ਉਦਾਸੀ
ਜਦ ਉਦਾਸੀ ਦੀ ਗੱਲ ਚੱਲਦੀ ਹੈ ਤਾਂ ਲੱਗਦਾ ਹੈ ਬੜੀ ਮਾਯੂਸੀ ਦੀ
ਗੱਲ ਹੋ ਰਹੀ ਹੈ। ਉਦਾਸੀ ਦੇ ਕਾਰਣਾਂ ਤੇ ਝਾਤ ਮਾਰੀਏ ਤਾਂ ਆਪਾਂ ।ਮਨ ਦਾ
ਉਚਾਟ ਹੋਣਾ। ਉਦਾਸੀ ਦਾ ਪ੍ਰਮੁੱਖ ਕਾਰਣ ਵੇਖਦੇ ਹਾਂ।
ਉਦਾਸੀ, ਕੁਝ ਹੋਰ ਨਹੀਂ ਹੈ ਆਪਣੇ ਮਨ ਦੀ ਵਿਵਸਥਾ ਕਰਨ ਵਿੱਚ ਬੰਦੇ
ਦੀ ਨਾਕਾਮੀ ਦਾ ਸਿੱਟਾ ਹੀ ਤਾਂ ਹੈ।
ਰਤਾ ਕੁ ਹੋਰ ਖੋਲ੍ਹ ਕੇ ਵਿਚਾਰੀਏ ਤਾਂ ਆਪਾਂ ਵੇਖਾਂਗੇ ਕਿ ਇਨਸਾਨ ਦੇ ਕੋਲ
ਵੱਖ-ਵੱਖ ਤਰ੍ਹਾਂ ਦੇ ਦ੍ਰਿਸ਼ਟੀ-ਕੋਣ ਮੌਜੂਦ ਹਨ। ਆਪਣੇ ਪਰਿਵਾਰ ਪਾਸੋਂ ਮਿਲੇ ਗੁਣਾਂ
ਸੰਸਕਾਰਾਂ ਦੇ ਆਧਾਰ ਤੇ ਕਿਸ ਇਨਸਾਨ ਕੋਲ ਕਿਸ ਤਰ੍ਹਾਂ ਦਾ ਵਿਕਸਿਤ ਦ੍ਰਿਸ਼ਟੀਕੋਣ
ਹੈ ਇਹ ਦ੍ਰਿਸ਼ਟੀਕੋਣ ਹੀ ਮੂਲ ਬਣਦਾ ਇਨਸਾਨ ਦੇ ਵਿਅਕਤੀਤਵ ਦਾ।
ਕੁਝ ਇਨਸਾਨਾਂ ਦਾ ਵਿਅਕਤੀਤਵ ਅਜਿਹਾ ਹੁੰਦਾ ਹੈ ਕਿ ਉਹ ਹਰ ਵੇਲੇ ਚੜ੍ਹਦੀ
ਕਲਾ ਵਿੱਚ ਰਹਿੰਦੇ ਹਨ। ਉਦਾਸੀ ਓਹਨਾਂ ਦੇ ਨੇੜੇ ਤੇੜੇ ਵੀ ਨਹੀਂ ਫਟਕ ਸਕਦੀ ਪਰੰਤੂ
ਕੁਝ ਇਨਸਾਨ ਨਿੱਕੀ ਜਿਹੀ ਘਟਨਾ ਤੋਂ ਹੀ ਉਦਾਸ ਉਚਾਟ ਹੋ ਕੇ ਬਹਿ ਜਾਂਦੇ ਹਨ।
ਕਿਧਰੇ ਕਿਸੇ ਪਿੰਡ ਇੱਕ ਅਜਿਹੇ ਇਨਸਾਨ ਬਾਰੇ ਮੰਨ ਕੇ ਚੱਲੀਏ ਕਿ ਓਸ
ਨੇ ਕੁੱਕੜੀਆਂ ਵੀ ਪਾਲੀਆਂ ਨੇ ਅਤੇ ਬੱਤਖਾਂ ਵੀ ਪਾਲੀਆਂ ਨੇ। ਕੁਦਰਤ ਦੀ ਕਰੋਪੀ ਕਿ
ਓਸ ਪਿੰਡ ਵਿੱਚ ਹੜ੍ਹ ਆ ਜਾਵੇ ਓਸ ਦੀਆਂ ਸਾਰੀਆਂ ਮੁਰਗੀਆਂ ਹੜਾਂ ਕਾਰਣ ਮਰ
ਜਾਣ।ਇਸ ਵਰਤਾਰੇ ਨੂੰ ਓਹ ਵਿਅਕਤੀ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਸੋਚੇਗਾ ।ਜੇਕਰ
ਉਹ ਚੜ੍ਹਦੀ ਕਲਾ ਵਾਲੇ ਦ੍ਰਿਸ਼ਟੀਕੋਣ ਦਾ ਮਾਲਿਕ ਹੈ ਤਾਂ ਉਹ ਸੋਚੇਗਾ ਕਿ ਸ਼ੁਕਰ
ਹੈ ਮੇਰੀਆਂ ਬੱਤਖਾਂ ਤਾਂ ਬਚ ਗਈਆਂ। ਜੇ ਉਹ ਚੜ੍ਹਦੀ ਕਲਾ ਵਾਲਾ ਨਹੀਂ ਹੈ ਤਾਂ ਉਹ
ਸਿਰ ਸੁੱਟ ਕੇ ਬਹਿ ਜਾਵੇਗਾ ਉਦਾਸ ਹੋ ਜਾਵੇਗਾ ਰੋਣ ਪਿੱਟਣ ਲੱਗ ਪਵੇਗਾ।
ਉਦਾਸੀ, ਸਰੀਰਕ ਅਤੇ ਮਾਨਸਿਕ ਦੋਹਵੇਂ ਤਰ੍ਹਾਂ ਦੀ ਸਿਹਤ ਤੇ ਮਾਰੂ ਅਸਰ
ਕਰਦੀ ਹੈ।
ਇਸ ਰੋਗ ਦੀ ਅਉਖਧ ਪਰਿਵਾਰ ਹੈ। ਸਿਹਤਮੰਦ ਰਿਸ਼ਤਿਆਂ ਵਾਲਾ ਪਰਿਵਾਰ
ਜਿਸ ਵਿੱਚ ਪਲਣ ਵਾਲੇ ਬੱਚਿਆਂ ਦੇ ਭਵਿੱਖ ਦਾ ਦਾਰੋਮਦਾਰ ਉਸ ਪਰਿਵਾਰ ਦੇ ਜੀਆਂ
ਦੇ ਆਪਸੀ ਸੰਪਰਕ, ਰਿਸ਼ਤੇ, ਕੰਮਕਾਰ ਤੇ ਹੁੰਦਾ ਹੈ।ਪਰਿਵਾਰ ਦਾ ਅੰਦਰੂਨੀ ਸੰਵਾਦ
ਵੀ ਉਚਾਟ ਮਾਨਸਿਕ ਅਵਸਥਾ ਜਾਂ ਵਿਸਮਾਦ ਲਈ ਕਾਫੀ ਅਹਿਮ ਸੂਤਰ ਬਣਦਾ ਹੈ।
ਸੰਵਾਦਹੀਨਤਾ ਦੀ ਸਥਿਤੀ ਜਿਸ ਪਰਿਵਾਰ ਵਿੱਚ ਵੀ ਹੋਵੇਗੀ ,ਉਸ ਪਰਿਵਾਰ
ਦੇ ਜੀਆਂ ਵਿੱਚ ਮਾਨਸਿਕ ਉਲਝਣਾਂ ਦੀ ਭਰਮਾਰ ਲੱਭੇਗੀ ਪਰੰਤੂ ਪਰਿਵਾਰ ਵਿੱਚ
ਸੰਵਾਦਹੀਨਤਾ ਦੀ ਅਣਹੋਂਦ ਹੋਵੇਗੀ ਆਰਥਿਕ,ਮਾਨਸਿਕ,ਸਮਾਜਕ,ਮਨੋਵਿਗਿਆਨਕ ਗੱਲ
ਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਔਕੜ ਓਸ ਪਰਿਵਾਰ ਤੋਂ ਦੂਰ ਹੀ ਰਹੇਗੀ।
ਆਪਾਂ ਪਰਿਵਾਰ ਦੇ ਜੀਆਂ ਨੂੰ ਜੇ ਮੋਤੀ ਮੰਨ ਲਈਏ ਤਾਂ ਸੰਵਾਦ ਸਥਾਪਨਾ
ਧਾਗੇ ਦਾ ਕਾਰਜ ਕਰੇਗੀ। ਸੰਵਾਦ ਦਾ ਹੁੰਦਾ ਰਹਿਣਾ ਉਸ ਮਾਲਾ ਨੂੰ ਜਿਸ ਨੂੰ ਕਿ ਸਾਰੇ
ਪਰਿਵਾਰ ਕਰਕੇ ਜਾਣਦੇ ਹਨ ਇੱਕ ਜੁੱਟ ਰੱਖਣ ਵਿੱਚ ਮੁਕੰਮਲ ਕਾਮਯਾਬੀ ਬਖਸ਼ਦਾ
ਹੈ।
ਸੰਵਾਦ ਦੌਰਾਨ ਮਨ ਦੇ ਗਿਲੇ ਸਿ਼ਕਵੇ ਸ਼ਬਦ-ਜਾਮਾ ਪਾ ਕੇ ਮੂਰਤਮਾਨ ਹੁੰਦੇ
ਰਹਿੰਦੇ ਹਨ ਅਤੇ ਆਪਣੀ ਮੌਤੇ ਆਪ ਹੀ ਮਰ ਜਾਇਆ ਕਰਦੇ ਹਨ; ਜਦ ਕਿ
ਸੰਵਾਦਹੀਨਤਾ ਦੀ ਦਸ਼ਾ ਵਿੱਚ ਗਿਲੇ-ਸਿ਼ਕਵੇ,ਨਿਹੋਰੇ ਖਾਦ ਬਣ ਕੇ ਉਦਾਸੀ ਦੇ ਬੂਟੇ
ਨੂੰ ਪਾਲਣ ਦਾ ਕਾਰਜ ਕਰਨ ਲੱਗ ਪੈਂਦੇ ਹਨ ਜਾਂ ਈਰਖਾ ਦੇ ਥੋਹਰ ਨੂੰ ਮਨ ਦੇ ਕੂਲੇ
ਵਿਹੜੇ ਵਿੱਚ ਲਿਆ ਗੱਡਦੇ ਹਨ।
ਉਦਾਸੀ ਦੀ ਮਹਾ-ਮਾਰੀ ਤੋਂ ਬਚਣ ਲਈ ਪਰਿਵਾਰ ਵਿੱਚ ਰਚਮਿਚ ਕੇ ਰਹਿਣ
ਤੋਂ ਵਡੇਰੀ ਕੋਈ ਆਉਖਧ ਨਹੀਂ ਹੈ। ਆਪਣੇ ਆਪ ਨੂੰ ਉਸਾਰੂ ਰੁਝੇਵਿਆਂ ਵਿੱਚ ਰੁੱਝਿਆਂ
ਰੱਖ ਕੇ ਵੀ ਉਦਾਸੀ ਤੋਂ ਬਚਿਆ ਜਾ ਸਕਦਾ ਹੈ।
-ਉਦਾਸੀ ਤੋਂ ਉਦਾਸੀਨ ਰਹੋ ਖੁਸ਼ ਰਹੋ ਆਬਾਦ ਰਹੋ।










