ਸਿਰਨਾਵੇਂ ਦੀ ਤਲਾਸ਼
![]()
ਧਰਤੀ ਦੇ ਕਿਸ ਹਿੱਸੇ ਤੇ ਮਨੁੱਖ ਨੇ ਜਨਮ ਲੈਣਾ ਹੈ, ਇਹ ਮਨੁੱਖ ਦੇ ਵੱਸ ਨਹੀਂ। ਪਰ ਧਰਤੀ ਤੇ ਮਨੁੱਖ ਦੀ ਸਾਂਝ ਅਟੁੱਟ ਹੈ। ਕਿਤੇ ਵੀ ਮਨੁੱਖ ਪਹੁੰਚ ਜਾਵੇ। ਜੰਮਣ ਭੌਂ ਦੀ ਤਲਾਸ਼ ਤੇ ਮੋਹ ਹਮੇਸ਼ਾ ਕਾਇਮ ਰਹਿੰਦੇ ਹਨ। ਰੁਜ਼ਗਾਰ ਦੀ ਭਾਲ ਵਿਚ ਲੱਖਾਂ ਲੋਕ ਆਪਣੀ ਧਰਤੀ ਨੂੰ ਛੱਡ ਕਿ ਵਿਦੇਸ਼ਾਂ ਵਿਚ ਜਾ ਵਸਦੇ ਹਨ। ਸੁਭਾਅ ਅਨੁਸਾਰ ਉਹ ਉਥੇ ਵਰਤਦੇ ਹਨ। ਕਈ ਤਾਂ ਆਪਣੀ ਧਰਤੀ ਨੂੰ ਭੁੱਲ ਹੀ ਜਾਂਦੇ ਹਨ ਤੇ ਕਈ ਅਗਲੀ ਪੀੜ੍ਹੀ ਨੂੰ ਵੀ ਆਪਣੀ ਧਰਤੀ ਨਾਲ ਜੋੜਕੇ ਰੱਖਣਾ ਚਾਹੁੰਦੇ ਹਨ। ਇਹੋ ਜਿਹੇ ਲੋਕਾਂ ਵਿਚ ਇਕ ਹੈ ਬਦੋਵਲ ਦਾ ਹਰਦੀਪ, ਜਿਸਦਾ ਸਾਰਾ ਟੱਬਰ ਅਮਰੀਕਨ ਹੋ ਗਿਆ ਪਰ ਉਸਦੀ ਸੋਚ ਕਿ ਬੱਚਿਆਂ ਨੂੰ ਘੱਟੋਂ ਘਟ ਪਹਿਲੀ ਉਮਰੇ ਪੰਜਾਬ ਵਿਚ ਪਾਲਣਾ ਹੈ। ਦੂਜੀ ਵਿਚ ਪੜ੍ਹਦੀ ਅੰਜਨ ਤੇ ਪਹਿਲੀ ਵਿਚ ਪੜ੍ਹਦਾ ਗਨੀਵ, ਹੁਣ ਪਿੰਡ ਰਹਿੰਦੇ ਹਨ। ਸਕੂਲ ਜਾਂਦੇ ਹਨ। ਫਰਾਟੇਦਾਰ ਅੰਗ੍ਰੇਜ਼ੀ ਦੀ ਥਾਂ, ਠੇਠ ਪੰਜਾਬੀ ਬੋਲਦੇ ਹਨ। ਪਿੰਡ ਦੇ ਕੱਟਿਆਂ ਦੀ ਸਵਾਰੀ ਕਰਦੇ ਹਨ। ਖੇਤਾਂ ਦੀ ਖੁਸ਼ਬੂ ਮਾਣਦੇ ਹਨ। ਪਿੰਡ ਦੇ ਬੱਚੇ ਉਨ੍ਹਾਂ ਨੂੰ ਅਮਰੀਕਨ ਬੱਚਿਆਂ ਨਾਲੋਂ ਗੂੜ੍ਹੇ ਦੋਸਤ ਲੱਗਦੇ ਹਨ। ਹਰਦੀਪ ਅਨੁਸਾਰ ਵੱਡੇ ਹੋਕੇ ਇਹ ਜਿੱਥੇ ਮਰਜ਼ੀ ਜਾਣ, ਪਰ ਜੋ ਪੰਜਾਬੀਅਤ ਇਨ੍ਹਾਂ ਵਿਚ ਹੁਣ ਭਰ ਹੋ ਗਈ ਹੈ। ਉਹ ਕਦੇ ਵੀ ਫੇਰ ਹਾਸਿਲ ਨਹੀਂ ਹੋ ਸਕਣੀ। ਉਸ ਅਨੁਸਾਰ ਅਮਰੀਕਾ ’ਚ ਕਮਾਉਣਾ ਤੇ ਪੰਜਾਬ ਰਹਿਣਾ, ਆਰਥਿਕ ਤੌਰ ’ਤੇ ਵੀ ਲਾਹੇਵੰਦ ਹੈ। ਇੰਜ ਦੇ ਨਵੇ ਪੰਜਾਬੀ ਸਿਰਨਾਵੇਂ ਪੈਦਾ ਕਰਨ ਲਈ ਦੋਸਤ ਨੂੰ ਮੁਬਾਰਕ।










