“ਪਰਸੰਗ ਮੱਸੇ ਰੰਘੜ ਦੀ ਮੌਤ
ਦੋਊ ਸਿੰਘ ਤਹਿੰ ਜਾ ਪੁਜੋ ਜਹਿੰ ਬਾਜੈ ਮਿਰਦੰਗ।
ਕੱਢ ਸਿਰੋਹੀ ਸਿਰ ਦਈ ਕੋ ਨਿਰਸੰਗ।
“ ਪ੍ਰਾਚੀਨ ਪੰਥ ਪਰਕਾਸ਼”
ਬੰਦਾ ਬਹੁਦਰ ਦੀ ਸ਼ਹਾਦਤ ਤੋਂ ਬਾਅਦ ਤਾਂ ਸਿੱਖਾਂ ਤੇ ਮਾਨੋ ਆਫ਼ਤ ਦੇ ਬਦਲ ਹੀ ਛਾ ਗਏ। ਜੋ ਵੀ ਹੁਕਮਰਾਨ ਆਇਆ ਉਸ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਕੋਈ ਕਸਰ ਬਾਕੀ ਨਾ ਛੱਡੀ। ਖਾਨ ਬਹਾਦੁਰ ਜ਼ਕਰੀਆ ਖ਼ਾਂ ਨੇ ਸਿੰਘਾਂ ਦਾ ਖੁਰਾ ਖੋਜ ਮਿਟਾਉਣ ਵਿਚ ਕੋਈ ਕਸਰ ਨਾ ਛੱਡੀ ਜ਼ੁਲਮ ਦੀ ਇੰਤਾਹ ਕਰ ਦਿਤੀ।ਮੱਸਾ ਰੰਘੜ ਮੰਡਿਆਲੇ ਦਾ ਚੌਧਰੀ ਸੀ।ਅੰਮ੍ਰਿਤਸਰ ਉੁਸ ਦੇ ਇਲਾਕੇ ਵਿਚ ਸੀ।ਅੰਮ੍ਰਿਤਸਰ ਵਿਚ ਮੱਸੇ ਦੇ ਆਦਮੀ ਹਰਲ-ਹਰਲ ਕਰਦੇ ਫਿਰਦੇ ਸਨ। ਸਿੱਖ ਤਾਂ ਆਟੇ ਵਿਚ ਲੂਣ ਵੀ ਨਹੀ ਸਨ।ਮੱਸੇ ਦੇ ਦੁਆਲੇ ਚੰਡਾਲ ਚੌਕੜੀ ਦਾ ਘੇਰਾ ਸੀ ।ਮੱਸਾ ਜ਼ਕਰੀਆ ਖ਼ਾਨ ਵੱਲੋਂ ਮਿਲੀ ਤਲਵਾਰ ਦੀ ਮੁੱਠ ਤੇ ਹੱਥ ਰੱਖ ਕੇ ਮੁੱਛਾਂ ਨੂੰ ਵੱਟ ਚਾੜ੍ਹਦਾ ,ਤਾਕਤ ਦੇ ਨਸ਼ੇ ਵਿਚ ਮਤਵਾਲਾ ਰਹਿੰਦਾ। ਖ਼ਾਨ ਬਹਾਦੁਰ ਜ਼ਕਰੀਆਂ ਖ਼ਾਨ ਨੇ ਉਸ ਨੂੰ ਫ਼ੌਜ ਦੇ ਕੇ ਅੰਮ੍ਰਿਤਸਰ ਦੀ ਰਾਖੀ ਉਤੇ ਲਾ ਦਿੱਤਾ।ਉਹ ਜਾਣਦਾ ਸੀ ਕਿ ਜਦ ਕਦੇ ਵੀ ਸਿੰਘ ਪੰਜਾਬ ਆਉਣਗੇ ਅੰਮ੍ਰਿਤਸਰ ਜਰੂਰ ਆਉਣਗੇ।ਜਿਸ ਹਰਿਮੰਦਰ ਸਾਹਿਬ ਵਿਚ ਹਰ ਵੇਲੇ ਸ਼ਾਤਮਈ ਕੀਰਤਨ ਹੁੰਦਾ ਸੀ ਇਲਾਹੀ ਬਾਣੀ ਦਾ ਪਰਵਾਹ ਚਲਦਾ ਸੀ ਪ੍ਰਭੂ ਦੇ ਪਿਆਰੇ ਆ ਕੇ ਨਕਮਸਤਕ ਹੁੰਦੇ ਸਨ ਕਾਗ ਆ ਕੇ ਹੰਸ ਹੁੰਦੇ ਸਨ।ਕੋਹੜਿਆਂ ਦੇ ਕੋਹੜ ਠੀਕ ਹੁੰਦੇ ਸਨ।ਹਰਿੰਦਰ ਸਾਹਿਬ ਦੀ ਨੀਂਹ ਅੱਲਾ ਦੇ ਪਿਆਰੇ ਸੂਫ਼ੀ ਫ਼ਕੀਰ ਹਜ਼ਰਤ ਸਾਈ ਮੀਆਂ ਮੀਰ ਜੀ ਨੇ ਆਪਣੇ ਕਰ ਕਮਲਾ ਨਾਲ ਰੱਖੀ ਸੀ ।ਜਿੱਥੌ ਸਭ ਨੂੰ ਆ ਕੇ ਮਨ ਨੂੰ ਸ਼ਾਤੀ ਮਿਲਦਸ਼ਾਤੀ ਮਿਲਦੀ ਸੀ। ਤਾਕਤ ਦੇ ਨਸ਼ੇ ਵਿਚ ਅੰਨਾ ਹੋਇਆ ਮੱਸਾ ਸਰਕਾਰੀ ਫੌਜ ਅਤੇ ਆਪਣੇ ਚੇਲੇ ਚਾਟੜੇ ਲੈ ਕੇ ਹਰਿਮੰਦਰ ਸਾਹਿਬ ਵਿਚ ਪਲੰਘਾ ਡਾਹ ਕੇ ਹੁੱਕਾ ਪੀਂਦਾ ਤੇ ਸ਼ਰਾਬ ਦੇ ਦੌਰ ਚਲਦੇ ਉੱਥੇ ਉਸ ਸਮੇਂ ਦਾ ਵੇਰਵਾ ਇਸ ਪਰਕਾਰ ਹੈ:-
(1)
ਜਿੱਥੇ ਸ਼ਾਤੀ ਦਾ ਉਪਦੇਸ਼ ਮਿਲਦਾ,
ਉੱਥੇ ਬੈਠਾ ਸੀ ਮੱਸਾ ਬਦਕਾਰ।
ਨਿੱਤ ਚਲਦੇ ਦੌਰ ਸ਼ਰਾਬ ਦੇ,
ਬੈਠੇ ਮੱਸੇ ਦੀ ਜੁੰਡੀ ਦੇ ਯਾਰ।
ਵੇਸਵਾ ਸੀ ਹਰ ਵੇਲੇ ਨੱਚਦੀ,
ਧਰਮ ਦਾ ਨਾ ਕਰੇ ਸਤਿਕਾਰ।
ਮੱਸਾ ਬਦਮਾਸ਼ੀਆਂ ਕਰ ਰਿਹਾ,
ਸਿੰਘਾਂ ਨੂੰ ਰਿਹਾ ਸੀ ਵੰਗਾਰ।
ਸਿੰਘਾਂ ਨੂੰ ਮੱਸੇ ਲਲਕਾਰਿਆ,
ਰਖ ਮਨ ਵਿਚ ਵੱਡਾ ਹੰਕਾਰ।
ਸਿੰਘ ਬੀਕਾਨੇਰ ਨੂੰ ਚਲੇ ਗਏ,
ਚੁੱਕੀ ਮੁਗਲਾਂ ਅੱਤ ਬੇਸ਼ੁਮਾਰ।
ਬੁਲਾਕਾ ਸਿੰਘ ਗੁਰਾਂ ਦਾ ਸਿੱਖ ਸੀ,
ਉਹਦਾ ਗੁਰੂ ਘਰ ਨਾਲ ਪਿਆਰ।
ਉਹਨੇ ਵੇਖਿਆ ਹਾਲ ਦਰਬਾਰ ਦਾ,
ਵੇਖ ਸਕਿਆ ਨਾ ਮੂਲ ਸਹਾਰ।
ਮਾਰ ਮੰਜਿਲਾਂ ਬੀਕਾਨੇਰ ਪੁੱਜਿਆ,
ਲੱਭ ਲਏ ਸੀ ਸਿੰਘ ਸਰਦਾਰ।
”ਢਿੱਲੋਂ “ ਸੁਣਿਆ ਹਾਲ ਦਰਬਾਰ ਦਾ,
ਸਿੰਘ ਆਪੇ ਤੋਂ ਹੋ ਗਏ ਬਾਹਰ।
ਭਾਈ ਬੁਲਾਕਾ ਸਿੰਘ ਕੰਗ ਗੂਰੂ ਘਰ ਦਾ ਅਨਿਨ ਭਗਤ ਸੀ।ਜਦ ਉਸ ਨੇ ਸਾਰਾ ਹਾਲ ਆਪਣੀਆਂ ਅੱਖਾਂ ਨਾਲ ਵੇਖਿਆ।ਉਹ ਹਰਿੰਮੰਦਰ ਸਾਹਿਬ ਦੀ ਹਾਲਤ ਵੇਖ ਕੇ ਜ਼ਰ ਨਾ ਸਕਿਆ ਅਤੇ ਉਸ ਨੇ ਇਸ ਬਾਰੇ ਸਿੰਘਾਂ ਨੂੰ ਸੂਚਿਤ ਕਰਨ ਦਾ ਫੈਸਲਾ ਕਰ ਲਿਆ ਉਸ ਮੰਜਿਲਾਂ ਮਾਰਦਾ ਬੀਕਾਨੇਰ ਚਲਾ ਗਿਆ। ਆਖ਼ਰ ਕਾਰ ਉਹ ਸਿੰਘਾਂ ਪਾਸ ਪੁੱਜ ਗਿਆ।ਉਸ ਨੇ ਸਾਰੀ ਵਾਰਤਾ ਸਿੰਘਾਂ ਨੂੰ ਬੀਕਾਨੇਰ ਜਾ ਕੇ ਸੁਣਾਈ ਕਿਵੇਂ ਮੱਸੇ ਰੰਘੜ ਵੱਲੋਂ ਹਰਿਮੰਦਰ ਸਾਹਿਬ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ? ਭਾਈ ਬੁਲਾਕਾ ਸਿੰਘ ਵਾਰਤਾ ਸੁਣਾਈ ਜਾ ਰਿਹਾ ਸੀ ਸਿੰਘਾਂ ਦਾ ਜੌਸ਼ ਉਬਾਲੇ ਮਾਰ ਰਿਹਾ ਸੀ। ਬੁਲਾਕਾ ਸਿੰਘ ਤੋਂ ਸਾਰੀ ਕਹਾਣੀ ਸੁਣ ਤੋਂ ਬਾਅਦ ਜੱਥੇਦਾਰ ਬੁੱਢਾ ਸਿੰਘ ਨੇ ਸਿੰਘਾਂ ਨੂੰ ਮੱਸੇ ਰੰਘੜ ਦਾ ਸਿਰ ਵੱਢਣ ਲਈ ਇੰਝ ਵੰਗਾਰਿਆ:-
(2)
ਬੂੱਢਾ ਸਿੰਘ ਸਰਦਾਰ ਜਰਨੈਲ ਹੈ ਸੀ,
ਵੱਡਾ ਪੰਥ ਦਾ ਉਹ ਪਹਿਰੇਦਾਰ।
ਜੱਥੇਦਾਰ ਨੇ ਸਿੰਘਾਂ ਨੂੰ ਆਖਿਆ,
ਹੋ ਜਾਓ ਅੰਮ੍ਰਿਤਸਰ ਨੂੰ ਤਿਆਰ।
ਉਠੇ ਕੋਈ ਬਲਬੀਰ ਸੂਰਮਾ,
ਮੱਸੇ ਰੰਗੜ ਦਾ ਕਰੇ ਜੋ ਸ਼ਿਕਾਰ।
ਬਚਨ ਸੁਣਕੇ ਜੱਥੇਦਾਰ ਦੇ,
ਉਠੇ ਕੌਮ ਦੇ ਦੋ ਸੱਚੇ ਵਫ਼ਾਦਾਰ।
ਮਹਿਤਾਬ ਸਿੰਘ ਮੀਰਾਂ ਕੋਟੀਆ,
ਸੁੱਖਾ ਸਿੰਘ ਸੀ ਨਾਲ ਸਰਦਾਰ।
ਲਿਆਵਾਗੇ ਸਿਰ ਮੱਸ ਖ਼ਾਂ ਦਾ,
ਕਿਹਾ ਸਿੰਘਾਂ ਨੇ ਅਰਜ਼ ਗੁਜਾਰ।
ਦਿਓ ਅਗਿਆ ਜੱਥੇਦਾਰ ਜੀ,
ਮੱਸੇ ਦਾ ਕਰੀਏ ਅਸੀ ਸ਼ਿਕਾਰ।
ਜਿਨ੍ਹੇ ਸਾਨੂੰ ਅੱਜ ਵੰਗਾਰਿਆ,
ਦੇਣਾ ਉਸ ਨੂੰ ਜਾਨੋ ਹੈ ਮਾਰ।
ਵੇਖ ਜੋਸ਼ ਅੱਜ ਸਿੰਘਾਂ ਦਾ ,
ਸੂਰੇ ਮਾਰਨ ਨੂੰ ਹੋਏ ਤਿਆਰ।
”ਢਿੱਲੋਂ “ ਤੁਰੇ ਬੀਕਾਨੇਰ ਤੋਂ,
ਲੈ ਘੋੜੇ ਤੇ ਜੰਗੀ ਹੱਥਿਆਰ।
ਜੱਥੇਦਾਰ ਦੀ ਵੰਗਾਰ ਸੁਣ ਕੇ ਸਰਦਾਰ ਮਹਿਤਾਬ ਸਿੰਘ ਮੀਰ ਕੋਟ ਅਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਜੋਸ਼ ਵਿਚ ਆ ਗਏ ।ਉਨ੍ਹਾਂ ਦਾ ਖੁੂਨ ਉਬਾਲੇ ਖਾਣ ਲੱਗਾ। ਹੱਥ ਤਲਵਾਰਾਂ ਦੇ ਮੁੱਠਿਆਂ ਤੇ ਆ ਗਏ।ਦੁਸ਼ਟ ਪਾਪੀ ਮੱਸੇ ਦਾ ਸਿਰ ਵੱਢਣ ਲਈ ਜੱਥੇਦਾਰ ਨੂੰ ਹੇ ਇੰਝ ਬੇਨਤੀ ਕਰਨ ਲੱਗੇ:-
(3)
ਸਿੰਘ ਅੰਮ੍ਰਿਤਸਰ ਨੁੰ ਤੁਰ ਪਏ,
ਮਨ ਵਿਚ ਰੱਖ ਸੀ ਵਿਚਾਰ।
ਅੱਜ ਪੰਥ ਦਾ ਕਰਜ਼ ਉਤਾਰਨਾ,
ਕਰਨਾ ਮੱਸੇ ਦਾ ਅੱਜ ਸ਼ਿਕਾਰ।
ਦੋਨੋ ਸਿੰਘ ਸਨ ਚੰਗੇ ਜਾਣੂ ਜੰਗ ਦੇ,
ਲਿਆ ਮੁਗਲਾਂ ਦਾ ਰੂਪ ਸੀ ਧਾਰ।
ਉਨ੍ਹਾਂ ਕੇਸ ਪਿਛਾਹ ਨੂੰ ਸੁੱਟ ਲਏ,
ਉਹ ਬਣ ਗਏ ਪੱਟੀ ਦੇ ਨੰਬਰਦਾਰ।
ਉਨ੍ਹਾਂ ਠੀਕਰ ਭਰ ਲਏ ਬੋਰੀਆਂ,
ਦਿੱਤਾ ਕਲਗੀਧਰ ਨੇ ਕੰਮ ਸਵਾਰ।
ਉਹ ਮੰਜਲੋ ਮੰਜਲੀ ਪੁੱਜ ਗਏ,
ਆ ਗਏ ਅੰਮ੍ਰਿਤਸਰ ਦੇ ਦਿਵਾਰ।
ਉਨ੍ਹਾ ਘੋੜੇ ਬੰਨੇ ਬਾਹਰ ਸੀ,
ਲਏ ਠੀਕਰੀਆਂ ਦੇ ਥੈਲੇ ਉਤਾਰ।
ਪਹਿਰੇਦਾਰ ਨੇ ਸਿੰਘਾਂ ਨੂੰ ਪੁੱਛਿਆ,
ਕਿੱਥੋ ਆਏ ਤੇ ਕਰਦੇ ਕੀ ਕਾਰ?
ਅਸੀ ਨੰਬਰਦਾਰ ਦਾ ਪੱਟੀ ਦੇ,
ਦੇਣਾ ਮਾਮਲਾ ਅਸੀ ਸਰਕਾਰ।
”ਢਿੱਲੋਂ “ ਦੇ ਕੇ ਪੰਝੋਤਰਾ ਜਾਵਣਾ,
ਕਿਹਾ ਸਿੰਘਾਂ ਨੂੰ ਪਹਿਰੇਦਾਰ।
ਸਿੰਘਾਂ ਨੇ ਅੰਮ੍ਰਿਤਸਰ ਪੁੱਜ ਕੇ ਘੋੜੇ ਇਲਾਚੀ ਬੇਰੀ ਨਾਲ ਬੰਨ ਲਏ ਅਤੇ ਠੀਕਰੀਆਂ ਦੇ ਥੈਲੇ ਉਤਾਰ ਲਏ ਪਹਿਰੇਦਾਰ ਨੇ ਸਿੰਘਾਂ ਨੂੰ ਰੋਕ ਕਿ ਕਿਹਾ ਕਿ ਤੁਸੀ ਕੌਣ ਹੋ ਅਤੇ ਕੀ ਕੰਮ ਕਰਦੇ ਹੋ ? ਸਿੰਘਾਂ ਨੇ ਬੜ੍ਹੀ ਧੀਰਜ ਨਾਲ ਜਵਾਬ ਦਿੱਤਾ ਕਿ ਉਹ ਪੱਟੀ ਦੇ ਨੰਬਰਦਾਰ ਹਨ ਅਤੇ ਚੌਧਰੀ ਨੂੰ ਮਾਮਲਾ ਦੇਣ ਆਏ ਹਨ।ਪਹਿਰੇਦਾਰ ਨੇ ਸਿੰਘਾਂ ਨੂੰ ਕਿਹਾ ਨੰਬਰਦਾਰੋ ਤੁਹਾਨੂੰ ਮਿਲਣਾ ਹੈ ਪੰਝੋਤਰਾ ਮੈਨੂੰ ਵੀ ਹਿੱਸਾ ਦੇ ਕੇ ਜਾਣਾ।ਸਿੰਘ ਪਹਿਰੇਦਾਰ ਨੂੰ ਪੰਝੋਤਰਾ ਦੇਣ ਦਾ ਵਾਅਦਾ ਦੇ ਕੇ ਅੱਗੇ ਚਲੇ ਗਏ।
(4)
ਥੈਲੇ ਠੀਕਰੀਆਂ ਦੇ ਸਿੰਘਾਂ ਚੁੱਕ ਲਏ,
ਜਾ ਪੁੱਜੇ ਸੀ ਸਿੰਘ ਦਰਬਾਰ।
ਮੱਸਾ ਬੈਠਾ ਸੀ ਮੰਜਾ ਡਾਹ ਕੇ,
ਨਾਲੇ ਨੱਚਦੀ ਸੀ ਵੇਸਵਾ ਨਾਰ।
ਵੇਖੇ ਦੌਰ ਜਾ ਚਲਦੇ ਸ਼ਰਾਬ ਦੇ,
ਨਾਲੇ ਵੱਜਦੀ ਤੂੰਬੀ ਦੀ ਤਾਰ।
ਅਸੀ ਨੰਬਰਦਾਰ ਹਾ ਪੱਟੀ ਦੇ,
ਲ਼ਵੋ ਮਾਮਲਾ ਸਾਥੋ ਸਰਕਾਰ।
ਉਨ੍ਹਾਂ ਥੈਲੇ ਹੇਠਾਂ ਸੁੱਟ ਤੇ,
ਹੋ ਗਏ ਸਿੰਘ ਝੱਟ ਤਿਆਰ।
ਮੌਕਾ ਤੇ ਡਿੳੇੁਟੀਆਂ ਲਾ ਲਈਆ,
ਸਿੰਘਾਂ ਇਕ ਹੀ ਪਲ ਦੇ ਸਾਰ।
ਲੈ ਕੇ ਮਾਮਲਾ ਲੇਟ ਤੁੂੰ ਆਏ ਹੋ,
ਕਿਹਾ ਮੱਸੇ ਨੇ ਮੱਥੇ ਵੱਟ ਧਾਰ।
ਲੋਕ ਮਾਮਲਾ ਤੋਂ ਬਾਗ਼ੀ ਨੇ,
ਸਿੰਘਾਂ ਕਿਹਾ ਸੁਣੋ ਸਰਕਾਰ।
ਲੋਕਾਂ ਤਾਂਈ ਮੈ ਵੇਖਾਗਾ ਜਾ ਕੇ,
ਜਦ ਨਿਕਲਾਗਾ ਮੈਂ ਬਾਹਰ।
ਮੌਤ ਸੀ ਮੱਸੇ ਦੇ ਸਿਰ ਕੂਕਦੀ,
ਜਦ ਆਏ ,ਢਿੱਲੋ’ ‘ਸਰਦਾਰ।
ਸਿੰਘਾਂ ਨੇ ਠੀਕਰੀਆਂ ਦੇ ਥੈਲੇ ਚੁੱਕ ਲਏ ਅਤੇ ਦਰਬਾਰ ਸਾਹਿਬ ਆ ਪੁੱਜੇ।ਦੋਨੌ ਸਿੰਘ ਹਰਿਮੰਦਰ ਸਾਹਿਬ ਅੰਦਰ ਚਲੇ ਗਏ ਉਨ੍ਹਾਂ ਗੂਰੂ ਨੂੰ ਹਾਜਰ ਨਾਜ਼ਰ ਸਮਝ ਕੇ ਬੜੇ ਅਦਬ ਨਾਲ ਸਿਰ ਝੁਕਾਇਆ,ਮੱਸੇ ਦੀ ਜੁੰਡਲੀ ਸਮਝ ਰਹੀ ਸੀ ਕਿ ਇਹ ਸਾਨੂੰ ਸਿਜਦਾ ਕਰ ਰਹੇ ਹਨ।ਮੱਸਾ ਰੰਘੜ ਮੰਜੇ ਤੇ ਲੇਟਿਆ ਹੁੱਕਾ ਪੀ ਰਿਹਾ ਸੀ।ਸ਼ਰਾਬ ਦੇ ਦੌਰ ਚਲ ਰਹੇ ਸਨ ਅਤੇ ਵੇਸਵਾ ਦਾ ਨਾਚ ਹੋ ਰਿਹਾ ਸੀ।ਜੁੰਡੀ ਦੇ ਯਾਰ ਬੈਠੇ ਹੋਏ ਹਨ।ਸਿੰਘਾਂ ਨੇ ਬੜ੍ਹੀ ਧੀਰਜ ਨਾਲ ਕਿਹਾ ਕਿ ਅਸੀਂ ਪੱਟੀ ਦੇ ਨੰਬਰਦਾਰ ਹਾ ਸਰਕਾਰ ਮਾਮਲਾ ਦੇਣ ਲਈ ਆਏ ਹਾ।ਮੱਸੇ ਰੰਘੜ ਨੇ ਮੰਜੇ ਤੇ ਲੇਟੇ ਹੋਏ ਮੱਥੇ ਤੇ ਘੂਰੀ ਪਾ ਕੇ ਕਿਹਾ ਕਿ ਨੰਬਰਦਾਰੋ ਮਾਮਲਾ ਲੇਟ ਕਿਉਂ ਲੈ ਕੇ ਆਏ ਹੋ? ਸਰਦਾਰ ਮਹਿਤਾਬ ਸਿੰਘ ਨੇ,” ਕਿਹਾ ਸਰਕਾਰ ਲੋਕੀ ਮਾਮਲਾ ਦੇਣ ਤੋਂ ਆਕੀ ਹਨ”।ਮੱਸੇ ਨੇ ਕਿਹਾ ਲੋਕਾਂ ਨਾਲ ਮੈਂ ਆਪ ਅੰੀਮ੍ਰਤਸਰ ਤੋਂ ਬਾਹਰ ਨਿਕਲ ਕੇ ਨਿਜਿਠੱਗਾ।ਸਿੰਘਾਂ ਨੇ ਥੈਲੀਆਂ ਮੰਜੇ ਹੇਠਾਂ ਸੁੱਟ ਦਿੱਤੀਆਂ।ਅੱਗੇ ਦਾ ਵਾਕਿਆਂ ਇੰਝ ਸੁਣੋ:
(5)
ਹੇਠਾਂ ਸੀ ਝੁਕਾਇਆ ਸਿਰ ਖ਼ਾਂਨ ਨੇ,
ਕੀਤਾ ਮੰਜੇ ਹੇਠਾਂ ਉਸ ਨੇ ਧਿਆਨ।
ਸਿੰਘ ਨੇ ਮਿਆਨੋ ਤੇਗ ਖਿੱਚ ਲਈ
ਹੋਇਆ ਮੱਸੇ ਨੂੰ ਮੌਤ ਦਾ ਗਿਆਨ।
ਐਸੀ ਤੇਗ ਚਲਾਈ ਸਿੰਘ ਨੇ,
ਝੱਟ ਮੱਸੇ ਦਾ ਹੋਇਆ ਕਲਿਆਣ।
ਸੁੱਖਾ ਸਿੰਘ ਨੇ ਹੋਰਾਂ ਨੂੰ ਵੱਢਿਆ,
ਕੁਦਰਤ ਸਿੰਘ ਤੇ ਅੱਜ ਮਿਹਰਬਾਨ।
ਨਾਲ ਮੱਸੇ ਦੇ ਵੱਢੀ ਜੁੰਡਲੀ,
ਜਿਹੜੀ ਕਰਦੀ ਸੀ ਨਿੱਤ ਵਿਖਿਆਨ।
ਕੀਤਾ ਖ਼ਾਤਮਾ ਸਿੰਘਾਂ ਨੇ ਸਭ ਦਾ,
ਚਲੀ ਸਿੰਘਾਂ ਦੀ ਖ਼ੂਬ ਸੀ ਕਿਰਪਾਨ।
ਉੱਥੇ ਮੁਗਲਾਂ ਨਾਲ ਕੀ ਬੀਤੀਆਂ,
ਇੱਥੇ ਕੀ-ਕੀ ਕਰਾ ਅੱਜ ਮੈਂ ਬਿਆਨ?
ਫਾਹਾ ਸਾਰਿਆ ਦਾ ਸਿੰਘਾਂ ਵੱਢਿਆ,
ਜਿਹੜੇ ਬਣ ਬੈਠੇ ਸਨ ਆਕੜਖ਼ਾਨ।
ਸਿਰ ਮੱਸੇ ਦਾ ਸਿੰਘਾਂ ਨੇਜ਼ੇ ਟੰਗਿਆ,
ਜਿਹੜਾ ਬਣਿਆ ਸੀ ਵੱਡਾ ਭਲਵਾਨ।
ਸਿੰਘਾਂ ਬਦਲਾ ਲਿਆ ਹਰਿਮੰਦਰ ਦਾ,
”ਢਿੱਲੋਂ “ ਬੀਕਾਨੇਰ ਤੋਂ ਸੂਰਿਆਂ ਆਣ।
ਮੱਸੇ ਰੰਘੜ ਨੇ ਮਾਮਲਾ ਗਿਨਣ ਲਈ ਜਦ ਆਪਣਾ ਸਿਰ ਮੰਜੇ ਹੇਠਾਂ ਝੁਕਾਇਆ ਤਾਂ ਸਰਦਾਰ ਮਹਿਤਾਬ ਸਿੰਘ ਨੇ ਤੇਗ਼ ਦਾ ਤੇਜ਼ ਵਾਰ ਕੇ ਮੱਸੇ ਰੰਘੜ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸਰਦਾਰ ਸੁੱਖਾ ਸਿੰਘ ਨੇ ਹੋਰ ਕਈਆਂ ਨੂੰ ਝੱਟਕਾ ਦਿੱਤਾ ਬਾਕੀ ਪਹਿਰਦਾਰ ਜਾਨਾਂ ਬਚਾ ਕੇ ਨੱਸ ਗਏ। ਸਿੰਘ ਸਰਦਾਰਾਂ ਨੇ ਗੂਰੂ ਰਾਮਦਾਸ ਜੀ ਦਾ ਲੱਖ-ਲੱਖ ਸ਼ੁਕਰ ਕੀਤਾ, ਮੱਸੇ ਦਾ ਸਿਰ ਸਾਂਭ ਲਿਆ ਅਤੇ ਘੋੜੇ ਇਲਾਚੀ ਬੇਰੀ ਤੋਂ ਖੋਹਲ ਲਏ ਬੀਕਾਨੇਰ ਲਈ ਹਰਨ ਹੋ ਗਏ। ਮੱਸੇ ਦੇ ਕਤਲ ਦੀ ਖ਼ਬਰ ਸਾਰੇ ਪਾਸੇ ਫੈਲ ਗਈ।ਮਾਨੋ ਇਸ ਕਤਲ ਨਾਲ ਸਾਰਾ ਮੁਗਲ ਪ੍ਰਸ਼ਾਸਨ ਹਿੱਲ ਗਿਆ।ਉਹ ਸੋਚਾਂ ਵਿਚ ਡੁੱਬੇ ਸਨ ਕਿ ਸੱਭ ਕੁਝ ਸੰਭਵ ਕਿਵੇ ਹੋ ਗਿਆ ? ਸ਼ਹਿਰ ਅੰਦਰ ਰੱਬ ਦੇ ਪਿਆਰੇ ਤਾਂ ਇਸ ਦਾ ਮੱਸੇ ਨੂੰ ਹੀ ਜਿਮੇਂਵਾਰ ਸਮਝ ਰਹੇ ਸਨ। ਸ਼ਹਿਰ ਅੰਦਰ ਬੜੀਆਂ ਸਖ਼ਤੀਆ ਕੀਤੀਆ ਗਈਆ ਥਾਂ-ਥਾਂ ਤੇ ਫੌਜ ਦੇ ਨਾਕੇ ਲਗਾਏ ਗਏ।ਮੱਸੇ ਰੰਘੜ ਦੀ ਨਾਰ ਜੋ ਖ਼ਾਨ ਲਈ ਰੋਟੀ ਲੈ ਕੇ ਆ ਰਹੀ ਸੀ ਉਸ ਨੂੰ ਮੱਸੇ ਦੇ ਕਤਲ ਦੀ ਇਤਲਾਹ ਦਿੱਤੀ ਤਾਂ ਉਹ ਮੀਡੀਆਂ ਪੱਟ ਕੇ ਵਿਰਲਾਪ ਕਰਨ ਲੱਗੀ ਅਤੇ ਆਪਣੇ ਸਾਥੀਆਂ ਨਾਲ ਮੀਏ ਦੀ ਲਾਸ਼ ਬਿਨਾਂ ਧੜ੍ਹ ਤੌ ਲੈ ਕੇ ਖ਼ਾਨ ਬਹਾਦੁਰ ਜ਼ਕਰੀਆਂ ਖ਼ਾਨ ਨਾਜਿਮ ਲਾਹੌਰ ਦੇ ਪੇਸ਼ ਹੋਈ ਅਤੇ ਹਾਕਮ ਤੌਂ ਆਪਣੇ ਮੀਏ ਦੇ ਕਤਲ ਦਾ ਬਦਲਾ ਲੈਣ ਲਈ ਹੇ ਇਉ ਬੇਨਤੀ ਕਰਨ ਲੱਗੀ:-
(6)
ਸਿਰ ਮੱਸੇ ਰੰਘੜ ਦਾ ਵੱਢਿਆ,
ਰੋਂਦੀ ਮੱਸੇ ਰੰਘੜ ਦੀ ਨਾਰ।
ਪਈ ਮਾਰ ਦਹੱਥੜਾ ਰੌਂਵਦੀ,
ਜਾ ਪੁੱਜੀ ਮੁਗਲ ਦਰਬਾਰ।
ਮੇਰੇ ਸਿਰ ਸਾਈ ਵੱਢਿਆ,
ਸਿੰਘਾਂ ਚਿੱਟੇ ਦਿਨ ਲਲਕਾਰ।
ਮੈਂ ਰੰਡੀ ਜੱਗ ਤੋਂ ਹੋ ਗਈ,
ੱ ਮੇਰਾ ਉਜੜ ਗਿਆ ਸੰਸਾਰ।
ਮੇਰੀ ਇੱਜ਼ਤ ਸਾਰੀ ਰੁਲ ਗਈ,
ਮੇਰਾ ਖ਼ਤਮ ਹੋਇਆ ਵਿਕਾਰ।
ਮੇਰੇ ਅੱਗ਼ ਸੀਨੇ ਵਿਚ ਮੱਚਦੀ,
ਮੇਰੇ ਅੰਗ ਬਣੇ ਅੰਗੀਆਰ।
ਤੁਸੀ ਬਦਲਾ ਲੈ ਲਵੋ ਝੱਬ ਦੇ,
ਦਿਓ ਘੇਰ ਕੇ ਸਿੰਘਾਂ ਨੂੰ ਮਾਰ।
ਜੇ ਨਾ ਮਾਰੇ ਕਾਂਤਲ ਖ਼ਾਨ ਦੇ,
ਮੈਂ ਮਰਾਂਗੀ ਸੀਨੇ ਮਾਰ ਕਟਾਰ।
ਗੁੱਸਾ ਖ਼ਾਨ ਨੂੰ ਆ ਗਿਆ,
ਉਨ੍ਹੇ ਸਦ ਲੈ ਲਏ ਸੀ ਫ਼ੋਜਦਾਰ।
ਕਾਤਲ ਫੜ੍ਹ ਲਵੌ ਖ਼ਾਨ ਦੇ,
‘ਢਿੱਲੋਂ’ ਕਿਹਾ ਸੂਬੇਦਾਰ ਲਲਕਾਰ।
ਮੱਸੇ ਦੀ ਮੌਤ ਨਾਲ ਸਾਰਾ ਮੁਗਲ ਦਰਬਾਰ ਹਿੱਲ ਗਿਆ।ਜ਼ਾਲਮਾਂ ਦੇ ਦਿਲ ਡਹਿਲ ਗਏ।ਸਾਰੇ ਪਾਸੇ ਸਿੱਖਾਂ ਦੀ ਦਹਿਸ਼ਤ ਮਨਾਂ ਅੰਦਰ ਛਾ ਗਈ।ਇਸ ਵਾਰਦਾਤ ਨਾਲ ਇਲਾਕੇ ਦੇ ਹੋਰ ਕਈ ਚੌਧਰੀ ਵੀ ਚੁਕੱਨੇ ਹੋ ਗਏ।ਉਨ੍ਹਾਂ ਦੇ ਪਾਪ ਕੰਬਣ ਲੱਗ ਪਏ।ਖ਼ਾਨ ਬਰਾਦੁਰ ਜ਼ਕਰੀਆ ਖ਼ਾਨ ਨੇ ਇਲਾਕੇ ਦੇ ਚੁਗਲ ਚੌਧਰੀ ਆਪਣੇ ਦਰਬਾਰ ਵਿਚ ਸਦ ਲਏ ਅਤੇ ਉਨ੍ਹਾਂ ਨੂੰ ਬੁਰਾ ‐ਭਲਾ ਕਿਹਾ ਅਤੇ ਕਿਹਾ ਕਿ ਤੁਸੀ ਤੇ ਆਖਦੇ ਸੀ ਕਿ ਸਿੱਖਾਂ ਦਾਂ ਖੁਰਾ ਖੋਜ ਮਿੱਟਾ ਦਿੱਤਾ ਹੈ ਸਾਰੇ ਸਿੱਖ ਖ਼ਤਮ ਹੋ ਗਏ ਹਨ ਫ਼ਿਰ ਮੱਸੇ ਦੇ ਕਾਤਲ ਕਿੱਥੌਂ ਆਏ ਹਨ? ਇਨ੍ਹਾਂ ਚੁਗਲਾਂ ਵਿਚ ਜੰਡਿਆਲੇ ਦਾ ਹਰਿਭਗਤ ਨਿਰੰਜਣ ਵੀ ਦਰਬਾਰ ਵਿਚ ਹਾਜਰ ਸੀ ਅਤੇ ਉਸ ਨੇ ਕਿਹਾ ਕਿ ਆਲੀਜਾਹ, ਮੈਂ ਮੱਸੇ ਦੇ ਕਾਤਲਾਂ ਨੂੰ ਜਾਣਦਾ ਹਾਂ।ਮੱਸੇ ਦੇ ਕਤਲ ਲਈ ਮਹਿਤਾਬ ਸਿੰਘ ਮੀਰਾ ਕੋਟ ਅਤੇ ਸੁੱਖਾ ਸਿੰਘ ਮਾੜੀ ਕੰਬੋਕੀ ਜਿਮੇਂਵਾਰ ਹਨ। ਪਾਪੀ ਹਰਿਭਗਤ ਨਰੰਜਣੀਆਂ ਮਹਾਂ ਕਮੀਨਾਂ,ਵਿਕਾਰੀ ਅਤੇ ਅੱਤ ਦਰਜੇ ਦਾ ਨੀਚ ਪ੍ਰਵਿਰਤੀ ਦਾ ਵਿਅਕਤੀ ਸੀ ਅਤੇ ਲਾਹੌਰ ਦਰਬਾਰ ਦਾ ਵੱਡਾ ਚੁਗਲ ਸੀ ।ਮੱਸੇ ਦੇ ਕਾਤਲਾਂ ਬਾਰੇ ਪਾਪੀ ਹਰਿਭਗਤ ਨਰੰਜਣੀਏ ਨੇ ਇੰਝ ਚੁਗਲੀ ਲਾਈ:-
7)
ਹਰਿਭਗਤ ਨਿਰੰਜਣ ਜੰਡਿਆਲੇ ਵਾਲਾ,
ਚੁਗਲੀ ਵਿਚ ਲਹੌਰ ਦੇ ਲਾਏ ਪਾਪੀ।
ਉਹਨੂੰ ਪਤਾ ਸੀ ਮੱਸੇ ਦੇ ਕਾਤਲਾਂ ਦਾ,
ਪਤੇ ਸਿੰਘਾਂ ਦੇ ਜਾ ਲਿਖਵਾਏ ਪਾਪੀ।
ਬੜ੍ਹਾ ਕਮੀਨਾ ਤੇ ਦਗ਼ੇਬਾਜ਼ ਹੈ ਸੀ,
ਲਲਚਾ ਇੱਕ ਇਨਾਮ ਦੀ ਪਾਏ ਪਾਪੀ।
ਚੁਗਲ ਸੀ ਮੁਗਲ ਦਰਬਾਰੀਅ ਦਾ,
ਕਈ ਨਿਰਦੋਸ਼ ਇਸ ਮਰਵਾਏ ਪਾਪੀ।
ਇਨ੍ਹੇ ਲੋਕਾਂ ਤੇ ਬੜ੍ਹੇ ਜ਼ੁਲਮ ਕੀਤੇ,
ਖ਼ੌਫ਼ ਰੱਬ ਦਾ ਮੂਲ ਨਾ ਖਾਏ ਪਾਪੀ।
ਐਸ਼ ਪ੍ਰਸਤ ਤੇ ਬਦਕਾਰ ਹੈ ਸੀ,
ਡੰਗ ਲੋਕਾਂ ਦੇ ਸਿਰੋ ਚਲਾਏ ਪਾਪੀ।
ਇਨ੍ਹੇ ਲੌਕਾਂ ਤੇ ਬੜ੍ਹੇ ਕਹਿਰ ਢਾਏ,
ਬੜੇ ਲੋਕ ਸੀ ਇਸ ਸਤਾਏ ਪਾਪੀ।
ਹਰ ਵਕਤ ਲੌਕਾਂ ਦਾ ਬੁਰੇ ਸੋਚੇ,
ਮਨ ਵਿਚ ਨਾ ਰਹਿਮ ਕਮਾਏ ਪਾਪੀ।
‘ਢਿੱਲੋਂ’ “ਲੋਕ ਅਰਦਾਸ ਕਰਦੇ,
ਗਲੋ ਉਨ੍ਹਾ ਦੇ ਇਹ ਲਹਿ ਜਾਏ ਪਾਪੀ।
ਉਧਰ ਜਦ ਮੁਗਲਾਂ ਨੂੰ ਮੱਸੇ ਦੇ ਕਤਲ ਦੀ ਖ਼ਬਰ ਹੋਈ ਤਾਂ ਸਿੰਘ ਬੀਕਾਨੇਰ ਨੂੰ ਹਰਨ ਹੋ ਚੁੱਕੇ ਸਨ ਸ਼ਹਿਰ ਅੰਦਰ ਬੜੀਆਂ ਸਖ਼ਤੀਆਂ ਕੀਤੀਆਂ ਗਈਆਂ ,ਪਰ ਸਰਦਾਰ ਇਨ੍ਹਾਂ ਦੇ ਹੱਥ ਨਾ ਆਏ।ਸਿੰਘ ਸੂਰਿਆਂ ਨੇ ਮੱਸੇ ਦਾ ਸਿਰ ਜੋ ਨੇਜੇ ਤੇ ਟੰਗਿਆ ਹੋਇਆ ਸੀ ਉਹ ਪੰਥ ਦੇ ਅੱਗੇ ਪੇਸ਼ ਕੀਤਾ।ਸਾਰਾ ਪੰਥ ਬਾਗੋਬਾਗ ਹੋ ਗਿਆ ਸਿੰਘਾਂ ਦਾ ਬਹੁਤ ਹੀ ਸਤਿਕਾਰ ਕੀਤਾ ਗਿਆ।ਅੰਤ ਸਾਰਿਆਂ ਨੇ ਗੁਰਮਤਾ ਕਰਕੇ ਮੱਸੇ ਦੇ ਸਿਰ ਦਾ ਸਸਕਾਰ ਕਰ ਦਿੱਤਾ:-
(8)
ਸਿਰ ਮੱਸੇ ਰੰਘੜ ਦਾ ਵੱਢ ਕੇ,
ਹੋ ਕੇ ਮਾਲਵੇ ਨੂੰ ਸਿੰਘ ਫ਼ਰਾਰ ਭਾਈ।
ਜਦੋਂ ਮੁਗਲਾਂ ਨੂੰ ਸੀ ਖ਼ਬਰ ਹੋਈ,
ਸਿੰਘਾਂ ਨਿਕਲ ਗਏ ਮੰਜਿਲਾਂ ਮਾਰ ਭਾਈ।
ਬੜੀ ਸਖ਼ਤੀ ਦੇ ਦੌਰ ਸ਼ੂਰੂ ਕੀਤੇ,
ਹੱਥ ਆਏ ਨਾ ਸਿੰਘ ਸਰਦਾਰ ਭਾਈ।
ਪੁੱਜੇ ਸੂਰਮੇ ਬੀਕਾਨੇਰ ਅੰਦਰ,
ਕੀਤਾ ਪੰਥ ਦਾ ਜਾ ਦੀਦਾਰ ਭਾਈ।
ਸਿਰ ਮੱਸੇ ਦਾ ਵੇਖ ਪ੍ਰਸੰਨ ਹੋਏ,
ਕੀਤਾ ਸਿੰਘਾਂ ਦਾ ਬਹੁਤ ਸਤਿਕਾਰ ਭਾਈ।
ਕਲਗੀਧਰ ਸੀ ਅੱਜ ਪ੍ਰਸੰਂਨ ਹੋਏ,
ਕੀਤੀ ਜਿਹੜੀ ਸਿੰਘਾਂ ਅੱਜ ਕਾਰ ਭਾਈ।
ਅੰਤ ਕਰ ਗਰਮਤਾ ਸਾਰਿਆਂ ਨੇ,
ਕੀਤਾ ਮੱਸੇ ਦੇ ਸਿਰ ਦਾ ਸਸਕਾਰ ਭਾਈ।
ਦੋਨਾਂ ਸਿੰਘਾ ਸੂਰਿਆ ਦਾ ਜੀ,
ਵਧਿਆ ਪੰਥ ਅੰਦਰ ਹੋਰ ਸਤਿਕਾਰ ਭਾਈ।
ਉਧਰ ਮੁਗਲਾਂ ਨੂੰ ਕੰਨ ਹੋ ਗਏ,
ਜਿਹੜੇ ਬੈਠੇ ਸੀ ਸਿੰਘਾਂ ਨੂੰ ਵਿਸਾਰ ਭਾਈ।
ਉਨ੍ਹਾਂ ਸਖ਼ਤੀਆਂ ਲੋਕਾਂ ਤੇ ਕੀਤੀਆਂ,
”ਢਿੱਲੋਂ “ ਮਨ ਵਿਚ ਸੀ ਗੁੱਸਾ ਧਾਰ ਭਾਈ।
ਖ਼ਾਨ ਬਹਾਦੁਰ ਜ਼ਕਰੀਆ ਖ਼ਾਨ ਨੇ ਕਿਹਾ ਕਿ ਮੈਨੂੰ ਮੱਸੇ ਦੇ ਕਾਤਲ ਚਾਹੀਦੇ ਹਨ।ਉਸ ਨੇ ਤਰੁੰਤ ਨੂਰਦੀਨ ਫੌਜਦਾਰ ਨੂੰ ਹਦਾਇਤ ਕੀਤੀ ਕਿ ਮੱਸੇ ਦੇ ਕਾਤਲ ਉਸ ਦੇ ਪੇਸ਼ ਕੀਤੇ ਜਾਣ।ਨੂਰਦੀਨ ਖ਼ਾਨ ਤੋਂ ਝਿੜ੍ਹਕਾਂ ਖਾ ਕੇ ਹਰਿਭਗਤ ਨਿਰੰਜਨੀਏ ਨੂੰ ਨਾਲ ਲੈ ਕੇ ਸਰਦਾਰ ਮਹਿਤਾਬ ਸਿੰਂਘ ਦੇ ਪਿੰਡ ਮੀਰਾਕੋਟ ਆਇਆ ਉਸ ਦੇ ਪਿੰਡ ਦੇ ਸਾਰੇ ਮਹੋਤਬਰ ਆਦਮੀ ਪਰਹੈ ਵਿਚ ਸਦ ਲਏ ਅਤੇ ਚੌਧਰੀ ਨੱਥਾ ਖਹਿਰਾ ਨੰਬਰਦਾਰ ਜਿਸ ਦੇ ਘਰ ਮਹਿਤਾਬ ਸਿੰਘ ਦਾ 7 ਸਾਲਾ ਪੂਤਰ ਰਾਇ ਸਿੰਘ ਪਲ ਰਿਹਾ ਸੀ।ਨੂਰਦੀਨ ਨੇ ਰਾਇ ਸਿੰਘ ਉਸ ਦੇ ਪੇਸ਼ ਕਰਨ ਲਈ ਹੁਕਮ ਕੀਤਾ।ਨੰਬਰਦਾਰ ਨੇ ਨੂਰਦੀਨ ਨੂੰ ਬੇਨਤੀ ਕੀਤੀ ਕਿ ਰਾਇ ਸਿੰਘ ਬੇਕਸੂਰ ਹੈ ਨੰਨ੍ਹਾਂ ਬੱਚਾ ਹੈ।ਉਸ ਤੇ ਰਹਿਮ ਕੀਤਾ ਜਾਵੇ ।ਪਰੰਤੂ ਨੂਰਦੀਨ ਨੇ ਨੰਬਰਦਾਰ ਦੀ ਇੱਕ ਨਾ ਮੰਨੀ।ਨੱਥੇ ਨੰਬਰਦਾਰ ਨੇ ਘਰ ਜਾ ਕੇ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਕਿ ਨੰਨ੍ਹੇ ਬਾਲਕ ਰਾਇ ਸਿੰਘ ਦੀ ਰੱਖਿਆ ਕਿਵੇਂ ਕੀਤੀ ਜਾਵੇ?
(9)
ਖਾ ਕੇ ਝਿੜਕਾਂ ਸੂਬੇਦਾਰ ਤੋਂ,
ਮੀਰਾਂ ਕੋਟ ਨੂੰ ਚੜ੍ਹਿਆਂ ਫੌਜਦਾਰ।
ਉਹਦੇ ਨਾਲ ਸੀ ਜੰਡਿਆਲਿਆ,
ਜਿਹੜਾ ਵੱਡਾ ਸੀ ਕੌਮ ਦਾ ਗ਼ਦਾਰ।
ਨੂਰਦੀਨ ਨੇ ਮੀਰਾਂ ਕੋਟ ਘੇਰਿਆ,
ਮਹਿਤਾਬ ਸਿੰਘ ਦਾ ਮੰਗੇ ਪਰਵਾਰ।
ਉਨ੍ਹੇ ਸਦ ਲਏ ਬੰਦੇ ਸੀ ਪਰਹੈ ਦੇ,
ਨਾਲੇ ਸੱਦਿਆ ਨੱਥਾ ਨੰਬਰਦਾਰ।
ਮਹਿਤਾਬ ਸਿੰਘ ਨੇ ਮੱਸਾ ਵੱਢਿਆ
ਕੀਤੇ ਮੁਗਲਾਂ ਤੇ ਉਹਨੇ ਕਈ ਵਾਰ।
ਨੱਥਾ ਚੌਧਰੀ ਧਰਮੀ ਮਨੁੱਖ ਸੀ,
ਮਹਿਤਾਬ ਸਿੰਘ ਨਾਲ ਸੀ ਪਿਆਰ।
ਬਾਂਹ ਰਾਇ ਸਿੰਘ ਦੀ ਫੜ੍ਹਾ ਗਿਆ,
ਬੀਕਾਨੇਰ ਨੂੰ ਉਹ ਜਾਂਦੀ ਵਾਰ।
ਨੱਥੇ ਨੇ ਫੌਜਦਾਰ ਨੂੰ ਅਰਜ ਕੀਤੀ,
ਰਾਏ ਸਿੰਘ ਨੂੰ ਬਖਸ਼ੋ ਸਰਕਾਰ।
ਨੰਨੇ ਬਾਲਾਂ ਤੇ ਕਹਿਰ ਨਹੀ ਕਰੀਦਾ,
ਬੱਚੇ ਹੁੰਦੇ ਨੇ ਰੂਪ ਕਰਤਾਰ।
ਨੂਰਦੀਨ ਕੜ੍ਹਕ ਕੇ ਬੋਲਿਆ,
‘ਢਿੱਲੋਂ’ ਦੇਂ ਬਾਗ਼ੀ ਦਾ ਪਰਵਾਰ।
ਜ਼ਾਲਮ ਤੇ ਆਕੜਖ਼ਾਨ ਲੋਕ ਦਲੀਲ ਤੇ ਅਪੀਲ ਨੂੰ ਨਹੀ ਮੰਨਦੇ ।ਹਕੂਮਤ ਦੇ ਨਸ਼ੇ ਵਿੱਚ ਨੰਬਰਦਾਰ ਦੀ ਜਦ ਕੋਈ ਦਲੀਲ ਨੂਰਦੀਨ ਨੇ ਨਾ ਸੁਣੀ ਤਾਂ ਚੌਧਰੀ ਆਪਣੇ ਘਰ ਗਿਆ ਅਤੇ ਘਰ ਜਾ ਕੇ ਸਾਥੀਆਂ ਨਾਲ ਸਲਾਹ ਕੀਤੀ ਕਿ ਨੂਰਦੀਨ ਫੌਜਦਾਰ ਰਾਇ ਸਿੰਘ ਨੂੰ ਪਰਹੈ ਵਿਚ ਬੁਲਾ ਰਿਹਾ ਹੈ। ਇਹ ਪਾਪੀ ਇਸ ਬਾਲਕ ਤੇ ਰਹਿਮ ਨਹੀ ਕਰੇਗਾ।ਨੰਬਰਦਾਰ ਦਾ ਇਕ ਪੁੱਤਰ,ਭਾਣਜਾ ਅਤੇ ਇਕ ਬਰਵਾਲਾ ਘਰ ਵਿਚ ਸਨ ।ਚੌਧਰੀ ਜੋ ਕਿ ਬਾਂਹ ਫੜ੍ਹੇ ਦੀ ਲਾਜ ਨਿਭਾਉਣੀ ਜਾਣਦਾ ਸੀ,ਨੇ ਰਾਇ ਸਿੰਘ ਨੂੰ ਹਰ ਕੀਮਤ ਤੇ ਬਚਾਉਣ ਦਾ ਫੈਸਲਾ ਕੀਤਾ ਅਤੇ ਰਾਇ ਸਿੰਘ ਨੂੰ ਚੁੱਕ ਕੇ ਕੰਬੋਵਾਂ ਨੂੰ ਤੁਰ ਪਿਆ। ।
(10)
ਸੁਣ ਕੇ ਨ੍ਰ੍ਰੂਰਦੀਨ ਦੀ ਗੱਲ ਸਾਰੀ,
ਨੀਵੀ ਪਾ ਕੇ ਘਰ ਨੂੰ ਜਾਏ ਨੱਥਾ।
ਧਰਮੀ ਮਨੂੱਖ ਸੀ ਧਰਮ ਵਾਲਾ,
ਬਾਂਹ ਫੜੇ ਦੀ ਲਾਜ਼ ਨਿਭਾਏ ਨੱਥਾ।
ਨੰਬਰਦਾਰ ਨੇ ਘਰ ਸਲਾਹ ਕੀਤੀ,
ਰਾਇ ਸਿੰਘ ਨੂੰ ਕਿੰਝ ਬਚਾਏ ਨੱਥਾ?
ਪੁੱਤਰ,ਭਾਣਜਾ ਤੇ ਇਕ ਬਰਵਾਲਾ,
ਚੁੱਕ ਰਾਇ ਕੰਬੋਵਾਂ ਨੂੰ ਧਾਏ ਨੱਥਾ।
ਆਖ਼ਰ ਫੌਜ ਨੇ ਘੇਰਾ ਪਾ ਲਿਆ
ਫ਼ਿਰ ਵੀ ਨਾ ਰਤੀ ਘਬਰਾਏ ਨੱਥਾ।
ਹੱਲਾ ਵੈਰੀਆਂ ਨੇ ਆਣ ਕੀਤਾ,
ਅੱਗੋ ਯੁੱਧ ਘਮਸਾਨ ਮਚਾਏ ਨੱਥਾ।
ਬੜ੍ਹਾ ਪ੍ਰਸਿਧ ਨਿਸ਼ਾਨੇਬਾਜ਼ ਹੈ ਸੀ,
ਮੀਹ ਤੀਰਾਂ ਦਾ ਪਿਆ ਵਰਸਾਏ ਨੱਥਾ ।
ਧਰੀ ਵਾਢੀ ਦੂਸਰੇ ਸਾਥੀਆਂ ਨੇ,
ਫੌਜ ਵਿਚ ਸੀ ਭਾਜੜਾਂ ਪਾਏ ਨੱਥਾ।
”ਢਿੱਲੋਂ “ ਮੁੱਕ ਗਏ ਤੀਰ ਸਾਰੇ,
ਆਖਰ ਲੜ੍ਹ ਕੇ ਸ਼ਹੀਦੀ ਪਾਏ ਨੱਥਾ।
ਹਰਿਭਗਤ ਨਰੰਜਣੀਏ ਨੇ ਨੂਰਦੀਨ ਨੂੰ ਦੱਸਿਆ ਸਾਰੀ ਫੋਜ ਨੰਬਰਦਾਰ ਦੇ ਮਗਰ ਪੈ ਗਈ। ਆਖਰ ਪਿੰਡ ਕੰਬੋਵਾਂ ਪਾਸ ਜੰਗ ਹੋਈ ।ਨੱਥਾ ਚੌਧਰੀ ਤੀਰਾਂ ਦਾ ਧਨੀ ਸੀ।ਉਸ ਨੇ ਇਕ ਮਲਹੇ ਦੀ ਆੜ ਲੈ ਕੇ ਜੰਗ ਕੀਤੀ ਸਰਕਾਰੀ ਫੌਜ ਦਾ ਕਾਫੀ ਨੁਕਸਾਨ ਕਰਕੇ ਇਸ ਘਮਸਾਨ ਦੀ ਜੰਗ ਵਿਚ ਨੱਥਾ ਚੌਧਰੀ, ਉਸ ਦਾ ਪੁੱਤਰ,ਭਾਣਜਾ ਅਤੇ ਇੱਕ ਬਰਵਾਲਾ ਸ਼ਹੀਦੀ ਪਾ ਗਏ।ਰਾਇ ਸਿੰਘ ਦੀ ਉਮਰ ਕੇਵਲ 7 ਸਾਲ ਸੀ ਉਸ ਨੂੰ ਕਾਫੀ ਜ਼ਖ਼ਮ ਆਏ ਸ਼ਾਹੀ ਫੌਜ ਸਭ ਨੂੰ ਮਰਿਆ ਜਾਣ ਕੇ ਚਲੀ ਗਈ।ਰਾਇ ਸਿੰਘ ਜੋ ਕਿ ਜ਼ਖ਼ਮੀ ਅਤੇ ਸਹਿਕਦਾ ਸੀ ਪਿੰਡ ਕੰਬੋਵਾਂ ਦੀ ਇੱਕ ਮੁਸਲਮਾਨ ਔਰਤ ਅਰਾਇਣ
ਜ਼ਖਮੀ ਰਾਇ ਸਿੰਘ ਨੂੰ ਚੁੱਕ ਕੇ ਆਪਣੇ ਘਰ ਲੈ ਗਈ ਅਤੇ ਉਸ ਦੀ ਮਲੱਮ ਪੱਟੀ ਕੀਤੀ । ਕੁੱਝ ਸਮੇਂ ਦੀ ਸੇਵਾ ਤੋਂ ਬਾਅਦ ਰਾਇ ਸਿੰਘ ਬਚ ਗਿਆ।ੳਸ ਦਾ ਪੁੱਤਰ ਰਤਨ ਸਿੰਘ “ਭੰਗੂ”ਹੋਇਆ ਜੋ ਮਹਾਨ ਗ੍ਰੰਥ “ ਪੱਥ ਪ੍ਰਕਾਸ਼ “ ਦਾ ਕਰਤਾ ਸੀ ।
ਸਿਰ ਝੁਕਦਾ ਉਨ੍ਹਾਂ ਧਰਮੀਆਂ ਨੂੰ,ਜਿਹਨਾਂ ਕੌਮ ਲਈ ਸੀਸ ਹੈ ਲਾ ਦਿੱਤਾ।
ਉਨ੍ਹਾਂ ਬੇਗੈਰਤਾਂ ਨੂੰ ਕੀ ਆਖਾ,ਜਿਨ੍ਹਾਂ ਦੀਨ ਧਰਮ ਗ਼ੈਰਾਂ ਦੀ ਝੋਲੀ ਪਾ ਦਿੱਤਾ।










