇ ਲੇਖਕ ਥਾਪੀਆਂ ਮਾਰਨ ਲੱਗ ਪਏ। ਜੰਗ ਤੇ ਪਿਆਰ ਦੀ ਕਹਾਵਤ ਵਾਂਗ ਹਰ ਝੂਠ, ਸੱਚ ਦਾ ਹਿੱਸਾ ਬਨਾਉਣ ਲੱਗ ਪਏ ਤੇ ਆਪਣੇ ਸੱਚ ਦੇ ਪਰਦੇ ਹੋਰ ਸੰਘਣੇ ਕਰ ਦਿੱਤੇ, ਕਿਤੇ ਕੋਈ ਝਾਤੀ ਨਾ ਮਾਰ ਲਵੇ। ਪਬਲੀਸ਼ਰਾਂ ਦੀ ਬੱਲੇ ਬੱਲੇ ਹੋ ਗਈ। ਬਾਈ ਹਰ ਲੇਖਕ ਨੂੰ ਆਪਣੀ ਕਿਤਾਬ ਭੇਟਾ ਰਹਿਤ ਭੇਜਣੀ ਹੈ। ਫੌਜ ਵਿਚਲੇ ਆਪਣੇ ਸਾਥੀਆਂ ਤੇ ਰਿਸ਼ਤੇਦਾਰਾਂ ਦੀ ਭਾਲ ਹੋਣ ਲੱਗ ਪਈ, ਅਖੇ ਉਥੋਂ ਸਸਤੀ ਮਿਲਦੀ ਆ, ਨਾਲੇ ਪਿਊਰ ਐ। ਛੋਟੇਛੋਟੇ ਲੇਖਕਾਂ ਨਾਲ, ਇਨਾਮਾਂ ਦੇ ਤੇ ਅਹੁਦੇਦਾਰੀਆਂ ਦੇ ਵਾਅਦੇ ਹੋਣ ਲੱਗ ਪਏ। ਅਖੇ ਵਿੱਤ ਸਕੱਤਰ ਤਾਂ ਤੈਨੂੰ ਹੀ ਲੈਣਾ। ਤੇਰੇ ਨਾਲ ਦੇ ਨੂੰ ਦਫਤਰ ਸਕੱਤਰ, ਫੇਰ ਤੁਸੀਂ ਮੌਜ ਕਰਿਓ, ਮੈਂ ਤਾਂ ਹੋਰਨਾਂ ਸਭਾਵਾਂ, ਰੇਡੀਓ ਚੈਨਲਾਂ ਤੇ ਸਰਕਾਰੀ ਸੱਦੇ ਤੇ ਟੂਰ ਤੇ ਹੀ ਰਹਿਣਾ। ਇੰਜ ਇਹ 1020 ਵਿੱਤ ਸਕੱਤਰਾਂ ਜਾਂ ਦਫਤਰ ਸਕੱਤਰ ਜਾਂ ਮੀਡੀਆ ਇੰਚਾਰਜਾਂ ਦੀਆਂ ਵੋਟਾਂ ਪੱਕੀਆਂ ਕਰਦੇ ਮਨ ਤੇ ਬੋਝ ਤਾਂ ਪੈਂਦਾ। ਆਖਰ ਪ੍ਰਧਾਨਗੀ ਦੀ ਚੋਣ ਲੜਨੀ ਹੈ ਕੋਈ ਛੋਟੀ ਮੋਟੀ ਨੌਕਰੀ ਨਹੀਂ ਲੈਣੀ। ਹਰ ਮਰਗ ‘ਚ ਬਿਨਾਂ ਸ਼ੋਕ ਸਭਾ ਕੀਤੇ, ਬਿਆਨ ‘ਚ ਨਾਮ ਆਉਣਾ, ਕਹੇ ਨਾ ਕਹੇ, ਹਰ ਪ੍ਰੋਗਰਾਮ ‘ਚ ਪ੍ਰੈਸ ਨੇ ਮੂੰਹ ‘ਚ ਕੋਈ ਬਿਆਨ ਪਾਉਣਾ, ਹਰ ਕਿਤਾਬ ਰਿਲੀਜ਼ ਕਰਵਾਉਣ ਵਾਲੇ ਨੇ ਵੱਖਰੀ ਪਾਰਟੀ ਦੇਣੀ, ਸਮਾਗਮ ਤੋਂ ਪਹਿਲੋਂ ਵੀ ਤੇ ਬਾਅਦ ਵਿਚ ਵੀ। ਪਬਲੀਸ਼ਰ ਨਾਲ ਵੀ ਕਮਿਸ਼ਨ ਦਾ ਚੋਖਾ ਸੌਦਾ ਹੋਣਾ। ਫੇਰ ਭਲਾ ਭਰ ਸਰਦੀ ਵਿਚ ਵੀ ਗਰਮੀ ਦਾ ਆਲਮ ਕਿਵੇਂ ਨਾ ਹੋਵੇ। ਡਾਕਟਰ ਕੋਲ ਭਲਾ ਇਸ ਗਰਮੀ ਦੇ ਬੁਖਾਰ ਦੀ ਗੋਲੀ ਕਿੱਥੇ? ਇਸ ਗਰਮੀ ਦੀ ਠੰਡੀ ਪੱਟੀ ਕਿੱਥੇ? ਪ੍ਰਧਾਨਗੀ ਦਾ ਤਾਪ ਤਾਂ ਹੈ ਹੀ ਐਸੀ ਅਨੋਖੀ ਬਿਮਾਰੀ ਜਿਸ ਦਾ ਇਲਾਜ ਵੋਟ ਪਰਚੀਆਂ ਦੀ ਗਿਣਤੀ ਖਤਮ ਹੋਣ ਤੇ ਹੁੰਦਾ ਹੈ।
ਪਰਛਾਵੇਂ ਬੜੀ ਅਜੀਬ ਚੀਜ਼ ਹੁੰਦੇ ਹਨ। ਅਸਲ ਵਿਚ ਇਹ ਨਾ ਹੋ ਕੇ ਵੀ ਹੁੰਦੇ ਹਨ। ਰੋਸ਼ਨੀ ਕਿਸੇ ਦੀ, ਰੋਕ ਕਿਸੇ ਦੀ, ਤੇ ਹੋਂਦ ਆਪਣੀ ਦਿਖਾਉਂਦੇ ਹਨ। ਉਹ ਵੀ ਪਰਾਈ ਹਿੱਕ ‘ਤੇ। ਦਰਖੱਤਾਂ, ਕੁੱਲੀਆਂ ਤੇ ਕੰਧਾਂ ਦੇ ਪਰਛਾਵੇਂ ਮੌਸਮੀ ਸਕੂਨ ਜਾਂ ਦੁੱਖ ਵਰਤਾਉਂਦੇ ਹਨ। ਪਰ ਮਨੁੱਖ ਦਾ ਪਰਛਾਵਾਂ ਮਨੁੱਖ ਲਈ ਹਊਆ ਬਣ ਕੇ ਬਹੁੜਦਾ ਹੈ। ਸਭ ਤੋਂ ਵੱਧ ਮਨੁੱਖ ਆਪਣੇ ਹੀ ਪਰਛਾਵੇਂ ਤੋਂ ਡਰਦਾ ਹੈ। ਦੂਸਰੇ ਦਾ ਪਰਛਾਵਾਂ ਲੈਣ ਦੀ ਕੋਤਾਹੀ ਵੀ ਵਰਤਦਾ ਹੈ ਤੇ ਉਸਦਾ ਨਿਰਾਦਰ ਵੀ ਕਰਦਾ ਹੈ। ਇਹ ਪਰਛਾਵਿਆਂ ਦੀ ਹੀ ਕਿਸਮਤ ਵਿਚ ਹੁੰਦਾ ਹੈ ਕਿ ਉਨ੍ਹਾਂ ਦੀ ਕੋਈ ਮਿੱਥੀ ਲੰਬਾਈ, ਚੌੜਾਈ, ਸਮਾਂ, ਸਥਾਨ ਜਾਂ ਉਮਰ ਨਹੀਂ ਹੁੰਦੀ। ਪਰ ਇਕ ਵਾਰ ਬਣਿਆ ਪਰਛਾਵਾਂ ਸਦਾ ਲਈ ਮਨਾਂ ਵਿਚ ਛਾਪ ਛੱਡ ਜਾਂਦਾ ਹੈ। ਪਰਛਾਵੇਂ ਦੀ ਔਕਾਤ ਵੀ ਇਹੀ ਕਰਮ ਨਿਰਧਾਰਤ ਕਰਦੇ ਹਨ। ਪਰਛਾਵੇਂ ਦੀਆਂ ਕਿਸਮਾਂ ਵੀ ਮਨੁੱਖੀ ਮਨ ਦੀ ਮੈਲ ਤੇ ਸਵੱਛਤਾ ਦੇ ਅਨੁਸਾਰ ਹੀ ਹੁੰਦੀਆਂ ਹਨ। ਪਰ ਦੁੱਖ ਉਦੋਂ ਹੁੰਦਾ ਹੈ, ਜਦੋਂ ਮਨੁੱਖ ਖੁਦ ਹੀ ਪਰਛਾਵਾਂ ਬਣ ਜਾਵੇ। ਇਸ ਪਰਛਾਵੇਂ ਦੀ ਆਪਣੀ ਔਕਾਤ ਕਦੇ ਨਹੀਂ ਹੁੰਦੀ, ਭਾਵੇਂ ਇਹ ਦੇਖਣ ਨੂੰ ਕਾਲੇ ਦੀ ਥਾਂ ਰੰਗਦਾਰ ਹੀ ਕਿਉਂ ਨਾ ਹੋਵੇ। ਆਪਣੇ ਆਲੇ–ਦੁਆਲੇ ਦੇਖੋ, ਕਿੰਨੇ ਲੋਕ ਪਰਛਾਵੇਂ ਬਣੀ ਘੁੰਮ ਰਹੇ ਹਨ। ਕਾਸ਼ ਇਹ ਪਰਛਾਵਿਆਂ ‘ਚੋਂ ਉਭਰ ਕੇ ਬਾਹਰ ਆ ਜਾਣ, ਧੁੱਪ ਛੱਟਣ ਤੋਂ ਪਹਿਲੋਂ ਪਹਿਲੋਂ।
ਸਫ਼ਰ ਬਹੁਤ ਲੰਮਾ ਸੀ। ਮੈਨੂੰ ਕੁਝ ਦੋਸਤ ਵੈਨਕੂਵਰ ਦੇ ਨੇੜੇ ਅਮਰੀਕਾ ਦੇ ਬਾਰਡਰੀ ਸ਼ਹਿਰ ਬਲੇਨ ਤੋਂ ਬਸੇ ਬੈਠਾ ਗਏ ਸਨ। ਮੇਰੇ ਕੋਲ 428 ਡਾਲਰ ਦੀ ਟਿੱਕਟ ਸੀ ਜਿਸ ਨਾਲ ਮੈਂ ਪੂਰੇ ਅਮਰੀਕਾ ਵਿਚ ਕਿਤੇ ਵੀ ਗਰੇਹਾਊਂਡ ਦੀ ਬਸ ਤੇ ਮਹੀਨੇ ਲਈ ਆ ਜਾ ਸਕਦਾ ਸੀ। ਹੁਣ ਇਹ ਟਿੱਕਟ ਆਖ਼ਰੀ ਸਹਾਂ ਤੇ ਪਹੁੰਚ ਗਈ, ਮੇਰਾ ਸਫ਼ਰ ਲਾਸਏਜਲਸ ਤੋਂ ਨਿਊਯਾਰਕ ਦਾ ਬਾਕੀ ਸੀ। ਇਹ ਤਿੰਨ ਦਿਨ ਦਾ ਲਗਾਤਾਰ ਸਫਰ ਹੈ ਪਰ ਮੈਂ ਇਸਨੂੰ 8 ਦਿਨਾਂ ਵਿਚ ਕਰਨਾ ਸੀ। ਰਾਹ ਵਿਚ ਰੁਕਣਾ ਸੀ ਕਈ ਜਗ੍ਹਾ।
ਸਫ਼ਰ ਤੇ ਤੁਰਨ ਲੱਗੇ ਮੈਂ ਆਪਣੇ ਨਲ ਖਾਣ–ਪੀਣ ਦਾ ਸਮਾਨ ਜਿਵੇਂ ਸੈਡਵਿਚ, ਸੋਡਾ, ਜੂਸ ਤੇ ਬਿਸਕੁਟ ਆਦਿ ਲੈ ਕਿ ਤੁਰਦਾ ਸੀ। ਰਾਹ ਵਿਚ ਜਿੱਥੇ ਬੱਸਾਂ ਰੁਕਦੀਆਂ ਹਨ ਉੱਥੇ ਇਹ ਖਾਣ–ਪੀਣ ਦਾ ਸਮਾਨ ਬੜਾ ਮਹਿੰਗਾ ਮਿਲਦਾ ਹੈ। ਉੱਥੇ ਵੀ ਪੰਜਾਬ ਵਾਂਗ ਡਰਾਵਿਰਾਂ ਨੂੰ ਮੁਫ਼ਤ ਖਾਣਾ ਮਿਲਦਾ ਹੈ ਤੇ ਸਵਾਰੀਆਂ ਤੋਂ ਵੱਧ ਰੇਟ ਲਿਆ ਜਾਂਦਾ ਹੈ। ਬਸ ਵਿਚ ਕੰਡਕਟਰ ਕੋਈ ਨਹੀਂ ਹੁੰਦਾ ਤੇ ਬਸ ਦਾ ਵੀ ਇੱਕੋ ਦਰਵਾਜਾ ਹੁੰਦਾ ਹੈ। ਸਾਰੇ ਕੰਟਰੋਲ ਡਰਾਇਵਰ ਕੋਲ ਹੁੰਦੇ ਹਨ। ਡਰਾਇਵਰ ਹੀ ਪਹਿਲੋਂ ਟਿੱਕਟ ਚੈੱਕ ਕਰਦਾ ਹੈ। ਰਿਜ਼ਰਵ ਕਲਾਸ (ਜਿਸਦੇ 2 ਡਾਲਰ ਫਾਲਤੂ ਲੱਗਦੇ ਹਨ) ਪਹਿਲੋਂ, ਬੱਚੇ ਤੇ ਬਜ਼ੁਰਗ, ਫਿਰ ਬਾਕੀ ਜਨਤਾ ਜਨਾਰਧਨ। ਇਹ ਡਰਾਇਵਰ ਦੀ ਹੀ ਡਿਊਟੀ ਦਾ ਹਿੱਸਾ ਹੈ ਕਿ ਬਸ ਦੇ ਸੰਦੂਕ ਵਿਚ ਸਵਾਰੀ ਦਾ ਸਮਾਨ ਰੱਖੇ ਤੇ ਕੱਢ ਕਿ ਦੇਵੇ।
ਬਸ ਸਟਾਰਟ ਕਰਨ ਤੋਂ ਪਹਿਲੋਂ ਉਹ ਸਵਾਰੀਆਂ ਗਿਣਦਾ ਹੈ ਤੇ ਟਿੱਕਟਾਂ ਦੀ ਗਿਣਤੀ ਵੀ। ਫੇਰ ਲੋੜ ਅਨੁਸਾਰ ਏਸੀ ਜਾਂ ਹੀਟ ਚਲਾਉਂਦਾ ਹੈ ਤੇ ਵਾਰਨਿੰਗ ਦੇਂਦਾ ਹੈ ਕਿ ਬਸ ਵਿਚ ਨਸ਼ੇ ਕਰਨੇ ਤੇ ਸਿਗਰਟ ਪੀਣੀ ਮਨ੍ਹਾਂ ਹੈ। ਬਸ ਵਿਚ ਪਿੱਛੇ ਬਣੇ ਟਾਇਲਟ ਵਿਚ ਸਿਗਰਟ ਦਾ ਧੂੰਆਂ ਚੈੱਕ ਕਰਨ ਵਾਲੇ ਯੰਤਰ ਬਾਰੇ ਦੱਸਦਾ ਹੈ ਤੇ ਫੇਰ ਕਹਿੰਦਾ ਹੈ ਕਿ ਉੱਚੀ ਨਹੀਂ ਬੋਲਣਾ, ਲੜਾਈ ਝਗੜਾ ਨਹੀਂ ਕਰਨਾ, ਨਹੀਂ ‘ਤੇ ਇਹ ਬਸ ਸਿੱਧੀ ਥਾਣੇ ਜਾਕੇ ਰੁਕੇਗੀ।
ਜਿਉਂ ਹੀ ਬਸ ਟੈਕਸਾਸ ਦੇ ਸ਼ਹਿਰ ਡਾਲਿਸ ਪਹੁੰਚੀ ‘ਤੇ ਰੁਕਣ ਦੀ ਤਿਆਰੀ ਕਰਨ ਲੱਗੀ, ਮੇਰੀ ਨਜ਼ਰ ਆਲੇ–ਦੁਆਲੇ ਘੁੰਮਣ ਲੱਗੀ। ਮੇਰਾ ਖਾਣ–ਪੀਣ ਦਾ ਸਟਾਕ ਖ਼ਤਮ ਹੋ ਚੁੱਕਿਆ ਸੀ ਤੇ ਭੁੱਖ ਵੀ ਲੱਗੀ ਹੋਈ ਸੀ। ਜਿੱਥੇ ਬੱਸ ਰੁੱਕੀ ਉਸਦੇ ਬਿਲਕੁਲ ਉਲਟ ਪਾਸੇ ਟੈਕਸਸ ਬਰਗਰ ਦਾ ਬੋਰਡ ਦਿਖਿਆ। ਮੈਂ ਨਿਰਧਾਰਤ ਸਟਾਪ ਛੱਡ ਕਿ ਉਸ ਦੁਕਾਨ ਤੇ ਚਲਾ ਗਿਆ ਤੇ ਇੱਕ ਵੱਡਾ ਬਰਗਰ ਆਰਡਰ ਕਰ ਦਿੱਤਾ। ਬਰਗਰ ਬੜਾ ਹੀ ਸੁਆਦੀ ਲੱਗ ਰਿਹਾ ਸੀ। ਵਾਪਸ ਸਟਾਪ ਤੇ ਆਕੇ ਕਾਫ਼ੀ ਲੈਕੇ ਜਿਊਂ ਹੀ ਕਾਊਂਟਰ ਤੇ ਖੜ੍ਹੀ ਕੁੜੀ ਨੂੰ ਪੈਸੇ ਦਿੱਤੇ ਤਾਂ ਉਸ ਨੇ ਮੈਨੂੰ ਪੁੱਛਿਆ, ਕਿ ‘ਕੀ ਤੂੰ ਬਸ ਵਿਚ ਆਇਆ ਹੈਂ?’ ਮੇਰੇ ਹਾਂ ਕਹਿਣ ‘ਤੇ ਉਹ ਬੋਲੀ, ‘ਉਹ ਤਾਂ ਚਲੇ ਵੀ ਗਈ।’ ਮੇਰੇ ਤੇ ਜਿਵੇਂ ਇਕ ਪਹਾੜ ਟੁੱਟ ਪਿਆ ਹੋਵੇ, ਲੰਮੇਂ ਸਫਰ ਕਰਕੇ ਮੇਰੇ ਚਪਲਾਂ ਪਾਈਆਂ ਸਨ। ਸਿਰ ਤੋਂ ਪੱਗ ਵੀ ਲਾਹ ਕੇ ਬੱਸ ਵਿਚ ਰੱਖੀ ਹੋਈ ਸੀ। ਮੈਂ ਇਕ ਹੱਥ ਵਿਚ ਕਾਫ਼ੀ ‘ਤੇ ਇੱਕ ਹੱਥ ਵਿਚ ਬਰਗਰ ਫੜ੍ਹਿਆ ਉਵੇਂ ਹੀ ਦੁਕਾਨ ਤੋਂ ਬਾਹਰ ਆ ਗਿਆ। ਬਸ ਜਾ ਚੁੱਕੀ ਸੀ। ਕਿਸੇ ਕਿਹਾ ਕਿ ਉਹ ਲਾਲ ਬੱਤੀ ‘ਤੇ ਖੜ੍ਹੀ ਹੈ ਬਸ, ਫੜ੍ਹ ਲੈ ਦੌੜ ਕੇ ਜੇ ਫੜ ਹੁੰਦੀ। ਉਦੋਂ ਮੇਰਾ ਵਜ਼ਨ ਹੁਣ ਨਾਲੋਂ ਘੱਟ ਸੀ। ਮੈਂ ਦੋਨੋਂ ਹੱਥਾਂ ਵਿਚ ਸਮਾਨ ਫੜੀ ਭਜ ਪਿਆ। ਕੋਈ ਡੇਢ ਫਰਲਾਂਗ ਤੇ ਬਸ ਖੜ੍ਹੀ ਸੀ। ਜਦ ਮੈਂ ਕੋਲ ਪਹੁੰਚਿਆਂ ਤਾਂ ਬਸ ਦਾ ਡਰਾਇਵਰ ਬਾਹਰ ਖੜ੍ਹਾ ਸੀ ਤੇ ‘ਸੌਰੀ ਸਰ’, ‘ਸੌਰੀ ਸਰ’ ਕਰੀ ਜਾ ਰਿਹਾ ਸੀ। ਉਸਨੇ ਕਬੂਲਿਆ ਕਿ ਉਹ ਸਵਾਰੀਆਂ ਦੀ ਗਿਣਤੀ ਕਰਨਾ ਭੁੱਲ ਗਿਆ ਸੀ, ਖੈਰ ਕਿਸੇ ਹੋਰ ਸਵਾਰੀ ਵਲੋਂ ਦੱਸੇ ਜਾਣ ‘ਤੇ ਬਸ ਰੋਕ ਲਈ। ਮੇਰੇ ਸਾਹ ਵਿਚ ਸਾਹ ਆਇਆ। ਮੈਂ ਡਰਾਇਵਰ ਤੇ ਸਵਾਰੀਆਂ ਦਾ ਧੰਨਵਾਦ ਕੀਤਾ ਤੇ ਸੋਚ ਰਿਹਾ ਸੀ ਜੇਕਰ ਇਹੋ ਘਟਨਾ ਪੰਜਾਬ ‘ਚ ਵਾਪਰੀ ਹੁੰਦੀ ਤਾਂ ਡਰਾਇਵਰ ਤੇ ਕੰਡਕਟਰ ਤੋਂ ਗਾਹਲਾਂ ਤਾਂ ਖਾਣੀਆਂ ਹੀ ਸਨ, ਸਵਾਰੀਆਂ ਨੇ ਵੀ ਬੁੜ–ਬੁੜ ਕਰਨੋਂ ਨਹੀਂ ਸੀ ਹੱਟਣਾ, ਉਹ ਵੀ ਤਾਂ ਜੇਕਰ ਬਸ ਰੋਕ ਲੈਂਦੇ।
ਖੈਰ ਹੁਣ ਦੌੜਦੀ ਬਸ ਵਿਚ ਗਰਮ ਕਾਫ਼ੀ ‘ਤੇ ਵੱਡੇ ਸਾਰੇ ਟੈਕਸਸ ਬਰਗਰ ਦਾ ਸਵਾਦ ਅਨੂਠਾ ਲੱਗ ਰਿਹਾ ਸੀ। ਅਜ 20 ਸਾਲ ਹੋ ਗਏ ਹਨ ਇਸ ਘਟਨਾ ਨੂੰ, ਹੁਣ ਸਫ਼ਰ ਕਰਦੇ ਹਰ ਵਾਰੀ ਧਿਆਨ ਰੱਖੀਦਾ ਕਿਉਂਕਿ ਆਪਣੀ ਵਧਦੀ ਉਮਰ ਤੇ ਵੱਧਦੇ ਸਰੀਰ ਨੂੰ ਲੈਕੇ ਨੱਠ ਨਹੀਂ ਹੋਣਾ।

ਧਰਤੀ ਦੇ ਕਿਸ ਹਿੱਸੇ ਤੇ ਮਨੁੱਖ ਨੇ ਜਨਮ ਲੈਣਾ ਹੈ, ਇਹ ਮਨੁੱਖ ਦੇ ਵੱਸ ਨਹੀਂ। ਪਰ ਧਰਤੀ ਤੇ ਮਨੁੱਖ ਦੀ ਸਾਂਝ ਅਟੁੱਟ ਹੈ। ਕਿਤੇ ਵੀ ਮਨੁੱਖ ਪਹੁੰਚ ਜਾਵੇ। ਜੰਮਣ ਭੌਂ ਦੀ ਤਲਾਸ਼ ਤੇ ਮੋਹ ਹਮੇਸ਼ਾ ਕਾਇਮ ਰਹਿੰਦੇ ਹਨ। ਰੁਜ਼ਗਾਰ ਦੀ ਭਾਲ ਵਿਚ ਲੱਖਾਂ ਲੋਕ ਆਪਣੀ ਧਰਤੀ ਨੂੰ ਛੱਡ ਕਿ ਵਿਦੇਸ਼ਾਂ ਵਿਚ ਜਾ ਵਸਦੇ ਹਨ। ਸੁਭਾਅ ਅਨੁਸਾਰ ਉਹ ਉਥੇ ਵਰਤਦੇ ਹਨ। ਕਈ ਤਾਂ ਆਪਣੀ ਧਰਤੀ ਨੂੰ ਭੁੱਲ ਹੀ ਜਾਂਦੇ ਹਨ ਤੇ ਕਈ ਅਗਲੀ ਪੀੜ੍ਹੀ ਨੂੰ ਵੀ ਆਪਣੀ ਧਰਤੀ ਨਾਲ ਜੋੜਕੇ ਰੱਖਣਾ ਚਾਹੁੰਦੇ ਹਨ। ਇਹੋ ਜਿਹੇ ਲੋਕਾਂ ਵਿਚ ਇਕ ਹੈ ਬਦੋਵਲ ਦਾ ਹਰਦੀਪ, ਜਿਸਦਾ ਸਾਰਾ ਟੱਬਰ ਅਮਰੀਕਨ ਹੋ ਗਿਆ ਪਰ ਉਸਦੀ ਸੋਚ ਕਿ ਬੱਚਿਆਂ ਨੂੰ ਘੱਟੋਂ ਘਟ ਪਹਿਲੀ ਉਮਰੇ ਪੰਜਾਬ ਵਿਚ ਪਾਲਣਾ ਹੈ। ਦੂਜੀ ਵਿਚ ਪੜ੍ਹਦੀ ਅੰਜਨ ਤੇ ਪਹਿਲੀ ਵਿਚ ਪੜ੍ਹਦਾ ਗਨੀਵ, ਹੁਣ ਪਿੰਡ ਰਹਿੰਦੇ ਹਨ। ਸਕੂਲ ਜਾਂਦੇ ਹਨ। ਫਰਾਟੇਦਾਰ ਅੰਗ੍ਰੇਜ਼ੀ ਦੀ ਥਾਂ, ਠੇਠ ਪੰਜਾਬੀ ਬੋਲਦੇ ਹਨ। ਪਿੰਡ ਦੇ ਕੱਟਿਆਂ ਦੀ ਸਵਾਰੀ ਕਰਦੇ ਹਨ। ਖੇਤਾਂ ਦੀ ਖੁਸ਼ਬੂ ਮਾਣਦੇ ਹਨ। ਪਿੰਡ ਦੇ ਬੱਚੇ ਉਨ੍ਹਾਂ ਨੂੰ ਅਮਰੀਕਨ ਬੱਚਿਆਂ ਨਾਲੋਂ ਗੂੜ੍ਹੇ ਦੋਸਤ ਲੱਗਦੇ ਹਨ। ਹਰਦੀਪ ਅਨੁਸਾਰ ਵੱਡੇ ਹੋਕੇ ਇਹ ਜਿੱਥੇ ਮਰਜ਼ੀ ਜਾਣ, ਪਰ ਜੋ ਪੰਜਾਬੀਅਤ ਇਨ੍ਹਾਂ ਵਿਚ ਹੁਣ ਭਰ ਹੋ ਗਈ ਹੈ। ਉਹ ਕਦੇ ਵੀ ਫੇਰ ਹਾਸਿਲ ਨਹੀਂ ਹੋ ਸਕਣੀ। ਉਸ ਅਨੁਸਾਰ ਅਮਰੀਕਾ ’ਚ ਕਮਾਉਣਾ ਤੇ ਪੰਜਾਬ ਰਹਿਣਾ, ਆਰਥਿਕ ਤੌਰ ’ਤੇ ਵੀ ਲਾਹੇਵੰਦ ਹੈ। ਇੰਜ ਦੇ ਨਵੇ ਪੰਜਾਬੀ ਸਿਰਨਾਵੇਂ ਪੈਦਾ ਕਰਨ ਲਈ ਦੋਸਤ ਨੂੰ ਮੁਬਾਰਕ।
ਬਤਾਊਂ ਕਦੇ ਨਾ ਖਾਊਂ, ਕਰੇਲੇ ਦੋ ਵੇਲੇ’ ਇਹ ਕਹਾਵਤ ਬਚਪਨ ਤੋਂ ਸੁਣਦੇ ਆ ਰਹੇ ਹਾਂ। ਬੜੇ ਹੈਰਾਨ ਹੋਈ ਦਾ ਸੀ ਕਿ ਕਿੱਥੇ ਵਿਚਾਰੇ ਨਰਮ ਨਰਮ, ਸੋਹਣੇ ਜਾਮਣੀ ਬਤਾਊਂ ਤੇ ਕਿੱਥੇ, ਖਿੰਗਰਿਆਂ ਵਾਲੇ ਕੌੜੇ ਕਰੇਲੇ। ਛੋਟੀ ਉਮਰ ਵਿਚ ਇਹ ਗੱਲ ਕਦੇ ਸਮਝ ਨਾ ਲੱਗੀ ਕਿ ਬਤਾਊਂ ਨਾਲ ਲੋਕਾਂ ਦੀ ਕੀ ਦੁਸ਼ਮਣੀ ਹੈ। ਵੈਸੇ ਕਈ ਵਾਰੀ ਸੋਚਣਾ ਕਿ ਬਤਾਊਂਆਂ ਦੇ ਦੁਸ਼ਮਣ ਮਰਦ ਹੀ ਹਨ। ਨਰਮ ਚੀਜ਼ਾਂ ਨੂੰ ਉਹ ਪਸੰਦ ਨਹੀਂ ਕਰਦੇ, ਸ਼ਾਇਦ ਉਹਨਾਂ ਅੰਦਰ ਹੰਕਾਰ ਹੋਵੇ। ਇਸੇ ਲਈ ਸਸਤੇ ਬਤਾਊਂ, ਨਫਰਤ ਦੇ ਪਾਤਰ ਹਨ। ਪਰ ਇਹ ਵੀ ਸਮਝ ਨਾ ਆਉਣਾ ਕਿ ਕੌੜੇ ਕਰੇਲੇ ਭਲਾ ਐਡੇ ਸਤਿਕਾਰ ਦੇ ਕਿਹੜੀ ਗਲੋਂ ਹੱਕਦਾਰ ਹਨ। ਇਹ ਮਨ ‘ਚ ਪਿਆ ਭੰਬਲਭੂਸਾ ਕਦੇ ਕਦੇ ਪ੍ਰੇਸ਼ਾਨ ਵੀ ਕਰ ਦੇਂਦਾ। ਫੇਰ ਸੋਚਦਾਂ ਆਪਾਂ ਕੀ ਲੈਣਾ, ਇਹ ਵੱਡਿਆਂ ਦੇ ਸ਼ੌਕ ਵੱਡੇ ਹੀ ਪਾਲਣ, ਪਰ ਜਦ ਕਦੇ ਬਤਾਊਂਆਂ ਦੀ ਸਬਜ਼ੀ ਖਾਣੀ ਤਾਂ, ਉਹਨਾਂ ਦੀ ਨਰਮ ਸਬਜ਼ੀ ਗਰੀਬਣੀ ਜਿਹੀ ਲੱਗਣੀ।
ਜ਼ਿੰਦਗੀ ਤੇ ਸਮਾਂ ਚਲਦਾ ਰਿਹਾ ਤੇ ਬਹੁਤ ਸਾਰੀਆਂ ਗੱਲਾਂ ਦੀ ਸਮਝ ਆਉਂਦੀ ਜਾਂਦੀ ਰਹੀ। ਫੇਰ ਇਕ ਦਿਨ ਗਿਆਨ ਹੋਇਆ ਕਿ ਕਰੇਲੇ ਬਹੁਤ ਕੰਮ ਦੀ ਚੀਜ਼ ਹਨ। ਹਰ ਚਾਲੀ ਸਾਲ ਤੋਂ ਉਪਰ ਦੇ ਮਨੁੋੱਖ ਲਈ ਜੋ ਜ਼ੋਰ ਦਾ ਕੰਮ ਨਹੀਂ ਕਰਦਾ, ਇਹ ਕਰੇਲੇ ਨਿਆਮਤ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਤਾਂ ਵਰਦਾਨ ਹਨ ਹੀ, ਚੰਗੀ ਤਰ੍ਹਾਂ ਭੁੰਨੇ ਹੋਏ ਜਾਂ ਤਲੇ ਹੋਏ ਕਰੇਲੇ ਤਾਂ ਕੌੜੇ ਵੀ ਨਹੀਂ ਹੁੰਦੇ। ਮਸਾਲਾ ਭਰ ਕਿ ਬਣਾਏ ਕਰੇਲੇ ਜਿੰਨ੍ਹਾਂ ਤੇ ਧਾਗਾ ਲਪੇਟਿਆ ਹੋਇਆ ਹੁੰਦਾ ਹੈ, ਇੰਜ ਲੱਗਦੇ ਹਨ ਜਿਵੇਂ ਚੂਹੇ ਫੜ ਕਿ ਤਲੇ ਹੋਣ। ਕਈ ਵਾਰ ਜਿਹੀ ਵੀ ਆਉਂਦੀ ਪਰ ਫੇਰ ਉਹਨਾਂ ਦੇ ਸੁਆਦ ਨੇ ਸਾਰੀ ਮਾੜੀ ਸੋਚ ਠੱਪ ਕਰ ਦੇਣੀ। ਹੌਲੀ ਹੌਲੀ ਕਰੇਲਿਆਂ ਨਾਲ ਮੋਹ ਹੁੰਦਾ ਗਿਆ। ਸਫਰ ਤੇ ਸਵੇਰ ਦੇ ਬਣੇ ਪਰੌਂਠਿਆਂ ਵਿਚ ਲਪੇਟੇ ਕਰੇਲੇ ਬੜੇ ਸੁਆਦ ਲੱਗਣ ਲੱਗ ਪਏ।
ਪਰ ਵਿਚਾਰੇ ਬਤਾਊਂ, ਇਹ ਸਮਝ ਹੀ ਨਹੀਂ ਆਈ ਕਿ ਐਸੀ ਕਿਹੜੀ ਗੱਲ ਹੈ ਜੋ ਲੋਕ ਇਹਨਾਂ ਦੇ ਵਿਰੁੱਧ ਹਨ। ਉੱਤੋਂ ਅੱਜ ਕੱਲ੍ਹ ਬੀਟੀ ਬਤਾਊਂਆਂ ਦਾ ਰੌਲਾ ਅਲੱਗ ਪਿਆ ਹੈ। ਜੋ ਪਹਿਲੋਂ ਹੀ ਸਿਆਣਿਆਂ ਨੇ ਨਿੰਦੇ ਹੋਏ ਹਨ, ਉਨ੍ਹਾਂ ਦੇ ਬੀਟੀ ਦੀ ਦੂਹਰੀ ਮਾਰ ਕਿਉਂ। ਮਨ ਵਿਚ ਉਤਸੁਕਤਾ ਵਧਣ ਲੱਗੀ। ਬਤਾਊਂਆਂ ਬਾਰੇ ਜਾਣਥਾਰੀ ਲੱਭਣ ਦਾ ਕਾਰਜ ਸ਼ੁਰੂ ਹੋ ਗਿਆ। ਪਹਿਲੀ ਜਾਣਕਾਰੀ ਇਹ ਕਿ ਇਸਦੇ ਕਈ ਨਾਮ ਹਨ। 5ਵੀਂ ਸਦੀ ਦੇ ਅਮਰੀਕਾ ਵਿਚ ਇਸਨੂੰ ਮੁਰਗੀ ਦਾ ਅੰਡਾ ਹੀ ਸਮਝਦੇ ਰਹੇ ਤੇ ਇਸਨੂੰ ਐੱਗ ਪਲਾਂਟ ਕਹਿੰਦੇ ਰਹੇ। ਸਭ ਤੋਂ ਵੱਧ ਇਹ 18 ਮਿਲੀਅਨ ਟਨ ਚੀਨ ਵਿਚ ਹੁੰਦਾ ਹੈ ਤੇ ਫੇਰ ਸਾਡੇ ਦੇਸ਼ ਵਿਚ 8 ਮਿਲੀਆਂ ਟਨ। ਇੰਨੀ ਭਾਰੀ ਮਾਤਰਾ ਵਿਚ ਹੁੰਦੇ ਹੋਏ ਵੀ, ਬਤਾਊਂ ਕਦੇ ਨਾ ਖਾਊਂ’ ਦਾ ਹਿਸਾਬ ਨਹੀਂ ਲੱਭਾ। ਫੇਰ ਇਕ ਦਿਨ ਇੰਟਰਨੈੱਟ ਦਾ ਸਹਾਰਾ ਲਿਆ। ਉੱਥੇ ਜਾਕੇ ਜੋ ਪਤਾ ਲੱਗਾ, ਉਹ ਪੜ੍ਹ ਕਿ ਆਪਣੇ ਸਦੀਆਂ ਪੁਰਾਣੇ ਬਜ਼ੁਰਗਾਂ ਦੀ ਸਿਆਣਪ ਤੇ ਫੁੱਲ ਚੜਾਉਣ ਨੂੰ ਜੀਅ ਕਰ ਆਇਆ। ਜਾਣਕਾਰੀ ਮੁਤਾਬਕ 9 ਕਿੱਲੋ ਬਤਾਊਆਂ ਵਿਚ 1 ਸਿਗਰਟ ਜਿੰਨੀ ਨਿਕੋਟੀਨ ਹੁੰਦੀ ਹੈ। ਭਾਵੇਂ ਇਹ ਮਾਤਰਾ ਬਹੁਤ ਘਾਤਕ ਨਹੀਂ ਪਰ ਸਦੀਆਂ ਪੁਰਾਣੀ ਕਹਾਵਤ ਦੇ ਰਾਜ਼ ਖੋਲਣ ਲਈ ਕਾਫੀ ਹੈ। ਮੈਂ ਸਿਰ ਝੁਕਾਉਂਦਾ ਹਾਂ ਉਹਨਾਂ ਪੁਰਖਿਆਂ ਨੂੰ ਜਿੰਨ੍ਹਾਂ ਦੁਨੀਆਂ ਦੇ ਵਿਗਿਆਨੀਆਂ ਤੋਂ ਪਹਿਲੋਂ ਖੋਜ ਕਰਕੇ ਲੋਕਾਂ ਨੂੰ ਸੁਚੇਤ ਕੀਤਾ। ਜੀਵੇ ਪੰਜਾਬ।
ਤੇ ਨਾ ਹੀ ਔਂਸੀਆਂ ਪਾਉਣ ਮੁਟਿਆਰਾਂ ! ਸਮਾਂ ਬਦਲ ਗਿਆ ਹੈ। ਸਮੇਂ ਦੀ ਚਾਲ ਵੀ ਬਦਲ ਗਈ ਹੈ। ਸੜਕੀ ਦੂਰੀਆਂ ਵੀ ਘਟ ਗਈਆਂ ਹਨ। ਇਸੇ ਕਰਕੇ ਸਮਾਜਿਕ ਰਿਸ਼ਤਿਆਂ ਦੀਆਂ ਪਰਤਾਂ ਇਕਸਾਰ ਹੋ ਰਹੀਆਂ ਹਨ। ਕਿਸੇ ਆਖਿਆ ਸੀ ਖੁਸ਼ੀ ਸਿਰਫ ਮਨੁੱਖੀ ਰਿਸ਼ਤਿਆ ਵਿਚ ਹੀ ਮਿਲਦੀ ਹੈ’ ਪਰ ਇਹ ਰਿਸ਼ਤੇ ਮਿਲਣ ਗਿਲਣ ਨਾਲ ਹੀ ਬਣਦੇ ਹਨ। ਮਨੁੱਖ ਆਦਿ ਸਮੇਂ ਤੋਂ ਹੀ ਇਸ ਖੁਸ਼ੀ ਦੀ ਭਾਲ ਵਿਚ ਸਫਰ ਕਰਦਾ ਰਿਹਾ ਹੈ। ਵਾਟਾਂ ਨੱਪਦਾ ਰਿਹਾ ਹੈ। ਕਈਆਂ ਦਾ ਮੰਜ਼ਿਲ ਤੇ ਪਹੁੰਚਣਾ ਮੁਸ਼ਕਿਲ ਵੀ ਹੋਇਆ ਤੇ ਕਈ ਪਹੁੰਚੇ ਹੀ ਨਹੀਂ। ਦੂਸਰੇ ਪਾਸੇ ਪੰਜਾਬੀ ਪ੍ਰਹੁਣਾਚਾਰੀ ਕਰਨ ਦੇ ਭੁੱਖੇ ਹਨ। ਹਰ ਵੇਲੇ ਮਹਿਮਾਨ ਉਡੀਕਦੇ ਰਹਿੰਦੇ ਹਨ। ਔਰਤਾਂ ਘਰਾਂ ਵਿਚ ਬਨੇਰੇ ਤੇ ਬੈਠੇ ਕਾਂ ਨੂੰ ਪ੍ਰਹੁਣੇ ਦਾ ਸੂਚਕ ਸਮਝਦੀਆਂ ਰਹੀਆਂ ਹਨ ਤੇ ਖੇਤਾਂ ਵਿਚ ਕੰਮ ਕਰਦੇ ਬੰਦੇ ਹਰ ਝਾਉਲੇ ਨੂੰ ਪ੍ਰਹੁਣਾ। ਪਰ ਇਹ ਉਡੀਕ ਦੇ ਸਾਰੇ ਕਾਰਜ ਇਕੋ ਖੋਜ ਨੇ ਅਰਥਹੀਣ ਕਰ ਦਿੱਤੇ ਹਨ। ਅਜ ਮੋਬਾਇਲ ਫੋਨ ਨੇ ਤਬਾਹੀ ਮਚਾ ਦਿੱਤੀ ਹੈ। ਨਿੱਤ ਸਸਤੀਆਂ ਹੋ ਰਹੀਆਂ ਫੋਨ ਕਾਲਾਂ ਨੇ ਹਰ ਪਾਸੇ ਗਲਾਂ ਦੀ ਭਰਮਾਰ ਪੈਦਾ ਕਰਤੀ। ਹਰ ਨਿੱਕੀ ਜਿਹੀ ਗਲ ਜਾਂ ਇਹ ਕਹਿ ਲਵੋ ਕੇ ਹਰ ਫਜ਼ੁਲ ਜਾਣਕਾਰੀ ਵੀ ਇਕ ਦੂਜੇ ਤਕ ਪਹੁੰਚਾਤੀ। ਮਿਲਣ ਗਿਲਣ ਦੀ ਤਮੰਨਾ ਹੀ ਖਤਮ ਕਰਤੀ। ਅਫਵਾਹਾਂ ਫੈਲਾਣ ਵਿਚ ਵੀ ਮੋਬਾਇਲ ਦਾ ਬਹੁਤ ਵੱਡਾ ਹੱਥ ਹੈ। ਲੋਕਾਂ ਦੇ ਕੰਨਾਂ ਦੇ ਪਰਦੇ ਨਰਮ ਹੋ ਰਹੇ ਹਨ। ਬੋਲਿਆਂ ਦੀ ਗਿਣਤੀ ਵੱਧ ਰਹੀ ਹੈ। ਹੋਰ ਤਾਂ ਹੋਰ ਔਂਸੀਆਂ ਸ਼ਬਦ ਦੀ ਹੋਂਦ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ। ਇਹੋ ਜਿਹੇ ਮਾਹੌਲ ਵਿਚ ਜੇਕਰ ਕੋਈ ਕਾਂ ਕਿਤੇ ਸੁਨੇਹਾ ਲੈਕੇ ਆ ਵੀ ਗਿਆ ਤਾਂ ਉਸਦੀ ਸੁਣੇਗਾ ਕੌਣ। ਇਸੇ ਲਈ ਹੋ ਸਕਦਾ ਆੳਣ ਵਾਲੇ ਸਮੇਂ ਵਿਚ ਕਾਂ ਵੀ ਮੋਬਾਇਲ ਤੇ ਸੁਨੇਹੇ ਦੇਣ ਲਗ ਪੈਣ ਜਾਂ ਫੇਰ ਆਪਣੀ ਹੀ ਕੰਪਨੀ ਖੋਲ ਲੈਣ ਕਾਂਟੈੱਲ’
ਮਨੁੱਖੀ ਸਰੀਰ ਕੁਦਰਤ ਦੀ ਐਸੀ ਰਚਨਾ ਹੈ ਕਿ ਇਹਦੇ ਠੀਕ ਚੱਲਣ ਲਈ ਸਮਾਂ, ਸਥਾਨ, ਖੁਰਾਕ ਤੇ ਵਰਤਾਰਾ ਆਦਿ ਸਭ ਕੁਝ ਸੀਮਾ ਅਨੁਸਾਰ ਨਿਰਧਾਰਤ ਹੈ। ਪਰ ਮਨੁੱਖ ਦੇ ਅੰਦਰਲਾ ਮਨ ਇਸ ਸਭ ਕਾਸੇ ਤੋਂ ਬੇਪਰਵਾਹ ਹੈ। ਉਹ ਮਨੁੱਖ ਨੂੰ ਸਾਰੇ ਉਹ ਕਰਮ ਕਰਨ ਲਈ ਉਕਸਾਉਂਦਾ ਹੈ, ਜੋ ਉਸਨੂੰ ਚੰਗੇ ਲੱਗਣ ਪਰ ਜੀਵਨ ਦੀ ਰੇਲ ਗੱਡੀ ਨੂੰ ਪਟੜੀ ਤੋਂ ਭੁੰਝੇ ਸੁੱਟਣ ਲਈ ਕਾਫੀ ਹੁੰਦੇ ਹਨ। ਜਿਵੇਂ ਜਿਵੇਂ ਸਾਡਾ ਮਨ ਬੇਕਾਬੂ ਹੁੰਦਾ ਜਾਂਦਾ ਹੈ, ਸਾਡੇ ਸਰੀਰਕ ਰੋਗ ਵਧਦੇ ਜਾਂਦੇ ਹਨ। ਇਕ ਧਾਰਨਾ ਇਹ ਵੀ ਹੈ ਕਿ ਸਰੀਰ ਦੇ ਸਾਰੇ ਰੋਗਾਂ ਦੀ ਜੜ੍ਹ, ਮਨੁੱਖ ਦੀ ਆਪਣੀ ਸੋਚ ਦਾ ਬਿਮਾਰ ਹੋ ਜਾਣਾ ਹੀ ਹੈ। ਇਹ ਬਿਮਾਰੀ ਹਾਓਮੇਂ ਤੋਂ ਲੈਕੇ ਲਾਲਚ ਤੱਕ ਦਾ ਸਫਰ ਕਰ ਸਕਦੀ ਹੈ। ਇੰਨਾਂ ਬੀਮਾਰੀਆਂ ਦੇ ਹੁੰਦੇ ਸਰੀਰ ਕਦੇ ਵੀ ਠੀਕ ਕੰਮ ਨਹੀਂ ਕਰ ਸਕਦਾ। ਇਹੋ ਕਾਰਣ ਹੈ ਕਿ ਸਾਇੰਸ ਦੇ ਬੇਥਾਹ ਵਿਕਸਤ ਹੋਣ ਦੇ ਬਾਵਜੂਦ ਤੇ ਲਗਭਗ ਹਰ ਕਿਸਮ ਦੀ ਬੀਮਾਰੀ ਦਾ ਇਲਾਜ ਲੱਭ ਪੈਣ ਦੇ ਬਾਵਜੂਦ, ਸਾਰੇ ਹਸਪਤਾਲ ਭਰੇ ਪਏ ਹਨ। ਪੂਰਾਂ ਦੇ ਪੂਰ ਡਾਕਟਰਾਂ ਦੇ ਅਮੀਰ ਹੋਈ ਜਾ ਰਹੇ ਹਨ। ਮਾਨਸਿਕ ਤਣਾਅ ਵਧਣ ਕਰਕੇ ਅਦਾਲਤਾਂ ਵਿਚ ਕੇਸਾਂ ਦੇ ਭੰਡਾਰ ਲੱਗੇ ਪਏ ਹਨ। ਕਦੇ ਕਦੇ ਸੋਚਦਾਂ ਇਹ ਜ਼ਰੂਰੀ ਵੀ ਹੈ। ਜੇ ਰੋਗ ਨਾ ਹੋਣ ਤਾਂ ਡਾਕਟਰ ਬੇਕਾਰ ਹੋ ਜਾਣ, ਬਹੁਮੰਜ਼ਲੀਆਂ ਹਸਪਤਾਲਾਂ ਦੀਆਂ ਇਮਾਰਤਾਂ ‘ਚ ਉੱਲੂ ਬੋਲਣ। ਜੇਕਰ ਮਾਨਸਿਕ ਤਣਾਅ, ਲਾਲਚ ਤੇ ਹਾਉਮੇ ਦੀ ਭੁੱਖ ਮਿਟ ਜਾਵੇ ਤਾਂ ਅਦਾਲਤਾਂ ਹੀ ਖਤਮ ਹੋ ਜਾਣ, ਵਕੀਲਾਂ, ਜੱਜਾਂ ਦਾ ਧੰਦਾ ਬੰਦ ਹੋ ਜਾਵੇ, ਸਭ ਤੋਂ ਵੱਡੀ ਗੱਲ, ਸਰਕਾਰਾਂ ਦੀ ਵੀ ਫੇਰ ਕੀ ਲੋੜ ਰਹਿ ਜਾਵੇਗੀ? ਖੈਰ ਜਦ ਤੱਕ ਮਨੁੱਖ ਹੈ, ਉਸਨੇ ਆਪਣੇ ਮਨ ‘ਚੋਂ ਮੈਲ ਨਹੀਂ ਕੱਢਣੀ, ਬਸ ਕੰਨਾਂ ‘ਚੋਂ ਹੀ ਨਿਕਲ ਜਾਵੇ, ਹਾਲੇ ਇਹੀ ਬਹੁਤ ਹੈ।

ਜਿਉਂ ਜਿਉਂ ਠੰਡ ਪਸੱਰ ਰਹੀ ਹੈ, ਪੰਜਾਬ ਦੀ ਧਰਤੀ ਤੇ ਨਵੀਂ ਉੱਗੀ ਕਣਕ ਦੀ ਖੁਸ਼ਬੂ ਫੈਲ ਰਹੀ ਹੈ। ਪਹਿਲੇ ਪਾਣੀ ਤੋਂ ਹਾਲੇ ਹਫਤਾ ਦੂਰ ਇਹ ਉੱਗਦੀਆਂ ਕਣਕ ਦੀਆਂ ਲੂਈਆਂ, ਵਾਤਾਵਰਣ ਨੂੰ ਨਸ਼ਿਆਈ ਜਾਂਦੀਆਂ ਹਨ। ਇਹਨਾਂ ਦੀਆਂ ਨਰਮ ਪੱਤੀਆਂ, ਚੜ੍ਹਦੇ ਸੂਰਜ ਦੀ ਰੋਸ਼ਨੀ ਵਿਚ ਖਿੜ ਉੱਠਦੀਆਂ ਹਨ ਤੇ ਲੰਮੇ ਲੰਮੇ ਪ੍ਰਛਾਂਵੇਂ ਸੁਹਾਗੇ ਖੇਤ ਤੇ ਖੂਬਸੂਰਤ ਨਜ਼ਾਰੇ ਪੇਸ਼ ਕਰਦੀਆਂ ਹਨ।
ਨਵੰਬਰ ਦੇ ਤੀਜੇ ਹਫਤੇ ਤਕ ਬੀਜਾਈ ਲਗਭਗ ਖਤਮ ਹੋ ਚੁੱਕੀ ਹੈ, ਸਿਰਫ ਬਾਸਮਤੀ ਵਾਲੇ ਖੇਤ ਤੇ ਲੇਟ ਲਤੀਫ ਹੀ ਪਿਛੇ ਰਹਿ ਗਏ ਹਨ। ਪੰਜਾਬ ਵਿਚ ਗਿਦੜਬਾਹਾ ਤੇ ਕੋਟਕਪੂਰਾ ਬੀਜ ਦੀਆਂ ਵੱਡੀਆਂ ਮੰਡੀਆਂ ਹਨ, ਲੁਧਿਆਣਾ ਬਾਅਦ ਵਿਚ ਆਉਂਦਾ ਹੈ। ਵੱਖ ਵੱਖ ਬੀਜ ਵਿਕਰੇਤਾਵਾਂ ਤੋਂ ਲਏ ਅਨੁਮਾਨ ਅਨੁਸਾਰ ਇਸ ਵਾਰ ਕਰਨਾਲ ਦੀ ਡੀਬੀਡਬਲਯੂ–17 ਸਭ ਤੋਂ ਵੱਧ ਬੀਜੀ ਗਈ ਹੈ। ਪਿਛਲੀ ਵਾਰੀ 343 ਤੇ 502 ਨੂੰ ਬਰਾਊਨ ਰਸਟ ਲਗੱਣ ਕਰਕੇ ਇਹਨਾਂ ਦੀ ਮੰਗ ਘੱਟ ਹੋਈ ਹੈ, ਪਰ 550 ਦੀ ਕਾਫੀ ਮੰਗ ਰਹੀ ਹੈ। ਦਿਲੀ ਵਾਲੀਆਂ ਕਿਸਮਾਂ ਨੇ ਵੀ ਇਸ ਵਾਰ ਘੱਟੋ ਘੱਟ 7–10 ਪ੍ਰਤੀਸ਼ਤ ਰਕਬਾ ਲੈ ਜਾਣਾ ਹੈ। ਸਰਕਾਰ ਵਲੋਂ ਮਿਲੀ 500 ਰੁਪਏ ਪ੍ਰਤੀ ਕੁਵਿੰਟਲ ਦੀ ਸਬਸਿਡੀ 5 ਕੁ ਲੱਖ ਕੁਵਿੰਟਲ ਬੀਜ ਵੇਚਣ ਵਿਚ ਸਹਾਈ ਹੋਈ। ਕਾਸ਼ ਇਹ ਸਕੀਮ ਹਰ ਕਿਸਮ ਦੇ ਬੀਜ ਤੇ ਲਾਗੂ ਹੁੰਦੀ, ਤਾਂ ਪੰਜਾਬ ਵਿਚ ਬੀਜ ਦੀ ਕੁੱਲ ਖਪਤ ਅਤੇ ਕਿਸਮਾਂ ਦਾ ਪੂਰਾ ਵੇਰਵਾ ਇਕੱਠਾ ਹੋ ਜਾਣਾ ਸੀ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪਲਾਨਿੰਗ ਕਰਨ ਵਿਚ ਬਹੁਤ ਫਾਇਦਾ ਹੋਣਾ ਸੀ, ਅਤੇ ਇਸ ਤਰ੍ਹਾਂ ਨਕਲੀ ਬੀਜ ਤੋਂ ਵੀ ਬਚਾਅ ਹੋ ਜਾਣਾ ਸੀ। ਚਲੋ ਹਾਲੇ ਵੀ ਸਮਾਂ ਹੈ ਕੇ ਦਿਵਾਲੀ ਦੀ ਨਕਲੀ ਮਠਿਆਈ ਵਿਰੁਧ ਚਲਾਈ ਮੁਹਿੰਮ ਵਾਗ, ਹੁਣੇ ਹੀ ਨਕਲੀ ਦਵਾਈਆਂ ਦੇ ਭੰਡਾਰ ਲੱਭ ਕੇ ਨਸ਼ਟ ਕਰ ਦਿੱਤੇ ਜਾਣ।
ਆਪਣੀ ਬੋਲੀ, ਵਿਰਾਸਤ ਅਤੇ ਸਭਿਆਚਾਰ ਨਾਲ ਪ੍ਰਣਾਈ, ਕੁਲ ਆਲਮ ਵਿਚ ਕਾਰਜਸ਼ੀਲ ਨਿਵੇਕਲੀ ਜਥੇਬੰਦੀ ਪੰਜਾਬੀ ਸੱਥ ਵੱਲੋਂ ਸ਼ਾਨਾਮੱਤੀ ਪੰਜਾਬੀ ਵਿਰਾਸਤ ਦੇ ਹਰ ਪੱਖ ਨੂੰ ਦਰਸਉਂਦਾ 2010 ਈ: ਵਰ੍ਹੇ ਦਾ ਵਿਰਾਸਤੀ ਕੈਲੰਡਰ 12 ਨਵੰਬਰ, 2009 ਦਿਨ ਵੀਰਵਾਰ ਨੂੰ 12•00 ਵਜੇ ਦੁਪਹਿਰੇ ‘ਪੰਜਾਬੀ ਭਵਨ ਲੁਧਿਆਣਾ’ ਵਿਖੇ ਇਕ ਖਾਸ ਪਰ੍ਹਿਆ ਵਿਚ ਪੰਜਾਬੀਆਂ ਨੂੰ ਸਤਿਕਾਰ ਸਹਿਤ ਭੇਟ ਕੀਤਾ ਜਾਵੇਗਾ। ਮਾਝੇ, ਮਾਲਵੇ, ਦੁਆਬੇ ਦੀਆਂ ਸੱਥਾਂ ਤੋਂ ਅੱਗੇ ਯੁਰਪੀ ਪੰਜਾਬੀ ਸੱਥ ਦੇ ਸਾਰੇ ਸਰਗਰਮ ਸੰਗੀ ਬੇਲੀਆਂ ਦੇ ਇਕੱਠ ਵਿੱਚ ਡਾ• ਸਰੂਪ ਸਿੰਘ ਅਲੱਗ, ਡਾ• ਸੁਰਜੀਤ ਪਾਤਰ ਅਤੇ ਸ੍ਰੀ ਹਰਦੇਵ ਧਰੀਕਿਆਂਵਾਲਾ ਏਸ ਵਿਲੱਖਣ ਕੈਲੰਡਰ ਦੀ ਘੁੰਡ ਚੁਕਾਈ ਦੀ ਰਸਮ ਸਮੂਹਕ ਰੂਪ ਵਿਚ ਅਦਾ ਕਰਨਗੇ। ਪੰਜਾਬੀ ਸੱਥ ਵੱਲੋਂ ਛਾਪ ਕੇ ਦੁਨੀਆ ਭਰ ਵਿੱਚ ਵੰਡਿਆ ਜਾਣ ਵਾਲਾ ਇਹ ਛੇਵਾਂ ਵਰ੍ਹੇਵਾਰ ਕੈਲੰਡਰ ਹੈ ਜਿਸਦੀ ਹਰ ਬੰਨਿਓਂ ਭਰਪੂਰ ਸ਼ਲਾਘਾ ਹੋਈ ਹੈ। ਏਸ ਸਾਰੇ ਕਾਰਜ ਦਾ ਸਿਹਰਾ ਯੂਰਪੀ ਪੰਜਾਬੀ ਸੱਥ ਨੂੰ ਜਾਂਦਾ ਹੈ, ਜਿਨ੍ਹਾਂ ਦੀ ਹਿੰਮਤ, ਹੌਸਲੇ, ਸੂਝ ਬੂਝ ਤੇ ਦੂਰ ਦ੍ਰਿਸ਼ਟੀ ਕਾਰਨ ਸਾਡੀ ਨਵੀਂ ਪੋਚ ਹੌਲੀ ਹੌਲੀ ਆਪਣੀਆਂ ਜੜਾਂ ਦੀ ਪਛਾਣ ਕਰਨ ਵੱਲ ਕੁਝ ਅੱਗੇ ਵਧੀ ਹੈ। ਜਿਹੜਾ ਵੀ ਸੱਜਣ ਪੰਜਾਬ ਅਤੇ ਪੰਜਾਬੀਪੁਣੇ ਨਾਲ ਮੋਹ ਰੱਖਦਾ ਹੋਵੇ, ਉਸਨੂੰ ਸੱਥ ਵੱਲੋਂ ਚੁੱਲ੍ਹੇ ਨਿਉਦੇ ਦਾ ਆਦਰ ਸਹਿਤ ਸੱਦਾ ਹੈ ਕਿਉਂ ਜੋ ਉਥੇ ਕੈਲੰਡਰ ਦੀ ਸੌਗਾਤ ਨਾਲ ਖਾਲਸ ਦੇਸੀ ਸਰੋਂ ਦੇ ਸਾਗ, ਲਵੇਰੀਆਂ ਦੇ ਮੱਖਣ ਅਤੇ ਮੱਕੀ ਦੇ ਪ੍ਰਸ਼ਾਦਿਆਂ ਵਾਲਾ ਅਤੁੱਟ ਲੰਗਰ ਵੀ ਉਡੀਕਵਾਨ ਹੋਵੇਗਾ।