
ਧਰਤੀ ਦੇ ਕਿਸ ਹਿੱਸੇ ਤੇ ਮਨੁੱਖ ਨੇ ਜਨਮ ਲੈਣਾ ਹੈ, ਇਹ ਮਨੁੱਖ ਦੇ ਵੱਸ ਨਹੀਂ। ਪਰ ਧਰਤੀ ਤੇ ਮਨੁੱਖ ਦੀ ਸਾਂਝ ਅਟੁੱਟ ਹੈ। ਕਿਤੇ ਵੀ ਮਨੁੱਖ ਪਹੁੰਚ ਜਾਵੇ। ਜੰਮਣ ਭੌਂ ਦੀ ਤਲਾਸ਼ ਤੇ ਮੋਹ ਹਮੇਸ਼ਾ ਕਾਇਮ ਰਹਿੰਦੇ ਹਨ। ਰੁਜ਼ਗਾਰ ਦੀ ਭਾਲ ਵਿਚ ਲੱਖਾਂ ਲੋਕ ਆਪਣੀ ਧਰਤੀ ਨੂੰ ਛੱਡ ਕਿ ਵਿਦੇਸ਼ਾਂ ਵਿਚ ਜਾ ਵਸਦੇ ਹਨ। ਸੁਭਾਅ ਅਨੁਸਾਰ ਉਹ ਉਥੇ ਵਰਤਦੇ ਹਨ। ਕਈ ਤਾਂ ਆਪਣੀ ਧਰਤੀ ਨੂੰ ਭੁੱਲ ਹੀ ਜਾਂਦੇ ਹਨ ਤੇ ਕਈ ਅਗਲੀ ਪੀੜ੍ਹੀ ਨੂੰ ਵੀ ਆਪਣੀ ਧਰਤੀ ਨਾਲ ਜੋੜਕੇ ਰੱਖਣਾ ਚਾਹੁੰਦੇ ਹਨ। ਇਹੋ ਜਿਹੇ ਲੋਕਾਂ ਵਿਚ ਇਕ ਹੈ ਬਦੋਵਲ ਦਾ ਹਰਦੀਪ, ਜਿਸਦਾ ਸਾਰਾ ਟੱਬਰ ਅਮਰੀਕਨ ਹੋ ਗਿਆ ਪਰ ਉਸਦੀ ਸੋਚ ਕਿ ਬੱਚਿਆਂ ਨੂੰ ਘੱਟੋਂ ਘਟ ਪਹਿਲੀ ਉਮਰੇ ਪੰਜਾਬ ਵਿਚ ਪਾਲਣਾ ਹੈ। ਦੂਜੀ ਵਿਚ ਪੜ੍ਹਦੀ ਅੰਜਨ ਤੇ ਪਹਿਲੀ ਵਿਚ ਪੜ੍ਹਦਾ ਗਨੀਵ, ਹੁਣ ਪਿੰਡ ਰਹਿੰਦੇ ਹਨ। ਸਕੂਲ ਜਾਂਦੇ ਹਨ। ਫਰਾਟੇਦਾਰ ਅੰਗ੍ਰੇਜ਼ੀ ਦੀ ਥਾਂ, ਠੇਠ ਪੰਜਾਬੀ ਬੋਲਦੇ ਹਨ। ਪਿੰਡ ਦੇ ਕੱਟਿਆਂ ਦੀ ਸਵਾਰੀ ਕਰਦੇ ਹਨ। ਖੇਤਾਂ ਦੀ ਖੁਸ਼ਬੂ ਮਾਣਦੇ ਹਨ। ਪਿੰਡ ਦੇ ਬੱਚੇ ਉਨ੍ਹਾਂ ਨੂੰ ਅਮਰੀਕਨ ਬੱਚਿਆਂ ਨਾਲੋਂ ਗੂੜ੍ਹੇ ਦੋਸਤ ਲੱਗਦੇ ਹਨ। ਹਰਦੀਪ ਅਨੁਸਾਰ ਵੱਡੇ ਹੋਕੇ ਇਹ ਜਿੱਥੇ ਮਰਜ਼ੀ ਜਾਣ, ਪਰ ਜੋ ਪੰਜਾਬੀਅਤ ਇਨ੍ਹਾਂ ਵਿਚ ਹੁਣ ਭਰ ਹੋ ਗਈ ਹੈ। ਉਹ ਕਦੇ ਵੀ ਫੇਰ ਹਾਸਿਲ ਨਹੀਂ ਹੋ ਸਕਣੀ। ਉਸ ਅਨੁਸਾਰ ਅਮਰੀਕਾ ’ਚ ਕਮਾਉਣਾ ਤੇ ਪੰਜਾਬ ਰਹਿਣਾ, ਆਰਥਿਕ ਤੌਰ ’ਤੇ ਵੀ ਲਾਹੇਵੰਦ ਹੈ। ਇੰਜ ਦੇ ਨਵੇ ਪੰਜਾਬੀ ਸਿਰਨਾਵੇਂ ਪੈਦਾ ਕਰਨ ਲਈ ਦੋਸਤ ਨੂੰ ਮੁਬਾਰਕ।
ਬਤਾਊਂ ਕਦੇ ਨਾ ਖਾਊਂ, ਕਰੇਲੇ ਦੋ ਵੇਲੇ’ ਇਹ ਕਹਾਵਤ ਬਚਪਨ ਤੋਂ ਸੁਣਦੇ ਆ ਰਹੇ ਹਾਂ। ਬੜੇ ਹੈਰਾਨ ਹੋਈ ਦਾ ਸੀ ਕਿ ਕਿੱਥੇ ਵਿਚਾਰੇ ਨਰਮ ਨਰਮ, ਸੋਹਣੇ ਜਾਮਣੀ ਬਤਾਊਂ ਤੇ ਕਿੱਥੇ, ਖਿੰਗਰਿਆਂ ਵਾਲੇ ਕੌੜੇ ਕਰੇਲੇ। ਛੋਟੀ ਉਮਰ ਵਿਚ ਇਹ ਗੱਲ ਕਦੇ ਸਮਝ ਨਾ ਲੱਗੀ ਕਿ ਬਤਾਊਂ ਨਾਲ ਲੋਕਾਂ ਦੀ ਕੀ ਦੁਸ਼ਮਣੀ ਹੈ। ਵੈਸੇ ਕਈ ਵਾਰੀ ਸੋਚਣਾ ਕਿ ਬਤਾਊਂਆਂ ਦੇ ਦੁਸ਼ਮਣ ਮਰਦ ਹੀ ਹਨ। ਨਰਮ ਚੀਜ਼ਾਂ ਨੂੰ ਉਹ ਪਸੰਦ ਨਹੀਂ ਕਰਦੇ, ਸ਼ਾਇਦ ਉਹਨਾਂ ਅੰਦਰ ਹੰਕਾਰ ਹੋਵੇ। ਇਸੇ ਲਈ ਸਸਤੇ ਬਤਾਊਂ, ਨਫਰਤ ਦੇ ਪਾਤਰ ਹਨ। ਪਰ ਇਹ ਵੀ ਸਮਝ ਨਾ ਆਉਣਾ ਕਿ ਕੌੜੇ ਕਰੇਲੇ ਭਲਾ ਐਡੇ ਸਤਿਕਾਰ ਦੇ ਕਿਹੜੀ ਗਲੋਂ ਹੱਕਦਾਰ ਹਨ। ਇਹ ਮਨ ‘ਚ ਪਿਆ ਭੰਬਲਭੂਸਾ ਕਦੇ ਕਦੇ ਪ੍ਰੇਸ਼ਾਨ ਵੀ ਕਰ ਦੇਂਦਾ। ਫੇਰ ਸੋਚਦਾਂ ਆਪਾਂ ਕੀ ਲੈਣਾ, ਇਹ ਵੱਡਿਆਂ ਦੇ ਸ਼ੌਕ ਵੱਡੇ ਹੀ ਪਾਲਣ, ਪਰ ਜਦ ਕਦੇ ਬਤਾਊਂਆਂ ਦੀ ਸਬਜ਼ੀ ਖਾਣੀ ਤਾਂ, ਉਹਨਾਂ ਦੀ ਨਰਮ ਸਬਜ਼ੀ ਗਰੀਬਣੀ ਜਿਹੀ ਲੱਗਣੀ।
ਜ਼ਿੰਦਗੀ ਤੇ ਸਮਾਂ ਚਲਦਾ ਰਿਹਾ ਤੇ ਬਹੁਤ ਸਾਰੀਆਂ ਗੱਲਾਂ ਦੀ ਸਮਝ ਆਉਂਦੀ ਜਾਂਦੀ ਰਹੀ। ਫੇਰ ਇਕ ਦਿਨ ਗਿਆਨ ਹੋਇਆ ਕਿ ਕਰੇਲੇ ਬਹੁਤ ਕੰਮ ਦੀ ਚੀਜ਼ ਹਨ। ਹਰ ਚਾਲੀ ਸਾਲ ਤੋਂ ਉਪਰ ਦੇ ਮਨੁੋੱਖ ਲਈ ਜੋ ਜ਼ੋਰ ਦਾ ਕੰਮ ਨਹੀਂ ਕਰਦਾ, ਇਹ ਕਰੇਲੇ ਨਿਆਮਤ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਤਾਂ ਵਰਦਾਨ ਹਨ ਹੀ, ਚੰਗੀ ਤਰ੍ਹਾਂ ਭੁੰਨੇ ਹੋਏ ਜਾਂ ਤਲੇ ਹੋਏ ਕਰੇਲੇ ਤਾਂ ਕੌੜੇ ਵੀ ਨਹੀਂ ਹੁੰਦੇ। ਮਸਾਲਾ ਭਰ ਕਿ ਬਣਾਏ ਕਰੇਲੇ ਜਿੰਨ੍ਹਾਂ ਤੇ ਧਾਗਾ ਲਪੇਟਿਆ ਹੋਇਆ ਹੁੰਦਾ ਹੈ, ਇੰਜ ਲੱਗਦੇ ਹਨ ਜਿਵੇਂ ਚੂਹੇ ਫੜ ਕਿ ਤਲੇ ਹੋਣ। ਕਈ ਵਾਰ ਜਿਹੀ ਵੀ ਆਉਂਦੀ ਪਰ ਫੇਰ ਉਹਨਾਂ ਦੇ ਸੁਆਦ ਨੇ ਸਾਰੀ ਮਾੜੀ ਸੋਚ ਠੱਪ ਕਰ ਦੇਣੀ। ਹੌਲੀ ਹੌਲੀ ਕਰੇਲਿਆਂ ਨਾਲ ਮੋਹ ਹੁੰਦਾ ਗਿਆ। ਸਫਰ ਤੇ ਸਵੇਰ ਦੇ ਬਣੇ ਪਰੌਂਠਿਆਂ ਵਿਚ ਲਪੇਟੇ ਕਰੇਲੇ ਬੜੇ ਸੁਆਦ ਲੱਗਣ ਲੱਗ ਪਏ।
ਪਰ ਵਿਚਾਰੇ ਬਤਾਊਂ, ਇਹ ਸਮਝ ਹੀ ਨਹੀਂ ਆਈ ਕਿ ਐਸੀ ਕਿਹੜੀ ਗੱਲ ਹੈ ਜੋ ਲੋਕ ਇਹਨਾਂ ਦੇ ਵਿਰੁੱਧ ਹਨ। ਉੱਤੋਂ ਅੱਜ ਕੱਲ੍ਹ ਬੀਟੀ ਬਤਾਊਂਆਂ ਦਾ ਰੌਲਾ ਅਲੱਗ ਪਿਆ ਹੈ। ਜੋ ਪਹਿਲੋਂ ਹੀ ਸਿਆਣਿਆਂ ਨੇ ਨਿੰਦੇ ਹੋਏ ਹਨ, ਉਨ੍ਹਾਂ ਦੇ ਬੀਟੀ ਦੀ ਦੂਹਰੀ ਮਾਰ ਕਿਉਂ। ਮਨ ਵਿਚ ਉਤਸੁਕਤਾ ਵਧਣ ਲੱਗੀ। ਬਤਾਊਂਆਂ ਬਾਰੇ ਜਾਣਥਾਰੀ ਲੱਭਣ ਦਾ ਕਾਰਜ ਸ਼ੁਰੂ ਹੋ ਗਿਆ। ਪਹਿਲੀ ਜਾਣਕਾਰੀ ਇਹ ਕਿ ਇਸਦੇ ਕਈ ਨਾਮ ਹਨ। 5ਵੀਂ ਸਦੀ ਦੇ ਅਮਰੀਕਾ ਵਿਚ ਇਸਨੂੰ ਮੁਰਗੀ ਦਾ ਅੰਡਾ ਹੀ ਸਮਝਦੇ ਰਹੇ ਤੇ ਇਸਨੂੰ ਐੱਗ ਪਲਾਂਟ ਕਹਿੰਦੇ ਰਹੇ। ਸਭ ਤੋਂ ਵੱਧ ਇਹ 18 ਮਿਲੀਅਨ ਟਨ ਚੀਨ ਵਿਚ ਹੁੰਦਾ ਹੈ ਤੇ ਫੇਰ ਸਾਡੇ ਦੇਸ਼ ਵਿਚ 8 ਮਿਲੀਆਂ ਟਨ। ਇੰਨੀ ਭਾਰੀ ਮਾਤਰਾ ਵਿਚ ਹੁੰਦੇ ਹੋਏ ਵੀ, ਬਤਾਊਂ ਕਦੇ ਨਾ ਖਾਊਂ’ ਦਾ ਹਿਸਾਬ ਨਹੀਂ ਲੱਭਾ। ਫੇਰ ਇਕ ਦਿਨ ਇੰਟਰਨੈੱਟ ਦਾ ਸਹਾਰਾ ਲਿਆ। ਉੱਥੇ ਜਾਕੇ ਜੋ ਪਤਾ ਲੱਗਾ, ਉਹ ਪੜ੍ਹ ਕਿ ਆਪਣੇ ਸਦੀਆਂ ਪੁਰਾਣੇ ਬਜ਼ੁਰਗਾਂ ਦੀ ਸਿਆਣਪ ਤੇ ਫੁੱਲ ਚੜਾਉਣ ਨੂੰ ਜੀਅ ਕਰ ਆਇਆ। ਜਾਣਕਾਰੀ ਮੁਤਾਬਕ 9 ਕਿੱਲੋ ਬਤਾਊਆਂ ਵਿਚ 1 ਸਿਗਰਟ ਜਿੰਨੀ ਨਿਕੋਟੀਨ ਹੁੰਦੀ ਹੈ। ਭਾਵੇਂ ਇਹ ਮਾਤਰਾ ਬਹੁਤ ਘਾਤਕ ਨਹੀਂ ਪਰ ਸਦੀਆਂ ਪੁਰਾਣੀ ਕਹਾਵਤ ਦੇ ਰਾਜ਼ ਖੋਲਣ ਲਈ ਕਾਫੀ ਹੈ। ਮੈਂ ਸਿਰ ਝੁਕਾਉਂਦਾ ਹਾਂ ਉਹਨਾਂ ਪੁਰਖਿਆਂ ਨੂੰ ਜਿੰਨ੍ਹਾਂ ਦੁਨੀਆਂ ਦੇ ਵਿਗਿਆਨੀਆਂ ਤੋਂ ਪਹਿਲੋਂ ਖੋਜ ਕਰਕੇ ਲੋਕਾਂ ਨੂੰ ਸੁਚੇਤ ਕੀਤਾ। ਜੀਵੇ ਪੰਜਾਬ।
ਤੇ ਨਾ ਹੀ ਔਂਸੀਆਂ ਪਾਉਣ ਮੁਟਿਆਰਾਂ ! ਸਮਾਂ ਬਦਲ ਗਿਆ ਹੈ। ਸਮੇਂ ਦੀ ਚਾਲ ਵੀ ਬਦਲ ਗਈ ਹੈ। ਸੜਕੀ ਦੂਰੀਆਂ ਵੀ ਘਟ ਗਈਆਂ ਹਨ। ਇਸੇ ਕਰਕੇ ਸਮਾਜਿਕ ਰਿਸ਼ਤਿਆਂ ਦੀਆਂ ਪਰਤਾਂ ਇਕਸਾਰ ਹੋ ਰਹੀਆਂ ਹਨ। ਕਿਸੇ ਆਖਿਆ ਸੀ ਖੁਸ਼ੀ ਸਿਰਫ ਮਨੁੱਖੀ ਰਿਸ਼ਤਿਆ ਵਿਚ ਹੀ ਮਿਲਦੀ ਹੈ’ ਪਰ ਇਹ ਰਿਸ਼ਤੇ ਮਿਲਣ ਗਿਲਣ ਨਾਲ ਹੀ ਬਣਦੇ ਹਨ। ਮਨੁੱਖ ਆਦਿ ਸਮੇਂ ਤੋਂ ਹੀ ਇਸ ਖੁਸ਼ੀ ਦੀ ਭਾਲ ਵਿਚ ਸਫਰ ਕਰਦਾ ਰਿਹਾ ਹੈ। ਵਾਟਾਂ ਨੱਪਦਾ ਰਿਹਾ ਹੈ। ਕਈਆਂ ਦਾ ਮੰਜ਼ਿਲ ਤੇ ਪਹੁੰਚਣਾ ਮੁਸ਼ਕਿਲ ਵੀ ਹੋਇਆ ਤੇ ਕਈ ਪਹੁੰਚੇ ਹੀ ਨਹੀਂ। ਦੂਸਰੇ ਪਾਸੇ ਪੰਜਾਬੀ ਪ੍ਰਹੁਣਾਚਾਰੀ ਕਰਨ ਦੇ ਭੁੱਖੇ ਹਨ। ਹਰ ਵੇਲੇ ਮਹਿਮਾਨ ਉਡੀਕਦੇ ਰਹਿੰਦੇ ਹਨ। ਔਰਤਾਂ ਘਰਾਂ ਵਿਚ ਬਨੇਰੇ ਤੇ ਬੈਠੇ ਕਾਂ ਨੂੰ ਪ੍ਰਹੁਣੇ ਦਾ ਸੂਚਕ ਸਮਝਦੀਆਂ ਰਹੀਆਂ ਹਨ ਤੇ ਖੇਤਾਂ ਵਿਚ ਕੰਮ ਕਰਦੇ ਬੰਦੇ ਹਰ ਝਾਉਲੇ ਨੂੰ ਪ੍ਰਹੁਣਾ। ਪਰ ਇਹ ਉਡੀਕ ਦੇ ਸਾਰੇ ਕਾਰਜ ਇਕੋ ਖੋਜ ਨੇ ਅਰਥਹੀਣ ਕਰ ਦਿੱਤੇ ਹਨ। ਅਜ ਮੋਬਾਇਲ ਫੋਨ ਨੇ ਤਬਾਹੀ ਮਚਾ ਦਿੱਤੀ ਹੈ। ਨਿੱਤ ਸਸਤੀਆਂ ਹੋ ਰਹੀਆਂ ਫੋਨ ਕਾਲਾਂ ਨੇ ਹਰ ਪਾਸੇ ਗਲਾਂ ਦੀ ਭਰਮਾਰ ਪੈਦਾ ਕਰਤੀ। ਹਰ ਨਿੱਕੀ ਜਿਹੀ ਗਲ ਜਾਂ ਇਹ ਕਹਿ ਲਵੋ ਕੇ ਹਰ ਫਜ਼ੁਲ ਜਾਣਕਾਰੀ ਵੀ ਇਕ ਦੂਜੇ ਤਕ ਪਹੁੰਚਾਤੀ। ਮਿਲਣ ਗਿਲਣ ਦੀ ਤਮੰਨਾ ਹੀ ਖਤਮ ਕਰਤੀ। ਅਫਵਾਹਾਂ ਫੈਲਾਣ ਵਿਚ ਵੀ ਮੋਬਾਇਲ ਦਾ ਬਹੁਤ ਵੱਡਾ ਹੱਥ ਹੈ। ਲੋਕਾਂ ਦੇ ਕੰਨਾਂ ਦੇ ਪਰਦੇ ਨਰਮ ਹੋ ਰਹੇ ਹਨ। ਬੋਲਿਆਂ ਦੀ ਗਿਣਤੀ ਵੱਧ ਰਹੀ ਹੈ। ਹੋਰ ਤਾਂ ਹੋਰ ਔਂਸੀਆਂ ਸ਼ਬਦ ਦੀ ਹੋਂਦ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ। ਇਹੋ ਜਿਹੇ ਮਾਹੌਲ ਵਿਚ ਜੇਕਰ ਕੋਈ ਕਾਂ ਕਿਤੇ ਸੁਨੇਹਾ ਲੈਕੇ ਆ ਵੀ ਗਿਆ ਤਾਂ ਉਸਦੀ ਸੁਣੇਗਾ ਕੌਣ। ਇਸੇ ਲਈ ਹੋ ਸਕਦਾ ਆੳਣ ਵਾਲੇ ਸਮੇਂ ਵਿਚ ਕਾਂ ਵੀ ਮੋਬਾਇਲ ਤੇ ਸੁਨੇਹੇ ਦੇਣ ਲਗ ਪੈਣ ਜਾਂ ਫੇਰ ਆਪਣੀ ਹੀ ਕੰਪਨੀ ਖੋਲ ਲੈਣ ਕਾਂਟੈੱਲ’
ਮਨੁੱਖੀ ਸਰੀਰ ਕੁਦਰਤ ਦੀ ਐਸੀ ਰਚਨਾ ਹੈ ਕਿ ਇਹਦੇ ਠੀਕ ਚੱਲਣ ਲਈ ਸਮਾਂ, ਸਥਾਨ, ਖੁਰਾਕ ਤੇ ਵਰਤਾਰਾ ਆਦਿ ਸਭ ਕੁਝ ਸੀਮਾ ਅਨੁਸਾਰ ਨਿਰਧਾਰਤ ਹੈ। ਪਰ ਮਨੁੱਖ ਦੇ ਅੰਦਰਲਾ ਮਨ ਇਸ ਸਭ ਕਾਸੇ ਤੋਂ ਬੇਪਰਵਾਹ ਹੈ। ਉਹ ਮਨੁੱਖ ਨੂੰ ਸਾਰੇ ਉਹ ਕਰਮ ਕਰਨ ਲਈ ਉਕਸਾਉਂਦਾ ਹੈ, ਜੋ ਉਸਨੂੰ ਚੰਗੇ ਲੱਗਣ ਪਰ ਜੀਵਨ ਦੀ ਰੇਲ ਗੱਡੀ ਨੂੰ ਪਟੜੀ ਤੋਂ ਭੁੰਝੇ ਸੁੱਟਣ ਲਈ ਕਾਫੀ ਹੁੰਦੇ ਹਨ। ਜਿਵੇਂ ਜਿਵੇਂ ਸਾਡਾ ਮਨ ਬੇਕਾਬੂ ਹੁੰਦਾ ਜਾਂਦਾ ਹੈ, ਸਾਡੇ ਸਰੀਰਕ ਰੋਗ ਵਧਦੇ ਜਾਂਦੇ ਹਨ। ਇਕ ਧਾਰਨਾ ਇਹ ਵੀ ਹੈ ਕਿ ਸਰੀਰ ਦੇ ਸਾਰੇ ਰੋਗਾਂ ਦੀ ਜੜ੍ਹ, ਮਨੁੱਖ ਦੀ ਆਪਣੀ ਸੋਚ ਦਾ ਬਿਮਾਰ ਹੋ ਜਾਣਾ ਹੀ ਹੈ। ਇਹ ਬਿਮਾਰੀ ਹਾਓਮੇਂ ਤੋਂ ਲੈਕੇ ਲਾਲਚ ਤੱਕ ਦਾ ਸਫਰ ਕਰ ਸਕਦੀ ਹੈ। ਇੰਨਾਂ ਬੀਮਾਰੀਆਂ ਦੇ ਹੁੰਦੇ ਸਰੀਰ ਕਦੇ ਵੀ ਠੀਕ ਕੰਮ ਨਹੀਂ ਕਰ ਸਕਦਾ। ਇਹੋ ਕਾਰਣ ਹੈ ਕਿ ਸਾਇੰਸ ਦੇ ਬੇਥਾਹ ਵਿਕਸਤ ਹੋਣ ਦੇ ਬਾਵਜੂਦ ਤੇ ਲਗਭਗ ਹਰ ਕਿਸਮ ਦੀ ਬੀਮਾਰੀ ਦਾ ਇਲਾਜ ਲੱਭ ਪੈਣ ਦੇ ਬਾਵਜੂਦ, ਸਾਰੇ ਹਸਪਤਾਲ ਭਰੇ ਪਏ ਹਨ। ਪੂਰਾਂ ਦੇ ਪੂਰ ਡਾਕਟਰਾਂ ਦੇ ਅਮੀਰ ਹੋਈ ਜਾ ਰਹੇ ਹਨ। ਮਾਨਸਿਕ ਤਣਾਅ ਵਧਣ ਕਰਕੇ ਅਦਾਲਤਾਂ ਵਿਚ ਕੇਸਾਂ ਦੇ ਭੰਡਾਰ ਲੱਗੇ ਪਏ ਹਨ। ਕਦੇ ਕਦੇ ਸੋਚਦਾਂ ਇਹ ਜ਼ਰੂਰੀ ਵੀ ਹੈ। ਜੇ ਰੋਗ ਨਾ ਹੋਣ ਤਾਂ ਡਾਕਟਰ ਬੇਕਾਰ ਹੋ ਜਾਣ, ਬਹੁਮੰਜ਼ਲੀਆਂ ਹਸਪਤਾਲਾਂ ਦੀਆਂ ਇਮਾਰਤਾਂ ‘ਚ ਉੱਲੂ ਬੋਲਣ। ਜੇਕਰ ਮਾਨਸਿਕ ਤਣਾਅ, ਲਾਲਚ ਤੇ ਹਾਉਮੇ ਦੀ ਭੁੱਖ ਮਿਟ ਜਾਵੇ ਤਾਂ ਅਦਾਲਤਾਂ ਹੀ ਖਤਮ ਹੋ ਜਾਣ, ਵਕੀਲਾਂ, ਜੱਜਾਂ ਦਾ ਧੰਦਾ ਬੰਦ ਹੋ ਜਾਵੇ, ਸਭ ਤੋਂ ਵੱਡੀ ਗੱਲ, ਸਰਕਾਰਾਂ ਦੀ ਵੀ ਫੇਰ ਕੀ ਲੋੜ ਰਹਿ ਜਾਵੇਗੀ? ਖੈਰ ਜਦ ਤੱਕ ਮਨੁੱਖ ਹੈ, ਉਸਨੇ ਆਪਣੇ ਮਨ ‘ਚੋਂ ਮੈਲ ਨਹੀਂ ਕੱਢਣੀ, ਬਸ ਕੰਨਾਂ ‘ਚੋਂ ਹੀ ਨਿਕਲ ਜਾਵੇ, ਹਾਲੇ ਇਹੀ ਬਹੁਤ ਹੈ।

ਜਿਉਂ ਜਿਉਂ ਠੰਡ ਪਸੱਰ ਰਹੀ ਹੈ, ਪੰਜਾਬ ਦੀ ਧਰਤੀ ਤੇ ਨਵੀਂ ਉੱਗੀ ਕਣਕ ਦੀ ਖੁਸ਼ਬੂ ਫੈਲ ਰਹੀ ਹੈ। ਪਹਿਲੇ ਪਾਣੀ ਤੋਂ ਹਾਲੇ ਹਫਤਾ ਦੂਰ ਇਹ ਉੱਗਦੀਆਂ ਕਣਕ ਦੀਆਂ ਲੂਈਆਂ, ਵਾਤਾਵਰਣ ਨੂੰ ਨਸ਼ਿਆਈ ਜਾਂਦੀਆਂ ਹਨ। ਇਹਨਾਂ ਦੀਆਂ ਨਰਮ ਪੱਤੀਆਂ, ਚੜ੍ਹਦੇ ਸੂਰਜ ਦੀ ਰੋਸ਼ਨੀ ਵਿਚ ਖਿੜ ਉੱਠਦੀਆਂ ਹਨ ਤੇ ਲੰਮੇ ਲੰਮੇ ਪ੍ਰਛਾਂਵੇਂ ਸੁਹਾਗੇ ਖੇਤ ਤੇ ਖੂਬਸੂਰਤ ਨਜ਼ਾਰੇ ਪੇਸ਼ ਕਰਦੀਆਂ ਹਨ।
ਨਵੰਬਰ ਦੇ ਤੀਜੇ ਹਫਤੇ ਤਕ ਬੀਜਾਈ ਲਗਭਗ ਖਤਮ ਹੋ ਚੁੱਕੀ ਹੈ, ਸਿਰਫ ਬਾਸਮਤੀ ਵਾਲੇ ਖੇਤ ਤੇ ਲੇਟ ਲਤੀਫ ਹੀ ਪਿਛੇ ਰਹਿ ਗਏ ਹਨ। ਪੰਜਾਬ ਵਿਚ ਗਿਦੜਬਾਹਾ ਤੇ ਕੋਟਕਪੂਰਾ ਬੀਜ ਦੀਆਂ ਵੱਡੀਆਂ ਮੰਡੀਆਂ ਹਨ, ਲੁਧਿਆਣਾ ਬਾਅਦ ਵਿਚ ਆਉਂਦਾ ਹੈ। ਵੱਖ ਵੱਖ ਬੀਜ ਵਿਕਰੇਤਾਵਾਂ ਤੋਂ ਲਏ ਅਨੁਮਾਨ ਅਨੁਸਾਰ ਇਸ ਵਾਰ ਕਰਨਾਲ ਦੀ ਡੀਬੀਡਬਲਯੂ–17 ਸਭ ਤੋਂ ਵੱਧ ਬੀਜੀ ਗਈ ਹੈ। ਪਿਛਲੀ ਵਾਰੀ 343 ਤੇ 502 ਨੂੰ ਬਰਾਊਨ ਰਸਟ ਲਗੱਣ ਕਰਕੇ ਇਹਨਾਂ ਦੀ ਮੰਗ ਘੱਟ ਹੋਈ ਹੈ, ਪਰ 550 ਦੀ ਕਾਫੀ ਮੰਗ ਰਹੀ ਹੈ। ਦਿਲੀ ਵਾਲੀਆਂ ਕਿਸਮਾਂ ਨੇ ਵੀ ਇਸ ਵਾਰ ਘੱਟੋ ਘੱਟ 7–10 ਪ੍ਰਤੀਸ਼ਤ ਰਕਬਾ ਲੈ ਜਾਣਾ ਹੈ। ਸਰਕਾਰ ਵਲੋਂ ਮਿਲੀ 500 ਰੁਪਏ ਪ੍ਰਤੀ ਕੁਵਿੰਟਲ ਦੀ ਸਬਸਿਡੀ 5 ਕੁ ਲੱਖ ਕੁਵਿੰਟਲ ਬੀਜ ਵੇਚਣ ਵਿਚ ਸਹਾਈ ਹੋਈ। ਕਾਸ਼ ਇਹ ਸਕੀਮ ਹਰ ਕਿਸਮ ਦੇ ਬੀਜ ਤੇ ਲਾਗੂ ਹੁੰਦੀ, ਤਾਂ ਪੰਜਾਬ ਵਿਚ ਬੀਜ ਦੀ ਕੁੱਲ ਖਪਤ ਅਤੇ ਕਿਸਮਾਂ ਦਾ ਪੂਰਾ ਵੇਰਵਾ ਇਕੱਠਾ ਹੋ ਜਾਣਾ ਸੀ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪਲਾਨਿੰਗ ਕਰਨ ਵਿਚ ਬਹੁਤ ਫਾਇਦਾ ਹੋਣਾ ਸੀ, ਅਤੇ ਇਸ ਤਰ੍ਹਾਂ ਨਕਲੀ ਬੀਜ ਤੋਂ ਵੀ ਬਚਾਅ ਹੋ ਜਾਣਾ ਸੀ। ਚਲੋ ਹਾਲੇ ਵੀ ਸਮਾਂ ਹੈ ਕੇ ਦਿਵਾਲੀ ਦੀ ਨਕਲੀ ਮਠਿਆਈ ਵਿਰੁਧ ਚਲਾਈ ਮੁਹਿੰਮ ਵਾਗ, ਹੁਣੇ ਹੀ ਨਕਲੀ ਦਵਾਈਆਂ ਦੇ ਭੰਡਾਰ ਲੱਭ ਕੇ ਨਸ਼ਟ ਕਰ ਦਿੱਤੇ ਜਾਣ।
ਆਪਣੀ ਬੋਲੀ, ਵਿਰਾਸਤ ਅਤੇ ਸਭਿਆਚਾਰ ਨਾਲ ਪ੍ਰਣਾਈ, ਕੁਲ ਆਲਮ ਵਿਚ ਕਾਰਜਸ਼ੀਲ ਨਿਵੇਕਲੀ ਜਥੇਬੰਦੀ ਪੰਜਾਬੀ ਸੱਥ ਵੱਲੋਂ ਸ਼ਾਨਾਮੱਤੀ ਪੰਜਾਬੀ ਵਿਰਾਸਤ ਦੇ ਹਰ ਪੱਖ ਨੂੰ ਦਰਸਉਂਦਾ 2010 ਈ: ਵਰ੍ਹੇ ਦਾ ਵਿਰਾਸਤੀ ਕੈਲੰਡਰ 12 ਨਵੰਬਰ, 2009 ਦਿਨ ਵੀਰਵਾਰ ਨੂੰ 12•00 ਵਜੇ ਦੁਪਹਿਰੇ ‘ਪੰਜਾਬੀ ਭਵਨ ਲੁਧਿਆਣਾ’ ਵਿਖੇ ਇਕ ਖਾਸ ਪਰ੍ਹਿਆ ਵਿਚ ਪੰਜਾਬੀਆਂ ਨੂੰ ਸਤਿਕਾਰ ਸਹਿਤ ਭੇਟ ਕੀਤਾ ਜਾਵੇਗਾ। ਮਾਝੇ, ਮਾਲਵੇ, ਦੁਆਬੇ ਦੀਆਂ ਸੱਥਾਂ ਤੋਂ ਅੱਗੇ ਯੁਰਪੀ ਪੰਜਾਬੀ ਸੱਥ ਦੇ ਸਾਰੇ ਸਰਗਰਮ ਸੰਗੀ ਬੇਲੀਆਂ ਦੇ ਇਕੱਠ ਵਿੱਚ ਡਾ• ਸਰੂਪ ਸਿੰਘ ਅਲੱਗ, ਡਾ• ਸੁਰਜੀਤ ਪਾਤਰ ਅਤੇ ਸ੍ਰੀ ਹਰਦੇਵ ਧਰੀਕਿਆਂਵਾਲਾ ਏਸ ਵਿਲੱਖਣ ਕੈਲੰਡਰ ਦੀ ਘੁੰਡ ਚੁਕਾਈ ਦੀ ਰਸਮ ਸਮੂਹਕ ਰੂਪ ਵਿਚ ਅਦਾ ਕਰਨਗੇ। ਪੰਜਾਬੀ ਸੱਥ ਵੱਲੋਂ ਛਾਪ ਕੇ ਦੁਨੀਆ ਭਰ ਵਿੱਚ ਵੰਡਿਆ ਜਾਣ ਵਾਲਾ ਇਹ ਛੇਵਾਂ ਵਰ੍ਹੇਵਾਰ ਕੈਲੰਡਰ ਹੈ ਜਿਸਦੀ ਹਰ ਬੰਨਿਓਂ ਭਰਪੂਰ ਸ਼ਲਾਘਾ ਹੋਈ ਹੈ। ਏਸ ਸਾਰੇ ਕਾਰਜ ਦਾ ਸਿਹਰਾ ਯੂਰਪੀ ਪੰਜਾਬੀ ਸੱਥ ਨੂੰ ਜਾਂਦਾ ਹੈ, ਜਿਨ੍ਹਾਂ ਦੀ ਹਿੰਮਤ, ਹੌਸਲੇ, ਸੂਝ ਬੂਝ ਤੇ ਦੂਰ ਦ੍ਰਿਸ਼ਟੀ ਕਾਰਨ ਸਾਡੀ ਨਵੀਂ ਪੋਚ ਹੌਲੀ ਹੌਲੀ ਆਪਣੀਆਂ ਜੜਾਂ ਦੀ ਪਛਾਣ ਕਰਨ ਵੱਲ ਕੁਝ ਅੱਗੇ ਵਧੀ ਹੈ। ਜਿਹੜਾ ਵੀ ਸੱਜਣ ਪੰਜਾਬ ਅਤੇ ਪੰਜਾਬੀਪੁਣੇ ਨਾਲ ਮੋਹ ਰੱਖਦਾ ਹੋਵੇ, ਉਸਨੂੰ ਸੱਥ ਵੱਲੋਂ ਚੁੱਲ੍ਹੇ ਨਿਉਦੇ ਦਾ ਆਦਰ ਸਹਿਤ ਸੱਦਾ ਹੈ ਕਿਉਂ ਜੋ ਉਥੇ ਕੈਲੰਡਰ ਦੀ ਸੌਗਾਤ ਨਾਲ ਖਾਲਸ ਦੇਸੀ ਸਰੋਂ ਦੇ ਸਾਗ, ਲਵੇਰੀਆਂ ਦੇ ਮੱਖਣ ਅਤੇ ਮੱਕੀ ਦੇ ਪ੍ਰਸ਼ਾਦਿਆਂ ਵਾਲਾ ਅਤੁੱਟ ਲੰਗਰ ਵੀ ਉਡੀਕਵਾਨ ਹੋਵੇਗਾ।
ਸਿੱਖ ਸੁਸਾਇਟੀ ਯੂਕੇ ਅਤੇ ਪੰਜਾਬ ਟਾਇਮਜ਼ ਯੂਕੇ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ 8 ਨਵੰਬਰ ਨੂੰ ਕਰਵਾਏ ਜਾ ਰਹੇ ਦਸਤਾਰ ਸਜਾਓ ਅਤੇ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਦੇ ਟ੍ਰਾਇਲ 4 ਨਵੰਬਰ ਨੂੰ ਹੋਵੇਗਾ।
ਮੁਕਾਬਲੇ ਦੇ ਪ੍ਰਬੰਧਕ ਪਾਲ ਸਿੰਘ ਫਰਾਂਸ ਅਤੇ ਜਨਮੇਜਾ ਸਿੰਘ ਜੌਹਲ ਨੇ ਦੱਸਿਆ ਕਿ ਉਕਤ ਮੁਕਾਬਲੇ ਵਿਚ ਹਿੱਸਾ ਲੈਣ ਦੇ ਚਾਹਵਾਨ 4 ਨਵੰਬਰ ਨੂੰ ਸਥਾਨਕ ਪੰਜਾਬੀ ਭਵਨ ਲੁਧਿਆਣਾ ਵਿਖੇ ਪੁੱਜਣ। ਉਨ੍ਹਾਂ ਦੱਸਿਆ ਕਿ ਇਹ ਸਦਭਾਵਨਾ ਮੁਕਾਬਲਾ ਹੈ, ਹਰ ਕਾਲਜ ਇੱਕ ਲੜਕੇ ਅਤੇ ਇੱਕ ਲੜਕੀਆਂ ਦੀ ਟੀਮ ਭੇਜ ਸਕਦਾ ਹੈ, ਇੱਕ ਟੀਮ ਵਿਚ ਤਿੰਨ ਤੋਂ ਵੱਧ ਵਿਦਿਆਰਥੀ ਨਾ ਹੋਣ, ਸਾਰੇ ਇਨਾਮ ਵਿਅਕਤੀਗਤ ਦਿੱਤੇ ਜਾਣਗੇ। ਦਸਤਾਰ ਸਜਾਉਣ ਦਾ ਸਮਾਂ 9 ਮਿੰਟ ਦਿੱਤਾ ਜਾਵੇਗਾ। ਵੱਖ ਵੱਖ ਕਿਸਮਾਂ ਦੇ ਇਨਾਮਾਂ ਬਾਰੇ ਜੱਜ ਹੀ ਫੈਸਲਾ ਲੈਣਗੇ। ਜੱਜਾਂ ਦਾ ਫੈਸਲਾ ਅੰਤਿਮ ਹੋਵੇਗਾ। ਉਨ੍ਹਾਂ ਦੱਸਿਆ ਕਿ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਪਾਸ ਕਾਲਜ ਤੋਂ ਵਿਦਿਆਰਥੀ ਹੋਣ ਦਾ ਪ੍ਰਮਾਣ ਪੱਤਰ ਹੋਣਾ ਜ਼ਰੂਰੀ ਹੈ।
ਸ੍ਰੀ ਫਰਾਂਸ ਅਤੇ ਸ੍ਰੀ ਜੌਹਲ ਨੇ ਦੱਸਿਆ ਕਿ ਮੁਕਾਬਲੇ ਵਿਚ ਸ਼ਮੂਲੀਅਤ ਕਰਨ ਲਈ ਪੰਜਾਬੀ ਐਨਆਰਆਈਜ਼ ਹੁਣ ਤੋਂ ਹੀ ਪੁੱਜਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਿੱਖੀ ਪਹਿਰਾਵੇ ਅਤੇ ਗੁਰਬਾਣੀ ਨੂੰ ਸਮਰਪਿਤ ਇਸ ਮੁਕਾਬਲੇ ਵਿੱਚ ਵੱਡੀ ਗਿਣਤੀ ‘ਚ ਕਾਲਜਾਂ ਦੇ ਵਿਦਿਆਰਥੀ ਸ਼ਿਰਕਤ ਕਰਨਗੇ। ਉਨ੍ਹਾਂ ਨੇ ਪੰਜਾਬ ਭਰ ਦੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਇਸ ਮੁਕਾਬਲੇ ਵਿਚ ਵਿਦਿਆਰਥੀ ਭੇਜਣ ਦਾ ਖੁੱਲ੍ਹਾ ਸੱਦਾ ਵੀ ਦਿੱਤਾ।
ਅਧੁਨਿਕਤਾ ਵੱਲ ਨੂੰ ਵੱਧਣਾ ਮਨੁੱਖ ਦੀ ਫਿਤਰਤ ਦਾ ਹਿੱਸਾ ਹੈ। ਸੰਸਕਾਰਾਂ ਵਿੱਚੋਂ ਨਿਕਲਣਾ ਸੌਖਾ ਨਹੀਂ, ਪਰ ਸੰਸਕਾਰਾਂ ਦੇ ਰੂਪ ਬਦਲੇ ਜਾ ਸਕਦੇ ਹਨ। ਸਮੇਂ ਨਾਲ ਇਹਨਾਂ ਦੀ ਦਿੱਖ ਅੱਜ ਦੀਆਂ ਵਸਤੂਆਂ ਨਾਲ ਨਿਖਾਰੀ ਜਾ ਵਿਗਾੜੀ ਜਾ ਸਕਦੀ ਹੈ। ‘ਸ੍ਰੀ ਕ੍ਰਿਸ਼ਨ‘ ਦੀ ਉਡੀਕ ਤੇ ਉਹਨਾਂ ਦੀ ਸਵੱਲੀ ਨਜ਼ਰ ਦੀ ਪ੍ਰਾਪਤੀ ਲਈ ‘ਰਾਧਾ’ ਵੱਲੋਂ ਸ਼ੁਰੂ ਕੀਤੀ ਸਾਂਝੀ ਅੱਜ ਨਵੇਂ ਦੌਰ ਦੀ ਹੋ ਗਈ। ਪੁਰਾਤਨ ਸਮੇਂ ਵਿਚ ਇਹ ਗੋਹੇ ਨਾਲ ਕੰਧ ਲਿੱਪ ਕਿ ਉਤੇ ਰੰਗੀਨ ਪੱਥਰਾਂ, ਸਿਆਹੀਆਂ ਤੇ ਖਾਧ ਪਦਾਰਥਾਂ ਨਾਲ ਬਣਾਈ ਜਾਂਦੀ ਸੀ। ਦੁਸਿਹਰੇ ਤੋਂ ਪਹਿਲਾਂ ਬਣਾਈ ਜਾਂਦੀ ਇਸ ‘ਸਾਂਝੀ’ ਦੀ ਔਰਤਾਂ ਪੂਜਾ ਕਰਦੀਆਂ ਸਨ। ਘਰੋਂ ਘਰੀ ਉਪਲੱਬਧ ਇਹ ਚੀਜ਼ਾਂ ਸਾਂਝੀ ਨੂੰ ਕਦੀਮ ਦਿੱਖ ਪ੍ਰਦਾਨ ਕਰਦੀਆਂ ਸਨ। ਪਰ ਅੱਜ ਚੀਨ ਦੇ ਬਣੇ ਪਲਾਸਟਿਕ, ਰੰਗਦਾਰ ਵਰਕ, ਡਾਈ ਦੇ ਬਣੇ ਹਲਕੇ ਮੁੱਕਟ ਤੇ ਫੈਵੀਕੋਲ ਨਾਲ ਪੱਕੀ ਕੰਧ ਤੇ ਬਣਾਈ ‘ਸਾਂਝੀ‘ ਵਿਰਲੇ ਟਾਂਵੇਂ ਪਿੰਡ ਵਿਚ ਮਿਲ ਜਾਂਦੀ ਹੈ। ਬਹੁਤੀਆਂ ਔਰਤਾਂ ਨੂੰ ਸਾਂਝੀ ਬਾਰੇ ਤਾਂ ਪਤਾ ਹੈ ਪਰ ਇਸ ਦੀ ਮਹੱਤਤਾ, ਇਤਿਹਾਸ ਤੇ ਪ੍ਰਸੰਗਤਾ ਬਾਰੇ ਨਾ ਗਿਆਨ ਹੈ ਅਤੇ ਨਾ ਹੀ ਕੋਈ ਇਹ ਗਿਆਨ ਉਹਨਾਂ ਨੂੰ ਦੇਣ ਦਾ ਚਾਹਵਾਨ ਹੈ।
ਜਿਉਂ ਹੀ ਜਹਾਜ਼ ਦੇ ਟਾਇਰਾਂ ਤੋਂ ਖੜ ਖੜ ਦੀ ਅਵਾਜ਼ ਆਈ, ਮੇਰਾ ਹੱਥ ਇਕ ਦਮ ਜੇਬ ਵਿਚ ਪਏ ਮੋਬਾਇਲ ਫੋਨ ਤੇ ਚਲਾ ਗਿਆ। ਮੈਂ ਫੋਨ ਫਟਾ ਫਟ ਚਾਲੂ ਕਰ ਦਿੱਤਾ। ਫੋਨ ਚਾਲੂ ਹੋਣ ਤੱਕ ਜਹਾਜ਼ ਰੁੱਕ ਚੁੱਕਾ ਸੀ ਤੇ ਜਹਾਜ਼ ਦੀਆਂ ਸਾਰੀਆਂ ਬੱਤੀਆਂ ਵੀ ਜੱਗ ਪਈਆਂ ਸਨ। ਮੁਸਾਫਰ ਆਪੋ ਆਪਣਾ ਸਮਾਨ ਇਕੱਠਾ ਕਰਨ ਦੀ ਕਾਹਲੀ ਕਰਨ ਲੱਗ ਪਏ। ਮੈਂ ਫੋਨ ‘ਚੋਂ ਨੰਬਰ ਲੱਭਿਆ ਅਤੇ ਫੋਨ ਕਰ ਦਿੱਤਾ। ‘‘ਇੰਗਲੈਂਡ ਵਿਚ ਜੀ ਆਇਆਂ ਨੂੰ'’ ਅੱਗੋਂ ਮਨਪ੍ਰੀਤ ਬੱਧਨੀ ਦੀ ਮਿੱਠੀ ਤੇ ਮੋਹ ਭਰੀ ਆਵਾਜ਼ ਸੀ। ‘ਤੁਸੀਂ ਆ ਜਾਓ ਮੈਂ ਏਅਰਪੋਰਟ ਤੇ ਹੀ ਹਾਂ।’ ਮੈਂ ਇੱਕ ਦੋ ਹੋਰ ਸੱਜਣਾਂ ਨੂੰ ਫੋਨ ਕੀਤੇ ਜੋ ਪਹਿਲੋਂ ਹੀ ਮੇਰਾ ਫੋਨ ਉਡੀਕ ਰਹੇ ਸਨ। ਏਅਰਪੋਰਟ ਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਆਪਣਾ ਸਮਾਨ ਅਸੀਂ ਗੱਡੀ ਵਿਚ ਰੱਖ ਪੰਜਾਬੀਆਂ ਦੇ ਪਿੰਡ ਸਾਊਥਆਲ ਨੂੰ ਚਲ ਪਏ। ਥੋੜ੍ਹੇ ਚਿਰ ਬਾਅਦ ਹੀ ਅਸੀਂ ਤਿੰਨ ਜਣੇ ਸੀ, ਤੇ ਇੰਗਲੈਂਡ ਦੀ ਸ਼ਾਹਰੱਗ ਵੱਡੀ ਸੜਕ ਤੇ ਕਵੈਂਟਰੀ ਨੂੰ ਚਾਲੇ ਪਾ ਦਿੱਤੇ। ਕਵੈਂਟਰੀ ਤੋਂ ਮੈਨੂੰ ਮੋਤਾ ਸਿੰਘ ਸਰਾਏ ਨੇ ਲੈਣ ਆਉਣਾ ਸੀ। ਕਵੈਂਟਰੀ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ। ਮੇਰੇ ਨਾਲ ਦਿਆਂ ਦੋਸਤ ਇਹ ਟੂਰਨਾਮੈਂਟ ਅਖਬਾਰਾਂ ਵਾਸਤੇ ਕਵਰ ਕਰਨਾ ਸੀ ਤੇ ਮੈਂ ਇੱਥੋਂ ਅੱਗੇ ਚਲੇ ਜਾਣਾ ਸੀ। ਭਾਵੇਂ ਮੈਨੂੰ ਵੀ ਕਬੱਡੀ ਚੰਗੀ ਲੱਗਦੀ ਹੈ ਪਰ ਇਹ ਆਜੌਕੀ ਟਾਇਮ ਵਾਲੀ ਕਬੱਡੀ ‘ਚੋਂ ਆਨੰਦ ਆਉਣੋ ਹੱਟ ਗਿਆ ਸੀ। ਇਸ ਲਈ ਮੈਂ ਕੋਈ ਖਾਸ ਸਮਾਂ ਇਥੇ ਨਹੀਂ ਸੀ ਲਾਉਣਾ ਚਾਹੁੰਦਾ। ਉਂਜ ਵੀ ਮੈਂ ਇੱਥੇ ਇੱਕ ਦਰਸ਼ਕ ਹੀ ਸਾਂ। ਨਾ ਹੀ ਮੈਨੂੰ ਕੋਈ ਸੱਦਾ ਪੱਤਰ ਸੀ ਤੇ ਨਾ ਹੀ ਕਿਸੇ ਨੂੰ ਮੇਰੇ ਬਾਰੇ ਪਤਾ ਸੀ। ਪਰ ਕਿਸੇ ਵਜ੍ਹਾ ਕਰਕੇ ਮੈਨੂੰ ਲੈਣ ਆਉਣ ਵਾਲੇ ਮੋਤਾ ਸਿੰਘ ਲੇਟ ਹੋ ਰਹੇ ਸਨ। ਮੈਂ ਮੈਦਾਨ ਦੇ ਆਲੇ ਦੁਆਲੇ ਗੇੜਾ ਜਿਹਾ ਦੇਣ ਲੱਗ ਪਿਆ। ਸਟੇਜ ਤੋਂ ਵਾਰ ਵਾਰ ਕਿਹਾ ਜਾ ਰਿਹਾ ਸੀ ਕਿਸੇ ਵੀ ਖਿਡਾਰੀ ਨੂੰ ਜੋ ਨਸ਼ਾ ਕਰੇਗਾ ਜਾਂ ਜਿਸਦੇ ਟੀਕੇ ਆਦਿ ਲੱਗੇ ਹੋਣਗੇ ਖੇਡਣ ਨਹੀਂ ਦਿੱਤਾ ਜਾਵੇਗਾ। ਖਿਡਾਰੀਆਂ ਦੇ ਜੁੱਸੇ ਦੀਆਂ, ਪੰਜਾਬ ਦੇ ਪਿੰਡਾਂ ਦੀਆਂ ਬਾਤਾਂ ਪਾ ਰਹੇ ਸਨ, ਮਾਇਕ ਫੜੀ ਅਨਾਊਂਸਰ। ਮੈਂ ਖਿਡਾਰੀਆਂ ਦੀਆਂ ਕੁਝ ਫੋਟੋਆਂ ਖਿੱਚੀਆਂ ਪਰ ਖੇਡ ‘ਚੋਂ ਮੈਨੂੰ ਖਿੱਚ ਜਿਹੀ ਨਾ ਪਈ। ਮੈਨੂੰ ਇੰਜ ਲੱਗਾ ਕਿ ਮਾਇਕ ਵਿਚ, ਖੇਡਣ ਵਾਲਿਆਂ ਨਾਲੋਂ ਵੱਧ ਜੋਸ਼ ਹੈ। ਫੇਰ ਮੈਂ ਬਾਹਰ ਆ ਗਿਆ। ਪਹਿਲੀ ਹੈਰਾਨੀ ਉਦੋਂ ਹੋਈ ਜਦ ਕਾਨੂੰਨ ਦੀ ਪਾਲਣਾ ਕਰਨ ਵਾਲੇ ਮੁਲਕ ਵਿਚ ਆਪਣੇ ਬੰਦੇ ਦਰਖਤਾਂ ਓਹਲੇ ਲੱਤਾਂ ਚੁੱਕੀ ਕੁਦਰਤੀ ਕਾਰਵਾਈ ਕਰ ਰਹੇ ਸਨ। ਹਰੇ ਕਚੂਰ ਪੱਤੇ ਤੇ ਸਾਫ ਵਾਤਾਵਰਣ ਵਿਚ ਇਹ ਸਭ ਕੁਝ ਅਜੀਬ ਲੱਗਾ। ਆਪਣੇ ਦੇਸ਼ ਦੀਆਂ ਆਦਤਾਂ ਇਹ ਲੋਕ ਹਜ਼ਾਰਾਂ ਮੀਲ ਚੱਲ ਕੇ, ਕਈ ਦਹਾਕੇ ਬਾਹਰ ਰਹਿ ਕਿ ਵੀ ਨਹੀਂ ਭੁੱਲੇ, ਬਈ ਸਾਬਸ਼ ਇਹਨਾਂ ਦੇ। ਖੈਰ ਜਿਵੇਂ ਕਿਵੇਂ ਮੈਂ ਅੱਗੇ ਤੁਰਿਆ। ਥੋੜੀ ਭੁੱਖ ਜਿਹੀ ਲੱਗੀ ਤੇ ਪਿਆਸ ਵੀ ਲੱਗੀ। ਸੋਚਿਆ ਸਾਹਮਣੇ ਖੜੀਆਂ ਵੈਨਾਂ ਤੋਂ ਕੁਝ ਲੈ ਲਿਆ ਜਾਵੇ। ਉਧਰ ਕੁਝ ਲੋਕ ਉਂਗਲਾਂ ਚੱਟ ਰਹੇ ਸਨ। 100 ਕੁ ਗਜ਼ ਚਲਕੇ ਵੈਨ ਦੇ ਕੋਲ ਪਹੁੰਚਿਆ। ਪਰ ਉਹ ਮੇਰਿਆ ਰੱਬਾ, ਇਹ ਕੀ? ਇੱਥੇ ਤਾਂ ਧਨ ਧਨ ਹੋਈ ਪਈ ਸੀ। ਵੈਨ ਦੇ ਅੰਦਰ ਗਲਾਸੀਆਂ ਦੀ ਸੇਵਾ ਚਲ ਰਹੀ ਸੀ। ਲਾਲ ਪਰੀ ਕਬੱਡੀ ਦੇ ਮੈਦਾਨ ਲਾਗੇ ਨਾਚ ਕਰ ਰਹੀ ਸੀ। ਆਲੇ ਦੁਆਲੇ ਰੂਹਾਂ ਖਿੜੀਆਂ ਪਈਆਂ ਸਨ। ਵਾਹਵਾ ਸੋਹਣਾ ਤੇ ਸ਼ਾਇਦ ਸੁਆਦੀ ਬੱਕਰਾ, ਪੰਜਾਬੀਆਂ ਦੀਆਂ ਜਾੜਾਂ ਦਾ ਮੁਕਾਬਲਾ ਕਰਨ ਤੋਂ ਅਸਮਰਥ ਨਜ਼ਰ ਆਇਆ। ਮੇਰੇ ਕੰਨ ਖਿਡਾਰੀਆਂ ਨੂੰ ਨਸ਼ੇ ਵਿਰੋਧੀ ਸਲਾਹਾਂ ਦਿੰਦੇ ਬੋਲਾਂ ਨੂੰ ਸੁਣ ਰਹੇ ਸਨ ਤੇ ਅੱਖਾਂ ਪੰਜਾਬੀਆਂ ਦੇ ਖੁੱਲ੍ਹੇ ਡੁੱਲ੍ਹੇ ਮੌਜ ਮਸਤੀ ਦੇ ਸੁਭਾਅ ਦੇ ਦਰਸ਼ਨ ਕਰ ਰਹੀਆਂ ਸਨ। ਮੈਂ ਸ਼ੁਕਰ ਕੀਤਾ, ਮੈਂ ਇੱਥੇ ਬਿਨ ਬੁਲਾਏ ਹੀ ਆਇਆ ਸੀ ਅਤੇ ਪੱਕੀ ਗਲ ਲੜ ਬੰਨ ਕੇ ਉਥੋਂ ਤੁਰਿਆ ਹਾਂ ਕਿ ਕੋਈ ਵੀ ਦੁਨੀਆਂ ਦਾ ਅਕੀਦਾ ਜਾਂ ਕਾਨੂੰਨ ਪੰਜਾਬੀਆਂ ਦੇ ਸੁਭਾਅ ਨੂੰ ਡੱਕ ਨਹੀਂ ਸਕਦਾ। ਇਹ ਅਰੁੱਕ ਹੈ।
ਕਿਹੜਾ ਡੱਕ ਲੂ ਵਹਿਣ ਦਰਿਆਵਾਂ ਦੇ,
ਇਹ ਪੰਜਾਬੀ ਪੁੱਤ ਨੇ ਅਣਖੀ ਮਾਵਾਂ ਦੇ।
ਜ਼ਿੰਦਗੀ ਦਾ ਸਫਰ ਜਨਮ ਤੋਂ ਸ਼ੁਰੂ ਹੋ ਕਿ ਆਖਰੀ ਸਾਹ ਤੱਕ ਚੱਲਦਾ ਹੈ। ਇਸ ਸੰਘਰਸ਼ਮਈ ਸਫਰ ਵਿੱਚ ਦੋਰਾਹੇ ਤਾਂ ਆਉਂਦੇ ਹੀ ਹਨ। ਕਦੇ ਕਦੇ ਚੌਰਾਹੇ ਵੀ ਆ ਜਾਂਦੇ ਹਨ। ਇੰਗਲੈਂਡ ਦੇ ਇਸ ਨਿੱਕੇ ਜਿਹੇ ਪਿੰਡ ਵਾਂਗ ਚੋਰਾਹੇ ਤੇ ਚੋਰਾਹਾ ਵੀ ਆ ਜਾਂਦਾ ਹੈ। ਅਜਿਹਾ ਅੱਠਰਾਹਾ ਵੱਡੀ ਉਲਝਣ ਖੜੀ ਕਰ ਦਿੰਦਾ ਹੈ। ਇੱਕ ਵਾਰ ਖੁੰਝਿਆ ਮਨੁੱਖ ਜ਼ਿੰਦਗੀ ਦੇ ਕਈ ਸੁਨਹਿਰੇ ਸਾਲ ਗਵਾ ਲੈਂਦਾ ਹੈ। ਕਦੇ ਕਦੇ ਤਾਂ ਜ਼ਿੰਦਗੀ ਦੀ ਗੱਡੀ ਹੀ ਲੀਹੋਂ ਲਹਿ ਜਾਂਦੀ ਹੈ ਅਤੇ ਮੁੜ ਪਟੜੀ ਤੇ ਨਹੀਂ ਪੈਂਦੀ। ਆਪਣੇ ਦੇਸ਼ ਵਿਚ ਆਰਥਿਕ ਤੰਗੀ, ਵਿਦੇਸ਼ਾਂ ਵਿਚ ਪੁੱਤਾਂਧੀਆਂ ਦੇ ਕਪੁੱਤ ਹੋਣ ਦਾ ਖਤਰਾ, ਬਜ਼ੁਰਗਾਂ ਦੇ ਰੁੱਲਣ ਦੀ ਪ੍ਰੇਸ਼ਾਨੀ, ਬੰਦਾ ਕਿੱਧਰ ਨੂੰ ਜਾਵੇ? ਦੇਸ਼ ਵਸੇ ਜਾਂ ਪ੍ਰਦੇਸ ਵਸੇ, ਇਸ ਜ਼ਿੰਦਗੀ ਦੀਆਂ ਵੱਡੀਆਂ ਵੱਡੀਆਂ ਜੁੰਮੇਵਾਰੀਆਂ ਅਤੇ ਫਰਜ਼ਾਂ ਨੂੰ ਸੁਚੱਜੇ ਤਰੀਕੇ ਕਿਵੇਂ ਨਿਭਾਵੇ। ਦੇਸ਼ ਤਾਂ ਸਾਡੇ ਚੋਰਾਹੇ ਹੀ ਜ਼ਿਆਦਾ ਹਨ ਪਰ ਵਿਦੇਸ਼ਾਂ ਵਿੱਚ ਅੱਠਰਾਹੇ ਆ ਜਾਂਦੇ ਹਨ। ਇਸ ਲਈ ਹਰ ਫੈਸਲਾ ਸ਼ਾਂਤੀ ਨਾਲ ਬੈਠ ਕਿ ਠੰਡਾ ਪਾਣੀ ਪੀ ਕੇ ਅਤੇ ਕਿਸੇ ਸਿਆਣੇ ਦੀ ਸਲਾਹ ਨਾਲ ਹੋਵੇ ਤਾਂ ਕਿਸੇ ਇਕ ਰਾਹੇ ਪੈਣ ਦੀ ਗੱਲ ਹੋ ਸਕਦੀ ਹੈ।
ਇਹੋ ਹੈ ਆਜ਼ਾਦੀ ! ਇਹੋ ਹੈ ਖੁੱਲਦਿਲੀ ! ਇਹੋ ਹੈ ਧੌਂਸ ਦਾ ਦਿਖਾਵਾ ! ਜਾਂ ਫਿਰ ਇਹੋ ਹੈ ਕਦੇ ਨਾ ਸੁਧਰਨ ਦਾ ਇਰਾਦਾ ! ਕੋਈ ਸੜਕ ਵਿਚਕਾਰ ਗੱਡੀ ਠੀਕ ਕਰੇ, ਕੋਈ ਬਰੋਬਰ ਗੱਡੀ ਖੜ੍ਹੀ ਕਰਕੇ ਗੱਲਾਂ ਕਰੇ ਜਾਂ ਮੋਬਾਇਲ ਫੋਨ ਸੁਨਣ ਲਈ ਗੱਡੀ ਨੂੰ ਸੜਕੀ ਡਾਂਸ ਕਰਾਵੇ ਜਾਂ ਫਿਰ ਸੱਜੇ ਖੱਬੇ ਵਿਚ ਵਿਤਕਰਾ ਨਾ ਕਰੇ, ਬੰਦ ਫਾਟਕਾਂ ਮੂਹਰੇ ਤਿੰਨ ਲਾਇਨਾਂ ਦੀ ਪੀਂਘ ਪਾਵੇ, ਬਿੰਨ ਬੱਤੀ ਚੌਂਕ ਵਿਚ ਸਭ ਢੀਠ ਸ਼ੇਰਾਂ ਵਾਂਗ ਟਰੈਫਿਕ ਜਾਮ ਕਰ ਦੇਣ। ਇਹ ਸਭ ਦੇਖ ਕਿ ਮਨ ਵਿਚ ਕਦੇ ਕਦੇ ਅਫਸੋਸ ਜਿਹਾ ਜਾਗਦਾ ਹੈ, ਕੋਈ ਵੀ ਇਹਨਾਂ ਸਮੇਂ ਤੇ ਅਕਲ ਦੇ ਵਿਹੂਣੇ ਲੋਕਾਂ ਨਾਲ ਰੋਸ ਨਹੀਂ ਕਰਦਾ, ਕਿਤੇ ਇਹ ਗਲ ਹੀ ਨਾ ਪੈ ਜਾਣ, ਸਿਆਣਿਆ ਵੀ ਇਹੋ ਦੱਸਿਆ ਹੈ ਕਿ ਜਿੰਨਾ ਬੰਦਾ ਗਲਤ ਹੋਊ, ਉਨ੍ਹਾਂ ਹੀ ਉਹ ਵੱਧ ਭੁੜਕੂ, ਕਿਉਂਕਿ ਉਸਨੂੰ ਪਤਾ ਹੀ ਹੈ ਕਿ ਉਹ ਗਲਤ ਹੈ, ਅਸੀਂ ਉਸਨੂੰ ਨਵਾਂ ਤਾਂ ਕੁਛ ਦੱਸ ਹੀ ਨਹੀਂ ਰਹੇ। ਬਾਕੀ ਰਹਿੰਦੀ ਕਸਰ ਸਾਡੇ ਦਾਤੇਆਂ, ਰਾਖਿਆਂ ਤੇ ਵਿਚਾਰਕਾਂ ਦੀ ਬੇਬਸੀ ਕੱਢ ਦਿੰਦੀ ਹੈ, ਸੋ ਭਾਈ ਤਦ ਤਕ ਸੱਜਣ ਬਣੋ ਤੇ ਚੁੱਪ ਚਾਪ ਪਾਸਾ ਵੱਟ ਕਿ ਲੰਘੀ ਜਾਓ।
ਸਮੇਂ ਦੀ ਮਾਰ ਤੋਂ ਬੱਚ ਕੇ ਰਹਿਣਾ, ਹਰੇਕ ਦੇ ਵੱਸ ਦਾ ਰੋਗ ਨਹੀਂ। ਸਮੇਂ ਨੇ ਦੇਰ ਸਵੇਰ ਹਰ ਸ਼ੈਅ ਨੂੰ ਆਪਣੀ ਚਪੇਟ ਵਿਚ ਲੈ ਹੀ ਲੈਣਾ ਹੁੰਦਾ ਹੈ। ਸਮਾਂ ਤੇ ਬਦਲਾਓ, ਚਾਚੇ ਤਾਏ ਦੇ ਹੀ ਪੁੱਤ ਹੁੰਦੇ ਹਨ। ਜਿਸਦਾ ਜ਼ੋਰ ਚਲੇ, ਦੁਨੀਆ ਨੂੰ ਚਿੱਤ ਕਰਕੇ ਰੱਖ ਦੇਂਦਾ ਹੈ। ਇਸ ਗਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅੱਗੇ ਕੌਣ ਹੈ। ਵੱਡੀ ਇੱਟ ਛੋਟੀ ਨੂੰ ਨਿੱਗਲ ਜਾਂਦੀ ਹੈ, ਵੱਡਾ ਲੀਡਰ, ਛੋਟੇ ਲੀਡਰ ਨੂੰ ਨੱਪੀ ਰੱਖਦਾ ਹੈ। ਪੈਸੇ ਵਾਲਾ, ਕਾਮੇ ਨੂੰ ਭਰਮਾਈ ਜਾਂਦਾ ਹੈ। ਆਦਿ ਆਦਿ.., ਭਾਂਵੇ ਇਸ ਸਾਰੇ ਵਰਤਾਰੇ ਦੀ ਲੋੜ ਕਦੇ ਵੀ ਨਹੀਂ ਹੁੰਦੀ, ਪਰ ਮਨੁੱਖ ਦੀ ਆਪਣੇ ਆਪ ਤੇ ਯਕੀਨ ਦੀ ਅਣਹੋਂਦ ਅਤੇ ਅਨੈਤਿਕ ਭੁੱਖ ਉਸਤੋਂ ਹੀ ਆਪਣੇ ਵਿਰਸੇ ਅਤੇ ਸੁੱਚੀ ਸੋਚ ਦਾ ਘਾਣ ਕਰਵਾਈ ਜਾ ਰਹੀ ਹੈ। ਇਸ ਸਿਲਸਿਲੇ ਨੂੰ ਹਾਲੇ ਠੱਲ ਪੈਣੀ ਦੂਰ ਲੱਗ ਰਹੀ ਹੈ, ਕਿਉਂਕਿ ਇਸ ਵੇਲੇ ਘੋਰ ਪਾਪ ਦਾ ਦੌਰ ਚਲ ਰਿਹਾ ਤੇ ਹਾਲੇ ਇਸਦੀ ਬੇੜੀ ਇਤਨੀ ਵੀ ਨਹੀਂ ਭਰੀ ਕਿ ਡੁੱਬ ਜਾਵੇ, ਪਰ ਫੇਰ ਵੀ ਆਸ ਨਾਲ ਜਹਾਨ ਹੈ ਤੇ ਆਸਵੰਦ ਹੋਣਾ ਵੀ ਮਨੁੱਖੀ ਸੁਭਾਅ ਦਾ ਹਿੱਸਾ ਹੈ।
ਜੋ ਮੇਰੇ ਵਰਗੇ ਘੁਮੱਕੜ ਹਨ ਤੇ ਆਪ ਤੁਰ ਫਿਰ ਕਿ ਨਵੇਂ ਜਾਂ ਬਿਲਕੁਲ ਨਵੇਂ ਲੋਕਾਂ ਨੁੰ ਮਿਲਦੇ ਹਨ, ਅਕਸਰ ਹੀ ਨਿੱਤ ਨਵੀਆਂ ਸਿਆਣਪਾਂ ਖੱਟਦੇ ਹਨ। ਆਪਣੀ ਧਰਤੀ ਦੇ ਆਪਣੇ ਲੋਕਾਂ ਨੂੰ ਮਿਲਦਿਆਂ ਕਈ ਵਾਰੀ ਇਸ ਕਰਕੇ ਖੁਸ਼ੀ ਹੁੰਦੀ ਹੈ ਕਿ ਉਹਨਾਂ ਨਾਲ ਕੋਈ ਪੁਰਾਣੀ ਸਾਂਝ ਨਿਕਲ ਆਉਂਦੀ ਹੈ। ਕਿਸੇ ਨਾਲ ਪਿੰਡ ਮਿਲਦਾ ਹੈ ਤੇ ਕਿਸੇ ਨਾਲ ਦੂਰ ਦੀ ਰਿਸ਼ਤੇਦਾਰੀ, ਗੋਤਾਂ ਦਾ ਮਿਲਣਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਕਨੇਡਾ ਦੇ ਸ਼ਹਿਰ ਹੈਮਿਲਟਨ ਵਿੱਚ ਇੱਕ ਜੰਗਲ ਦੀ ਸੈਰ ਕਰਦੇ ਅਚਾਨਕ ਹੀ ਤੂਤ ਦਿਸ ਪਏ। ਪੱਕੇ ਹੋਏ ਲਾਖੇ ਰੰਗ ਦੇ ਬੜੇ ਹੀ ਸੁਆਦ ਲੱਗੇ ਜਦੋਂ ਮੈਂ ਇਹ ਗੱਲ ਉਥੇ ਰਹਿੰਦੇ ਦੋਸਤਾਂ ਨੂੰ ਦੱਸੀ ਤਾਂ ਉਹ ਹੈਰਾਨ ਸਨ ਕਿ ਰੋਜ਼ੀ ਰੋਟੀ ਵਿੱਚ ਫਸੇ 20-30 ਸਾਲਾਂ ਤੋਂ ਰਹਿੰਦੇ ਹੋਏ ਉਹਨਾਂ ਨੂੰ ਕਿਉਂ ਨਾ ਦਿਸੇ। ਮੇਰੀ ਇਸ ਗੱਲ ਨੇ ਚੇਤਨਾ ਪੈਦਾ ਕੀਤੀ ਤਾਂ ਇੱਕ ਦੋਸਤ ਦੇ ਘਰੇ ਦੇ ਪਿਛਵਾੜੇ ਵਿੱਚ ਵੀ ਬੇਰਾਂ ਜਿੱਡੇ ਤੂਤ ਮਿਲੇ। ਹਾਲੇ ਇਹਨਾਂ ਦੀ ਮਹਿਕ ਮੱਠੀ ਪਈ ਨਹੀਂ ਸੀ ਕਿ ਵਲੈਤ ਦੇ ਇਕ ਬਾਗ ਵਿੱਚ ਇਹਨਾਂ ਰਸੀਲੇ ਤੂਤਾਂ ਇੱਕ ਹੋਰ ਦਰਖ਼ਤ ਮਿਲ ਗਿਆ। ਅਸੀਂ ਚਾਰ ਸੀ, ਤਿੰਨ ਵਲੈਤੀਏ ਤੇ ਇੱਕ ਮੈਂ ਦੇਸੀ। ਮਸੀਂ ਛੁੱਟ ਕੇ ਆਏ ਇਸ ਪੰਜਾਬ ਵਰਗੀ ਮਹਿਕ ਤੋਂ। ਸਾਡੇ ਲਾਲ ਹੱਥ ਪੂਰਾ ਦਿਨ ਗਵਾਹੀ ਭਰਦੇ ਰਹੇ।

ਪਸ਼ੂ, ਪੰਛੀ, ਮਨੁੱਖ ਮੁੱਢਲੇ ਤੌਰ ਤੇ ਭੁੱਖ ਦੇ ਮੁਥਾਜ ਹਨ। ਪੇਟ ਦੀ ਅੱਗ ਬਝਾਉਣ ਖਾਤਰ ਉਹ ਨਦੀਓ ਨਦੀ, ਪਰਬਤੋ ਪਰਬਤ ਭਰਮਣ ਕਰਦਾ ਫਿਰ ਰਿਹਾ ਹੈ। ਮਿਹਨਤ ਕਰਕੇ ਪਹਿਲੋਂ ਦਾਣਾ ਭਾਲਣਾ, ਪਾਲਣਾ ਤੇ ਖਾਂਦਾ ਹੈ। ਇੰਝ ਇਹ ਸਿਲਸਲਾ ਸਦੀਆਂ ਤੋਂ ਚਲਿਆ ਆ ਰਿਹਾ ਹੈ। ਪਰ ਕਿਸੇ ਦਾ ਕਮਾਇਆ ਜਾਂ ਲਭਿਆ ਦਾਣਾ ਖੋਹ ਕਿ ਖਾਣ ਦੀ ਆਦਤ ਵੀ ਬਹੁਤ ਪੁਰਾਣੀ ਹੈ। ਮਨੁੱਖ ਨੇ ਤਾਂ ਆਪਣੀ ਏਸ ਆਦਤ ਨੂੰ ਲੁਕਵੇਂ ਢੰਗ ਨਾਲ ਵਰਤਣ ਦੀ ਵੀ ਜਾਂਚ ਸਿੱਖ ਲਈ ਹੈ, ਪਰ ਪਸ਼ੂ ਪੰਛੀ ਹਾਲੇ ਇਹਨਾਂ ਚਲਾਕੀਆਂ ਨੂੰ ਕਰਨ ਤੋਂ ਕੋਰੇ ਹਨ। ਉਹ ਤਾਂ ਦਾਣਾ ਦੇਖਦੇ ਹੀ ਆਪਣੇ ਜ਼ੋਰ ਤੇ ਖੋਹ ਖਿੱਚ ਲੈਣਾ ਹੀ ਜਾਣਦੇ ਹਨ। ਮਨੁੱਖ ਵਾਂਗ ਉਹ ਵੀ ਇਸ ਮਾਮਲੇ ਵਿੱਚ ਕੋਈ ਭੇਦ ਭਾਵ ਨਹੀਂ ਕਰਦੇ, ਨਾਂ ਦੂਸਰੀ ਜਾਤ ਦੇਖਦੇ ਹਨ, ਨਾ ਦੂਸਰੇ ਦਾ ਰੰਗ ਦੇਖਦੇ ਹਨ। ਸਿਰਫ ਤੇ ਸਿਰਫ ਉਹਨਾਂ ਦਾ ਨਿਸ਼ਾਨਾ ਦਾਣਾ ਖੋਹਣਾ ਹੁੰਦਾ ਹੈ। ਕੁਦਰਤ ਵਲੋਂ ਸੀਮਤ ਸੋਚ ਵਾਲੇ ਪੰਛੀ ਤਾਂ ਮਾਫ ਕੀਤੇ ਜਾ ਸਕਦੇ ਹਨ, ਪਰ ਅਸੀਮਤ ਸੋਚ ਤੇ ਸਾਧਨਾ ਵਾਲਾ ਮਨੁੱਖ ਇਹ ਕਾਰਾ ਕਰਨੋ ਕਿਉਂ ਨਹੀਂ ਹੱਟਦਾ, ਇਹ ਹਾਲੇ ਮੈਂ ਸਮਝਣਾ ਹੈ।

ਇਹ ਮਨੁੱਖੀ ਸੁਭਾਅ ਦੀ ਹਉਮੇ ਦਾ ਹੀ ਇੱਕ ਅੰਗ ਹੈ ਕਿ ਉਹ ਆਪਣੀ ਹੋਂਦ ਦਿਖਾਉਣਾ ਚਾਹੁੰਦਾ ਹੈ। ਇਹ ਹੋਂਦ ਉਹ ਕੁਝ ਵੀ ਕਰਕੇ ਕਾਇਮ ਕਰਨਾ ਲੋਚਦਾ ਹੈ। ਮਨੁੱਖ ਅਸਲ ਵਿੱਚ ਮਨੁੱਖ ਨੂੰ ਹੀ ਨੀਵਾਂ ਕਰਨਾ ਚਾਹੁੰਦਾ ਹੈ। ਸਾਰੇ ਜਾਨਵਰ ਅਤੇ ਪੰਛੀ ਇਸ ਬਿਮਾਰੀ ਦੇ ਥੋੜੇ ਬਹੁਤ ਸਿ਼ਕਾਰ ਹਨ। ਮਨੁੱਖ ਨੇ ਜਦੋਂ ਤੋਂ ਧਰਤੀ ਜਿੱਤਵੀ ਸ਼ੁਰੂ ਕੀਤੀ ਹੈ, ਉਸਤੇ ਕਬਜ਼ਾ ਕਾਇਮ ਰੱਖਣ ਲਈ ਝੰਡੇ ਦੀ ਈਜਾਦ ਕੀਤੀ ਗਈ। ਝੰਡਾ ਮਨੁੱਖ ਦੀ ਅੰਦਰਲੀ ਖਾਹਿਸ਼ ਦਾ ਪ੍ਰਤੀਕ ਹੈ, ਜਿਸਨੂੰ ਲੋਕੀਂ ਮਾਣ ਰੱਖਣ ਵਾਲੀ ਬਿਰਤੀ ਵੀ, ਬਣਾ ਲੈਂਦੇ ਹਨ। ਇਹੋ ਬਿਰਤੀ ਦੇ ਸਿ਼ਕਾਰ ਹੋਕੇ ਅੱਜ ਤੱਕ ਅਰਬਾਂ-ਖਰਬਾਂ ਲੋਕਾਂ ਦੀਆਂ ਜਾਨਾਂ ਜੰਗ ਦੇ ਮੈਦਾਨ ਦੀ ਭੇਟਾ ਚੜ੍ਹ ਗਈਆਂ। ਕੁਦਰਤ ਦੇ ਜੀਵਨ ਦੇਣ ਦੇ ਅਸੂਲ ਦੇ ਉਲਟ, ਝੰਡਾ ਮਨੁੱਖ ਦੀ ਹਾਉਮੇ ਦੇ ਕਰੂਪ ਦੀ ਨਿਸ਼ਾਨੀ ਹੈ। ਅੱਜ ਤੱਕ ਝੰਡੇ ਨੇ ਹਮੇਸ਼ਾ ਹੀ ਜੋਸ਼ ਭਰ ਕਿ ਮਨੁੱਖੀ ਜੰਗਾਂ ਹੀ ਕਰਾਈਆਂ ਹਨ, ਕਦੇ ਕਿਸੇ ਨੂੰ ਜੀਵਨ ਨਹੀਂ ਦਿੱਤਾ। ਭਾਵੇਂ ਦੁਨੀਆਂ ਵਿੱਚ ਇਸਦੇ ਅਨੇਕਾਂ ਰੰਗ ਅਤੇ ਰੂਪ ਹਨ, ਪਰ ਚਿੱਟੇ ਰੰਗ ਦਾ ਝੰਡਾ ‘ਹਾਰ’ ਦਾ ਪ੍ਰਤੀਕ ਹੋ ਨਿਬੜਿਆ ਹੈ ਤੇ ਜਿੱਤੀ ਹੋਈ ਧਿਰ ਇਸਨੂੰ ‘ਸ਼ਾਤੀ’ ਦਾ ਚਿੰਨ ਕਹਿੰਦੀ ਹੈ।

ਕੁਦਰਤ ਵੀ ਐਸੇ ਐਸੇ ਕ੍ਰਿਸ਼ਮੇ ਦਿਖਾਉਂਦੀ ਹੈ ਕਿ ਮਨੁੱਖ ਹੈਰਾਨ ਰਹਿ ਜਾਂਦਾ ਹੈ। ਉਸਨੇ ਧਰਤੀ ਤੇ ਬਹੁਰੰਗੇ, ਬਹੁਅਕਾਰੀ ਤੇ ਬਹੁਭਾਂਤੀ ਰੂਪ ਪੈਦਾ ਕੀਤੇ ਹਨ ਕਿ ਇਕ ਜਨਮ ਵਿੱਚ ਇਹ ਸਭ ਦੇਖਣੇ ਮਨੁੱਖ ਦੇ ਵਸ ਦਾ ਰੋਗ ਨਹੀਂ। ਕਿਤੇ ਝਰਨੇ, ਕਿਤੇ ਪਹਾੜ, ਕਿਤੇ ਜੰਗਲ ਤੇ ਕਿਤੇ ਪੱਥਰਾਂ ਦੀ ਬਹਾਰ ਛਾਈ ਹੈ। ਦੇਸ਼ ਵਿਦੇਸ਼ ਦਾ ਭਰਮਣ ਕਰਦੇ ਹੋਏ ਕੁੱਝ ਐਸੇ ਪੱਥਰਾਂ ਦੇ ਪਹਾੜ ਦਿਖੇ ਕਿ ਮਨ ਦੰਗ ਰਹਿ ਗਿਆ। ਕਦੋਂ ਤੇ ਕਿਵੇਂ ਚਿਣੇ ਹੋਣਗੇ ਇਹ ਰੰਗ ਬਿਰੰਗੇ ਪੱਥਰ। ਕਿੰਝ ਕੀਤੀ ਹੋਵੇਗਾ ਇਹਨਾਂ ਦੀ ਰਚਨਾ ‘ਤੇ ਸਭ ਤੋਂ ਵੱਡਾ ਸੁਆਲ ਕਿ ਕਿਉਂ ਕੀਤੀ ਹੋਵੇਗੀ ਇਹਨਾਂ ਦੀ ਰਚਨਾ। ਜੀਵਨ ਦੇ ਰਹੱਸ ਨੂੰ ਨਿੱਤ ਹੋਰ ਡੂੰਘਾ ਕਰੀ ਜਾ ਰਹੇ ਹਨ ਇਹ ਨਿਰਜਿੰਦ, ਨਿਰਸਵਾਰਥ ਤੇ ਨਿਰਚਾਲੇ ਇਹ ਪੱਥਰ। ਰੁਤਾਂ ਤੇ ਸਮੇਂ ਤੋਂ ਰਹਿਤ ਇਹ ਮਨੁੱਖ ਨੂੰ ਸਹਿਜ ਦਾ ਸੁਨੇਹਾ ਦਿੰਦੇ ਪੱਥਰ ਭਾਵੇਂ ਮਨੁੱਖ ਜਿਹਾ ਦਿਲ ਤਾਂ ਨਹੀਂ ਰੱਖਦੇ ਪਰ ਮਨੁੱਖ ਨੂੰ ਨਿਰਸਵਾਰਥ ਤੇ ਮਜ਼ਬੂਤ ਹੋਣ ਦੀ ਤਾਕਤ ਜਰੂਰ ਬਖਸ਼ਦੇ ਹਨ। ਲੋੜ ਇਹਨਾਂ ਦੀ ਖੁਬਸੂਰਤੀ ਨੂੰ ਅੰਦਰੋਂ ਜਾਨਣ ਦੀ ਹੈ। ਆਓ ਇਹਨਾਂ ਤੋਂ ਕੁੱਝ ਸਿਖੀਏ।

ਜਿਸ ਕੌਮ ਨੇ ਆਪਣੀ ਵਿਰਾਸਤ ਸੰਭਾਲਣੀ ਹੁੰਦੀ ਹੈ, ਉਹ ਹਮੇਸ਼ਾ ਸੁਚੇਤ ਰਹਿੰਦੀ ਹੈ। ਅਸੀਂ ਅਕਸਰ ਹੀ ਆਪਣੀਆਂ ਵਿਰਾਸਤੀ ਚੀਜ਼ਾਂ ਨੂੰ ਵੇਚ-ਸੁੱਟ ਦਿੰਦੇ ਹਾਂ। ਮੈਨੂੰ ਯਾਦ ਹੈ ਇੱਕ ਵਾਰੀ ਮੈਂ ਕਿਸੇ ਤੋਂ ਵਿਰਾਸਤੀ ਭਾਂਡੇ ਮੁੱਲ ਲੈਣੇ ਚਾਹੇ ਤਾਂ ਉਨ੍ਹਾਂ ਨੇ ਉਹ ਸਭ ਕਬਾੜੀਆਂ ਨੂੰ ਫਟਾਫਟ ਚੁਕਾ ਦਿੱਤੇ। ਛੇਤੀ ਹੀ ਸਭ ਕੁੱਝ ਢਲਾਈ ਦੇ ਕਾਰਖਾਨਿਆਂ ਵਿੱਚ ਜਾ ਪਹੁੰਚਿਆ। ਅਸੀਂ ਆਪਣੀ ਵਿਰਾਸਤ ਨੂੰ ਸਿਰਫ਼ ਗਾਉਣ-ਵਜਾਉਣ ਤੱਕ ਹੀ ਸੀਮਤ ਕਰ ਦਿੱਤਾ ਹੈ। ਅਸੀਂ ਆਪਣੇ ਪੁਰਾਣੇ ਮਕਾਨ, ਕਲਾ ਕ੍ਰਿਤੀਆਂ ਜਾਂ ਦਰੱਖਤਾਂ ਨੂੰ ਹੀ ਭੁਲਾ ਦਿੱਤਾ ਹੈ। ਸਾਡੇ ਪੰਜਾਬ ਵਿੱਚ ਹਜ਼ਾਰਾਂ ਹੀ ਸਦੀਆਂ ਪੁਰਾਣੇ ਬੋਹੜ ਵੱਢ ਦਿੱਤੇ ਹਨ। ਸਿਰਫ਼ ਪਿੱਪਲ ਹੀ ਬਚੇ ਹਨ। ਉਹ ਵੀ ਪਾਪ ਦੇ ਡਰ ਕਰਕੇ। ਪਰ ਇਹ ਫੋਟੋ ਵਾਲਾ ਦਰੱਖਤ ਕਨੇਡਾ ਦੀ ਸਟੇਨਲੀ ਪਾਰਕ ਵਿੱਚ ਹਜ਼ਾਰ ਸਾਲ ਤੋਂ ਖੜਾ ਹੈ। ਕਹਿੰਦੇ ਹਨ ਇਸ ਦੀ ਖੋੜ ਵਿੱਚੋਂ 10 ਬੰਦਿਆਂ ਵਾਲੀ ਜੀਪ ¦ਘ ਜਾਂਦੀ ਸੀ। ਵੈਸੇ ਹੁਣ ਸਾਡੇ ਵੀ ਬੋਹੜਾਂ ਵਾਲੀ ਥਾਂ ਤੋਂ ਦਸ ਬੰਦਿਆਂ ਵਾਲੀ ਜੀਪ ¦ਘ ਜਾਂਦੀ ਹੈ। ਇਹੀ ਵਿਰਾਸਤ ਦੇ ਅਵੇਸਲੇਪਣ ਦੀ ਖੂਬਸੂਰਤ ਨਿਸ਼ਾਨੀ ਹੈ।

ਅਸੀਂ ਜੀਵਨ ਨੂੰ ਕਿਥੇ ਖੜ੍ਹ ਕਿ ਦੇਖਦੇ ਹਾਂ, ਇਹ ਇਕ ਬਹੁਤ ਹੀ ਅਹਿਮ ਗਲ ਹੈ। ਸਾਡੀਆਂ ਲੋੜਾਂ, ਸਾਡੇ ਸੁਪਨੇ ਤੇ ਸਾਡੀ ਸੋਚ ਦੀ ਸੀਮਾ ਹੀ ਸਾਡੀ ਅਜ਼ਾਦੀ ਦੀਆਂ ਹੱਦਾਂ ਮਿੱਥਦੀ ਹੈ। ਸੁੱਖਾਂ ਦੁੱਖਾਂ ਦੇ ਚੱਕਰਾਂ ‘ਚ ਪਏ ਲੋਕਾਂ ਨੂੰ ਬਹੁਤ ਵਾਰੀ ਪਤਾ ਹੀ ਨਹੀਂ ਚੱਲਦਾ ਕਿ, ਕੀ ਉਹ ਅਜ਼ਾਦ ਹਨ ਜਾਂ ਨਹੀਂ। ਸਮਰੱਥਾ ਤੋਂ ਤੇ ਲੋੜ ਤੋਂ ਵੱਧ ਸਾਧਨ ਹਮੇਸ਼ਾ ਹੀ ਸਾਨੂੰ ਅਜ਼ਾਦ ਹੋਣ ਦਾ ਭੁਲੇਖਾ ਪਾਉਂਦੇ ਰਹਿੰਦੇ ਹਨ। ਉਂਝ ਅਜ਼ਾਦੀ ਵਾੜ ਦੇ ਦੋਨੋ ਪਾਸੇ ਵੀ ਹੋ ਸਕਦੀ ਹੈ, ਪਰ ਇਸਨੂੰ ਸਮਝਣ ਤੇ ਮਾਨਣ ਲਈ ਆਪਣੇ ਵਿਚਾਰਾਂ ਨੂੰ ਬੰਨਣਾ ਪੈਦਾ ਹੈ ਜਾਂ ਇਓਂ ਕਹਿ ਲਵੋ ਕਿ ਗੁਲਾਮੀ ਤੇ ਅਜ਼ਾਦੀ ਦੀਆਂ ਹੱਦਾਂ ਨੂੰ ਰਲਗੱਡ ਕਰਨਾ ਪੈਂਦਾ ਹੈ। ਕੈਦ ਕਰਨ ਵਾਲਾ ਤੇ ਕੈਦ ਹੋਣ ਵਾਲਾ, ਦੋਨੋਂ ਗੁਲਾਮ ਹੋ ਸਕਦੇ ਹਨ। ਇਕ ਸਲਾਖਾਂ ਦਾ ਗੁਲਾਮ ਹੈ, ਇੱਕ ਨੂੰ ਸਲਾਖਾਂ ਦੀ ਰਖਿਆ ਲਈ ਸਮੇਂ ਦੀ ਗੁਲਾਮੀ ਕਰਨੀ ਪੈਂਦੀ ਹੈ। ਕੌਣ ਅਜ਼ਾਦ ਹੈ? ਇਹ ਸਵਾਲ ਹਮੇਸ਼ਾ ਹੀ ਖੜਾ ਰਹੇਗਾ। ਜਿੰਨੀ ਦੇਰ ਅਸੀ ਮਨ ਦੇ ਵੇਗ ਹੋ ਮੁਕਤ ਨਹੀਂ ਹੁੰਦੇ।

ਧਰਤੀ ਉਤੇ ਨਿੱਤ ਦਿਨ ਹੁੰਦੇ ਵਾਤਾਵਰਣ ਵਿਰੋਧੀ ਹਮਲਿਆਂ ਤੋਂ ਸੁਚੇਤ ਕਰਨ ਲਈ ਕਈ ਸੰਸਥਾਵਾਂ ਕੰਮ ਕਰ ਰਹੀਆਂ ਹਨ। ਬਹੁਤੇ ਲੋਕਾਂ ਨੇ ਤਾਂ ਇਸ ਨੂੰ ਪ੍ਰਸਿੱਧੀ ਜਾਂ ਧਨ ਇਕੱਠਾ ਕਰਨ ਦਾ ਤਕੜਾ ਸਾਧਨ ਬਣਾ ਲਿਆ ਹੈ। ਕਰਮਸ਼ੀਲਤਾ ਨਾਲੋਂ ਖਬਰਾਂ ਵੱਧ ਪੈਦਾ ਹੋ ਰਹੀਆਂ ਹੈ। ਆਪਣੇ ਭਰਮਣ ਦੇ ਦੂਜੇ ਪੜਾਅ ਵਿੱਚ ਮੈਨੂੰ ਯੇਲੋਸਟੋਨ ਪਾਰਕ ਦੇਖਣ ਦਾ ਮੌਕਾ ਮਿਲਿਆ। ਡੇਢ ਸੌ ਮੀਲ ਲੰਬੀ ਤੇ ਜਿੰਨੀ ਹੀ ਚੋੜੀ ਇਸ ਪਾਰਕ ਦੇ ਨਿਯਮ ਅਜੀਬ ਹਨ। ਇਥੇ ਕਿਸੇਦੇ ਟੈਲੀਵਿਜ਼ਨ, ਰੇਡੀਓ, ਇੰਟਰਨੈੱਟ ਜਾਂ ਫੋਨ ਦੇ ਟਾਵਰ ਲਗ ਹੀ ਨਹੀਂ ਸਕਦੇ। ਹਜ਼ਾਰਾਂ ਲੋਕ 7-7 ਦਿਨ ਇਥੇ ਇਹਨਾਂ ਸੁਵਿਧਾਵਾਂ ਤੋਂ ਬਿਨ੍ਹਾਂ ਹੀ ਕਰਦੇ ਹਨ। ਇਸ ਇਨੋਕਟਰੋਨਿਕ ਪ੍ਰਦਰਸ਼ਨ ਤੋਂ ਦੂਰ, ਕੁਦਰਤ ਵਿੱਚ ਮਨ ਦੀਆਂ ਗਹਿਰਾਈਆਂ ਤਕ, ਪਰਮਾਤਮਾ ਦਾ ਸੁਨੇਹਾ ਪਹੁੰਚਦਾ ਹੈ। ਇਥੇ ਜੰਗਲੀ ਫੁੱਲ ਖਿੜਦੇ ਹਨ ਤੇ ਆਪਣੀ ਪੂਰੀ ਉਮਰ ਜਿਉਂਦੇ ਹਨ। ਸਾਡੇ ਸ਼ਹਿਰਾਂ/ਪਿੰਡਾਂ ਵਿੱਚ ਅੱਜ ਕੱਲ੍ਹ ਬਿਜਲਈ ਤਰੰਗਾਂ ਦਾ ਜਾਲ ਵਿਛਿਆ ਪਿਆ ਹੈ। ਇਹ ਸਭ ਮਨੁੱਖ ਤੇ ਜ਼ਰੂਰ ਅਸਰ ਕਰਦੀਆਂ ਹਨ। ਇਸਦਾ ਸਬੂਤ ਉਹ ਫੋਨ ਚਾਰਜਰ ਪੁਰਜ਼ਾ ਹੈ ਜੋ ਇਹਨਾਂ ਤਰੰਗਾਂ ਤੋਂ ਬਿਜਲੀ ਪੈਦਾ ਕਰਨ ਲਗ ਪਿਆ। ਮੇਰੀ ਵਾਤਾਵਰਣ ਪ੍ਰੇਮੀਆਂ ਅੱਗੇ ਬੇਨਤੀ ਹੈ ਕਿ ਆਓ ਕੁਝ ਕਰਮਸ਼ੀਲ ਕਰੀਏ। ਪ੍ਰਦਰਸ਼ਨ ਦੀਆਂ ਕਿਸਮਾਂ ਨੂੰ ਲਭੀਏ ਤੇ ਧਰਤੀ ਨੂੰ ਰਹਿਣਜੋਗੀ ਬਣਾਈਏ।

ਜਦੋ ਭਰਮਣ ਤੇ ਨਿਕਲੋ ਤਾਂ ਸਭ ਤੋਂ ਚੰਗੀ ਗੱਲ ਹੁੰਦੀ ਹੈ ਕਿ ਤੁਸੀ ਕੁਦਰਤ ਦੀ ਰਚੀ ਇਸ ਧਰਤੀ ਤੇ ਇਸਦੇ ਰੰਗ ਬਹੁਤ ਨੇੜਿਉ ਹੋਕੇ ਦੇਖ ਸਕਦੇ ਹੋ | ਪਿਛਲੇ ਦਿਨੀ ਜਦੋ ਮੈਂ ਅਮਰੀਕਾ ਦੇ ਸ਼ਹਿਰ ਡੈਨਵਰ ਪਹੁੰਚਿਆ ਤਾਂ ਉਸਦੇ ਲਾਗੇ ਇੱਕ ਥਾਂ ਤੇ ਗਿਆ, ਜਿਸਨੂੰ ‘ਰੱਬ ਦਾ ਬਾਗ’ ਕਹਿੰਦੇ ਹਨ। ਇਹ ਵੱਡੇ ਵੱਡੇ ਲਾਲ ਪੱਥਰ ਦੇ ਪਹਾੜਾਂ ਦਾ ਬਣਿਆ ਹੋਇਆ ਹੈ। ਇਸਦਾ ਅਕਾਰ ਤੇ ਪੱਥਰ ਦਾ ਪੱਤਲਾ ਸਰੂਪ ਵੇਖਕੇ, ਅਚੰਭੇ ਵਿੱਚ ਪੈਣੋ ਨਹੀ ਰਿਹਾ ਜਾ ਸਕਦਾ , ਸਭ ਤੋ ਵੱਡੀ ਗੱਲ ਇਹ ਹੈ ਕਿ 100 ਸਾਲ ਪਹਿਲੋਂ ਇਸਦੀ 1000 ਏਕੜ ਜਮੀਨ ਦੇ ਮਾਲਕ ਨੇ ਇਸ ਸ਼ਰਤ ਉਤੇ ਸਰਕਾਰ ਨੂੰ ਇਹ ਥਾਂ ਦਿੱਤੀ ਕਿ ਇਸਨੂੰ ਦੇਖਣ- ਮਾਨਣ ਆਉਣ ਵਾਲੇ ਸੈਲਾਨੀਆਂ ਕੋਲੋਂ ਕੋਈ ਟਿਕਟ ਨਹੀਂ ਲਈ ਜਾਵੇਗੀ ਇਹੋ ਹੀ ਇਸਦੀ ਖੁਬਸੂਰਤੀ ਹੈ ,ਸੈਲਾਨੀ ਥਾਵਾਂ ਤੇ ਸਾਡੇ ਦੇਸ਼ ਅਤੇ ਵਿਦੇਸ਼ੀ ਥਾਵਾਂ ਤੇ ਹੁੰਦੀ ਲੁੱਟ-ਖਸੁੱਟ ,ਲੋਕਾਂ ਨੂੰ ਕੁਦਰਤ ਨਾਲੋਂ ਦੂਰ ਕਰਦੀ ਹੈ ਸਾਡੇ ਵੀ ਕਈ ਇਹੋ ਜਿਹੇ ਥਾਵਾਂ ਹਨ ਪਰ ਸੈਲਾਨੀਆਂ ਦੀ ਪੂਰੀ ਲੁੱਟ ਹੁੰਦੀ ਹੈ ਇਹ ਸਰਕਾਰਾਂ ਦਾ ਫਰਜ ਬਣਦਾ ਹੈ ਕਿ ਉਹ ਕੁਦਰਤ ਵੱਲੋਂ ਮਿਲੀਆਂ ਇਹਨਾਂ ਨੇਹਮਤਾਂ ਨਾਲ ਲੋਕਾਂ ਨੂੰ ਮੁਫਤ ਜੋੜਣ ਕੁਦਰਤ ਆਪੇ ਹੀ ਤੁਹਾਡੇ ਵਿਚਾਰਾਂ ਵਿਚ ਸ਼ਾਤੀ ਤਾਂ ਜਰੂਰ ਲੈ ਆਵੇਗੀ