ਪ੍ਰਛਾਵੇਂ ਦੀ ਔਕਾਤ
ਪਰਛਾਵੇਂ ਬੜੀ ਅਜੀਬ ਚੀਜ਼ ਹੁੰਦੇ ਹਨ। ਅਸਲ ਵਿਚ ਇਹ ਨਾ ਹੋ ਕੇ ਵੀ ਹੁੰਦੇ ਹਨ। ਰੋਸ਼ਨੀ ਕਿਸੇ ਦੀ, ਰੋਕ ਕਿਸੇ ਦੀ, ਤੇ ਹੋਂਦ ਆਪਣੀ ਦਿਖਾਉਂਦੇ ਹਨ। ਉਹ ਵੀ ਪਰਾਈ ਹਿੱਕ ‘ਤੇ। ਦਰਖੱਤਾਂ, ਕੁੱਲੀਆਂ ਤੇ ਕੰਧਾਂ ਦੇ ਪਰਛਾਵੇਂ ਮੌਸਮੀ ਸਕੂਨ ਜਾਂ ਦੁੱਖ ਵਰਤਾਉਂਦੇ ਹਨ। ਪਰ ਮਨੁੱਖ ਦਾ ਪਰਛਾਵਾਂ ਮਨੁੱਖ ਲਈ ਹਊਆ ਬਣ ਕੇ ਬਹੁੜਦਾ ਹੈ। ਸਭ ਤੋਂ ਵੱਧ ਮਨੁੱਖ ਆਪਣੇ ਹੀ ਪਰਛਾਵੇਂ ਤੋਂ ਡਰਦਾ ਹੈ। ਦੂਸਰੇ ਦਾ ਪਰਛਾਵਾਂ ਲੈਣ ਦੀ ਕੋਤਾਹੀ ਵੀ ਵਰਤਦਾ ਹੈ ਤੇ ਉਸਦਾ ਨਿਰਾਦਰ ਵੀ ਕਰਦਾ ਹੈ। ਇਹ ਪਰਛਾਵਿਆਂ ਦੀ ਹੀ ਕਿਸਮਤ ਵਿਚ ਹੁੰਦਾ ਹੈ ਕਿ ਉਨ੍ਹਾਂ ਦੀ ਕੋਈ ਮਿੱਥੀ ਲੰਬਾਈ, ਚੌੜਾਈ, ਸਮਾਂ, ਸਥਾਨ ਜਾਂ ਉਮਰ ਨਹੀਂ ਹੁੰਦੀ। ਪਰ ਇਕ ਵਾਰ ਬਣਿਆ ਪਰਛਾਵਾਂ ਸਦਾ ਲਈ ਮਨਾਂ ਵਿਚ ਛਾਪ ਛੱਡ ਜਾਂਦਾ ਹੈ। ਪਰਛਾਵੇਂ ਦੀ ਔਕਾਤ ਵੀ ਇਹੀ ਕਰਮ ਨਿਰਧਾਰਤ ਕਰਦੇ ਹਨ। ਪਰਛਾਵੇਂ ਦੀਆਂ ਕਿਸਮਾਂ ਵੀ ਮਨੁੱਖੀ ਮਨ ਦੀ ਮੈਲ ਤੇ ਸਵੱਛਤਾ ਦੇ ਅਨੁਸਾਰ ਹੀ ਹੁੰਦੀਆਂ ਹਨ। ਪਰ ਦੁੱਖ ਉਦੋਂ ਹੁੰਦਾ ਹੈ, ਜਦੋਂ ਮਨੁੱਖ ਖੁਦ ਹੀ ਪਰਛਾਵਾਂ ਬਣ ਜਾਵੇ। ਇਸ ਪਰਛਾਵੇਂ ਦੀ ਆਪਣੀ ਔਕਾਤ ਕਦੇ ਨਹੀਂ ਹੁੰਦੀ, ਭਾਵੇਂ ਇਹ ਦੇਖਣ ਨੂੰ ਕਾਲੇ ਦੀ ਥਾਂ ਰੰਗਦਾਰ ਹੀ ਕਿਉਂ ਨਾ ਹੋਵੇ। ਆਪਣੇ ਆਲੇ–ਦੁਆਲੇ ਦੇਖੋ, ਕਿੰਨੇ ਲੋਕ ਪਰਛਾਵੇਂ ਬਣੀ ਘੁੰਮ ਰਹੇ ਹਨ। ਕਾਸ਼ ਇਹ ਪਰਛਾਵਿਆਂ ‘ਚੋਂ ਉਭਰ ਕੇ ਬਾਹਰ ਆ ਜਾਣ, ਧੁੱਪ ਛੱਟਣ ਤੋਂ ਪਹਿਲੋਂ ਪਹਿਲੋਂ।










