ਇੰਟਰਨੈੱਟ (Internet)
ਇੰਟਰਨੈੱਟ ਦੁਨੀਆਂ ਦੇ ਬਹੁਤ ਸਾਰੇ ਕੰਪਿਊਟਰਾਂ ਦਾ ਇਕ ਵਿਸ਼ਾਲ ਜਾਲ ਹੈ । ਇਸ ਰਾਹੀਂ ਅਸੀਂ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰ ਸਕਦੇ ਹਾਂ । ਇੰਟਨੈੱਟ ਸਾਨੂੰ ਬੇਮਿਸਾਲ ਸੁਵਿਧਾਵਾਂ ਪ੍ਰਦਾਨ ਕਰਵਾਉਂਦਾ ਹੈ । ਇਹ ਸੂਚਨਾਵਾਂ ਸਾਡੇ ਸਕੂਲੀ ਪਾਠਕ੍ਰਮ ਤੋਂ ਲੈ ਕੇ ਵੱਡੀਆਂ ਤੇ ਗੁੰਝਲਦਾਰ ਜਾਣਕਾਰੀਆਂ ਨਾਲ ਸਬੰਧਿਤ ਹੋ ਸਕਦੀਆਂ ਹਨ । ਇੰਟਰਨੈਂਟ ਰਾਹੀਂ ਅਸੀਂ ਆਪਣੇ ਘਰ ਬੈਠੇ ਵਸਤੂਆਂ ਦੀ ਖਰੀਦੋ-ਫਰੋਖਤ ਕਰ ਸਕਦੇ ਹਾਂ । ਇੰਟਰਨੈੱਟ ਰਾਹੀਂ ਆਡੀਓ/ਵੀਡੀਓ ਜਾਂ ਲਿਖਤ ਸੰਦੇਸ਼ ਭੇਜਣੇ ਬਹੁਤ ਆਸਾਨ ਹੋ ਗਏ ਹਨ । ਇਹ ਇਕ ਅਜਿਹੀ ਬੇਮਿਸਾਲ ਸੁਵਿਧਾ ਹੈ ਜਿਸ ਰਾਹੀਂ ਸਮੇਂ ਅਤੇ ਧਨ ਦੀ ਕਾਫ਼ੀ ਬੱਚਤ ਹੁੰਦੀ ਹੈ ।
ਇਤਿਹਾਸ (Hiistory)
ਇੰਟਰਨੈੱਟ ਦੇ ਇਤਿਹਾਸ ਦੀਆਂ ਤੰਦਾਂ ਅਮਰੀਕਾ ਦੀ ਐਡਵਾਂਸ ਰਿਸਰਚ ਪ੍ਰੋਜੈੱਕਟ ਏਜੰਸੀ (ARPA) ਦੀ ਅਰਪਨੈੱਟ (ARPANET) ਪ੍ਰਣਾਲੀ ਨਾਲ ਜੁੜੀਆਂ ਹੋਈਆਂ ਹਨ । ਸਾਲ 1969 ਦੇ ਕਰੀਬ ਇੰਟਰਨੈੱਟ ਬਾਰੇ ਮੁੱਢਲਾ ਗਿਆਨ ਅਰਪਾਨੈੱਟ ਤੋਂ ਪ੍ਰਾਪਤ ਹੋਇਆ ਜਿਸ ਦੀ ਵਰਤੋਂ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨੂੰ ਸੂਚਨਾਵਾਂ ਦੇ ਸੰਚਾਰ ਲਈ ਆਪਸ ਵਿੱਚ ਜੋੜਿਆ ਜਾਣਾ ਸੀ । ਸਾਲ 1989 ਵਿੱਚ ਅਮਰੀਕਾ ਨੇ ਇੰਟਰਨੈੱਟ ਨੂੰ ਵਪਾਰਿਕ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ।
ਭਾਰਤ ਵਿੱਚ ਇੰਟਰਨੈੱਟ ਦੀ ਸ਼ੁਰੂਆਤ 15 ਅਗਸਤ 1995 ਵਿੱਚ ਹੋਈ । ਇਹ ਸੇਵਾ ਭਾਰਤ ਦੀ ਪਹਿਲੀ ਸਭ ਤੋਂ ਵੱਡੀ ਸੰਚਾਰ ਕੰਪਨੀ ਵਿਦੇਸ਼ ਸੰਚਾਰ ਨਿਗਮ ਲਿਮਟਿਡ (VSNL) ਨੇ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੀ ਮਦਦ ਨਾਲ ਚਾਰ ਮਹਾਂਨਗਰਾਂ ਵਿੱਚ ਸ਼ੁਰੂ ਕੀਤੀ ।
ਸੁਵਿਧਾਵਾਂ (Facilities)
ਇੰਟਰਨੈੱਟ ਸਾਨੂੰ ਬੇਮਿਸਾਲ ਸੁਵਿਧਾਵਾਂ ਪ੍ਰਦਾਨ ਕਰਵਾਉਂਦਾ ਹੈ ਜਿਸ ਕਾਰਨ ਇਸ ਦਾ ਉਪਯੋਗ ਦਿਨੋਂ-ਦਿਨ ਵਧਦਾ ਜਾ ਰਿਹਾ ਹੈ । ਆਓ ਇੰਟਰਨੈੱਟ ਦੀਆਂ ਸੁਵਿਧਾਵਾਂ ਦੀ ਚਰਚਾ ਕਰੀਏ -
1. ਈ-ਮੇਲ (E-mail)
ਈ-ਮੇਲ ਦਾ ਪੂਰਾ ਨਾਮ ਇਲੈਕਟ੍ਰੋਨਿਕ ਮੇਲ ਹੈ । ਇਹ ਆਧੁਨਿਕ ਕਿਸਮ ਦੀ ਸੰਚਾਰ ਪ੍ਰਣਾਲੀ ਹੈ । ਇਸ ਦੀ ਮਦਦ ਨਾਲ ਚਿੱਠੀਆਂ ਆਦਿ ਨੂੰ ਇਕ ਥਾਂ ਤੋਂ ਦੂਸਰੀ ਥਾਂ ‘ਤੇ ਭੇਜਿਆ ਜਾ ਸਕਦਾ ਹੈ । ਇਹ ਟੈਕਸਟ ਅਤੇ ਫੋਟੋਆਂ ਆਦਿ ਭੇਜਣ ਦਾ ਇਕ ਤੇਜ਼ ਰਫਤਾਰੀ ਤੇ ਭਰੋਸੇਮੰਦ ਤਰੀਕਾ ਹੈ ।
2. ਵੈੱਬਸਾਈਟ (Website)
ਇਸ ਨੂੰ ਡਬਲਯੂ. ਡਬਲਯੂ ਡਬਲਯੂ. ਜਾਂ ਵਰਲਡ ਵਾਈਡ ਵੈੱਬ ਵੀ ਕਿਹਾ ਜਾਂਦਾ ਹੈ । ਇਸ ਰਾਹੀਂ ਸੂਚਨਾਵਾਂ ਨੂੰ ਵੱਖ-ਵੱਖ ਵੈੱਬ ਪੇਜਾਂ (Web Pages) ਦੇ ਰੂਪ ਵਿਚ ਸਾਂਭ ਕੇ ਰੱਖਿਆ ਜਾਂਦਾ ਹੈ । ਇਹਨਾਂ ਵੈੱਬ ਪੇਜਾਂ ਦੇ ਸਮੂਹ ਨੂੰ ਵੈੱਬਸਾਈਟ ਕਿਹਾ ਜਾਂਦਾ ਹੈ । ਵੈੱਬਸਾਈਟ ਵਿਚ ਪਾਠ ਸਮੱਗਰੀ ਦੇ ਨਾਲ-ਨਾਲ, ਆਵਾਜ਼, ਫੋਟੋਆਂ ਤੇ ਵੀਡੀਓ ਆਦਿ ਦੀ ਸੁਵਿਧਾ ਵੀ ਉਪਲਬਧ ਹੁੰਦੀ ਹੈ । ਕਿਸੇ ਵੈੱਬਸਾਈਟ ਨੂੰ ਆਪਣੇ ਕੰਪਿਊਟਰ ਉੱਤੇ ਖੋਲ੍ਹਣ ਲਈ ਇਕ ਵਿਸ਼ੇਸ਼ ਕਿਸਮ ਦੇ ਪ੍ਰੋਗਰਾਮ ਜਿਵੇਂ ਕਿ ਇੰਟਰਨੈੱਟ ਐਕਸਪਲੋਰਰ ਦੀ ਲੋੜ ਪੈਂਦੀ ਹੈ ।
3. ਇੰਟਰਨੈੱਟ ਚਰਚਾ (Chatting)
ਇੰਟਰਨੈੱਟ ਚਰਚਾ ਅਰਥਾਤ ਚੈਟਿੰਗ ਰਾਹੀਂ ਤੁਸੀਂ ਦੁਨੀਆਂ ਭਰ ਵਿਚ ਕਿਧਰੇ ਵੀ ਸੰਚਾਰ ਸਬੰਧ ਸਥਾਪਿਤ ਕਰ ਸਕਦੇ ਹੋ । ਇਸ ਸੇਵਾ ਰਾਹੀਂ ਤੁਸੀਂ ਆਪਣੇ ਕੀਬੋਰਡ ਉੱਤੇ ਕੁਝ ਸ਼ਬਦ ਟਾਈਪ ਕਰ ਸਕਦੇ ਹੋ । ਦੂਸਰਾ ਇੰਟਰਨੈੱਟ ਵਰਤਣ ਵਾਲਾ ਤੁਹਾਨੂੰ ਉਸੇ ਤਰ੍ਹਾਂ ਜਵਾਬ ਦੇਵੇਗਾ ਜਿਵੇਂ ਕਿ ਤੁਸੀਂ ਇਕ ਦੂਜੇ ਨਾਲ ਹਕੀਕਤ ਵਿਚ ਗੱਲਬਾਤ ਕਰ ਰਹੇ ਹੋਵੋ । ਫਰਕ ਸਿਰਫ ਇੰਨਾ ਹੈ ਕਿ ਇਥੇ ਬੋਲਣ ਦੀ ਥਾਂ ‘ਤੇ ਲਿਖਤ ਸੰਚਾਰ ਕਰਵਾਇਆ ਜਾਂਦਾ ਹੈ । ਚੈਟਿੰਗ ਦੀ ਸਹੂਲਤ ਪ੍ਰਦਾਨ ਕਰਵਾਉਣ ਵਾਲੀਆਂ ਕੁਝ ਸਾਈਟਾਂ ਹਨ -
www.chat.yahoo.com
www.chat.sify.com
www.chat-avenue.com
www.en.wikipedia.org/wiki/Chat
www.chat.msn.com
www.messenger.yahoo.com
www.www.skyrock.com/chat
ਨੋਟ: ਕਈ ਵੈਬਸਾਈਟਾਂ ਨੇ ਵਾਈਸ ਅਤੇ ਵੀਡੀਓ ਚੈਟਿੰਗ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਹੈ ।
4. ਵਾਈਸ ਚੈਟਿੰਗ (Voice chatting)
ਤੁਸੀਂ ਦੂਰ-ਦੁਰਾਡੇ ਬੈਠੇ ਆਪਣੇ ਸਬੰਧੀ ਨਾਲ ਵਾਈਸ ਚੈਟਿੰਗ ਅਰਥਾਤ ਬੋਲ ਕੇ ਗੱਲਾਂ ਕਰ ਸਕਦੇ ਹੋ । ਇਸ ਦੀ ਕੀਮਤ ਤੁਹਾਡੇ ਰਾਹੀਂ ਐੱਸ.ਟੀ.ਡੀ., ਆਈ.ਐੱਸ.ਡੀ. (STD/ISD) ਰਾਹੀਂ ਅਦਾ ਕੀਤੀ ਜਾਣ ਵਾਲੀ ਕੀਮਤ ਤੋਂ ਕਿਤੇ ਘੱਟ ਹੈ ।
5. ਈ-ਕਾਮਰਸ (E-Commerce)
ਸ਼ਬਦ ‘ਕਾਮਰਸ’ ਵਸਤਾਂ ਦੀ ਖਰੀਦੋ-ਫਰੋਤ ਅਤੇ ਉਹਨਾਂ ਦੇ ਲੇਖੇ-ਜੋਖੇ ਨਾਲ ਸਬੰਧਿਤ ਹੈ । ਇੰਟਰਨੈੱਟ ਦੇ ਆਉਣ ਨਾਲ ਤੁਹਾਨੂੰ ਵਸਤਾਂ ਖਰੀਦਣ ਲਈ ਬਜਾਰ ਜਾਣ ਦੀ ਜਰੂਰਤ ਨਹੀਂ ।
6. ਸਰਫਿੰਗ (Surfing)
ਨੈੱਟ ਸਰਫਿੰਗ ਤੋਂ ਭਾਵ ਹੈ ਵੈੱਬਸਾਈਟ ਵਿਚ ਜਾਣਾ । ਆਖਰ ਇੰਟਰਨੈੱਟ ਉੱਤੇ ਜਾਣਕਾਰੀ ਦੀ ਫਰੋਲਾ-ਫਰੋਲੀ ਕਰਨਾ ਸਰਫਿੰਗ ਅਖਵਾਉਂਦਾ ਹੈ । ਵੈੱਬਸਾਈਟਾਂ ਰੂਪੀ ਸੂਚਨਾਵਾਂ ਦੇ ਵਿਸ਼ਾਲ ਸਮੁੰਦਰ ਵਿਚ ਚੁੱਭੀ ਮਾਰਨ ਲਈ ਵੈੱਬਸਾਈਟ ਦੇ ਪਤੇ ਦੀ ਲੋੜ ਪੈਂਦੀ ਹੈ । ਐਡਰੈਸ ਬਾਰ ਉੱਪਰ ਵੈੱਬਸਾਈਟ ਦਾ ਪਤਾ ਲਿਖੋ ਐਂਟਰ ਕੀਅ ਦਬਾਓ ਤੇ ਇਸ ਵਿਸ਼ਾਲ ਸਮੁੰਦਰ ਦੀ ਤਹਿ ਤੱਕ ਪਹੁੰਚ ਜਾਵੋ ।
ਸਰਚ ਇੰਜਨ (Search Engine)
ਸਰਚ ਇੰਜਨ ਇਕ ਸ਼ਕਤੀਸ਼ਾਲੀ ਪ੍ਰੋਗਰਾਮ ਹੁੰਦਾ ਹੈ । ਸਰਚ ਇੰਜਣ ਰਾਹੀਂ ਤੁਸੀਂ ਕਿਸੇ ਵਿਸ਼ੇਸ਼ ਸ਼ਬਦ/ਸਿਰਲੇਖ ਆਦਿ ਨਾਲ ਸਬੰਧਿਤ ਵੈੱਬਸਾਈਟਾਂ ਦੀ ਸੂਚੀ ਦੀ ਖੋਜ ਕਰ ਸਕਦੇ ਹੋ । ਜੇਕਰ ਤੁਸੀਂ ਕਿਸੇ ਅਦਾਰੇ ਦੀ ਵੈੱਬਸਾਈਟ ਤੋਂ ਕੁੱਝ ਜਾਣਕਾਰੀ ਲੈਣਾ ਚਾਹੁੰਦੇ ਹੋ ਪਰ ਉਸ ਦਾ ਵੈੱਬ ਐਡਰੈੱਸ ਭੁੱਲ ਗਏ ਹੋ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ । ਇੱਥੇ ਸਰਚ ਇੰਜਨ ਤੁਹਾਡੀ ਮਦਦ ਕਰੇਗਾ । ਸਰਚ ਦੀ ਸੁਵਿਧਾ ਮੁਹੱਈਆ ਕਰਵਾਉਣ ਵਾਲੀ ਕਿਸੇ ਵੈੱਬਸਾਈਟ ਨੂੰ ਖੋਲ੍ਹੋ । ਉਸ ਦੇ ਸਰਚ ਟੈਕਸਟ ਬਾਕਸ ਵਿਚ ਸ਼ਬਦ/ਨਾਮ ਆਦਿ ਟਾਈਪ ਕਰੋ ਤੇ ‘’ਸਰਚ ਬਟਨ'’ ਉੱਤੇ ਕਲਿੱਕ ਕਰ ਦੇਵੋ । ਹੁਣ ਤੁਹਾਡੇ ਸਾਹਮਣੇ ਉਸ ਸ਼ਬਦ ਜਾਂ ਨਾਮ ਨਾਲ ਸਬਧਿਤ ਵੈੱਬਸਾਈਟਾਂ ਦੀ ਸੂਚੀ ਨਜ਼ਰ ਆਵੇਗੀ । ਸੂਚੀ ਵਿਚੋਂ ਲੋੜੀਂਦੀ ਸਾਈਟ ਉੱਤੇ ਕਲਿੱਕ ਕਰੋ ਤੇ ਆਪਣਾ ਕਾਰਜ ਪੂਰਾ ਕਰੋ । ਇੰਟਰਨੈੱਟ ਤੋਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਹੇਠਾਂ ਲਿਖੇ ਸਰਚ ਇੰਜਨਾਂ ਦਾ ਇਸਤੇਮਾਲ ਕਰ ਸਕਦੇ ਹੋ -
www.google.com
www.yahoo.com.
www.excite.com
www.khoj.com
www.altavista.com
www.hotbot.com
www.infind.com
www.search.com
www.dogpile.com
www.ask.com
www.punjabikhoj.com
ਨੋਟ: ਗੂਗਲ ਸਭ ਤੋਂ ਸ਼ਕਤੀਸ਼ਾਲੀ ਸਰਚ ਇੰਜਨ ਹੈ । ਪੰਜਾਬੀ ਖੋਜ (punjabikhoj) ਰਾਹੀਂ ਤੁਸੀਂ ਪੰਜਾਬੀ ਦੀਆਂ ਵੈੱਬਸਾਈਟਾਂ ਵਿਚੋਂ ਜਾਣਕਾਰੀ ਲੱਭ ਸਕਦੇ ਹੋ ।
ਇੰਟਰਨੈੱਟ ਨਾਲ ਜੁੜੇ ਮਹੱਤਵਪੂਰਨ ਸ਼ਬਦ
(Important words related to Internet)
1. ਯੂਜ਼ਨੈੱਟ (Usenet)
ਜਦੋਂ ਕਿਸੇ ਵਿਸ਼ੇ ਉੱਤੇ ਚਰਚਾ ਕਰਨ ਲਈ ਵੱਖ-ਵੱਖ ਵਾਲੇ ਸਮੂਹਾਂ ਦਰਮਿਆਨ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਵਾਉਣਾ ਹੋਵੇ ਤਾਂ ਯੂਜਨੈੱਟ ਦੀ ਵਰਤੋਂ ਕੀਤੀ ਜਾਂਦੀ ਹੈ । ਯੂਜਨੈੱਟ ਰਾਹੀਂ ਕਿਸੇ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਵਿਅਕਤੀਆਂ ਵੱਲੋਂ ਭੇਜੇ ਸੁਨੇਹੇ ਇਕੱਤਰ ਹੁੰਦੇ ਹਨ ਜਿਵੇਂ ਕਿ - ਸਿੱਖਿਆ, ਖੇਡਾਂ, ਮਨੋਰੰਜਨ ਕੰਪਿਊਟਰ ਅਤੇ ਰਾਜਨੀਤੀ ਆਦਿ
2. ਐੱਫ.ਟੀ.ਪੀ. (FTP)
ਐੱਫ.ਟੀ.ਪੀ. ਦਾ ਪੂਰਾ ਨਾਮ ਫਾਈਲ ਟ੍ਰਾਂਸਫਰ ਪ੍ਰੋਟੋਕਾਲ (File Transfer Protocol) ਹੈ । ਇਹ ਫਾਈਲਾਂ ਨੂੰ ਇਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੱਕ ਸਥਾਨਅੰਤਰਣ ਕਰਨ ਦੀ ਪ੍ਰਵਾਨਗੀ ਦਿੰਦਾ ਹੈ । ਕੰਪਿਊਟਰ ਵਿਚ ਸਾਂਭੀ ਕਿਸੇ ਪ੍ਰਕਾਰ ਦੀ ਸਮੱਗਰੀ ਨੂੰ ਦੂਸਰੇ ਕੰਪਿਊਟਰ ਤੱਕ FTP ਦੇ ਸਹਾਰੇ ਬਦਲਿਆ ਜਾ ਸਕਦਾ ਹੈ । ਇਹ ਇਕ ਤਰ੍ਹਾਂ ਦੇ ਨੀਯਮ ਜਾਂ ਕਾਨੂੰਨ ਹੁੰਦੇ ਹਨ ।
3. ਟੈਲਨੈੱਟ (Telnet)
ਤੁਸੀਂ ਆਪਣੇ ਦਫਤਰ ਵਿਚ ਕੰਪਿਊਟਰ ਉੱਤੇ ਕੰਮ ਕਰ ਰਹੋ ਹੋ ਪਰ ਤੁਸੀਂ ਉਹ ਫਾਈਲ ਵਰਤਣਾ ਚਾਹੁੰਦੇ ਹੋ ਜੋ ਤੁਸੀਂ ਆਪਣੇ ਘਰ ਦੇ ਕੰਪਿਊਟਰ ਵਿਚ ਬਣਾਈ ਸੀ । ਇੰਟਰਨੈੱਟ ਦੀ ਟੈਲਨੈੱਟ ਸੇਵਾ ਰਾਹੀਂ ਤੁਸੀਂ ਆਪਣੇ ਦਫਤਰ ਦੇ ਕੰਪਿਊਟਰ ਉੱਪਰ ਘਰ ਦੇ ਕੰਪਿਊਟਰ ਉੱਤੇ ਬਣਾਈ ਫਾਈਲ ਖੋਲ ਸਕਦੇ ਹੋ। ਇਹ ਇਕ ਰਿਮੋਟ ਲਾਗਇਨ ਸੇਵਾ ਹੈ । ਕੋਈ ਵੀ ਵਰਤੋਂਕਾਰ ਆਪਣੇ ਕੰਪਿਊਟਰ ਉੱਪਰ ਟੈਲਨੈੱਟ ਕਮਾਂਡ ਦਾ ਇਸਤੇਮਾਲ ਕਰ ਕੇ ਦੂਸਰੇ ਕੰਪਿਊਟਰ ਨੂੰ ਲਾਗ ਇਨ (login) ਕਰ ਸਕਦਾ ਹੈ ।
4. ਡੋਮੇਨ ਨੇਮ (Domain Name)
ਇੰਟਰਨੈੱਟ ਨਾਲ ਜੁੜੇ ਹਰੇਕ ਕੰਪਿਊਟਰ ਦਾ ਇਕ ਆਪਣਾ ਖਾਸ ਨਾਮ ਹੁੰਦਾ ਹੈ ਜਿਸ ਨੂੰ ਇੰਟਰਨੈੱਟ ਪ੍ਰੋਟੋਕਾਲ ਪਤਾ ਜਾਂ ਆਈ.ਪੀ. ਕਿਹਾ ਜਾਂਦਾ ਹੈ । ਆਈ.ਪੀ. ਪਤਾ ਯਾਦ ਰੱਖਣ ‘ਚ ਮੁਸ਼ਕਿਲ ਆਉਂਦੀ ਹੈ ਜਿਸ ਕਾਰਨ ਸੂਚਨਾ ਨੂੰ ਆਸਾਨ ਢੰਗ ਨਾਲ ਇਕ ਹੀ ਨਾਮ ਵਿਚ ਸੂਚੀਬੰਦ ਕਰਨ ਲਈ ਇਕ ਨਵੀਂ ਪ੍ਰਣਾਲੀ ਵਿਕਸਿਤ ਕੀਤੀ ਗਈ । ਇਸ ਨਵੀਂ ਪ੍ਰਣਾਲੀ ਨੂੰ ਡੋਮੇਨ ਨਾਮ ਸਿਸਟਮ ਜਾਂ ਖੇਤਰੀ ਨਾਮ ਪ੍ਰਣਾਲੀ ਕਹਿੰਦੇ ਹਨ । ਡੋਮੇਨ ਨੇਮ ਪਤੇ ਦੇ ਦੋ ਭਾਗ ਹੁੰਦੇ ਹਨ - ਪਹਿਲਾ ਕੋਈ ਨਾਮ ਅਤੇ ਦੂਸਰਾ ਡੋਮੇਨ
ਇੰਟਰਨੈੱਟ ਡੋਮੇਨ
.com ਵਪਾਰ
.edu ਸਿੱਖਿਆ
.gov ਸਰਕਾਰ
.mil ਫੌਜ
.net ਗੇਟਵੇਅ ਜਾਂ ਹਾਸਟ
.org ਹੋਰ ਸੰਸਥਾਨ
ਉਦਾਹਰਨ ਵਜੋਂ ਹੇਠਾਂ ਲਿਖੇ ਡੋਮੇਨ ਨੇਮ ਪਤੇ ਦੀ ਗੱਲ ਕਰਦੇ ਹਾਂ -
www.yahoo.com.
ਇਹ ਯਾਹੂ ਨਾਮ ਦੀ ਵੈੱਬਸਾਈਟ ਵਪਾਰਿਕ ਸੰਸਥਾਨ ਨੂੰ ਦਰਸਾਉਂਦੀ ਹੈ ।
5. ਬ੍ਰਾਊਜ਼ਰ (Browser)
ਬ੍ਰਾਊਜ਼ਰ ਇਕ ਮਹੱਤਵਪੂਰਨ ਸਾਫਟਵੇਅਰ ਹੈ ਜੋ ਕੰਪਿਊਟਰ ਨੂੰ ਇੰਟਰਨੈੱਟ ਨਾਲ ਜੋੜਨ ‘ਚ ਮਦਦ ਕਰਦਾ ਹੈ । ਬ੍ਰਾਊਜ਼ਰ ਤੋਂ ਬਿਨਾਂ ਅਸੀਂ ਇੰਟਰਨੈੱਟ ਦੀ ਕਲਪਨਾ ਨਹੀਂ ਕਰ ਸਕਦੇ । ਅੱਜ ਬਾਜ਼ਾਰ ਵਿਚ ਬਹੁਤ ਸਾਰੇ ਬ੍ਰਾਊਜ਼ਰ ਉਪਲੱਬਧ ਹਨ । ਮਾਇਕ੍ਰੋਸਾਫਟ ਕਾਰਪੋਰੇਸ਼ਨ ਦਾ ਇੰਟਰਨੈੱਟ ਐਕਸਪਲੋਰਰ ਨਾਮਕ ਬ੍ਰਾਊਜ਼ਰ ਬਹੁਤ ਲੋਕਪ੍ਰਿਆ ਹੈ । ਨੈੱਟਸਕੇਪ ਕੰਮਿਊਨੀਕੇਟਰ ਇਕ ਹੋਰ ਮਹੱਤਵਪੂਰਨ ਬ੍ਰਾਊਜ਼ਰ ਹੈ ।
6. ਟੀ.ਸੀ.ਪੀ./ਆਈ.ਪੀ. (TCP/IP)
ਇੰਟਰਨੈੱਟ ਉੱਪਰ ਸੂਚਨਾਵਾਂ ਦੇ ਆਦਾਨ-ਪ੍ਰਦਾਨ ਲਈ ਕੁਝ ਨਿਯਮਾਂ ਦੀ ਲੋੜ ਪੈਂਦੀ ਹੈ । ਅਜਿਹੇ ਨਿਯਮਾਂ ਜਾਂ ਕਨੂੰਨਾਂ ਨੂੰ ਟੀ.ਸੀ.ਪੀ./ਆਈ.ਪੀ. (ਟ੍ਰਾਂਸਫਰ ਕੰਟਰੋਲ ਪ੍ਰੋਟੋਕਾਲ/ਇੰਟਰਨੈੱਟ ਪ੍ਰੋਟੋਕਾਲ) ਕਿਹਾ ਜਾਂਦਾ ਹੈ । ਟੀ.ਸੀ.ਪੀ. ਅਤੇ ਆਈ.ਪੀ. ਦੇ ਸੁਮੇਲ ਨਾਲ ਇੰਟਰਨੈੱਟ ਦੀ ਭਾਸ਼ਾ ਦਾ ਨਿਰਮਾਣ ਹੁੰਦਾ ਹੈ । ਇੰਟਰਨੈੱਟ ਨਾਲ ਜੁੜਿਆ ਹਰੇਕ ਕੰਪਿਊਟਰ ਇਸ ਭਾਸ਼ਾ ਨੂੰ ਸਮਝਦਾ ਹੈ । ਇਹ ਪ੍ਰੋਟੋਕਾਲ ਸਾਡੀਆਂ ਸੂਚਨਾਵਾਂ ਦੀ ਬਦਲੀ ਦੌਰਾਨ ਸੁਰੱਖਿਆ ਪ੍ਰਦਾਨ ਕਰਵਾਉਂਦੇ ਹਨ ।
7. ਐੱਚ.ਟੀ.ਐੱਮ.ਐੱਲ. (HTML)
ਇਸ ਦਾ ਪੂਰਾ ਨਾਮ ਹਾਇਪਰ ਟੈਕਸਟ ਮਾਰਕਅਪ ਲੈਂਗੁਅਜ਼ ਹੈ । ਇਹ ਇਕ ਕਿਸਮ ਦੀ ਭਾਸ਼ਾ ਹੈ ਜਿਸ ਵਿਚ ਵੈੱਬ ਪੇਜ਼ ਤਿਆਰ ਕੀਤੇ ਜਾਂਦੇ ਹਨ । ਇਹਨਾਂ ਵੈੱਬ ਪੇਜ਼ਾਂ ਤੋਂ ਵੈੱਬਸਾਈਟ ਬਣਦੀ ਹੈ । ਜਦੋਂ ਅਸੀਂ ਕਿਸੇ ਵੈੱਬ ਪੇਜ਼ ਨੂੰ ਦੂਸਰੇ ਕੰਪਿਊਟਰ ਉੱਤੇ ਖੋਲਦੇ ਹਾਂ ਤਾਂ ਸਾਫਟਵੇਅਰ ਇਸ ਨੂੰ ਆਪਣੇ ਮੂਲ ਰੂਪ ਵਿਚ ਬਦਲ ਦਿੰਦਾ ਹੈ । ਵੈੱਬ ਪੇਜਾਂ ਦੀ ਤਿਆਰੀ ਵਿਚ ਜਾਵਾ ਐਪਲੇਟਸ ਅਤੇ ਫਰੰਟ ਪੇਜ਼, ਡਰੀਮ ਵੀਵਰ ਆਦਿ ਪ੍ਰੋਗਰਾਮਾਂ ਦੀ ਵਰਤੋਂ ਵੀ ਹੋ ਰਹੀ ਹੈ ।
8. ਯੂ.ਆਰ.ਐਲ. (URL)
ਯੂ.ਆਰ.ਐੱਲ. ਦਾ ਪੂਰਾ ਨਾਮ ਯੂਨੀਫਾਰਮ ਰਿਸੋਰਸ ਲੋਕੇਟਰ (Uniform Resource Locator) ਹੈ । ਇਹ ਇੰਟਰਨੈੱਟ ਦੇ ਸ੍ਰੋਤਾਂ (Resources) ਤੱਕ ਪਹੁੰਚਣ ਦੀ ਇਕ ਮਹੱਤਵਪੂਰਨ ਵਿਧੀ ਹੈ । ਇਸ ਵਿਚ ਇੰਟਰਨੈੱਟ ਦੇ ਵੱਖ-ਵੱਖ ਸ੍ਰੋਤਾਂ ਅਤੇ ਉਹਨਾਂ ਤੱਕ ਪਹੁੰਚਣ ਦੇ ਤਰੀਕੇ (Methods) ਬਾਰੇ ਜਾਣਕਾਰੀ ਹੁੰਦੀ ਹੈ ।
9. ਹਾਈਪਰ ਲਿੰਕ (Hyper Link)
ਵੈਬਸਾਈਟਾਂ ਉਪਰ ਬਹੁਤ ਸਾਰੇ ਲਿੰਕ ਹੁੰਦੇ ਹਨ । ਇਹ ਲਿੰਕ ਇਕ ਵੈੱਬ ਪੰਨੇ ਨੂੰ ਉਸੇ ਸਾਈਟ ਜਾਂ ਕਿਸੇ ਦੂਸਰੀ ਸਾਈਟ ਦੇ ਨਵੇਂ ਵੈੱਬ ਪੰਨੇ ਨਾਲ ਜੋੜਨ ਦਾ ਕੰਮ ਕਰਦੇ ਹਨ । ਇਹਨਾਂ ਲਿੰਕਸ ਨੂੰ ਹਾਈਪਰ ਲਿੰਕ ਜਾਂ ਹਾਈਪਰ ਟੈਕਸਟ ਕਿਹਾ ਜਾਂਦਾ ਹੈ । ਜਦੋਂ ਅਸੀਂ ਆਪਣੀ ਵੈੱਬਸਾਈਟ ਉੱਤੇ ਮਾਊਸ ਪੁਆਇੰਟਰ ਘੁੰਮਾਉਂਦੇ ਹਾਂ ਤਾਂ ਹਾਇਪਰ ਲਿੰਕ ਉੱਤੇ ਪਹੁੰਚ ਕੇ ਇਸ ਦੀ ਸ਼ਕਲ ਹੱਥ ਵਰਗੀ ਬਣ ਜਾਂਦੀ ਹੈ । ਇਸ ਉੱਤੇ ਕਲਿੱਕ ਕਰਨ ਨਾਲ ਲਿੰਕ ਕੀਤਾ ਹੋਇਆ ਨਵਾਂ ਪੇਜ਼ ਖੁਲ੍ਹ ਜਾਂਦਾ ਹੈ ।
ਇੰਟਰਨੈੱਟ ਨਾਲ ਜੁੜਨ ਲਈ ਲੋੜਾਂ
(Requirement to connect with Internet) :
ਜੇਕਰ ਤੁਸੀਂ ਇੰਟਰਨੈੱਟ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਹੇਠਾਂ ਲਿਖੀਆਂ ਚੀਜਾਂ ਦੀ ਜਰੂਰਤ ਪਵੇਗੀ-
1. ਕੰਪਿਊਟਰ (Computer)
ਇੰਟਰਨੈੱਟ ਨਾਲ ਜੁੜਨ ਲਈ ਸਭ ਤੋਂ ਮੁੱਢਲੀ ਲੋੜ ਹੈ-ਕੰਪਿਊਟਰ । ਵਧੀਆ ਨੈੱਟ ਸੂਵਿਧਾਵਾਂ ਪ੍ਰਾਪਤ ਕਰਨ ਲਈ ਤੁਹਾਡੇ ਕੰਪਿਊਟਰ ਦੀ ਹੇਠਾਂ ਲਿਖੀ ਕਾਨਫੀਗ੍ਰੇਸ਼ਨ (Configuration) ਹੋਣੀ ਬਹੁਤ ਜਰੂਰੀ ਹੈ –
ੳ) ਪ੍ਰੋਸੈਸਰ ਸੈਲੇਰਾਨ, ਸਾਇਰੈਕਸ ਜਾਂ ਇਸ ਤੋਂ ਉੱਪਰ
ਅ) ਕੰਪਿਊਟਰ ਵਿਚ 64 MB ਜਾਂ ਇਸ ਤੋਂ ਵੱਧ ਸਮੱਰਥਾ ਵਾਲੀ RAM
(ੲ) 25 MB ਡਿਸਕ ਸਪੇਸ ਅਤੇ ਘੱਟੋ-ਘੱਟ 56 kbps ਮਾਡਮ
ਨੋਟ : ਅੱਜ ਦੀ ਨਵੀਂ ਪੀੜ੍ਹੀ ਲਈ ਪੈਂਟੀਅਮ-IV ਲੜੀ ਦੇ ਕੰਪਿਊਟਰ ਵਧੇਰੇ ਉਪਯੋਗੀ ਮੰਨੇ ਗਏ ਹਨ ।
2. ਮਾਡਮ (MoDem)
ਮਾਡਮ ਦਾ ਪੂਰਾ ਨਾਮ ਹੈ : ਮਾਡੂਲੇਟਰ - ਡੀਮਾਡੂਲੇਟਰ । ਇਹ ਇੱਕ ਇਲੈਕਟ੍ਰੋਨਿਕ ਉਪਕਰਨ ਹੈ ਜਿਸ ਰਾਹੀਂ ਅਸੀਂ ਸੂਚਨਾਵਾਂ ਨੂੰ ਟੈਲੀਫੋਨ ਲਾਈਨ ਦੇ ਜ਼ਰੀਏ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕਦੇ ਹਾਂ । ਇਸ ਦਾ ਕੰਮ ਐਨਾਲਾਗ ਸਿਗਨਲ ਨੂੰ ਡਿਜ਼ਟਲ ਅਤੇ ਡਿਜਟਲ ਸਿਗਨਲ ਨੂੰ ਐਨਾਲਾਗ ਸਿਗਨਲ ਵਿਚ ਬਦਲਣਾ ਹੁੰਦਾ ਹੈ । ਇਹ ਦੋ ਪ੍ਰਕਾਰ ਦੇ ਹੁੰਦੇ ਹਨ - ਇੰਟਰਨਲ ਅਤੇ ਐਕਸਟਰਨਲ ।
ਨੋਟ: ਜਿਆਦਾਤਰ ਇੰਟਰਨਲ ਮਾਡਮ ਹੀ ਵਰਤੇ ਜਾਂਦੇ ਹਨ ।
3. ਇੰਟਰਨੈੱਟ ਕੁਨੈਕਸ਼ਨ (Internet Connection)
ਇੰਟਰਨੈੱਟ ਨਾਲ ਜੁੜਨ ਲਈ ਤੁਹਾਡਾ ਇਕ ਇੰਟਰਨੈੱਟ ਕੁਨੈਕਸ਼ਨ ਜਾਂ ਖਾਤਾ ਹੋਣਾ ਬਹੁਤ ਜਰੂਰੀ ਹੈ । ਇਹ ਖਾਤਾ ਇੰਟਰਨੈੱਟ ਸਰਵਿਸ ਪ੍ਰੋਵਾਈਡਰ (ISP) ਦੁਆਰਾ ਕੁਝ ਰਕਮ ਦੇਣ ਉਪਰੰਤ ਪ੍ਰਦਾਨ ਕੀਤਾ ਜਾਂਦਾ ਹੈ ।
ਨੋਟ: ਅੱਜ ਕਲ੍ਹ ਕਈ ISPs ਮੁਫਤ ਵਿਚ ਇੰਟਰਨੈੱਟ ਕੁਨੈਕਸ਼ਨ ਦੇ ਰਹੀਆਂ ਹਨ ।
4. ਟੈਲੀਫੋਨ ਲਾਈਨ (Telephone Line)
ਇੰਟਰਨੈੱਟ ਸਰਵਰ ਨੂੰ ਜੋੜਨ ਲਈ ਤੁਹਾਨੂੰ ਟੈਲੀਫੋਨ ਲਾਈਨ ਦੀ ਜਰੂਰਤ ਪੈਂਦੀ ਹੈ ।
ਨੋਟ: ਹੁਣ ‘ਵਾਈ ਫਾਈ’ ਨਾਮਕ ਨਵੀਂ ਤਕਨੀਕ ਦੇ ਆਉਣ ਨਾਲ ਤਾਰਾਂ ਆਦਿ ਦਾ ਝੰਜਟ ਖਤਮ ਹੋ ਗਿਆ ਹੈ ।
5. ਬ੍ਰਾਊਜ਼ਰ (Browser)
ਇਸ ਦੀ ਸਹਾਇਤਾ ਨਾਲ ਅਸੀਂ ਵੈੱਬ ਪੇਜਾਂ ਤੱਕ ਪਹੁੰਚ ਸਕਦੇ ਹਾਂ । ਆਮ ਵਰਤੋਂ ਵਾਲੇ ਵੈੱਬ ਬ੍ਰਾਊਜ਼ਰ ਇੰਟਰਨੈੱਟ ਐਕਸਪਲੋਰਰ ਅਤੇ ਨੈੱਟਸਕੇਪ ਕਮਿਊਨੀਕੇਟਰ ਹਨ। ਇਹ ਇਕ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਹੈ ।
ਨੋਟ : ਇੰਟਰਨੈੱਟ ਐਕਸਪਲੋਰਰ ਵਿੰਡੋਜ਼ ਆਪਰੇਟਿੰਗ ਸਿਸਟਮ ਨਾਲ ਆਪਣੇ-ਆਪ ਮੁੱਫਤ ਵਿਚ ਲੋਡ ਹੋ ਜਾਂਦਾ ਹੈ ।
ਸੀ. ਪੀ. ਕੰਬੋਜ
ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ
ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ (ਭਾਰਤ)










