ਮਾਫੀ ਮੰਗਣ ਲਈ ਇਕੱਲਾ ਮਨਮੋਹਨ ਸਿੰਘ ਹੀ ਕਿਉ ?
ਸਾਡਾ ਦੇਸ ਜੋ ਕਿ ਇੱਕ ਲੋਕਤੰਤਰ ਦੇਸ ਹੈ । ਇਥੇ ਕਹਿਣ ਨੂੰ ਹਰ ਇੱਕ ਵਿਅਕਤੀ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ ਚਾਹੇ ਕਿ ਉਹ ਕਿਸੇ ਵੀ ਧਰਮ , ਜਾਤ ਦਾ ਕਿਉ ਨਾ ਹੋਵੇ ਪਰ ਸਾਡੇ ਦੇਸ ਦੇ ਇਤਿਹਾਸ ਵਿੱਚ ਬਹੁਤ ਸਾਰੇ ਕਾਲੇ ਸਫੇ ਮੌਜੂਦ ਹਨ ਜਦੋ ਦੇਸ ਦੀ ਸ ੱਤਾ ਤੇ ਕਾਬਜ ਲੋਕਾਂ ਨੇ ਘੱਟਗਿਣਤੀ , ਦੂਜੇ ਧਰਮ ਦੇ ਲੋਕਾਂ ਅਤੇ ਨੀਵੀ ਜਾਤ ਦੇ ਲੋਕਾਂ ਨਾਲ ਧੱਕਾ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ । ਇਸ ਦੀਆ ਬਹੁਤ ਸਾਰੀਆ ਉਦਾਹਰਣਾਂ ਹਨ ਜਿਵੇ ਕਿ ਭੂਪਾਲ ਗੈਸ ਕਾਂਡ ਜਿਸ ਵਿੱਚ 2 ਦਸੰਬਰ 1984 ਦੀ ਰਾਤ ਨੂੰ ਪੰਦਰਾ ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ ਹੁਣ ਤੱਕ ਜੋ ਬੱਚੇ ਜੰਮ ਰਹੇ ਹਨ ਉਹਨਾਂ ਉਂਤੇ ਹਾਲੇ ਤੱਕ ਵੀ ਉਸ ਕਾਂਡ ਦਾ ਅਸਰ ਹੈ ਭਾਵਕਿ ਉਹ ਅੰਗਹੀਣ ਹੀ ਪੈਦਾ ਹੋ ਰਹੇ ਹਨ । ਜਦੋ ਕਿ ਉਸ ਸਮੇ ਦੀ ਮੌਜੂਦਾ ਸਰਕਾਰ ਨੇ ਭੂਪਾਲ ਗੈਸ ਕਾਂਡ ਦੇ ਮੁੱਖ ਦੋਸੀ ਐਂਡਰਸਨ ਨੂੰ ਬੜੀ ਹੀ ਆਸਾਨੀ ਨਾਲ ਆਪਣੇ ਦੇਸ ਵਿੱਚ ਬਾਹਰ ਜਾਣ ਦਿੱਤਾ ਤਾਂ ਜੋ ਕਿ ਉਹ ਕੋਈ ਵੀ ਕਾਨੂੰਨੀ ਕਾਰਵਾਈ ਤੋ ਬਚ ਸਕੇ ਕੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀ ਤਾਂ ਹੋਰ ਕੀ ਹੈ ।
ਇਸੇ ਤਰ੍ਹਾ ਗੁਜਰਾਤ ਵਿੱਚ ਜੋ ਮੁਸਲਮਾਨ ਭਾਈਚਾਰੇ ਨਾਲ ਹੋਇਆ ਉਸ ਤੋ ਤਾਂ ਆਪਾ ਸਾਰੇ ਹੀ ਚੰਗੀ ਤਰ੍ਹਾ ਨਾਲ ਜਾਣੂ ਹਾਂ । ਉਹਨਾਂ ਦੇ ਬੱਚੇ ਤੱਕ ਵੀ ਨਹੀ ਛੱਡੇ ਗਏ ਕੀ ਇਹ ਮਨੁੱਖੀ ਹੱਕਾਂ ਦੀ ਉਲੰਘਣਾ ਨਹੀ ਤਾਂ ਹੋਰ ਕੀ ਹੈ । ਇੱਕ ਹੋਰ ਘਟਨਾ ਜੋ 1984 ਵਿੱਚ ਜੋ ਸਿੱਖ ਕੌਮ ਨਾਲ ਹੋਇਆ । ਉਹ ਵੀ ਕਿਸੇ ਨਸ਼ਲਕੁਸੀ ਤੋ ਘੱਟ ਨਹੀ । ਉਹਨਾਂ ਦੇ ਧਾਰਮਿਕ ਆਸਥਾਨਾਂ ਤੇ ਹਮਲੇ ਕੀਤੇ ਗਏ ਭਾਵੇ ਕਿ ਉਸ ਸਮੇ ਪੈਦਾ ਹੋਏ ਮਸਲੇ ਨੂੰ ਸਾਂਤੀ ਨਾਲ ਵੀ ਹੱਲ ਕੀਤਾ ਜਾ ਸਕਦਾ ਸੀ ਪਰ ਉਸ ਸਮੇ ਦੀ ਸਰਕਾਰ ਇਸ ਤਰ੍ਹਾ ਨਹੀ ਸੀ ਚਾਹੁੰਦੀ । ਇਸੇ ਤਰ੍ਹਾ ਦਿੱਲੀ ਵਿੱਚ ਸਿੱਖਾਂ ਦਾ ਪੂਰਨ ਰੂਪ ਵਿੱਚ ਬੀਜ਼ ਨਾਸ਼ ਕਰਨ ਦੀ ਕੌਸ਼ਿਸ ਕਰਨ ਵਾਲੇ ਲੋਕਾਂ ਨੇ ਉਹਨਾਂ ਦੇ ਵਪਾਰ ਨਸ਼ਟ ਕਰ ਦਿੱਤੇ ਉਹਨਾਂ ਦੀਆ ਧੀਆ ਭੈਣਾਂ ਦੀਆ ਇੱਜ਼ਤਾ ਨਾਲ ਖਿਲਵਾੜ ਕੀਤਾ। ਹਾਂ ਇਥੇ ਇਸ ਗੱਲ ਦਾ ਜਿਕਰ ਕਰਨਾ ਵੀ ਜਰੂਰੀ ਹੈ ਕਿ ਕੁਝ ਕੁ ਲੋਕਾਂ ਨੇ ਸਿੱਖਾਂ ਨੂੰ ਆਪਣੇ ਘਰਾਂ ਵਿੱਚ ਛੁਪਾਕੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਵੀ ਕੀਤੀ ਪਰ ਅਜਿਹੇ ਲੋਕਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੀ ਸੀ । ਸੱਜਣ ਕੁਮਾਰ ਤੇ ਜਗਦੀਸ ਟਾਈਟਲਰ ਵਰਗੇ ਨੇਤਾਵਾਂ ਨੇ ਸਿੱਖਾਂ ਨੂੰ ਖਤਮ ਕਰਨ ਵਿੱਚ ਕੋਈ ਵੀ ਕਸਰ ਨਹੀ ਸੀ ਛੱਡੀ ਲੋਕਾਂ ਨੂੰ ਇਥੇ ਤੱਕ ਆਖ ਦਿੱਤਾ ਕਿ ਦਿੱਲੀ ਵਿੱਚ ਕੋਈ ਵੀ ਸਿੱਖ ਜਿਊਦਾ ਨਹੀ ਰਹਿਣਾ ਚਾਹੀਦਾ । ਕੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀ ਤਾ ਹੋਰ ਕੀ ਹੈ ?
ਪਿਂਛੇ ਜਿਹੇ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਜੋ ਕਿ ਕੈਨੇਡਾ ਦੇ ਦੌਰੇ ਤੇ ਗਏ ਸਨ । ਕੈਨੇਡਾ ਵੱਸਦੇ ਸਿੱਖਾਂ ਨੇ ਪ੍ਰਧਾਨ ਮੰਤਰੀ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਿਸ ਤੋ ਬਾਦ ਪ੍ਰਧਾਨ ਮੰਤਰੀ ਸਾਹਿਬ ਨੇ 1984 ਨੂੰ ਲੈ ਕੇ ਸਿੱਖਾਂ ਤੋ ਮਾਫੀ ਮੰਗੀ । ਇਥੇ ਇਹ ਗੱਲ ਵਿਚਾਰਨ ਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਹੀ ਸਿੱਖਾਂ ਤੋ ਮਾਫੀ ਕਿਉ ਮੰਗੀ ? ਕਾਂਗਰਸ ਪ੍ਰਧਾਨ ਨੇ ਕਦੇ ਕਿਉ ਨਹੀ ਸਿੱਖ ਕੌਮ ਕੋਲੋ ਮਾਫੀ ਮੰਗੀ । ਜਦੋ ਕਿ 1984 ਸਮੇ ਮੌਜੂਦਾ ਸਰਕਾਰ ਵਿੱਚ ਪ੍ਰਧਾਨ ਮੰਤਰੀ ਦਾ ਕੋਈ ਰੋਲ ਹੀ ਨਹੀ ਸੀ । ਜੇਕਰ ਪ੍ਰਧਾਨ ਮੰਤਰੀ ਸੱਚੀ ਹੀ ਸਿੱਖ ਕੌਮ ਦੇ ਹਮਦਰਦ ਹਨ ਤਾਂ ਉਹਨਾਂ ਨੇ ਅੱਜ ਤੱਕ ਸੰਸਦ ਵਿੱਚ ਮਾਫੀ ਮੰਗਣ ਲਈ ਕੋਈ ਬਿਲ ਕਿਉ ਨਹੀ ਪੇਸ਼ ਕੀਤਾ? ਰਾਜਨੀਤੀ ਦੀ ਗੰਦੀ ਖੇਡ ਦੇਖੋ ਇੱਕ ਪਾਸੇ ਤਾਂ ਸਰਕਾਰ ਨੇ ਜਗਦੀਸ ਟਾਈਟਲਰ ਤੇ ਸੱਜਣ ਕੁਮਾਰ ਨੂੰ ਟਿਕਟਾਂ ਦੇ ਕੇ ਕਈ ਵਾਰ ਸੱਤਾ ਦਾ ਸੁੱਖ ਦਿੱਤਾ ਹੈ ਪਰ ਦੂਜੇ ਪਾਸੇ ਉਸੇ ਹੀ ਪਾਰਟੀ ਦਾ ਸਿੱਖ ਪ੍ਰਧਾਨ ਮੰਤਰੀ ਸਿੱਖਾਂ ਕੋਲੋ ਹੀ ਮਾਫੀ ਮੰਗ ਰਿਹਾ ਹੈ ਉਹ ਵੀ ਆਪਣੇ ਦੇਸ ਤੋ ਬਾਹਰ ਵਿਦੇਸੀ ਧਰਤੀ ਤੇ ? ਜੇ ਇਹ ਗੱਲ ਮੰਨ ਵੀ ਲਈ ਜਾਵੇ ਕਿ ਪ੍ਰਧਾਨ ਮੰਤਰੀ ਦਿਲੋ ਹੀ 1984 ਦੀ ਘਟਨਾਂ ਤੋ ਦੁੱਖੀ ਹਨ ਤੇ ਸਿੱਖਾਂ ਨੂੰ ਨਿਆਂ ਦਿਵਾਉਣਾ ਚਾਹੁੰਦੇ ਹਨ ਤਾਂ ਹੁਣ ਤੱਕ ਸੱਜਣ ਕੁਮਾਰ ਤੇ ਟਾਈਟਲਰ ਨੂੰ ਕੋਈ ਸਜ਼ਾ ਕਿਉ ਨਹੀ ਮਿਲੀ ? ਜਦੋ ਕਿ ਸਬੂਤ ਉਹਨਾਂ ਦੇ ਵਿਰੁੱਧ ਗਵਾਹੀ ਦੇ ਰਹੇ ਹਨ । ਇਸ ਸਿਆਸੀ ਡਰਾਮੇਬਾਜ਼ੀ ਨੂੰ ਦੇਖ ਕੇ ਹਰ ਬੰਦਾ ਇਹੋ ਗੱਲ ਸੋਚਦਾ ਹੈ ਕਿ “ ਮਾਫੀ ਮੰਗਣ ਲਈ ਇਕੱਲਾ ਮਨਮੋਹਨ ਸਿੰਘ ਹੀ ਕਿਉ” ਜਿਸ ਦਾ ਕਿ 84 ਦੇ ਘਟਨਾ ਕ੍ਰਮ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀ ਹੈ।










