ਇਕ ਅਹਿਮ ਮੁਹਿਮ ***ਕੰਵਲਜੀਤ ਭੁਲਰ***
ਨੀਅਤ ਤਾਂ ਸਾਡੀ ਸਾਫ਼ ਸੀ
ਪਰ ਫੇਰ ਵੀ ਪਤਾ ਨਹੀਂ ਕਿਉਂ
ਅਜੋਕੇ ਯੁਗ ਵਿਚ ਇੰਜ ਦਾ ਹੋਣਾ
ਜਿਵੇਂ ਕੋਈ ਜ਼ੁਰਮ ਹੋਵੇ !!!
ਤਬੀਅਤਾਂ ਦੇ ਹੱਸਮੁਖ ਸਾਂ
ਤਾਂ ਹੀ ਤਾਂ
ੳਥਰੂਆਂ ਦੇ ਹੜ੍ਹ ਦੀ ਆਮਦ ਤੋਂ ਬੇਖਬਰ ਰਹੇ !!
ਪਤਾ ਉਦੋਂ ਹੀ ਲਗਾ ਜਦੋਂ ਹਸਦਿਆਂ ਹਸਦਿਆਂ
ਅਖਾਂ ‘ਚ ਆ ਗਏ ਪਾਣੀ ਨੂੰ ਪੂੰਝਿਆ
ਪਰ ਅੰਦਰ ਇਕ ਚੀਸ ਜਿਹੀ ਵੀ ਉਠੀ
ਜਿਵੇਂ ਦਿਲ ਕਮਬਖ਼ਤ ਨੇ ਸੁਨੇਹਾ ਦਿਤਾ ਹੋਵੇ -
“ਇਹ ਨਿਰਾ-ਪੁਰਾ ਪਾਣੀ ਹੀ ਨਹੀਂ .. ਅਥਰੂ ਵੀ ਹਨ‼”
ਜਾਗਦੇ ਤਾਂ ਉਂਜ ਵੀ ਕਾਫ਼ੀ ਰਹਿੰਦੇ ਸਾਂ
ਪਰ ਜਦੋਂ ਮਹਿਸੂਸ ਹੋਇਆ
ਸਾਨੂੰ ਨੀਂਦ ਹੀ ਨਹੀਂ ਆਉਂਦੀ
ਓਦੋਂ ਇਸ ਸਚ ਦੇ ਵੀ ਰੂ-ਬ-ਰੂ ਹੋ ਗਏ
ਬਈ ਅਸੀਂ ਉਦਾਸ ਤੇ ਬੇਚੈਨ ਜਿਹੇ ਵੀ ਹਾਂ ‼
ਸੁਪਨੇ ਵੇਖਣਾ ਸਾਡਾ ਸ਼ੌਕ ਸੀ
ਪਰ ਸੁਪਨੇ ਟੁਟਦੇ ਵੀ ਹਨ
ਇਹ ਸਾਡੇ ਲਈ ਕੋਈ ਚੰਗੀ ਖ਼ਬਰ ਨਹੀਂ ਸੀ
ਕਿਉਂ ਜੁ..ਫ਼ੇਰ ਅਸੀਂ
ਸੁਪਨੇ ਵੇਖਣ ਤੋਂ ਡਰ ਜਿਹੇ ਗਏ ਸਾਂ
‘ਤੇ ਉਹ ਡਰ ਹੀ ਸਾਨੂੰ
ਉਨੀਂਦਰਿਆਂ ਦੀ ਉਂਗਲੀ ਫੜਾ ਗਿਆ ‼
ਖ਼ੈਰ ਵਕਤ ਦੀ ਆਪਣੀ ਨੁਮਾਇਸ਼ ਹੁੰਦੀ ਹੈ
ਉਹ ਨਹੀਂ ਕਿਸੇ ਨਾਲ ਸਲਾਹ ਮਸ਼ਵਰੇ ਕਰਦਾ
ਜ਼ਿੰਦਗੀ ਦਾ ਸਵਾਲ ਸੀ
ਸੋ ਸਮੇਂ ਦੀਆਂ ਚਾਲਾਂ
ਸਾਡੀ ਸਮਝ ‘ਚ ਆ ਗਈਆਂ ‼
ਜ਼ਿੰਦਗੀ ਸਾਡੀ ਸੀ
ਸਾਨੂੰ ਹੀ ਜੀਣੀ ਪੈਣੀ ਸੀ
ਤਾਂਹੀਉਂ ਅਸੀਂ ਵਕਤ ਨੂੰ ਸਿਰਫ਼
ਉਮਰ ਦੇ ਵਰ੍ਹੇ ਦਸਣ ਦੇ ਆਹਰੇ ਲਾਕੇ
ਆਪ ਜ਼ਿੰਦਗੀ ਨੂੰ ‐
ਖੂਬਸੂਰਤ ਬਣਾਉਣ ਦੀ ਮੁਹਿਮ ‘ਚ ਜੁਟ ਗਏ ‼










