ਬਰਗਰ ਵਾਲੀ ਬਸ
ਸਫ਼ਰ ਬਹੁਤ ਲੰਮਾ ਸੀ। ਮੈਨੂੰ ਕੁਝ ਦੋਸਤ ਵੈਨਕੂਵਰ ਦੇ ਨੇੜੇ ਅਮਰੀਕਾ ਦੇ ਬਾਰਡਰੀ ਸ਼ਹਿਰ ਬਲੇਨ ਤੋਂ ਬਸੇ ਬੈਠਾ ਗਏ ਸਨ। ਮੇਰੇ ਕੋਲ 428 ਡਾਲਰ ਦੀ ਟਿੱਕਟ ਸੀ ਜਿਸ ਨਾਲ ਮੈਂ ਪੂਰੇ ਅਮਰੀਕਾ ਵਿਚ ਕਿਤੇ ਵੀ ਗਰੇਹਾਊਂਡ ਦੀ ਬਸ ਤੇ ਮਹੀਨੇ ਲਈ ਆ ਜਾ ਸਕਦਾ ਸੀ। ਹੁਣ ਇਹ ਟਿੱਕਟ ਆਖ਼ਰੀ ਸਹਾਂ ਤੇ ਪਹੁੰਚ ਗਈ, ਮੇਰਾ ਸਫ਼ਰ ਲਾਸਏਜਲਸ ਤੋਂ ਨਿਊਯਾਰਕ ਦਾ ਬਾਕੀ ਸੀ। ਇਹ ਤਿੰਨ ਦਿਨ ਦਾ ਲਗਾਤਾਰ ਸਫਰ ਹੈ ਪਰ ਮੈਂ ਇਸਨੂੰ 8 ਦਿਨਾਂ ਵਿਚ ਕਰਨਾ ਸੀ। ਰਾਹ ਵਿਚ ਰੁਕਣਾ ਸੀ ਕਈ ਜਗ੍ਹਾ।
ਸਫ਼ਰ ਤੇ ਤੁਰਨ ਲੱਗੇ ਮੈਂ ਆਪਣੇ ਨਲ ਖਾਣ–ਪੀਣ ਦਾ ਸਮਾਨ ਜਿਵੇਂ ਸੈਡਵਿਚ, ਸੋਡਾ, ਜੂਸ ਤੇ ਬਿਸਕੁਟ ਆਦਿ ਲੈ ਕਿ ਤੁਰਦਾ ਸੀ। ਰਾਹ ਵਿਚ ਜਿੱਥੇ ਬੱਸਾਂ ਰੁਕਦੀਆਂ ਹਨ ਉੱਥੇ ਇਹ ਖਾਣ–ਪੀਣ ਦਾ ਸਮਾਨ ਬੜਾ ਮਹਿੰਗਾ ਮਿਲਦਾ ਹੈ। ਉੱਥੇ ਵੀ ਪੰਜਾਬ ਵਾਂਗ ਡਰਾਵਿਰਾਂ ਨੂੰ ਮੁਫ਼ਤ ਖਾਣਾ ਮਿਲਦਾ ਹੈ ਤੇ ਸਵਾਰੀਆਂ ਤੋਂ ਵੱਧ ਰੇਟ ਲਿਆ ਜਾਂਦਾ ਹੈ। ਬਸ ਵਿਚ ਕੰਡਕਟਰ ਕੋਈ ਨਹੀਂ ਹੁੰਦਾ ਤੇ ਬਸ ਦਾ ਵੀ ਇੱਕੋ ਦਰਵਾਜਾ ਹੁੰਦਾ ਹੈ। ਸਾਰੇ ਕੰਟਰੋਲ ਡਰਾਇਵਰ ਕੋਲ ਹੁੰਦੇ ਹਨ। ਡਰਾਇਵਰ ਹੀ ਪਹਿਲੋਂ ਟਿੱਕਟ ਚੈੱਕ ਕਰਦਾ ਹੈ। ਰਿਜ਼ਰਵ ਕਲਾਸ (ਜਿਸਦੇ 2 ਡਾਲਰ ਫਾਲਤੂ ਲੱਗਦੇ ਹਨ) ਪਹਿਲੋਂ, ਬੱਚੇ ਤੇ ਬਜ਼ੁਰਗ, ਫਿਰ ਬਾਕੀ ਜਨਤਾ ਜਨਾਰਧਨ। ਇਹ ਡਰਾਇਵਰ ਦੀ ਹੀ ਡਿਊਟੀ ਦਾ ਹਿੱਸਾ ਹੈ ਕਿ ਬਸ ਦੇ ਸੰਦੂਕ ਵਿਚ ਸਵਾਰੀ ਦਾ ਸਮਾਨ ਰੱਖੇ ਤੇ ਕੱਢ ਕਿ ਦੇਵੇ।
ਬਸ ਸਟਾਰਟ ਕਰਨ ਤੋਂ ਪਹਿਲੋਂ ਉਹ ਸਵਾਰੀਆਂ ਗਿਣਦਾ ਹੈ ਤੇ ਟਿੱਕਟਾਂ ਦੀ ਗਿਣਤੀ ਵੀ। ਫੇਰ ਲੋੜ ਅਨੁਸਾਰ ਏਸੀ ਜਾਂ ਹੀਟ ਚਲਾਉਂਦਾ ਹੈ ਤੇ ਵਾਰਨਿੰਗ ਦੇਂਦਾ ਹੈ ਕਿ ਬਸ ਵਿਚ ਨਸ਼ੇ ਕਰਨੇ ਤੇ ਸਿਗਰਟ ਪੀਣੀ ਮਨ੍ਹਾਂ ਹੈ। ਬਸ ਵਿਚ ਪਿੱਛੇ ਬਣੇ ਟਾਇਲਟ ਵਿਚ ਸਿਗਰਟ ਦਾ ਧੂੰਆਂ ਚੈੱਕ ਕਰਨ ਵਾਲੇ ਯੰਤਰ ਬਾਰੇ ਦੱਸਦਾ ਹੈ ਤੇ ਫੇਰ ਕਹਿੰਦਾ ਹੈ ਕਿ ਉੱਚੀ ਨਹੀਂ ਬੋਲਣਾ, ਲੜਾਈ ਝਗੜਾ ਨਹੀਂ ਕਰਨਾ, ਨਹੀਂ ‘ਤੇ ਇਹ ਬਸ ਸਿੱਧੀ ਥਾਣੇ ਜਾਕੇ ਰੁਕੇਗੀ।
ਜਿਉਂ ਹੀ ਬਸ ਟੈਕਸਾਸ ਦੇ ਸ਼ਹਿਰ ਡਾਲਿਸ ਪਹੁੰਚੀ ‘ਤੇ ਰੁਕਣ ਦੀ ਤਿਆਰੀ ਕਰਨ ਲੱਗੀ, ਮੇਰੀ ਨਜ਼ਰ ਆਲੇ–ਦੁਆਲੇ ਘੁੰਮਣ ਲੱਗੀ। ਮੇਰਾ ਖਾਣ–ਪੀਣ ਦਾ ਸਟਾਕ ਖ਼ਤਮ ਹੋ ਚੁੱਕਿਆ ਸੀ ਤੇ ਭੁੱਖ ਵੀ ਲੱਗੀ ਹੋਈ ਸੀ। ਜਿੱਥੇ ਬੱਸ ਰੁੱਕੀ ਉਸਦੇ ਬਿਲਕੁਲ ਉਲਟ ਪਾਸੇ ਟੈਕਸਸ ਬਰਗਰ ਦਾ ਬੋਰਡ ਦਿਖਿਆ। ਮੈਂ ਨਿਰਧਾਰਤ ਸਟਾਪ ਛੱਡ ਕਿ ਉਸ ਦੁਕਾਨ ਤੇ ਚਲਾ ਗਿਆ ਤੇ ਇੱਕ ਵੱਡਾ ਬਰਗਰ ਆਰਡਰ ਕਰ ਦਿੱਤਾ। ਬਰਗਰ ਬੜਾ ਹੀ ਸੁਆਦੀ ਲੱਗ ਰਿਹਾ ਸੀ। ਵਾਪਸ ਸਟਾਪ ਤੇ ਆਕੇ ਕਾਫ਼ੀ ਲੈਕੇ ਜਿਊਂ ਹੀ ਕਾਊਂਟਰ ਤੇ ਖੜ੍ਹੀ ਕੁੜੀ ਨੂੰ ਪੈਸੇ ਦਿੱਤੇ ਤਾਂ ਉਸ ਨੇ ਮੈਨੂੰ ਪੁੱਛਿਆ, ਕਿ ‘ਕੀ ਤੂੰ ਬਸ ਵਿਚ ਆਇਆ ਹੈਂ?’ ਮੇਰੇ ਹਾਂ ਕਹਿਣ ‘ਤੇ ਉਹ ਬੋਲੀ, ‘ਉਹ ਤਾਂ ਚਲੇ ਵੀ ਗਈ।’ ਮੇਰੇ ਤੇ ਜਿਵੇਂ ਇਕ ਪਹਾੜ ਟੁੱਟ ਪਿਆ ਹੋਵੇ, ਲੰਮੇਂ ਸਫਰ ਕਰਕੇ ਮੇਰੇ ਚਪਲਾਂ ਪਾਈਆਂ ਸਨ। ਸਿਰ ਤੋਂ ਪੱਗ ਵੀ ਲਾਹ ਕੇ ਬੱਸ ਵਿਚ ਰੱਖੀ ਹੋਈ ਸੀ। ਮੈਂ ਇਕ ਹੱਥ ਵਿਚ ਕਾਫ਼ੀ ‘ਤੇ ਇੱਕ ਹੱਥ ਵਿਚ ਬਰਗਰ ਫੜ੍ਹਿਆ ਉਵੇਂ ਹੀ ਦੁਕਾਨ ਤੋਂ ਬਾਹਰ ਆ ਗਿਆ। ਬਸ ਜਾ ਚੁੱਕੀ ਸੀ। ਕਿਸੇ ਕਿਹਾ ਕਿ ਉਹ ਲਾਲ ਬੱਤੀ ‘ਤੇ ਖੜ੍ਹੀ ਹੈ ਬਸ, ਫੜ੍ਹ ਲੈ ਦੌੜ ਕੇ ਜੇ ਫੜ ਹੁੰਦੀ। ਉਦੋਂ ਮੇਰਾ ਵਜ਼ਨ ਹੁਣ ਨਾਲੋਂ ਘੱਟ ਸੀ। ਮੈਂ ਦੋਨੋਂ ਹੱਥਾਂ ਵਿਚ ਸਮਾਨ ਫੜੀ ਭਜ ਪਿਆ। ਕੋਈ ਡੇਢ ਫਰਲਾਂਗ ਤੇ ਬਸ ਖੜ੍ਹੀ ਸੀ। ਜਦ ਮੈਂ ਕੋਲ ਪਹੁੰਚਿਆਂ ਤਾਂ ਬਸ ਦਾ ਡਰਾਇਵਰ ਬਾਹਰ ਖੜ੍ਹਾ ਸੀ ਤੇ ‘ਸੌਰੀ ਸਰ’, ‘ਸੌਰੀ ਸਰ’ ਕਰੀ ਜਾ ਰਿਹਾ ਸੀ। ਉਸਨੇ ਕਬੂਲਿਆ ਕਿ ਉਹ ਸਵਾਰੀਆਂ ਦੀ ਗਿਣਤੀ ਕਰਨਾ ਭੁੱਲ ਗਿਆ ਸੀ, ਖੈਰ ਕਿਸੇ ਹੋਰ ਸਵਾਰੀ ਵਲੋਂ ਦੱਸੇ ਜਾਣ ‘ਤੇ ਬਸ ਰੋਕ ਲਈ। ਮੇਰੇ ਸਾਹ ਵਿਚ ਸਾਹ ਆਇਆ। ਮੈਂ ਡਰਾਇਵਰ ਤੇ ਸਵਾਰੀਆਂ ਦਾ ਧੰਨਵਾਦ ਕੀਤਾ ਤੇ ਸੋਚ ਰਿਹਾ ਸੀ ਜੇਕਰ ਇਹੋ ਘਟਨਾ ਪੰਜਾਬ ‘ਚ ਵਾਪਰੀ ਹੁੰਦੀ ਤਾਂ ਡਰਾਇਵਰ ਤੇ ਕੰਡਕਟਰ ਤੋਂ ਗਾਹਲਾਂ ਤਾਂ ਖਾਣੀਆਂ ਹੀ ਸਨ, ਸਵਾਰੀਆਂ ਨੇ ਵੀ ਬੁੜ–ਬੁੜ ਕਰਨੋਂ ਨਹੀਂ ਸੀ ਹੱਟਣਾ, ਉਹ ਵੀ ਤਾਂ ਜੇਕਰ ਬਸ ਰੋਕ ਲੈਂਦੇ।
ਖੈਰ ਹੁਣ ਦੌੜਦੀ ਬਸ ਵਿਚ ਗਰਮ ਕਾਫ਼ੀ ‘ਤੇ ਵੱਡੇ ਸਾਰੇ ਟੈਕਸਸ ਬਰਗਰ ਦਾ ਸਵਾਦ ਅਨੂਠਾ ਲੱਗ ਰਿਹਾ ਸੀ। ਅਜ 20 ਸਾਲ ਹੋ ਗਏ ਹਨ ਇਸ ਘਟਨਾ ਨੂੰ, ਹੁਣ ਸਫ਼ਰ ਕਰਦੇ ਹਰ ਵਾਰੀ ਧਿਆਨ ਰੱਖੀਦਾ ਕਿਉਂਕਿ ਆਪਣੀ ਵਧਦੀ ਉਮਰ ਤੇ ਵੱਧਦੇ ਸਰੀਰ ਨੂੰ ਲੈਕੇ ਨੱਠ ਨਹੀਂ ਹੋਣਾ।










